ਜਸਵੰਤ ਜੱਸ
ਫ਼ਰੀਦਕੋਟ, 3 ਸਤੰਬਰ
ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਐਨੇਸਥੀਸੀਓਲੋਜੀ ਵਿਭਾਗ ਵੱਲੋਂ ‘ਰਿਸਰਚ ਮੈਥਡੌਲਜੀ’ (ਖੋਜ ਕਾਰਜ-ਪ੍ਰਣਾਲੀ) ਬਾਰੇ ਇੱਕ ਰੋਜ਼ਾ ਵਰਕਸ਼ਾਪ ਲਾਈ ਗਈ ਜਿਸ ਵਿੱਚ ਵਾਈਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ, ਪ੍ਰੋਫੈਸਰ ਡਾ. ਸਰਵਜੀਤ ਕੌਰ, ਪ੍ਰੋਫੈਸਰ ਡਾ. ਦੀਪਕ ਜੌਹਨ ਭੱਟੀ ਅਤੇ ਪ੍ਰਿੰਸੀਪਲ ਡਾ. ਸੰਜੇ ਗੁਪਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਵਰਕਸ਼ਾਪ ਵਿੱਚ 80 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ ਅਤੇ ਆਪਣੇ ਖੋਜ ਪੱਤਰ ਮੋਡ ਰਾਹੀਂ ਪੇਸ਼ ਕੀਤੇ। ਪ੍ਰੋਫੈਸਰਾਂ ਨੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਥੀਸਿਸ ਦੀ ਤਿਆਰੀ ਅਤੇ ਫੈਕਲਟੀ ਲਈ ਪ੍ਰਕਾਸ਼ਨਾਂ ਬਾਰੇ ਚਾਨਣਾ ਪਾਇਆ। ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਉੱਤਮ ਬਣਾਉਣ ਲਈ ਇੱਥੇ ਸੈਮੀਨਾਰ ਵਰਕਸ਼ਾਪ ਅਤੇ ਵਿਚਾਰ ਚਰਚਾ ਦੇ ਸਮਾਗਮ ਲਗਾਤਾਰ ਹੋ ਰਹੇ ਹਨ ਤਾਂ ਜੋ ਡਾਕਟਰਾਂ ਨੂੰ ਆਧੁਨਿਕ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ। ਇਸ ਮੌਕੇ ਵਿਦਿਆਰਥੀਆਂ ਦਰਮਿਆਨ ਪੋਸਟਰ ਅਤੇ ਪੇਪਰ ਲਿਖਣ ਮੁਕਾਬਲੇ ਕਰਵਾਏ ਗਏ।