ਚੰਡੀਗੜ੍ਹ ’ਚ ਹੀ ਸੁਰਤ ਸੰਭਾਲਣ ਮਗਰੋਂ ਨਰਸਰੀ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਈ ਇਸੇ ਸ਼ਹਿਰ ’ਚ ਪੂਰੀ ਕੀਤੀ। ਮਾਪਿਆਂ ਦਾ ਪਿਛੋਕੜ ਪੁਆਧ ਦਾ ਹੋਣ ਅਤੇ ਰਿਸ਼ਤੇਦਾਰਾਂ ਵੱਲੋਂ ਪੁਆਧੀ ਬੋਲਣ ਕਾਰਨ ਮੈਨੂੰ ਇਸ ਬੋਲੀ ਨਾਲ ਖ਼ਾਸ ਲਗਾਓ ਰਿਹਾ। ਘਰ ’ਚ ਪੁਆਧੀ ਹੀ ਚਲਦੀ ਸੀ। ਵੱਡੀਆਂ ਭੈਣਾਂ ਦਾ ਵਿਆਹ ਅਤੇ ਮਾਤਾ-ਪਿਤਾ ਨੌਕਰੀ ਕਰਦੇ ਹੋਣ ਕਰ ਕੇ ਵਿਆਹ ਦਾ ਦਬਾਅ ਪੈਣ ਲੱਗਿਆ। ਮਾਪਿਆਂ ਦੀ ਸੋਚ ਸੀ ਕਿ ਕੁੜੀ ਆਪਣੇ ਇਲਾਕੇ ਦੀ ਹੋਵੇ, ਤੇ ਉਨ੍ਹਾਂ ਦੀ ਇਹ ਰੀਝ ਪੂਰੀ ਹੋ ਗਈ।
ਅੰਬਾਲਾ ਕੈਂਟ ਦੇ ਬਿਲਕੁਲ ਨਾਲ ਲੱਗਦੇ ਪਿੰਡ ਦੇ ਰਹਿਣ ਵਾਲੇ ਫ਼ੌਜੀ ਅਫ਼ਸਰ ਜੋ ਪਿਤਾ ਜੀ ਦੇ ਪੁਰਾਣੇ ਦੋਸਤ ਸਨ, ਦੀ ਧੀ ਨਾਲ ਵਿਆਹ ਹੋ ਗਿਆ। ਫ਼ੌਜੀ ਦੀ ਧੀ ਉਦੋਂ ਤੱਕ ਤਿੰਨ ਮਹਾਨਗਰਾਂ ਕੋਲਕਾਤਾ, ਦਿੱਲੀ ਤੇ ਮੁੰਬਈ ਤੋਂ ਇਲਾਵਾ ਦੇਸ਼ ਦੇ ਕਈ ਹੋਰ ਵੱਡੇ ਸ਼ਹਿਰਾਂ ਵਿਚ ਰਹਿਣ ਕਰ ਕੇ ਪੇਂਡੂ ਸੱਭਿਆਚਾਰ ਬਾਰੇ ਕੁਝ ਨਹੀਂ ਸੀ ਜਾਣਦੀ। ਪੁਆਧੀ ਤਾਂ ਦੂਰ, ਉਸ ਨੂੰ ਤਾਂ ਪੰਜਾਬੀ ਵੀ ਚੰਗੀ ਤਰ੍ਹਾਂ ਬੋਲਣੀ ਅਤੇ ਸਮਝ ਨਹੀਂ ਆਉਂਦੀ ਸੀ। ਵਿਆਹ ਮਗਰੋਂ ਸਾਡੇ ਘਰ ਪਹੁੰਚੀ ਫ਼ੌਜੀ ਅਫ਼ਸਰ ਦੀ ਸ਼ਹਿਰੀ ਧੀ ਹਿੰਦੀ ਵਿਚ ਹੀ ਬੋਲਦੀ ਜਿਸ ਨੂੰ ਸਮਝਣ ’ਚ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਸਮੱਸਿਆ ਨਹੀਂ ਸੀ। ਮੁਸ਼ਕਿਲ ਉਦੋਂ ਪੇਸ਼ ਆਉਂਦੀ ਜਦੋਂ ਸਾਡੇ ਰਿਸ਼ਤੇਦਾਰਾਂ ਦੀ ਪੁਆਧੀ ਬੋਲੀ ਊਸ ਨੂੰ ਸਮਝ ਨਾ ਆਉਂਦੀ। ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਪੁਆਧੀ ਵਿਚ ਗੱਲਾਂ ਕਰ ਕੇ ਹੱਸਦੇ ਰਹਿੰਦੇ ਤੇ ਉਹ ਸਾਰਿਆਂ ਦੇ ਮੂੰਹ ਵੱਲ ਤੱਕਦੀ ਰਹਿੰਦੀ। ਅਖ਼ੀਰ ਮੈਨੂੰ ਹੀ ਉਸ ਨੂੰ ਹਿੰਦੀ ਵਿਚ ਗੱਲ ਸਮਝਾਉਣੀ ਪੈਂਦੀ।
ਵਿਆਹ ਮਗਰੋਂ ਕੁਝ ਅਜਿਹੀਆਂ ਗੱਲਾਂ ਹੋਈਆਂ ਜਿਨ੍ਹਾਂ ਨੂੰ ਚੇਤੇ ਕਰ ਕੇ ਅੱਜ ਵੀ ਹਾਸਾ ਆਉਂਦਾ ਹੈ। ਮਸਾਂ ਦੋ ਕੁ ਮਹੀਨੇ ਹੋਏ ਹੋਣਗੇ ਕਿ ਸਾਡੀ ਨਾਨੀ ਨੇ ਆਪਣੀ ਦੋਹਤ-ਬਹੂ ਨਾਲ ਕੁਝ ਦਿਨ ਰਹਿਣ ਦੀ ਇੱਛਾ ਜਤਾਈ ਤੇ ਰਹਿਣ ਆ ਗਈ। ਸਾਰਾ ਪਰਿਵਾਰ ਆਪੋ-ਆਪਣੇ ਕੰਮਾਂ ’ਤੇ ਲੰਘ ਜਾਂਦਾ, ਪਿੱਛੇ ਬੇਬੇ ਤੇ ਉਸ ਦੀ ਦੋਹਤ-ਬਹੂ ਰਹਿ ਜਾਂਦੀਆਂ। ਘਰਵਾਲੀ ਬੇਬੇ ਦੀਆਂ ਆਸਾਂ ’ਤੇ ਪੂਰੀ ਉਤਰਨ ਦੀ ਕੋਸ਼ਿਸ਼ ਕਰਦੀ। ਇਕ ਦਿਨ ਬੇਬੇ ਦੇ ਸਰੀਰ ’ਚ ਦਰਦ ਸੀ ਤਾਂ ਉਸ ਨੇ ਮਾਲਿਸ਼ ਕੀਤੀ। ਬੇਬੇ ਨੂੰ ਕਾਫੀ ਆਰਾਮ ਆਇਆ। ਸ਼ਾਮ ਨੂੰ ਜਦੋਂ ਸਾਰਾ ਪਰਿਵਾਰ ਇਕੱਠਾ ਹੋਇਆ ਤਾਂ ਬੇਬੇ ਨੇ ਮਾਤਾ-ਪਿਤਾ ਨੂੰ ਬੜੇ ਮਾਣ ਨਾਲ ਪੁਆਧੀ ’ਚ ਦੱਸਿਆ, “ਅੱਜ ਤੋ ਬਹੂ ਨੇ ਮੇਰੀ ਲੱਤਾਂ ਘੁੱਟੀਆਂ। ਧਰਮ ਤੇ ਬਹੁਤ ਆਰਾਮ ਮਿਲਿਆ।” ਮਾਤਾ-ਪਿਤਾ ਖੁਸ਼ ਹੋਏ।
ਇੰਨੇ ਨੂੰ ਪਤਨੀ ਅੱਖਾਂ ’ਚ ਹੰਝੂ ਭਰ ਕੇ ਆਈ, ਤੇ ਕਹਿਣ ਲੱਗੀ, “ਮੈਨੇ ਤੋ ਬੇਬੇ ਕੀ ਟਾਂਗੇਂ ਦਬਾਈ, ਔਰ ਵੋ ਕਹਿ ਰਹੀ ਹੈ ਕਿ ਮੈਨੇ ਉਨ ਕੋ ਲਾਤੋਂ ਸੇ ਕੁੱਟਾ।” ਮਸਾਂ ਹਾਸਾ ਰੋਕਿਆ ਤੇ ਉਸ ਨੂੰ ਬੇਬੇ ਦੀ ਗੱਲ ਸਮਝਾਈ। ਕੁਝ ਦਿਨਾਂ ਬਾਅਦ ਪਿਤਾ ਜੀ ਦੇ ਚਾਚਾ ਜੀ ਜਿਨ੍ਹਾਂ ਨੂੰ ਅਸੀਂ ਬਾਈ ਜੀ ਕਹਿੰਦੇ ਸਾਂ, ਆ ਗਏ। ਘਰ ’ਚ ਉਹ ਇਕੱਲੀ ਹੀ ਸੀ, ਤੇ ਉਹਨੇ ਬਾਈ ਜੀ ਨੂੰ ਕਦੇ ਦੇਖਿਆ ਨਹੀਂ ਸੀ। ਬਾਈ ਜੀ ਨੇ ਦਰਵਾਜ਼ਾ ਖੜਕਾਇਆ ਤਾਂ ਉਹਨੇ ਸਵਾਲ ਕੀਤਾ, “ਹਾਂ ਜੀ ਬਾਬਾ ਜੀ ਕਿਸ ਸੇ ਮਿਲਨਾ ਹੈ?” ਪਿਤਾ ਜੀ ਦਾ ਨਾਂ ਸ਼ੇਰ ਸਿੰਘ ਤੇ ਮਾਤਾ ਦਾ ਨਾਂ ਅਮਰਜੀਤ ਕੌਰ ਸੀ ਪਰ ਬਾਈ ਜੀ ਸ਼ੇਰਾ ਤੇ ਅਮਰੋ ਕਹਿੰਦੇ ਸੀ। ਬਾਈ ਜੀ ਨੇ ਪੁੱਛਿਆ, “ਸ਼ੇਰਾ ਹੈ।” ਉਹ ਬੋਲੀ, “ਬਾਬਾ ਜੀ ਯਹਾਂ ਕੋਈ ਸ਼ੇਰਾ ਨਹੀਂ ਰਹਿਤਾ।” ਬਾਈ ਜੀ ਨੇ ਪੁੱਛਿਆ, “ਅਮਰੋ ਹੋਵੇਗੀ।” ਫਿਰ ਉਹੀ ਜਵਾਬ, “ਯਹਾਂ ਕੋਈ ਅਮਰੋ ਭੀ ਨਹੀਂ ਰਹਿਤੇ।” ਧੁੱਪ ਵਿਚ ਆਏ ਬਾਈ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਖਿਝ ਕੇ ਬੋਲੇ, “ਕਮਾਲ ਐ ਭਾਈ, ਇੰਨੇ ਸਾਲਾਂ ਤੋਂ ਮੈਂ ਆ ਰਿਹਾ ਹਾਂ, ਹੁਣ ਕਹਿੰਦੇ ਇੱਥੇ ਨਹੀਂ ਰਹਿੰਦੇ।” ਫ਼ੌਜੀ ਦੀ ਧੀ ਤੇ ਅੜੀਅਲ ਸੁਭਾਅ ਦੇ ਬਾਈ ਜੀ ਆਪੋ-ਆਪਣੇ ਦਾਅਵਿਆਂ ’ਤੇ ਕਾਇਮ ਸਨ। ਇੰਨੇ ਨੂੰ ਮੈਂ ਪਹੁੰਚ ਗਿਆ ਤੇ ਬਾਈ ਜੀ ਦੇ ਪੈਰਾਂ ਨੂੰ ਹੱਥ ਲਾ ਉਨ੍ਹਾਂ ਨੂੰ ਅੰਦਰ ਵਾੜਿਆ। ਉਸ ਮਗਰੋਂ ਬਾਈ ਜੀ ਅਖ਼ੀਰ ਤੱਕ ਮੈਨੂੰ ਇਹੀ ਮਿਹਣਾ ਮਾਰਦੇ ਰਹੇ, “ਤੇਰੀ ਬਹੂ ਨੇ ਮੈਨੂੰ ਬਾਹਰ ਖੜ੍ਹਾ ਕਰ ਕੇ ਰੱਖਿਆ ਤਾ।”
ਵਿਆਹ ਨੂੰ 18 ਸਾਲ ਹੋ ਗਏ ਹਨ, ਮੈਂ ਪਤਨੀ ਨਾਲ ਹਿੰਦੀ ਅਤੇ ਬਾਕੀ ਪਰਿਵਾਰ ਨਾਲ ਪੁਆਧੀ ’ਚ ਗੱਲ ਕਰਦਾ ਹਾਂ। ਪਤਨੀ ਦੀ ਪੁਆਧੀ ਬੋਲੀ ਸਮਝਣ ਦੇ ਨਾਲ ਬੋਲਣ ਦੀ ਕੋਸ਼ਿਸ਼ ਵੀ ਜਾਰੀ ਹੈ। ਇਹ ਗੱਲ ਵੱਖਰੀ ਹੈ ਕਿ ਉਹ ‘ਗੱਲਾਂ ਦਾ ਕੜਾਹ’ ਬਣਾਉਣ ਦੀ ਥਾਂ ‘ਗੱਲਾਂ ਦਾ ਘੜਾ’ ਬਣਾ ਦਿੰਦੀ ਹੈ।
ਸੰਪਰਕ: 99881-44418