ਹਿਰਦੇ ਪਾਲ ਸਿੰਘ
ਮੇਰੇ ਵੱਡੇ ‘ਵੀਰਾ ਜੀ’ ਸਮਰੱਥ ਕਹਾਣੀਕਾਰ ਨਵਤੇਜ ਸਿੰਘ 11 ਅਗਸਤ 1981 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਏ। 56 ਸਾਲ ਦੀ ਉਮਰੇ ਜੀਭ ਦੇ ਕੈਂਸਰ ਨੇ ਉਨ੍ਹਾਂ ਨੂੰ ਦਬੋਚ ਲਿਆ। ਇਹ ਭਾਣਾ ਵਰਤਣ ਤੋਂ ਪਹਿਲਾਂ ਉਨ੍ਹਾਂ ਦੀ ਕਹਾਣੀ ਰਚਨਾ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ।
ਸਾਹਿਤ ਨਾਲ ਉਨ੍ਹਾਂ ਦੀ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਉਨ੍ਹਾਂ ਦੀ ਕਵਿਤਾ ‘ਗੁਰੂ ਨਾਨਕ ਆ ਜਾ’ ‘ਪ੍ਰੀਤ ਲੜੀ’ ਦੇ ਨਵੰਬਰ 1933 ਅੰਕ ਵਿਚ ਛਪੀ। ਕਹਾਣੀ ਜਗਤ ਵਿਚ ਉਨ੍ਹਾਂ ਦੀ ਪਹਿਲੀ ਰਚਨਾ ‘ਭਗਨ ਹਿਰਦੇ’ ਸੀ। ਉਦੋਂ ਉਹ ਉਮਰ ਦੇ ਨੌਵੇਂ ਵਰ੍ਹੇ ਵਿਚ ਸਨ। ਉਨ੍ਹਾਂ ਦੀ ਕਹਾਣੀ ਕਹਿਣ ਦੀ ਯੋਗਤਾ ਨੇ ਦਾਰ ਜੀ ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ’ਤੇ ਅਨੋਖਾ ਅਸਰ ਪਾਇਆ। ਸੋ, ਉਨ੍ਹਾਂ ਇਹ ‘ਪ੍ਰੀਤ ਲੜੀ’ ਦੇ ਫਰਵਰੀ 1934 ਦੇ ਅੰਕ ਵਿਚ ਛਾਪ ਦਿੱਤੀ। ਆਪਣਾ ਅਠਾਰਵਾਂ ਸਾਲ ਪੂਰਾ ਕਰਦਿਆਂ ਹੀ 1943 ਵਿਚ ਉਨ੍ਹਾਂ ਪੰਜਾਬੀ ਕਹਾਣੀ ਸੰਸਾਰ ਨਾਲ ਸਾਂਝ ਬਣਾਈ। ਉਨ੍ਹਾਂ ਜਗਜੀਤ ਸਿੰਘ ਆਨੰਦ ਨਾਲ ਰਲ ਕੇ 1944 ’ਚ ਪ੍ਰਸਿੱਧ ਨਾਵਲ ‘ਰੂਦੇਗਾ’ (ਅੰਗਰੇਜ਼ੀ ਵਿਚ ‘ਦਿ ਰੇਨਬੋ’) ਦਾ ਕੀਤਾ ਗਿਆ ਅਨੁਵਾਦ ਪੰਜਾਬੀ ਵਿਚ ‘ਸਤਰੰਗੀ ਪੀਂਘ’ ਦੇ ਨਾਂ ਨਾਲ ਛਪਿਆ। ਲੇਖਕਾ ਵਾਂਦਾ ਵਾਸਿਲਿਓਸਕਾ ਦੇ ਇਸ ਨਾਵਲ ’ਚ ਪੇਸ਼ ਜੰਗ ਦਾ ਚਿਤਰਨ ਫ਼ੌਰੀ ਮਾਨਤਾ ਪ੍ਰਾਪਤ ਕਰ ਗਿਆ। ਸੁਚੱਜੇ ਅਨੁਵਾਦ ਨੂੰ ਪਾਠਕਾਂ ਨੇ ਖ਼ੂਬ ਸਲਾਹਿਆ।
ਉਨ੍ਹਾਂ ਪੰਜਾਬੀ ਸਾਹਿਤ ਜਗਤ ਨੂੰ ਪੰਜ ਕਹਾਣੀ ਸੰਗ੍ਰਹਿ ‘ਦੇਸ ਵਾਪਸੀ’ (1955), ‘ਨਵੀਂ ਰੁੱਤ’ (1958), ‘ਬਾਸਮਤੀ ਦੀ ਮਹਿਕ’ (1960), ‘ਚਾਨਣ ਦੇ ਬੀਜ’ (1962), ‘ਭਾਈਆਂ ਬਾਝ’ (1974) ਦਿੱਤੇ। ਉਨ੍ਹਾਂ ਦਾ ਸਫ਼ਰਨਾਮਾ ‘ਦੋਸਤੀ ਦੇ ਪੰਧ’ (1968) ਹੈ ਅਤੇ ਬਾਲ ਕਹਾਣੀ ਸੰਗ੍ਰਹਿ ‘ਸਭ ਤੋਂ ਵੱਡਾ ਖ਼ਜ਼ਾਨਾ’ (1972) ਛਪਿਆ। ਉਨ੍ਹਾਂ ਦਾ ਲੜੀਵਾਰ ਰੂਪਕ ‘ਮੇਰੀ ਧਰਤੀ ਮੇਰੇ ਲੋਕ’ ‘ਪ੍ਰੀਤ ਲੜੀ’ ਵਿਚ ਲਗਾਤਾਰ ਛਪਦਾ ਰਿਹਾ। ਉਨ੍ਹਾਂ ਦੇ ਦੇਹਾਂਤ ਮਗਰੋਂ ਇਹ ਇਸੇ ਸਿਰਲੇਖ ਹੇਠ ਛਾਪਿਆ ਗਿਆ।
ਘੱਟ ਪਰ ਨਿੱਗਰ ਸਾਹਿਤ ਰਚਨਾ ਉਨ੍ਹਾਂ ਦਾ ਆਸ਼ਾ ਸੀ। ਉਹ ਸੂਖ਼ਮ, ਸੰਵੇਦਨਸ਼ੀਲ ਅਤੇ ਸੁਚੇਤ ਪ੍ਰਤਬਿੱਧ ਪ੍ਰਗਤੀਵਾਦੀ ਲੇਖਕ ਸਨ। ਉਨ੍ਹਾਂ ਨੂੰ ‘ਅਣਹੋਇਆਂ’ ਨਾਲ ਹਮਦਰਦੀ ਸੀ ਅਤੇ ‘ਹੋਇਆਂ’ ਦੀ ਪਦਾਰਥਕ, ਮਾਨਸਿਕ ਬਿਰਤੀ ਨਾਲ ਘਿਰਣਾ। ਉਨ੍ਹਾਂ ਲਗਭਗ ਸਾਰੀਆਂ ਕਹਾਣੀਆਂ ਇਸੇ ਚੌਖਟੇ ਵਿਚ ਲਿਖੀਆਂ। ਉਨ੍ਹਾਂ ਦੇ ਕਹਾਣੀ ਰਚਨਾ ਕਾਲ ਨੂੰ ਦੋ ਦੌਰਾਂ ਵਿਚ ਵੰਡਿਆ ਜਾ ਸਕਦਾ ਹੈ: ਪਹਿਲਾ 1943 ਤੋਂ 1948 ਅਤੇ ਦੂਜਾ 1948 ਤੋਂ 1979 ਤਕ। ਦੋਵੇਂ ਦੌਰਾਂ ਵਿਚ ਲਗਾਤਾਰਤਾ ਹੈ ਪਰ ਵਿਸ਼ਿਆਂ ਦੀ ਭਿੰਨਤਾ ਵੀ ਹੈ। ਦੂਜੇ ਦੌਰ ਦੀਆਂ ਕਹਾਣੀਆਂ ਦੀ ਪੇਸ਼ਕਾਰੀ ਵਿਚ ਵਰਤੇ ਜਾਂਦੇ ਸਾਧਨ ਵਧੇਰੇ ਨਿਪੁੰਨ ਹਨ। ਪਹਿਲੇ ਦੌਰ ਵਿਚ ਉਨ੍ਹਾਂ ਆਪਣੀ ਰਚਨਾ ਵਿਚ ਯਥਾਰਥ ਦੇ ਨਾਲ ਆਪਣੀ ਜਵਾਨੀ ਵੇਲੇ ਦਾ ਆਦਰਸ਼ਵਾਦ ਰਲਾਇਆ ਹੈ। ਇਨ੍ਹਾਂ ਕਹਾਣੀਆਂ ਵਿਚ ਉਹ ਦੇਸ਼ ਅੰਦਰ ਉਸ ਵੇਲੇ ਉਭਰਦੇ ਭਾਰਤੀ ਸਮਾਜ ਨੂੰ ਦੇਖਦੇ ਹਨ। ਨਾਲ ਹੀ ਅੰਗਰੇਜ਼ੀ ਸਾਮਰਾਜ ਅਧੀਨ ਵਿਕਸਿਤ ਹੋ ਰਹੇ ਪੰਜਾਬੀ ਜੀਵਨ ਉੱਤੇ ਨਜ਼ਰ ਰੱਖਦੇ ਹਨ। ਇਸ ਕਾਲ ਵਿਚ ਰਚੀਆਂ ਗਈਆਂ ਕਹਾਣੀਆਂ ‘ਦਾਈ’, ‘ਮੈਨੂੰ ਚੋਰ ਬਣਾ ਦਿਓ’, ‘ਕਾਲੇ ਦਿਨਾਂ ਵਿਚ’ ਤੇ ‘ਜਦੋਂ ਲੋਕ ਜਾਗਣਗੇ’ ਇਸ ਦੀ ਮਿਸਾਲ ਹਨ। ਇਸੇ ਕਾਲ ਵਿਚ ਰਚੀ ਗਈ ਕਹਾਣੀ ‘ਚੋਰ’ ਅਮੀਰ ਤੇ ਗ਼ਰੀਬ ਦੇ ਪਾੜੇ ਨੂੰ ਉਘਾੜਨ ਦੇ ਨਾਲ ਨਾਲ ਅਮੀਰ ਦੀ ਮਸਨੂਈ ਜ਼ਹਿਨੀਅਤ ਤੇ ਗ਼ਰੀਬ ਦੀ ਕੁਦਰਤੀ ਮਾਸੂਮੀਅਤ ਦਾ ਭਾਵਪੂਰਤ ਚਿਤਰਨ ਕਰਦੀ ਹੈ।
ਦੂਜੇ ਦੌਰ ਵਿਚ ਦੇਸ਼ ਵਿਚ ਆ ਰਹੇ ਬਦਲਾਵਾਂ ਨੂੰ ਪਛਾਣ ਕੇ, ਉਨ੍ਹਾਂ ਦੇ ਨਤੀਜਿਆਂ ਨੂੰ ਗ਼ੌਰ ਨਾਲ ਦੇਖਦੇ ਹਨ। ਇਨ੍ਹਾਂ ਵਿਚ ਲੁਕੇ ਗੰਭੀਰ ਤੱਥਾਂ ਨੂੰ ਆਪਣੀਆਂ ਕਹਾਣੀਆਂ ਵਿਚ ਪ੍ਰੋਣ ਦੀ ਕੋਸ਼ਿਸ਼ ਕੀਤੀ। ਇਸ ਕਾਲ ਦੀਆਂ ਕਹਾਣੀਆਂ ਵਿਚ ਗ਼ਰੀਬ ਵਰਗ ਦੇ ਸੰਤਾਪ ਦਾ ਮਾਰਮਿਕ ਚਿਤਰਨ ਹੈ। ਉਹ ਦੇਸ਼ ਵੰਡ ਤੋਂ ਮਗਰਲੇ ਸਾਲਾਂ ਤਕ ਲੋਕਾਂ ਵੱਲੋਂ ਹੰਢਾਏ ਗੁਆਚੇਪਣ ਤੇ ਪੀੜਾ ਦੇ ਸੰਤਾਪ ਦਾ ਕਲਾਤਮਕ ਚਿਤਰਨ ਕਰਦੇ ਹਨ, ਜਿਵੇਂ ‘ਦੇਸ ਵਾਪਸੀ’, ‘ਬੰਦ ਪਿਆ ਬਿਸਤਰਾ’, ‘ਸਭ ਸ਼ਰਨਾਰਥੀ ਹੋਏ’, ‘ਦੋਸਤੀ ਦਾ ਚੰਨ’ ਤੇ ‘ਭਾਈਆਂ ਬਾਝ’। ਉਨ੍ਹਾਂ ਦੀ ਬਹੁ-ਚਰਚਿਤ ਕਹਾਣੀ ‘ਬਾਸਮਤੀ ਦੀ ਮਹਿਕ’ ਵੀ ਦੇਸ਼ ਵੰਡ ਨਾਲ ਜੋੜ ਕੇ ਰਚੀ ਗਈ। ਇਸ ਕਹਾਣੀ ਨਾਲ ਲੇਖਕ ਦਾ ਬੜਾ ਗੂੜ੍ਹਾ ਜ਼ਾਤੀ ਰਿਸ਼ਤਾ ਵੀ ਹੈ। ਪੈਸੇ ਪ੍ਰਤੀ ਗ਼ਰੀਬ ਤੇ ਅਮੀਰ ਦੀ ਸੋਚ ‘ਫੇਰ ਜੇਬ ਕੱਟੀ ਗਈ’ ਵਿਚ ਸੁਚੱਜੀ ਤਰ੍ਹਾਂ ਉਭਾਰੀ ਗਈ ਹੈ। ਉਨ੍ਹਾਂ ਦੀ ਕਹਾਣੀ ‘ਮੇਰਾ ਹਬੀਬ’ ਦੋ ਗ਼ੈਰ ਹੋਏ ਮੁਲਕਾਂ ਦੇ ਦੋ ਗ਼ੈਰ ਧਰਮ ਵਾਲੇ ਪਾਤਰਾਂ ਦੀ ਮੁਹੱਬਤ ਦੀ ਬਾਤ ਪਾਉਂਦੀ ਹੈ। ‘ਬਸ਼ੀਰਾ’ ਕਹਾਣੀ ਮੁਸਲਮਾਨ ਪਾਤਰ ਨਾਲ ਡੂੰਘੀ ਅਪਣੱਤ ਦੀ ਤਸਵੀਰ ਦਿਖਾਉਂਦੀ ਹੈ। ਕੁਝ ਕਹਾਣੀਆਂ ਤਾਂ ਆਜ਼ਾਦੀ ਦੀ ਅਸਲੀ ਪਛਾਣ ਕਰਾਉਣ ਲਈ ਰਚੀਆਂ, ਜਿਵੇਂ ‘ਜਲ੍ਹਿਆਂਵਾਲਾ ਜਾਗ ਪਿਆ’ ਤੇ ‘ਮਨੁੱਖ ਤੇ ਝੰਡਾ’। ਉਨ੍ਹਾਂ ਦੀਆਂ ਕਈ ਕਹਾਣੀਆਂ ਗੀਤਾਂ ਅਤੇ ਕਵਿਤਾਵਾਂ ਦਾ ਸਹਾਰਾ ਲੈਂਦੀਆਂ ਹਨ। ਕਹਾਣੀ ‘ਨਾਂਅ ਵਿਚ ਕੀ ਪਿਆ ਹੈ’ ਸਾਹਿਤ ਦੇ ਨਾਂ ਉੱਤੇ ਕੀਤੇ ਜਾਂਦੇ ਕੁਝ ਸਮਾਗਮਾਂ ਉੱਤੇ ਲੁਕਵੀਂ ਚੋਟ ਕਰਦੀ ਹੈ। ਇਸੇ ਦੌਰ ਦੀਆਂ ਕੁਝ ਕੁ ਕਹਾਣੀਆਂ ਵਿਚ ਉਨ੍ਹਾਂ ਦਾ ਯਥਾਰਥ ਰੁਮਾਨੀ ਹੋ ਜਾਂਦਾ ਹੈ, ਜਿਵੇਂ ‘ਇਕ ਫੁਲ-ਇਕ ਫਲੂਆ’ ਤੇ ‘ਸਭ ਤੋਂ ਵਡਾ ਖ਼ਜ਼ਾਨਾ’। ਉਹ ਸੰਸਾਰ ਵਿਚ ਅਮਨ ਤੇ ਦੋਸਤੀ ਦੇ ਮੁੱਦਈ ਸਨ। ਉਨ੍ਹਾਂ ਦੀਆਂ ਕਹਾਣੀਆਂ ‘ਮਲਾਇਆ ਦੀ ਇਕ ਕੁੜੀ ਦੇ ਨਾਂਅ’, ‘ਦੇਸ ਵਾਪਸੀ’ ਤੇ ‘ਅਣਜੰਮੇ ਬਾਲ ਦੇ ਨਾਂਅ’ ਇਹ ਦਰਸਾਉਂਦੀਆਂ ਹਨ।
ਉਨ੍ਹਾਂ ਦੀਆਂ ਇਸ ਦੌਰ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁਖ’ ਅਤੇ ‘ਨਵੀਂ ਰੁਤ’। ਇਸੇ ਦੌਰ ਵਿਚ ਉਨ੍ਹਾਂ ਨੇ ਨਿਰਸੰਕੋਚ ਹੋ ਕੇ ਕਹਾਣੀ ‘ਪਹਿਲੀ ਚੁੰਮੀ’ ਲਿਖੀ। ਇਹਦੀ ਬੜਾ ਵਿਰੋਧ ਹੋਇਆ ਪਰ ਉਨ੍ਹਾਂ ਨੇ ਨਵੇਂ ਨਵੇਂ ਅਮੀਰ ਹੋਏ ਸ਼ਹਿਰੀ ਸਰਮਾਏਦਾਰਾਂ ਦਾ ਖੁੱਲ੍ਹ ਕੇ ਚਿਤਰਨ ਕੀਤਾ ਜਿਨ੍ਹਾਂ ਲਈ ਮਨੁੱਖ ਸਿਰਫ਼ ਮਾਸ ਦਾ ਟੁਕੜਾ ਹੈ ਤੇ ਨਾਰੀ ਮੌਜ-ਮੇਲੇ ਦਾ ਸਾਧਨ। ਸਮੀਖਿਆਕਾਰਾਂ ਨੇ ਮੰਨਿਆ ਹੈ ਕਿ ਨਵਤੇਜ ਸਿੰਘ ਆਪਣੇ ਤੋਂ ਅਗਲੇ ਸਮੇਂ ਦੇ ਕਹਾਣੀਕਾਰ ਸਨ।
1953 ’ਚ ਬੁਖ਼ਾਰੈਸਟ (ਰੁਮਾਨੀਆ) ਵਿਚ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਵਿਚਾਲੇ ਅਮਨ ਤੇ ਦੋਸਤੀ ਨੂੰ ਸਮਰਪਿਤ ਚੌਥੇ ਸੰਸਾਰ ਮੇਲੇ ਵਿਚ ਨੌਜਵਾਨ ਨਵਤੇਜ ਸਿੰਘ ਦੀ ਕਹਾਣੀ ‘ਮਨੁਖ ਦੇ ਪਿਓ’ ਨੂੰ ਸਰਵੋਤਮ ਲਿਖਤ ਚੁਣਿਆ ਗਿਆ। ਉਨ੍ਹਾਂ ਦੀਆਂ ਕਹਾਣੀਆਂ ਅਨੁਵਾਦ ਕਰਕੇ ਯੂਰਪ ਤੇ ਏਸ਼ੀਆ ਦੀਆਂ 20 ਤੋਂ ਵੱਧ ਭਾਸ਼ਾਵਾਂ ਦੇ ਪ੍ਰਸਿੱਧ ਰਸਾਲਿਆਂ ਤੇ ਕਹਾਣੀ ਸੰਗ੍ਰਹਿਆਂ ਵਿਚ ਛਪੀਆਂ। ਰੰਗਕਰਮੀ ਗੁਰਸ਼ਰਨ ਸਿੰਘ ਨੇ ਉਨ੍ਹਾਂ ਦੀਆਂ ਨੌਂ ਕਹਾਣੀਆਂ ਇਕੱਠੀਆਂ ਕਰ ਕੇ ਨਾਟਕੀ ਰੂਪਾਂਤਰਨ ਕੀਤਾ ਤੇ ਅਨੇਕਾਂ ਵਾਰ ਪੇਸ਼ਕਾਰੀ ਕੀਤੀ। ਕਹਾਣੀਕਾਰ ਦੀ ਪੋਤਰੀ ਰਤਿਕਾ ਸਿੰਘ ਨੇ ‘ਬਸ਼ੀਰਾ’ ਨੂੰ ਸੁਹਜਮਈ ਲਘੂ ਫ਼ਿਲਮ ਵਿਚ ਢਾਲ ਕੇ ਪ੍ਰਸੰਸਾ ਹਾਸਲ ਕੀਤੀ।
ਅੱਠ ਜਨਵਰੀ 1925 ਨੂੰ ਪਿਤਾ ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਅਤੇ ਮਾਤਾ ਜਗਜੀਤ ਕੌਰ ਦੇ ਘਰ ਜਨਮੇ ਨਵਤੇਜ ਸਿੰਘ ਆਪਣੇ ਛੇ ਭੈਣ ਭਰਾਵਾਂ ਵਿਚ ਸਭ ਤੋਂ ਵੱਡੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਕੁਝ ਵੱਖਰਾਪਣ ਸੀ ਜੋ ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿਚ ਵੀ ਦਰਸਾਇਆ। ਦਰਅਸਲ, ਉਨ੍ਹਾਂ ਦੀ ਘੋਖ ਪਰਖ ਦੀ ਰੁਚੀ ਬਚਪਨ ਵਿਚ ਹੀ ਪ੍ਰਬਲ ਸੀ। ਜਦੋਂ ਗਾਂਧੀ ਜੀ ਨੇ ਅਛੂਤਾਂ ਬਾਰੇ ਕਿਸੇ ਸਰਕਾਰੀ ਫ਼ੈਸਲੇ ਖ਼ਿਲਾਫ਼ ਲੰਮਾ ਵਰਤ ਰੱਖਿਆ ਤਾਂ ਉਨ੍ਹਾਂ ਦੇ ਵਰਤ ਦੇ ਪਹਿਲੇ ਦਿਨ ਸਾਰੇ ਦੇਸ਼ ਵਿਚ ਹਮਦਰਦੀ-ਵਰਤ ਰੱਖ ਲਿਆ ਗਿਆ। ਉਦੋਂ ਨਵਤੇਜ ਸਿੰਘ ਨੇ ਵੀ ਸਿਆਣਿਆਂ ਦੇ ਬਰਾਬਰ ਵਰਤ ਨਿਭਾਇਆ।
ਉਨ੍ਹਾਂ ਨੂੰ ਜਵਾਨੀ ਤੋਂ ਹੀ ਕਵਿਤਾ ਪੜ੍ਹਨ, ਸਾਜ਼ੀ ਸੰਗੀਤ ਤੇ ਗਾਣੇ ਸੁਣਨ ਦਾ ਸ਼ੌਕ ਸੀ। ਉਨ੍ਹਾਂ ਦੇ ਮਨਪਸੰਦ ਕਵੀ ਗੁਰੂਦੇਵ ਟੈਗੋਰ ਸਨ। ਕੁੰਦਨ ਲਾਲ ਸਹਿਗਲ ਦੇ ਗਾਏ ਗਾਣੇ ਉਨ੍ਹਾਂ ਦੀ ਰੂਹ ਨੂੰ ਤਸਕੀਨ ਦਿੰਦੇ ਸਨ। ਲਿਖਣ ਦਾ ਸ਼ੌਕ ਤਾਂ ਸੀ ਹੀ ਪਰ ਉਹ ਢੂੰਡ ਢੂੰਡ ਕੇ ਮਿਆਰੀ ਸੰਸਾਰ ਸਾਹਿਤ ਪੜ੍ਹਦੇ।
ਉਨ੍ਹਾਂ ਦੀ ਸ਼ਖ਼ਸੀਅਤ ਕੁਝ ਪੱਖਾਂ ਵਿਚ ਦਾਰ ਜੀ ਨਾਲੋਂ ਕਾਫ਼ੀ ਵੱਖਰੀ ਸੀ। ਦਾਰ ਜੀ ਨੂੰ ਆਪਣੇ ਸਰੀਰ ਨਾਲ ਰੱਜ ਕੇ ਪਿਆਰ ਸੀ ਜਦੋਂਕਿ ਉਹ ਆਪਣੇ ਸਰੀਰ ਤੋਂ ਕੁਝ ਬੇਪਰਵਾਹ ਸਨ। ਦਾਰ ਜੀ ਬਿਲਕੁਲ ਸਫ਼ੇਦ ਚਿੱਟੀ ਪੱਗ ਸਵਾਰ ਕੇ ਬੰਨ੍ਹਦੇ ਸਨ ਜਦੋਂਕਿ ਉਹ ਰੰਗਦਾਰ ਪਰ ਰਤਾ ਕੁ ਕਾਹਲੀ ਨਾਲ ਬੰਨ੍ਹ ਲੈਂਦੇ ਸਨ। ਪਹਿਰਾਵੇ ਵੱਲੋਂ ਦਾਰ ਜੀ ਸੁਚੇਤ ਰਹਿੰਦੇ ਪਰ ਉਹ ਇਹਦੇ ਵੱਲ ਬਹੁਤਾ ਧਿਆਨ ਨਹੀਂ ਸਨ ਦਿੰਦੇ। ਦਾਰ ਜੀ ਪੂਰੇ ਮਿੱਥੇ ਵਕਤ ਅਨੁਸਾਰ ਹਰ ਕੰਮ ਕਰਦੇ ਸਨ ਪਰ ਉਹ ਆਪਣੀ ਧੁਨ ਵਿਚ ਵਿਚਰਦੇ।
ਇਹ ਗੱਲ ਤਾਂ ਅੱਜ ਵੀ ਸੱਚ ਹੈ ਕਿ ਨਵਤੇਜ ਸਿੰਘ ਜੀ ਦੀਆਂ ਪਿਆਰੀਆਂ ਤੇ ਨਿੱਘੀਆਂ ਯਾਦਾਂ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮਨਾਂ ਵਿਚ ਹਨ ਸਗੋਂ ਉਨ੍ਹਾਂ ਦੇ ਅਨੇਕਾਂ ਸੱਜਣਾਂ-ਮਿੱਤਰਾਂ ਤੇ ਪ੍ਰਸੰਸਕਾਂ ਦੇ ਹਿਰਦਿਆਂ ਵਿਚ ਵਸਦੀਆਂ ਹਨ। ਉਹ ਪ੍ਰਤਿਭਾਵਾਨ ਕਹਾਣੀਕਾਰ ਤਾਂ ਸਨ ਹੀ, ਨਾਲ ਹੀ ਬੜੇ ਨਿੱਘੇ, ਪਿਆਰੇ, ਮਿਲਾਪੜੇ, ਹਸਮੁੱਖ, ਦਿਲ ਜਿੱਤਵੀਆਂ ਗੱਲਾਂ ਕਰਨ ਵਾਲੇ ਤੇ ਚੁਫੇਰੇ ਖ਼ੁਸ਼ੀਆਂ ਵੰਡਦੇ ਸ਼ਖ਼ਸ ਸਨ।
ਸੰਪਰਕ: 98550-95920