ਨਵਕਿਰਨ ਸਿੰਘ
ਮਹਿਲ ਕਲਾਂ, 26 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੌਲ ਪਲਾਜ਼ਾ ਮਹਿਲ ਕਲਾਂ ਅੱਗੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਅੱਜ 148ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਅੱਜ ਦੇ ਦਿਨ ਨੂੰ ਕਿਸਾਨਾਂ ਵੱਲੋਂ ‘ਨੌਜਵਾਨ ਕਿਸਾਨ ਦਿਵਸ’ ਵਜੋਂ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਕਿਸਾਨ ਆਗੂਆਂ ਜੱਗਾ ਸਿੰਘ ਛਾਪਾ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ ਛਾਪਾ ਤੇ ਲਵਲੀ ਸਿੰਘ ਟਿੱਬਾ ਆਦਿ ਨੇ ਕਿਹਾ ਕਿ ਇਸ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਸੰਘਰਸ਼ ਨੇ ਪੰਜਾਬ ਦੇ ਨੌਜਵਾਨਾਂ ਦੀ ਦਲੇਰੀ, ਬਹਾਦਰੀ, ਨਿਸ਼ਚੇ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ। ਸੰਘਰਸ਼ ਨੇ ਨੌਜਵਾਨਾਂ ਨੂੰ ਇਨਕਲਾਬੀ ਚੇਟਕ ਲਗਾਈ ਹੈ।
ਕਿਸਾਨ ਆਗੂ ਮਲਕੀਤ ਸਿੰਘ ਈਨਾ, ਗੁਰਮੇਲ ਸਿੰਘ ਠੁੱਲੀਵਾਲ, ਸੋਹਣ ਸਿੰਘ ਮਹਿਲ ਕਲਾਂ, ਪਿਸ਼ੌਰਾ ਸਿੰਘ ਹਮੀਦੀ, ਲਾਲ ਸਿੰਘ ਤੇ ਬੂਟਾ ਸਿੰਘ ਆਦਿ ਨੇ ਕਿਹਾ ਕਿ ਇਸ ਸੰਘਰਸ਼ ਨੇ ਸੱਭਿਆਚਾਰ ’ਤੇ ਗਹਿਰੀ ਛਾਪ ਛੱਡੀ ਹੈ। ਨੌਜਵਾਨ ਹਕੀਕਤ ਤੇ ਸਾਦਗੀ ਵਾਲੇ ਵਿਰਸੇ ਨਾਲ ਸਾਂਝ ਪਾ ਰਹੇ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਪੱਧਰੇ ਸੱਦੇ ’ਤੇ ਅੱਜ ਮਾਲਵਾ ਖੇਤਰ ’ਚੋਂ ਵੱਡੀ ਪੱਧਰ ’ਤੇ ਕਿਸਾਨਾਂ-ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦੇ ਕਾਫ਼ਲੇ ਦਿੱਲੀ ਵੱਲ ਵਹੀਰਾਂ ਘੱਤ ਤੁਰੇ ਹਨ। ਇਹ ਕਾਫ਼ਲੇ ਭਗਤ ਰਵਿਦਾਸ ਦਾ ਪ੍ਰਕਾਸ਼ ਉਤਸਵ ਮਨਾਉਣ ਅਤੇ ਚੰਦਰ ਸੇਖਰ ਆਜ਼ਾਦ ਦਾ ਜਨਮ ਦਿਹਾੜਾ ਮਨਾਉਣ ਲਈ ਰਵਾਨਾ ਹੋਏ ਹਨ। ਇਨ੍ਹਾਂ ਕਾਫ਼ਲਿਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਸਣੇ ਹੋਰਨਾਂ ਜਥੇਬੰਦੀਆਂ ਦੇ ਨੇਤਾਵਾਂ ਵੱਲੋਂ ਕੀਤੀ ਗਈ ਹੈ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਲਾਏ ਧਰਨੇ ਦੇ 149ਵੇਂ ਦਿਨ ਵੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਵੀ 93ਵੇਂ ਦਿਨ ਨੌਜਵਾਨ ਕਿਸਾਨ ਦਿਵਸ ਮਨਾਇਆ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਹਿਲਟਰ ਵਾਲਾ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਮੂਹਰੀਅਤ ਪਸੰਦ ਕਹਾਉਣ ਵਾਲੀ ਸਰਕਾਰ ਲੋਕਾਂ ਦੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਬਜਾਇ ਕਿਸਾਨ ਆਗੂਆਂ ’ਤੇ ਝੂਠੇ ਪਰਚੇ ਦਰਜ ਕਰ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੋ ਵੀ ਬੁੱਧੀਜੀਵੀ ਸਰਕਾਰ ਖ਼ਿਲਾਫ਼ ਬੋਲਦਾ ਹੈ, ਉਸ ’ਤੇ ਦੇਸ਼ ਧ੍ਰੋਹੀ ਦਾ ਠੱਪਾ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਜਨ ਸਿੰਘ ਘੁੰਮਣ, ਇਕਬਾਲ ਸਿੰਘ ਮਾਨਸਾ, ਬੋਹੜ ਸਿੰਘ ਮਾਨਸਾ, ਤੇਜ ਸਿੰਘ ਚਕੇਰੀਆਂ, ਮੱਖਣ ਉਡਤ, ਸਾਧੂ ਸਿੰਘ ਕੋਟਲੀ, ਸੁਖਦੇਵ ਸਿੰਘ ਕੋਟਲੀ ਅਤੇ ਕੁਲਵਿੰਦਰ ਸਿੰਘ ਉਡਤ, ਰਤਨ ਭੋਲਾ, ਕ੍ਰਿਸ਼ਨ ਜੋਗਾ, ਮਹਿੰਦਰ ਪਾਲ ਅਤਲਾ ਅਤੇ ਹਰਗਿਆਨ ਢਿੱਲੋਂ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ-2020 ਖਿਲਾਫ਼ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਲੱਗੇ ਸੰਘਰਸ਼ੀ ਮੋਰਚੇ ਦੀ ਅੱਜ ਦੀ ਕਮਾਨ ਨੌਜਵਾਨਾਂ ਸੰਭਾਲੀ। ਨੌਜਵਾਨਾਂ ਦੀ ਅਗਵਾਈ ਕਰ ਰਹੇ ਬਲਵਿੰਦਰ ਸਿੰਘ ਉਰਫ਼ ਬਿੰਦੂ, ਨੇਕ ਸਿੰਘ ਤੇ ਦਰਸ਼ਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਸ ਲੰਮੇਰੇ ਸੰਘਰਸ਼ ਦੇ ਮੱਦੇਨਜ਼ਰ ਨੌਜਵਾਨ ਕਿਸਾਨ ਜੋਸ਼ ਨੂੰ ਹੋਸ਼ ਦੀ ਅਗਵਾਈ ਦਿੰਦੇ ਹੋਏ ਸ਼ਮੂਲੀਅਤ ਕਰਨਗੇ| ਬਜ਼ੁਰਗ ਸੰਘਰਸ਼ਸ਼ੀਲ ਆਗੂਆਂ ਦੇ ਤਜਰਬੇ ਦੇ ਲਾਹਾ ਲੈਂਦੇ ਹੋਏ ਹਰ ਹੀਲੇ ਅੱਗੇ ਵਧਣਗੇ| ਹਰਿਆਣਾ ਪੁਲੀਸ ਵੱਲੋਂ ਨੌਜਵਾਨ ਆਗੂ ਨੌਦੀਪ ਕੌਰ ’ਤੇ ਦਰਜ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਵੀਰ ਕੌਰ ਕਰਮਗੜ੍ਹ, ਬਾਰਾ ਸਿੰਘ ਬਦਰਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਦਾਸ ਸਿੰਘ ਦਿਉਲ, ਜਗਰਾਜ ਸਿੰਘ ਰਾਮਾ, ਪ੍ਰੇਮਪਾਲ ਕੌਰ, ਅਰਸ਼ਦੀਪ, ਸਾਧੂ ਸਿੰਘ ਰਾਜੋਵਾਲ, ਗਿਆਨੀ ਬੂਟਾ ਸਿੰਘ ਪੱਖੋ ਕਲਾਂ, ਹਰਚਰਨ ਚੰਨਾ, ਕਰਨੈਲ ਸਿੰਘ ਗਾਂਧੀ, ਬਲਵੰਤ ਉਪਲੀ, ਗੁਰਦੇਵ ਸਿੰਘ ਮਾਂਗੇਵਾਲ, ਖੁਸ਼ੀਆ ਸਿੰਘ, ਗੋਰਾ ਸਿੰਘ ਢਿੱਲਵਾਂ, ਨਛੱਤਰ ਰਾਏਸਰ, ਜੱਸੀ ਪੇਧਨੀ ਤੇ ਕਰਨੈਲ ਸਿੰਘ ਗਾਂਧੀ ਆਦਿ ਨੇ ਵਿਚਾਰ ਰੱਖੇ| ਉਨ੍ਹਾਂ ਕਿਹਾ ਕਿ 27 ਫਰਵਰੀ ਨੂੰ ਗੁਰੂ ਰਾਮਦਾਸ ਦਾ ਜਨਮ ਦਿਹਾੜਾ ਮੋਰਚੇ ’ਤੇ ਹੀ ਮਨਾਇਆ ਜਾਵੇਗਾ| ਕਾਨੂੰਨਾਂ ਦੀ ਵਾਪਸੀ ਤੱਕ ਸਾਰੇ ਦਿਹਾੜੇ ਸੰਘਰਸ਼ੀ ਅਖਾੜਿਆਂ ਵਿੱਚ ਹੀ ਮਨਾਏ ਜਾਣਗੇ|
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 149 ਦਿਨਾਂ ਤੋਂ ਚੱਲ ਰਹੇ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ਮੋਰਚੇ ਅੱਜ ਵੀ ਜਾਰੀ ਰਹੇ। ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਸਣੇ ਹੋਰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਮੋਠੂ ਸਿੰਘ, ਅਜਮੇਰ ਸਿੰਘ, ਮੰਦਰ ਸਿੰਘ ਅਤੇ ਨਾਗਰਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਫ਼ਿਰਕੂ ਰੰਗਤ ਦੇ ਕੇ ਲੀਹੋਂ ਲਾਹੁਣ ਦੇ ਹੱਥ ਕੰਡੇ ਵਰਤ ਰਹੀ ਹੈ। ਇਸ ਨੂੰ ਸੰਘਰਸ਼ਸ਼ੀਲ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ। ਉਹ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀਓਂ ਵਾਪਸ ਆਉਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਸੰਘਰਸ਼ ਨੂੰ ਹੋਰ ਭਖਾਉਣ ਲਈ ਦਿੱਲੀ ਵੱਲ ਵਹੀਰਾਂ ਘੱਤ ਲੈਣ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਰੇਲ ਮੋਰਚੇ ਅੰਦਰ ਇਸ ਗੱਲ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਦਿੱਲੀ ਪੁਲੀਸ ਵਲੋਂ ਕਿਸਾਨਾਂ, ਨੌਜਵਾਨਾਂ ਅਤੇ ਕਿਸਾਨ ਆਗੂਆਂ ਨੂੰ ਆਨੇ-ਬਹਾਨੇ ਨੋਟਿਸ ਭੇਜ ਕੇ ਪ੍ਰੇਸ਼ਾਨ ਕਰ ਰਹੀ ਹੈ। ਭਾਕਿਯੂ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਫ਼ੌਜੀ ਜੇਠੂਕੇ ਤੇ ਗੁਰਦੀਪ ਸਿੰਘ ਸੇਲਬਰਾਹ ਤੇ ਹਰਮੇਸ਼ ਕੁਮਾਰ ਰਾਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਅਤੇ ਕ੍ਰਾਂਤੀਕਾਰੀ ਸੁਭਾਸ਼ ਚੰਦਰ ਬੋਸ ਦਾ ਸ਼ਹੀਦੀ ਦਿਹਾੜਾ ਰਾਮਪੁਰਾ ਫੂਲ ਦੇ ਕਿਸਾਨ ਮੋਰਚੇ ਅੰਦਰ ਮਨਾਇਆ ਜਾਵੇਗਾ। ਆਗੂਆਂ ਕਿਹਾ ਕਿ ਪੰਜਾਬ ਦੀ ਧਰਤੀ ਦੇ ਲੋਕ ਸ਼ਹੀਦਾਂ, ਗੁਰੂਆਂ ਤੇ ਪੀਰਾਂ ਫ਼ਕੀਰਾਂ ਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਜ਼ੁਲਮ ਨੂੰ ਟੱਕਰ ਦੇ ਕੇ ਜਿੱਤ ਹਾਸਲ ਕੀਤੀ ਹੈ। ਇਸੇ ਤਰਾਂ ਕਿਸਾਨ ਮੋਰਚੇ ਦੀ ਫ਼ਤਹਿ ਵੀ ਯਕੀਨੀ ਹੈ। ਧਰਨੇ ਵਿਚ ਕਿਸਾਨਾਂ-ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਸਨ।
ਗਰਮੀ ਤੋਂ ਬਚਾਅ ਵਾਸਤੇ ਟੈਂਟ ਲਾਉਣ ਲਈ ਪਰਵਾਸੀ ਵੱਲੋਂ ਮਾਇਕ ਮਦਦ
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਟੈਂਟ ਲਈ ਐਨਆਰਆਈ ਵੱਲੋਂ ਫੰਡ ਦਿੱਤਾ ਗਿਆ। ਇਸ ਸਬੰਧੀ ਜਥੇਬੰਦੀ ਦੇ ਬਲਾਕ ਆਗੂ ਬਿੰਦਰ ਸਿੰਘ ਭੋਤਨਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜਥੇਬੰਦੀ ਵਲੋਂ ਬਰਨਾਲਾ ਵਿਚ ਚੱਲ ਰਹੇ ਪੱਕੇ ਮੋਰਚੇ ਵਿੱਚ ਪੱਕਾ ਟੈਂਟ ਲਗਾਇਆ ਜਾ ਰਿਹਾ ਹੈ। ਇਸ ਲਈ ਪਿੰਡ ਮਹਿਲ ਕਲਾਂ ਦੇ ਕੈਨੇਡਾ ਰਹਿੰਦੇ ਪਰਦੀਪ ਸਿੰਘ ਵਲੋਂ 20 ਹਜ਼ਾਰ ਰੁਪਏ ਫੰਡ ਜਥੇਬੰਦੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਡਰੋਂ ਕਿਸਾਨ ਸੰਘਰਸ਼ ਖ਼ਤਮ ਕਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਗਰਮ ਠੰਢੇ ਮੌਸਮ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਧਰਤੀ ਵਿਚ ਅੰਨ ਉਗਾਉਣ ਵਾਲੇ ਧੁੱਪ ਜਾਂ ਠੰਢ ਦੇ ਡਰੋਂ ਅੰਦੋਲਨ ਖ਼ਤਮ ਨਹੀਂ ਕਰਨਗੇ। ਉਨ੍ਹਾਂ ਲੋਕਾਂ ਦੀ ਸਰਕਾਰ ਦੀਆਂ ਅੰਦੋਲਨ ਕਮਜ਼ੋਰ ਕਰਨ ਦੀਆਂ ਸਾਜ਼ਿਸਾਂ ਤੋਂ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਏਕੇ ਨੂੰ ਖ਼ਤਮ ਕਰਨ ਲਈ ਯਤਨ ਕਰ ਰਹੀ ਹੈ।