ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਅਗਸਤ
ਜ਼ਿਲ੍ਹੇ ਦੀ ਹੱਦ ’ਤੇ ਪਿੰਡ ਧੰਨਾ ਸ਼ਹੀਦ (ਫ਼ਿਰੋਜ਼ਪੁਰ) ਦੌਰਾਨ ਖੇਡ ਮੇਲੇ ’ਚ ਸਾਹਿਤਕ ਪੁਸਤਕਾਂ ਦਾ ਠੇਕਾ ਖੋਲ੍ਹ ਕੇ ਨੌਜਵਾਨਾਂ ਨੇ ਨਵੀਂ ਪਿਰਤ ਅਤੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਨੌਜਵਾਨ ਤੇ ਸਾਹਿਤ ਨਾਲ ਜੁੜੇ ਵਰਗ ਨੇ ਕਾਫੀ ਰੁਚੀ ਦਿਖਾਈ। ਇਸ ਮੌਕੇ ਨੌਜਵਾਨ ਜਸਕੀਰਤ ਸਿੰਘ ਖੋਸਾ ਅਤੇ ਨਵਦੀਪ ਸਿੰਘ ਸਿੱਧੂ ਨੇ ਦੱਸਿਆ ਕਿ ‘ਠੇਕਾ ਕਿਤਾਬ’ ਨਾਮ ’ਤੇ ਪੁਸਤਕ ਪ੍ਰਸ਼ਦਰਸ਼ਨੀ ਲਾਉਣ ਦਾ ਮਕਸਦ ਨੌਜਵਾਨਾਂ ਨੂੰ ਸ਼ਰਾਬ ਜਾਂ ਨਸ਼ੇ ਦੇ ਠੇਕੇ ਤੋਂ ਮੋੜ ਕੇ ਕਿਤਾਬਾਂ ਦੇ ਠੇਕੇ ਵੱਲ ਲਾਉਣਾ ਹੈ। ਜਾਣਕਾਰੀ ਮੁਤਾਬਿਕ ਨੌਜਵਾਨਾਂ ਨੇ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਿਆਂ ਨਾਲ ਸਬੰਧਤ ਪੁਸਤਕਾਂ ਹੁੱਥੋ-ਹੱਥ ਚੁੱਕ ਲਈਆਂ ਅਤੇ ਸਟਾਲ ’ਤੇ ਲੱਗੀਆਂ ਸਾਰੀਆਂ ਕਿਤਾਬਾਂ ਖਤਮ ਹੋ ਗਈਆਂ। ਇਸ ਦੌਰਾਨ ਸ੍ਰੀ ਖੋਸਾ ਨੇ ਕਿਹਾ ਕਿ ਘਰਾਂ ਵਿੱਚ ਹਥਿਆਰ ਰੱਖਣ ਦਾ ਰਿਵਾਜ ਤਾਂ ਹੈ ਪਰ ਲਾਇਬ੍ਰੇਰੀ ਬਣਾਉਣ ਦਾ ਰਿਵਾਜ ਹਾਲੇ ਤੱਕ ਨਹੀਂ ਆਇਆ। ਪੰਜਾਬੀ ਸਾਹਿਤ ਦੀ ਸਿਰਮੌਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਇੱਕ ਥਾਂ ਜ਼ਿਕਰ ਕਰਦੇ ਹਨ ਕਿ, ‘‘ਬਰਮਾ ਵਿੱਚ ਚੰਗੇ ਲੇਖਕ ਦੀ ਕਿਤਾਬ ਦੇ ਪਹਿਲੀ ਐਡੀਸ਼ਨ ਵਿੱਚ ਪੰਜਾਹ ਹਜ਼ਾਰ ਕਾਪੀ ਛਪਦੀ ਹੈ। ਉੱਥੇ ਰਿਵਾਜ ਹੈ ਕਿ ਜੇਕਰ ਇੱਕ ਘਰ ਵਿੱਚ ਮਾਂ ਤੇ ਪੁੱਤ ਦੋਵੇਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ ਤਾਂ ਦੋਵੇਂ ਜਣੇ ਕਿਤਾਬ ਦੀ ਆਪੋ-ਆਪਣੀ ਵੱਖਰੀ ਕਾਪੀ ਖਰੀਦਦੇ ਹਨ। ਸਾਡਾ ਬਹੁ ਵਰਗ ਕਿਤਾਬਾਂ ਤੋਂ ਸੱਖਣਾ ਹੈ, ਜੋ ਸ਼ਰਾਬ ਰੱਜ ਕੇ ਪੀਂਦਾ ਹੈ। ਉਨ੍ਹਾਂ ਕਿਹਾ ਕਿ ਹਨੇਰੇ ’ਚ ਦੀਵਾ ਲੈ ਕੇ ਪਾਠਕ ਲੱਭਣੇ ਪੈਂਦੇ ਹਨ।