ਪਰਸ਼ੋਤਮ ਬੱਲੀ
ਬਰਨਾਲਾ, 12 ਸਤੰਬਰ
ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗਾ ਸਾਂਝਾ ਕਿਸਾਨੀ ਧਰਨਾ ਕਿਣਮਿਣ ਕਣੀਆਂ ਤੇ ਛਰਾਟਿਆਂ ਦੇ ਬਾਵਜੂਦ 347ਵੇਂ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਰਿਹਾ ਤੇ ਅੱਜ ਐੱਨਐੱਸਓ ਵੱਲੋਂ ਜਾਰੀ ਸਰਵੇ ਦੇ 77 ਗੇੜ ਦੇ ਅੰਕੜਿਆਂ ਬਾਰੇ ਚਰਚਾ ਕੀਤੀ ਗਈ। ਬੁਲਾਰਿਆਂ ਕਿਹਾ ਕਿ ਇਨ੍ਹਾਂ ਅੰਕੜਿਆਂ ਮੁਤਾਬਕ ਭਾਰਤ ਦੇ 50ਫੀਸਦੀ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸੇ ਹੋਏ ਹਨ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦਾ ਕਰਜ਼ਾ 58 ਫੀਸਦੀ ਵਧ ਗਿਆ ਹੈ। ਆਮਦਨ ਦੁੱਗਣੀ ਹੋਣੀ ਤਾਂ ਦੂਰ ਦੀ ਗੱਲ ਸਗੋਂ ਆਮਦਨ ਘਟ ਗਈ ਹੈ। ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ,ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਹੌਰ, ਨੇਕਦਰਸ਼ਨ ਸਿੰਘ, ਜਸਪਾਲ ਸਿੰਘ ਚੀਮਾ, ਹਰਚਰਨ ਚੰਨਾ, ਗੁਰਜੰਟ ਸਿੰਘ ਟੀਐਸਯੂ, ਮੇਲਾ ਸਿੰਘ ਕੱਟੂ ਨੇ ਸੰਬੋਧਨ ਕੀਤਾ। ਅੱਜ ਜਗਰੂਪ ਸਿੰਘ ਠੁੱਲੀਵਾਲ ਤੇ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥਿਆਂ ਨੇ ਬੀਰਰਸੀ ਕਵੀਸ਼ਰੀ ਗਾਇਣ ਕੀਤਾ।
ਕੈਪਸ਼ਨ: ਬਰਨਾਲਾ ਸਟੇਸ਼ਨ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।