ਪੱਤਰ ਪ੍ਰੇਰਕ
ਬਠਿੰਡਾ, 10 ਨਵੰਬਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.) ਬਠਿੰਡਾ ਦਾ 8ਵਾਂ ਅੰਤਰ-ਜ਼ੋਨਲ ਯੁਵਕ ਮੇਲਾ-2023 ‘ਮੇਰੀ ਮਿੱਟੀ ਮੇਰਾ ਦੇਸ਼’ ਪ੍ਰਤਿਭਾ ਅਤੇ ਸੱਭਿਆਚਾਰ ਨੂੰ ਉਤਸ਼ਾਹਤਿ ਕਰਨ ਦੇ ਉਦੇਸ਼ ਨਾਲ ਯੰਗ ਸਕਾਲਰਜ਼ ਕਾਲਜ, ਹੰਡਿਆਇਆ (ਬਰਨਾਲਾ) ਵਿਚ ਧੂਮਧਾਮ ਨਾਲ ਸਮਾਪਤ ਹੋ ਗਿਆ। ਐਮ.ਆਰ.ਐੱਸ.-ਪੀ.ਟੀ.ਯੂ., ਬਠਿੰਡਾ ਮੁੱਖ ਕੈਂਪਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਓਵਰਆਲ ਟਰਾਫੀ ਹਾਸਲ ਕੀਤੀ। ਜਦੋਂ ਕਿ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਦਿਓਣ, ਬਠਿੰਡਾ ਪਹਿਲੇ ਰਨਰ ਅੱਪ ਰਹੇ ਅਤੇ ਯੰਗ ਸਕਾਲਰਜ਼ ਕਾਲਜ, ਹੰਡਿਆਇਆ ਦੂਜਾ ਰਨਰ ਅੱਪ ਰਿਹਾ। ਜਦਕਿ ਵਿਅਕਤੀਗਤ ਟਰਾਫੀ ਜੇਤੂਆਂ ਦੀ ਸੂਚੀ ਵਿੱਚ ਥੀਏਟਰ- ਯੰਗ ਸਕਾਲਰਜ਼ ਕਾਲਜ ਹੰਡਿਆਇਆ, ਡਾਂਸ, ਫਾਈਨ ਆਰਟਸ ਅਤੇ ਸਾਹਤਿ- ਐਮ.ਆਰ.ਐਸ.ਪੀ.ਟੀ.ਯੂ. ਮੁੱਖ ਕੈਂਪਸ ਅਤੇ ਸੰਗੀਤ ਟਰਾਫੀ ਜੀ.ਜੀ.ਐਸ. ਕਾਲਜ ਗਿੱਦੜਬਾਹਾ ਨੂੰ ਦਿੱਤੀ ਗਈ ਹੈ। ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ, ਬਰਨਾਲਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਹੋਰ ਪਤਵੰਤਿਆਂ ਨੇ ਕੀਤੀ। ਇਹ ਮੇਲਾ ਡਾ. ਭੁਪਿੰਦਰ ਪਾਲ ਸਿੰਘ ਢੋਟ, ਡਾਇਰੈਕਟਰ, ਸਪੋਰਟਸ ਐਂਡ ਯੂਥ ਵੈਲਫੇਅਰ, ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੀ ਅਗਵਾਈ ਵਾਲੀ ਸਮੁੱਚੀ ਟੀਮ ਵੱਲੋ ਸਫਲਤਾ ਪੂਰਵਕ ਸੰਪਨ ਕਰਵਾਇਆ ਗਿਆ।