ਪੱਤਰ ਪ੍ਰੇਰਕ
ਚਾਉਕੇ, 29 ਜਨਵਰੀ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 24 ਜਨਵਰੀ ਤੋਂ ਮਜ਼ਦੂਰ ਮੰਗਾਂ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਬਠਿੰਡਾ ’ਚ ਚੱਲ ਰਹੇ ਦਿਨ-ਰਾਤ ਦੇ ਮਜ਼ਦੂਰ ਅਧਿਕਾਰ ਮੋਰਚੇ ਅਤੇ ਮਜ਼ਦੂਰ ਲਲਕਾਰ ਰੈਲੀ ਲਈ 8 ਫਰਵਰੀ ਬਠਿੰਡਾ ਚੱਲੋ ਦੀ ਤਿਆਰੀ ਲਈ ਪਿੰਡ ਰਾਮਪੁਰਾ, ਮੰਡੀ ਕਲਾਂ ਅਤੇ ਚਾਉਕੇ ਵਿਚ ਮਜ਼ਦੂਰ ਰੈਲੀਆਂ ਕੀਤੀਆਂ ਗਈਆਂ। ਆਗੂਆਂ ਨੇ ਸਰਕਾਰ ਵੱਲੋਂ ਕਿਸਾਨ ਆਗੂਆਂ ’ਤੇ ਦਰਜ ਕੀਤੇ ਕੇਸਾਂ ਦੀ ਨਿਖੇਧੀ ਕੀਤੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਦਲਿਤ ਗ਼ਰੀਬਾਂ ਨਾਲ ਕੀਤੀ ਵਾਅਦਾਖਿਲਾਫ਼ੀ ਵਿਰੁੱਧ ਮਜ਼ਦੂਰ ਵਰਗ ਸੜਕਾਂ ’ਤੇ ਆਵੇ।
ਮਜ਼ਦੂਰ ਮੋਰਚੇ ਲਈ ਲਾਮਬੰਦੀ ਤੇ ਰਾਸ਼ਨ ਇਕੱਠਾ
ਬਰਨਾਲਾ (ਖੇਤਰੀ ਪ੍ਰਤੀਨਿਧ): ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਲੱਗੇ ਮਜ਼ਦੂਰ ਮੋਰਚੇ ਦੇ ਹੱਕ ’ਚ ਮਜ਼ਦੂਰ ਮੁੁਕਤੀ ਮੋਰਚਾ ਪੰਜਾਬ ਵੱਲੋਂ ਅਸਪਾਲ ਕਲਾਂ, ਤਾਜੋਕੇ, ਫਰਵਾਹੀ, ਧੌਲਾ, ਅਤਰ ਸਿੰਘ ਵਾਲਾ ਆਦਿ ਪਿੰਡਾਂ ’ਚ ਨੁੱਕੜ ਰੈਲੀਆਂ ਕਰਦੇ ਹੋਏ ਰਾਸ਼ਨ ਇਕੱਠਾ ਕੀਤਾ ਗਿਆ| ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ, ਹਰਚਰਨ ਸਿੰਘ ਰੂੜੇਕੇ, ਸ਼ਿੰਗਾਰਾ ਸਿੰਘ ਚੌਹਾਨ ਕੇ ਆਦਿ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਚ ਫੇਲ੍ਹ ਸਾਬਿਤ ਹੋਈ ਹੈ| ਉਨ੍ਹਾਂ ਗ਼ਰੀਬ ਔਰਤਾਂ ਸਿਰ ਚੜ੍ਹੇ ਕਰਜ਼ ਮੁੁਆਫ਼ੀ, ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਰੱਦ ਕਰਾਉਣ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਣੇ ਹੋਰ ਮੰਗਾਂ ਲਈ 9 ਫਰਵਰੀ ਨੂੰ ਸੰਗਰੂਰ ਹੋ ਰਹੀ ਮਜ਼ਦੂਰ ਲਲਕਾਰ ਰੈਲੀ ‘ਚ ਸ਼ਿਰਕਤ ਦਾ ਸੱਦਾ ਦਿੱਤਾ|