ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਅਕਤੂੁਬਰ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਯੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ‘ਯੁਵਾ ਸਾਹਿਤੀ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਹਾਣੀਕਾਰ ਹਰਵਿੰਦਰ ਸਿੰਘ ਰੋਡੇ ਨੇ ਆਪਣੀ ਕਹਾਣੀ ‘ਲਾਲ ਲਕੀਰ’ ਤੇ ਕਹਾਣੀਕਾਰ ਅਲਫਾਜ਼ ਨੇ ‘ਬੰਦੋਬਸਤ’ ਪੜ੍ਹੀਆਂ। ਇਸ ਮੌਕੇ ਦੋ ਕਵਿੱਤਰੀਆਂ ਪਰਮਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਵਿਅੰਗ ਲੇਖਕ ਕੇ ਐੱਲ ਗਰਗ, ਕਹਾਣੀਕਾਰ ਗੁਰਮੀਤ ਕੜਿਆਲਵੀ, ਡਾ. ਗੁਰਜੀਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ, ਸਾਬਕਾ ਡੀਪੀਆਰਓ ਗਿਆਨ ਸਿੰਘ, ਕਹਾਣੀਕਾਰ ਰਾਜਵਿੰਦਰ ਸਿੰਘ ਰਾਜਾ, ਜਸਵੀਰ ਸਿੰਘ ਕਲਸੀ, ਰੂਪ ਸਿੰਘ ਬੁੱਟਰ ਅਤੇ ਜਸਵਿੰਦਰ ਨੇ ਕਿਹਾ ਕਿ ਲੇਖਕ ਨੇ ਯਥਾਰਥ ਵੀ ਪੇਸ਼ ਕਰਨਾ ਹੁੰਦਾ ਹੈ ਅਤੇ ਉਸ ਵਿੱਚੋਂ ਇੱਛਤ ਯਥਾਰਥ ਸਿਰਜਣਾ ਹੁੰਦਾ ਹੈ। ਕਹਾਣੀਕਾਰਾਂ ਨੇ ਕੁਲਵੰਤ ਸਿੰਘ ਵਿਰਕ ਅਤੇ ਗੁਰਦਿਆਲ ਸਿੰਘ ਜੈਤੋ ਦੀਆਂ ਪ੍ਰਸਿੱਧ ਕਹਾਣੀਆਂ ਦੇ ਪਰਿਪੇਖ ਵਿੱਚ ਪੇਸ਼ ਕੀਤੀਆਂ ਕਹਾਣੀਆਂ ਨੂੰ ਵੀ ਪਰਖਿਆ ਅਤੇ ਆਪਣੀ ਕਹਾਣੀ ਕਲਾ ਵਿੱਚ ਨਿਖਾਰ ਲਿਆਉਣ ਲਈ ਸੁਝਾਅ ਵੀ ਦਿੱਤੇ। ਇਸ ਮੌਕੇ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਅਕੈਡਮੀ ਦਾ ਮੋਗਾ ਵਿੱਚ ਇਹ ਸੱਤਵਾਂ ਪ੍ਰੋਗਰਾਮ ਹੈ। ਅਕੈਡਮੀ ਹੁਣ ਵੱਡੇ ਸ਼ਹਿਰਾਂ ਦੀ ਬਜਾਏ ਪਿੰਡਾਂ ਵੱਲ ਰੁਖ਼ ਕਰ ਰਹੀ ਹੈ। ਇਸ ਮੌਕੇ ਰਣਜੀਤ ਸਰਾਂ ਵਾਲੀ ਜੰਗੀਰ ਸਿੰਘ ਖੋਖਰ, ਗਜ਼ਲ ਗਾਇਕ ਜੀ ਐੱਸ ਪੀਟਰ, ਜਗਦੀਸ਼ ਪ੍ਰੀਤਮ, ਮੰਗਲ ਪੱਤੋ, ਜਸਵੰਤ ਸਿੰਘ ਬਾਘਾਪੁਰਾਣਾ, ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ ਤੋਂ ਇਲਾਵਾ ਹੋਰਾਂ ਲੇਖਕ ਵੀ ਸ਼ਾਮਲ ਹੋਏ।