ਪੱਤਰ ਪ੍ਰੇਰਕ
ਰੂੜੇਕੇ ਕਲਾਂ, 30 ਨਵੰਬਰ
ਨੇੜਲੇ ਪਿੰਡ ਪੱਖੋ ਕਲਾਂ ਦੀ ਸਾਗਰ ਪੱਤੀ ਦੇ ਦਰਜਨ ਦੇ ਕਰੀਬ ਮਜ਼ਦੂਰ ਪਰਿਵਾਰ ਨੀਵੀਆਂ ਹਾਈਵੋਲਟੇਜ ਤਾਰਾਂ ਕਾਰਨ ਮੌਤ ਦੇ ਖ਼ੌਫ ਹੇਠ ਜੀਅ ਰਹੇ ਹਨ ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਨਾ ਤਾਂ ਪਾਵਰਕੌਮ ਦੇ ਅਧਿਕਾਰੀ ਕੋਈ ਗੱਲ ਸੁਣ ਰਹੇ ਹਨ ਅਤੇ ਨਾ ਹੀ ਕਿਸੇ ਸਿਆਸੀ ਨੇਤਾ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਇਸ ਸਬੰਧੀ ਰਵੀ ਸਿੰਘ, ਮੰਜੂ ਰਾਣੀ, ਸ਼ਕੁੰਤਲਾ ਦੇਵੀ, ਸੱਤਪਾਲ ਸਿੰਘ, ਵਿਸਾਖਾ ਸਿੰਘ ਆਦਿ ਨੇ ਪਾਵਰਕੌਮ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਢਾਈ ਦਹਾਕਿਆਂ ਤੋਂ ਇਹ ਤਾਰਾਂ ਉਨ੍ਹਾਂ ਦੇ ਘਰ ਉੱਪਰ ਦੀ ਲੰਘਦੀਆਂ ਹਨ। ਇਸ ਸਬੰਧੀ ਉਨ੍ਹਾਂ ਪਾਵਰਕੌਮ ਦੇ ਅਧਿਕਾਰੀਆਂ ਅਤੇ ਸਿਆਸੀ ਲੀਡਰਾਂ ਤੱਕ ਕਈ ਵਾਰ ਪਹੁੰਚ ਕੀਤੀ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਚਾਰ ਵਿਅਕਤੀ ਜ਼ਖ਼ਮੀ ਵੀ ਹੋ ਚੁੱਕੇ ਹਨ। ਨੇੜੇ ਛੱਪੜ ਹੋਣ ਕਾਰਨ ਆਸ-ਪਾਸ ਦੀਆਂ ਸੜਕਾਂ ਮਿੱਟੀ ਪਾ ਕੇ ਕਈ ਵਾਰ ਉੱਪਰ ਚੁੱਕੀਆਂ ਗਈਆਂ ਹਨ ਪਰ ਉਹ ਉੱਪਰ ਲੰਘਦੀਆਂ ਤਾਰਾਂ ਕਾਰਨ ਆਪਣੇ ਮਕਾਨ ਉੱਚੇ ਨਹੀਂ ਚੁੱਕ ਸਕਦੇ। ਮੀਹਾਂ ਵਿੱਚ ਉਨ੍ਹਾਂ ਦੇ ਘਰਾਂ ਅੰਦਰ ਪਾਣੀ ਆ ਵੜਦਾ ਹੈ ਅਤੇ ਉੱਪਰ ਲੰਘਦੀਆਂ ਹਾਈ ਵੋਲਟੇਜ ਤਾਰਾਂ ਕਾਰਨ ਹਰ ਸਮੇਂ ਮੌਤ ਦਾ ਖਤਰਾ ਉਨ੍ਹਾਂ ਦੇ ਸਿਰ ’ਤੇ ਮੰਡਰਾਉਂਦਾ ਹੋਣ ਕਰਕੇ ਉਹ ਬਰਸਾਤ ਸਮੇਂ ਘਰ ਤੋਂ ਬਾਹਰ ਰਾਤਾਂ ਗੁਜਾਰਨ ਲਈ ਮਜਬੂਰ ਹਨ। ਉਨ੍ਹਾਂ ਪਾਵਰਕੌਮ ਅਧਿਕਾਰੀਆਂ, ਪ੍ਰਸ਼ਾਸਨ ਅਤੇ ਸਿਆਸੀ ਲੀਡਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਇਸ ਮਸਲੇ ਦਾ ਤੁਰੰਤ ਹੱਲ ਕੱਢਿਆ ਜਾਵੇ ਅਤੇ ਇਹ ਲਾਈਨ ਪੁੱਟ ਕੇ ਨਾਲ ਲੱਗਦੇ ਰਸਤੇ ਵਿੱਚ ਦੀ ਕੱਢੀ ਜਾਵੇ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਪਾਵਰਕੌਮ ਦੇ ਜੂਨੀਅਰ ਇੰਜਨੀਅਰ ਸਹਿਜ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਅਤੇ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ। ਇਸ ਸਬੰਧੀ ਐੱਸਡੀਓ ਜੋਗਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।