ਇਕਬਾਲ ਸਿੰਘ ਸ਼ਾਂਤ
ਲੰਬੀ, 3 ਜੂਨ
ਅੱਜ ਸ਼ਾਮ ਪਿੰਡ ਮਾਹੂਆਣਾ ਨੇੜੇ ਇੱਕ ਤੇਜ਼ ਰਫ਼ਤਾਰ ਸਰਕਾਰੀ ਡਿਊਟੀ ਲਈ ਕਿਰਾਏ ’ਤੇ ਲਈ ਇਨੋਵਾ ਗੱਡੀ ਨਾਲ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਨੇ ਮਾਪਿਆਂ ਦਾ ਇਕਲੌਤਾ ਚਿਰਾਗ ਤੇ ਦੋ ਸਾਲਾਂ ਦੀ ਬੱਚੀ ਦੇ ਸਿਰ ਦਾ ਪਰਛਾਵਾਂ ਹਮੇਸ਼ਾ ਲਈ ਖੋਹ ਲਿਆ। ਮਲੋਟ-ਡੱਬਵਾਲੀ ਕੌਮੀ ਸ਼ਾਹ ਰਾਹ-9 ’ਤੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਇਨੋਵਾ ਗੱਡੀ ’ਚ ਕਰੋਨਾ ਸਬੰਧੀ ਸਰਕਾਰੀ ਅਮਲਾ ਤੇ ਇੱਕ ਡਿਊਟੀ ਮਜਿਸਟਰੇਟ ਵੀ ਸਵਾਰ ਸੀ। ਮੌਕੇ ਦੇ ਚਸ਼ਮਦੀਦਾਂ ਅਨੁਸਾਰ ਹਾਦਸਾ ਤੇਜ਼ ਰਫ਼ਤਾਰ ਇਨੋਵਾ ਵੱਲੋਂ ਇੱਕ ਟਰੱਕ ਟਰਾਲੇ ਨੂੰ ਓਵਰਟੇਕ ਕਰਨ ਸਮੇਂ ਵਾਪਰਿਆ। ਇਨੋਵਾ ਨੇ ਗਲਤ ’ਚ ਦਿਸ਼ਾ ਜਾ ਕੇ ਰਾਹ ਜਾਂਦੇ ਮੋਟਰਸਾਈਕਲ ਨੂੰ ਦਰੜ ਦਿੱਤਾ। ਹਾਦਸੇ ਦਾ ਸ਼ਿਕਾਰ ਮੋਟਰਸਾਈਕਲ ਸਵਾਰ 28 ਸਾਲਾ ਕੁਲਦੀਪ ਸਿੰਘ ਪਿੰਡ ਮਹਿਣਾ ਦੇ ਕਿਸਾਨ ਪਰਮਜੀਤ ਸਿੰਘ ਦਾ ਇਕਲੌਤਾ ਪੁੱਤਰ ਸੀ। ਉਸਦੀ ਪਤਨੀ ਕੋਲ ਦੋ ਸਾਲਾਂ ਦੀ ਬੱਚੀ ਹੈ। ਘਟਨਾ ਸਮੇਂ ਉਹ ਮਲੋਟ ਤੋਂ ਝੋਨੇ ਦੀ ਬੀਜਾਂਦ ਲਈ ਲੇਬਰ ਦਾ ਪਤਾ ਕਰਕੇ ਪਰਤ ਰਿਹਾ ਸੀ। ਪਿੰਡ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਨੋਵਾ ਨੇ ਗਲਤ ਦਿਸ਼ਾ ’ਚ ਜਾ ਕੇ ਹਾਦਸੇ ਨੂੰ ਅੰਜਾਮ ਦਿੱਤਾ ਤੇ ਪਰਮਜੀਤ ਸਿੰਘ ਦੇ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ। ਸੂਚਨਾ ਮਿਲਣ ’ਤੇ ਪਿੰਡ ਦੇ ਨੌਜਵਾਨ ਮੌਕੇ ’ਤੇ ਪੁੱਜ ਗਏ। ਉੁਨ੍ਹਾਂ ਕਿਹਾ ਕਿ ਇਨੋਵਾ ਦਾ ਡਰਾਈਵਰ ਕਥਿਤ ਸਬੂਤ ਵਗੈਰਾ ਮਿਟਾਉਣ ਲਈ ਫਰੰਟ ਕੈਮਰਾ ਜਾਂ ਵਾਕੀ ਟਾਕੀ ਉਤਾਰ ਰਿਹਾ ਸੀ। ਜਿਸਨੂੰ ਪਿੰਡ ਵਾਸੀਆਂ ਨੇ ਕਬਜ਼ੇ ਵਿੱਚ ਲੈ ਲਿਆ। ਇਸੇ ਦੌਰਾਨ ਮਹਿਣਾ ਦੇ ਨੌਜਵਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਹਾਦਸਾਗ੍ਰਸਤ ਇਨੋਵਾ ਗੱਡੀ ਦੇ ਸਪੀਡੋਮੀਟਰ ਦੀ 130 ’ਤੇ ਅਟਕੀ ਹੋਈ ਸੂਈ ਉਸਦੀ ਅੰਨ੍ਹੇਵਾਹ ਰਫ਼ਤਾਰ ਤੇ ਸਿੱਧੇ ਤੌਰ ’ਤੇ ਟਰੈਫ਼ਿਕ ਨਿਯਮਾਂ ਨੂੰ ਉਲੰਘਣਾ ਜਾਹਰ ਕਰ ਰਹੀ ਸੀ। ਲੰਬੀ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਆਖਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਇਨੋਵਾ ਗੱਡੀ ’ਚ ਕਰੋਨਾ ਲਈ ਤਾਇਨਾਤ ਕੋਈ ਡਿਊਟੀ ਮਜਿਸਟਰੇਟ ਮੌਜੂਦ ਸੀ। ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਬਾਗ ਚੰਦ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।