ਅਜਮੇਰ ਸਿੱਧੂ
ਸਾਲ 1967 ਵਿਚ ਬੰਗਾਲ ਦੇ ਕਿਸਾਨਾਂ ਨੇ ਜ਼ਮੀਨ ਦੇ ਮਾਲਕੀ ਹੱਕ ਲੈਣ ਲਈ ਜ਼ਮੀਨਾਂ ’ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ। ਨਕਸਲਬਾੜੀ ਦੇ ਨਾਂ ਨਾਲ ਮਸ਼ਹੂਰ ਹੋਣ ਵਾਲੀ ਇਹ ਕਿਸਾਨ ਲਹਿਰ ਪੰਜਾਬ ਤੱਕ ਪੁੱਜਦਿਆਂ ਇਨਕਲਾਬੀ ਤਹਿਰੀਕ ਬਣ ਗਈ ਸੀ। ਫਰਵਰੀ-ਮਾਰਚ 1968 ਵਿਚ ਭਾਰਤੀ ਕਮਿਊਨਿਸਟ ਇਨਕਲਾਬੀ ਤਾਲਮੇਲ ਕਮੇਟੀ ਪੰਜਾਬ ਬਣ ਗਈ ਸੀ। ਕਮੇਟੀ ਨੇ ਫੈਸਲਾ ਕੀਤਾ ਕਿ ਜਾਗੀਰਦਾਰਾਂ ਅਤੇ ਸੂਦਖੋਰਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰ ਕੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਵਿਚ ਵੰਡ ਦਿੱਤੀ ਜਾਵੇ। ਕੁੱਲ ਹਿੰਦ ਤਾਲਮੇਲ ਕਮੇਟੀ ਦੀ ਸੇਧ ਨੂੰ ਮੰਨਦਿਆਂ ਪੰਜਾਬ ਕਮੇਟੀ ਨੇ ਭੀਖੀ-ਸਮਾਓਂ (ਮਾਨਸਾ), ਕਿਲ੍ਹਾ ਹਕੀਮਾਂ (ਸੰਗਰੂਰ) ਆਦਿ ਪਿੰਡਾਂ ਵਿਚ ਜਾਗੀਰਦਾਰਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਲਏ। ਇਸੇ ਤਰ੍ਹਾਂ ਦਾ ਯਤਨ ਹਾਜੀਪੁਰ-ਮੁਕੇਰੀਆਂ (ਹੁਸ਼ਿਆਰਪੁਰ) ਵਿਚ ਵੀ ਹੋਇਆ।
ਰੋਪੜ ਦਰਿਆ ਦੇ ਨਾਲ ਨਾਲ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਪਈ ਸੀ। ਇਹ ਜ਼ਮੀਨ ਸੇਠ ਬਿਰਲਾ ਨੇ 99 ਸਾਲਾ ਪਟੇ ’ਤੇ ਲੈ ਕੇ ਬਿਰਲਾ ਸੀਡ ਫਾਰਮ ਬਣਾਇਆ ਹੋਇਆ ਸੀ। 1968 ਵਿਚ ਪੰਜਾਬ ਕਮੇਟੀ ਨੇ ਇਸ ਫਾਰਮ ਨੂੰ ਆਪਣੀ ਸਿਆਸਤ ਲਈ ਚੁਣਿਆ। ਮਜ਼ਦੂਰਾਂ ਦੀ ਤਨਖਾਹ ਵਧਾਉਣ ਲਈ ਦਿਆ ਸਿੰਘ ਖਰੜ ਦੀ ਅਗਵਾਈ ਹੇਠ ਸੰਘਰਸ਼ ਆਰੰਭ ਕਰ ਦਿੱਤਾ। ਉਨ੍ਹਾਂ ਦੀ ਮਨਸ਼ਾ ਸੀ ਕਿ ਮਜ਼ਦੂਰਾਂ ਦੀ ਮਜ਼ਬੂਤ ਯੂਨੀਅਨ ਬਣਦਿਆਂ ਹੀ ਜ਼ਮੀਨ ਉਤੇ ਮਜ਼ਦੂਰਾਂ ਦਾ ਕਬਜ਼ਾ ਕਰਵਾ ਦਿੱਤਾ ਜਾਵੇਗਾ। ਕਮੇਟੀ ਨੇ ਜਲਦੀ ਹੀ ਮਜ਼ਬੂਤ ਯੂਨੀਅਨ ਵੀ ਬਣਾ ਲਈ ਅਤੇ 10 ਅਪਰੈਲ 1969 ਨੂੰ ਹੜਤਾਲ ਸ਼ੁਰੂ ਹੋ ਗਈ। ਹੜਤਾਲ ਕਾਮਯਾਬ ਹੋਈ ਤਾਂ ਮਾਲਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਅਤੇ ਪੁਲੀਸ ਨੇ ਗ੍ਰਿਫਤਾਰੀਆਂ ਅਤੇ ਤਸ਼ੱਦਦ ਦਾ ਚੱਕਰ ਚਲਾ ਦਿੱਤਾ। ਮਾਸਟਰ ਹਰਦੇਵ ਸਿੰਘ ਸਲਾਬਤਪੁਰ ਖੇੜੀ ਵਰਗੇ ਅੱਧੀ ਦਰਜਨ ਆਗੂਆਂ ’ਤੇ ਤਸ਼ੱਦਦ ਕੀਤਾ ਗਿਆ। ਤਸ਼ੱਦਦ ਇੰਨਾ ਹੌਲਨਾਕ ਸੀ ਕਿ ਕਮੇਟੀ ਆਗੂ ਸੀਡ ਫਾਰਮ ਦਾ ਸੰਘਰਸ਼ ਵਿਚ-ਵਿਚਾਲੇ ਛੱਡ ਕੇ ਬਦਲੇ ਦੀ ਅੱਗ ਵਿਚ ਭਬਕ ਉੱਠੇ। ਮਜ਼ਦੂਰਾਂ ’ਤੇ ਜਿ਼ਆਦਾ ਜਬਰ ਚਮਕੌਰ ਸਾਹਿਬ ਥਾਣੇ ਦੀ ਪੁਲੀਸ ਨੇ ਕੀਤਾ ਸੀ। ਇਸ ਥਾਣੇਦਾਰ ਨੂੰ ਸਬਕ ਸਿਖਾਉਣ ਲਈ ਕਮੇਟੀ ਨੇ ਥਾਣੇ ’ਤੇ ਹਮਲਾ ਕਰਨ ਦਾ ਫੈਸਲਾ ਕੀਤਾ। ਹਥਿਆਰਬੰਦ ਸਕੁਐਡ ਨੇ 30 ਅਪਰੈਲ 1969 ਨੂੰ ਥਾਣੇ ’ਤੇ ਹਮਲਾ ਕਰਨਾ ਸੀ।… ਇਹ ਵਿਥਿਆ ਸੁਣਾਉਣ ਵਾਲਾ, ਬਿਰਲਾ ਸੀਡ ਫਾਰਮ ਦਾ ਖਾੜਕੂ ਘੋਲ ਲੜਨ ਵਾਲੀ ਆਗੂ ਟੀਮ ਅਤੇ ਥਾਣੇ ’ਤੇ ਹਮਲਾ ਕਰਨ ਵਾਲੇ ਸਕੁਐਡ ਵਿਚ ਸ਼ਾਮਲ ਤਾਰਾ ਸਿੰਘ ਚਲਾਕੀ 12 ਅਕਤੂਬਰ 2022 ਨੂੰ ਅਕਾਲ ਚਲਾਣਾ ਕਰ ਗਿਆ।
ਤਾਰਾ ਸਿੰਘ ਦਾ ਜੀਵਨ ਸ਼ਾਨਾਮੱਤਾ ਹੈ। ਇਨ੍ਹਾਂ ਇਨਕਲਾਬੀਆਂ ਅੰਦਰ ਜੋਸ਼ ਤਾਂ ਆਰ-ਪਾਰ ਦੀ ਲੜਾਈ ਵਾਲਾ ਸੀ ਪਰ ਫੌਜੀ ਟ੍ਰੇਨਿੰਗ ਪੱਖੋਂ ਕੱਚੇ ਸਨ। ਫਿਰ ਵੀ ਇਨ੍ਹਾਂ ਥਾਣੇ ’ਤੇ ਹਮਲਾ ਕੀਤਾ। ਸਰਕਾਰ ਹਰਕਤ ਵਿਚ ਆ ਗਈ। ਹਮਲੇ ਵਿਚ ਸ਼ਾਮਲ ਬੰਦਿਆਂ ਦੇ ਵਰੰਟ ਕੱਢ ਕੇ ਸਿਰਾਂ ਦੇ ਇਨਾਮ ਰੱਖ ਦਿੱਤੇ। ਤਾਰਾ ਸਿੰਘ ਚਲਾਕੀ ਹੱਥ ਨਾ ਆਇਆ ਤਾਂ ਉਸ ਦੇ 25 ਸਾਲਾ ਭਰਾ ਗੁਰਦਿਆਲ ਸਿੰਘ ਨੂੰ ਕਥਿਤ ਤੌਰ ’ਤੇ ਕਿਤੇ ਖਪਾ ਦਿੱਤਾ ਗਿਆ। ਪੁਲੀਸ ਦੇ ਬਦਲਾ-ਲਊ ਐਕਸ਼ਨਾਂ ਨਾਲ ਮਾਰਕਸੀ-ਲੈਨਿਨੀ ਪਾਰਟੀ ਹੋਰ ਅਤਿ-ਖੱਬੀ ਲਾਈਨ (ਵਿਅਕਤੀਗਤ ਸਫਾਇਆ) ਲੈ ਕੇ ਆ ਗਈ। ਦੋਨਾਂ ਪਾਸਿਆਂ ਤੋਂ ਮਾਰ-ਧਾੜ ਵਧ ਗਈ। ਪੁਲੀਸ ਤਸ਼ੱਦਦ ਵਧਿਆ ਤਾਂ ਪਾਰਟੀ ਨੇ ਬਚੇ ਆਗੂਆਂ ਦੇ ਇਲਾਕੇ ਬਦਲ ਦਿੱਤੇ। ਤਾਰਾ ਸਿੰਘ ਚਲਾਕੀ ਰੂਹਪੋਸ਼ ਹੋ ਕੇ ਹੁਸ਼ਿਆਰਪੁਰ ਜਿ਼ਲ੍ਹੇ ਦੇ ਜੰਗਲੀ ਇਲਾਕੇ ਅਤੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਇਲਾਕੇ ਵਿਚ ਸਰਗਰਮ ਰਿਹਾ।
ਤਾਰਾ ਸਿੰਘ ਨੂੰ ਮੈਂ ਸੰਨ 2000 ਦੇ ਨੇੜੇ ਤੇੜੇ ਮਿਲਿਆ। ਉਦੋਂ ਮੈਂ ਪੰਜਾਬ ਦੀ ਨਕਸਲਬਾੜੀ ਲਹਿਰ ਦਾ ਇਤਿਹਾਸ ਲਿਖਣ ਲਈ ਇਸ ਲਹਿਰ ਦੇ ਪੁਰਾਣੇ ਜੰਗਜੂਆਂ ਨੂੰ ਮਿਲ ਰਿਹਾ ਸੀ। ਤਾਰਾ ਸਿੰਘ ਉੱਚਾ-ਲੰਮਾ, ਭਲਵਾਨਾਂ ਵਰਗੀ ਸਿਹਤ ਅਤੇ ਸੋਹਣਾ ਸੁਨੱਖਾ ਜੱਚਦਾ ਸੀ। ਜਿ਼ਲ੍ਹਾ ਰੋਪੜ ਤਹਿਸੀਲ ਮੋਰਿੰਡਾ ਦੇ ਪਿੰਡ ਚਲਾਕੀ ਵਿਚ 22 ਅਪਰੈਲ 1948 ਦਾ ਜਨਮਿਆ ਸੀ। ਇਸ ਦੇ ਕਿਰਤੀ ਬਾਪ ਨੇ ਮਿਹਨਤ ਮੁਸ਼ੱਕਤ ਕਰ ਕੇ ਉਹਨੂੰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਬੀਏ (1969) ਕਰਵਾ ਦਿੱਤੀ ਸੀ ਪਰ ਭਲੇ ਵੇਲਿਆਂ ਵਿਚ ਵੀ ਇੰਨੀ ਪੜ੍ਹਾਈ ਦੇ ਬਾਵਜੂਦ ਉਸ ਦੇ ਪੱਲੇ ਨੌਕਰੀ ਦੀ ਥਾਂ ਨਿਰਾਸ਼ਾ ਪਈ। ਉਂਝ ਵੀ ਉਦੋਂ ਤੱਕ ਉਹ ਗਦਰੀਆਂ, ਬੱਬਰਾਂ, ਕਿਰਤੀਆਂ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਰਾਹ ਤੁਰ ਚੁੱਕਾ ਸੀ। ਇਸ ਤੋਂ ਬਾਅਦ ਤਾਂ ਤਹੱਈਆ ਹੀ ਕਰ ਲਿਆ। ਉਨ੍ਹੀਂ ਦਿਨੀਂ ‘ਬਸੰਤ ਦੀ ਗਰਜ’ ਦੀਆਂ ਗੂੰਜਾਂ ਪੈ ਰਹੀਆਂ ਸਨ। ਇਹ ਥੁੜ੍ਹੇ ਟੁੱਟੇ ਲੋਕਾਂ ਦੀ ਆਵਾਜ਼ ਸੀ। ਉਹ ਆਪਣੇ ਘਰ ਅਤੇ ਦੇਸ਼ ਦੇ ਲੋਕਾਂ ਦੀ ਕੰਗਾਲੀ ਦੂਰ ਕਰਨ ਲਈ ਸਿਆਸੀ ਢਾਂਚਾ ਤਬਦੀਲ ਕਰਨ ਵਿਚ ਲੱਗੇ ਕ੍ਰਾਂਤੀਕਾਰੀਆਂ ਦਾ ਸਾਥੀ ਬਣ ਗਿਆ। ਉਸ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਜਿ਼ਲ੍ਹਾ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਦੇ ਖਾੜਕੂ ਜਥੇ ਪਾਰਟੀ ਦੀ ਕੁਲ ਹਿੰਦ ਪੱਧਰ ਦੀ ਹਥਿਆਰਬੰਦ ਐਕਸ਼ਨਾਂ ਵਾਲੀ ਲਾਈਨ ਲਾਗੂ ਕਰਦੇ ਰਹੇ। ਇਸ ਮਾਰਧਾੜ ਦੌਰਾਨ ਜਬਰ, ਤਸ਼ੱਦਦ ਤੇ ਜੇਲ੍ਹਾਂ ਦਾ ਨਰਕ ਵੱਖਰਾ ਸੀ। ਇਸ ਨੁਕਸਾਨ ਨੂੰ ਦੇਖਦਿਆਂ ਪਾਰਟੀ ਅੰਦਰ ਵਿਅਕਤੀਗਤ ਕਤਲਾਂ ਦਾ ਵਿਰੋਧ ਹੋਣ ਲੱਗਾ। ਇਸੇ ਆਧਾਰ ’ਤੇ ਪਾਰਟੀ ਵਿਚ ਫੁੱਟ ਵੀ ਪੈ ਗਈ। ਤਾਰਾ ਚੰਦ ਵਰਗੇ ਅਨੇਕਾਂ ਆਗੂ ਜੋ ਵਿਅਕਤੀਗਤ ਕਤਲਾਂ ਦੇ ਖਿ਼ਲਾਫ਼ ਹਨ, ਨੇ ਸੀਪੀਆਈ (ਐੱਮਐੱਲ)-ਐੱਸਐੱਨ ਸਿੰਘ ਬਣਾ ਲਈ। ਐਮਰਜੈਂਸੀ ਅਤੇ ਪਾਰਟੀ ਅੰਦਰਲਅਿਾਂ ਫੁੱਟਾਂ ਨੇ ਲਹਿਰ ਨੂੰ ਭਾਰੀ ਸੱਟ ਮਾਰੀ।
ਕਾਮਰੇਡ ਤਾਰਾ ਸਿੰਘ ਚਲਾਕੀ 17 ਸਾਲ ਰੂਹਪੋਸ਼ ਰਿਹਾ। ਤਾਰਾ ਸਿੰਘ ਚਲਾਕੀ 1970 ਤੋਂ 1980 ਤੱਕ ਸੀਪੀਆਈ (ਐੱਮਐੱਲ) ਪੰਜਾਬ-ਹਿਮਾਚਲ ਸੂਬਾ ਕਮੇਟੀ ਮੈਂਬਰ, 1980 ਤੋਂ 1990 ਤੱਕ ਸੀਪੀਆਈ (ਐੱਮਐੱਲ)-ਐੱਸਐੱਨ ਸਿੰਘ ਪੰਜਾਬ ਦਾ ਸੂਬਾ ਸਕੱਤਰ ਤੇ ਕੇਂਦਰੀ ਕਮੇਟੀ ਮੈਂਬਰ ਅਤੇ 1990 ਤੋਂ ਸੀਪੀਆਈ (ਐੱਮਐੱਲ)-ਐੱਨਡੀ ਦੇ ਸੂਬਾ ਕਮੇਟੀ ਰਹੇ। ਬੁਢਾਪੇ ਵਿਚ ਇਨ੍ਹਾਂ ਸਵੈ-ਇੱਛਾ ਨਾਲ ਪਾਰਟੀ ਤੋਂ ਛੁੱਟੀ ਲੈ ਲਈ ਅਤੇ ਆਮ ਜੀਵਨ ਜਿਊਣ ਲੱਗੇ। ਉਸ ਵੱਲੋਂ ਇਨਕਲਾਬੀ ਤਹਿਰੀਕ ਵਿਚ ਪਾਏ ਯੋਗਦਾਨ ਨੂੰ ਲੋਕ ਯਾਦ ਰੱਖਣਗੇ।
ਸੰਪਰਕ: 94630-63990