ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਮਈ
ਸੰਤ ਅਤਰ ਸਿੰਘ ਵੱਲੋਂ ਸਥਾਪਤ ਸੰਸਥਾ ਸੰਪਰਦਾਇ ਸਤ ਸੇਵਕ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦੇ ਮੁਖੀ ਬਾਬਾ ਛੋਟਾ ਸਿੰਘ ਜਿਹੜੇ ਕਿ ਕੁੱਝ ਦਿਨ ਪਹਿਲਾਂ ਕਰੋਨਾ ਮਹਾਮਾਰੀ ਨਾਲ ਬੀਮਾਰ ਹੋ ਗਏ ਸਨ, ਅੱਜ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਦੇ ਦੇਹਾਂਤ ਮਗਰੋਂ ਇਲਾਕੇ ਤੇ ਸਮੁੱਚੇ ਸਿੱਖ ਪੰਥ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬਾਬਾ ਛੋਟਾ ਸਿੰਘ ਪਿਛਲੇ ਦਿਨੀਂ ਕਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਗਏ ਸਨ ਤੇ ਬੀਮਾਰੀ ਨੇ ਉਨ੍ਹਾਂ ਦੇ ਫੇਫੜਿਆਂ ’ਤੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਭਾਵੇਂ ਉਨ੍ਹਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆ ਗਈ ਸੀ, ਪਰ ਫੇਫੜਿਆਂ ਦਾ ਜ਼ਿਆਦਾ ਨੁਕਸਾਨ ਹੋ ਜਾਣ ਕਰਕੇ ਇਲਾਜ ਦੌਰਾਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਇਸ ਮਗਰੋਂ ਵੱਡੀ ਗਿਣਤੀ ਵਿੱਚ ਧਾਰਮਿਕ ਸਖਸ਼ੀਅਤਾਂ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ। ਬਾਬਾ ਛੋਟਾ ਸਿੰਘ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਸਿੱਖ ਮਰਿਯਾਦਾ ਅਨੁਸਾਰ ਗੁਰਦੁਆਰਾ ਬੁੰਗਾ ਮਸਤੁੂਆਣਾ ਸਾਹਿਬ ਵਿੱਚ ਕੀਤਾ ਗਿਆ। ਬੁੰਗਾ ਮਸਤੂਆਣਾ ਦੇ ਪ੍ਰਬੰਧਕਾਂ ਵਿੱਚੋਂ ਇੱਕ ਬਾਬਾ ਕਾਕਾ ਸਿੰਘ ਅਤੇ ਹੋਰਨਾਂ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ।