ਸ਼ਵਿੰਦਰ ਕੌਰ
ਗੁਆਂਢੀਆਂ ਦੇ ਘਰ ਸੰਨਾਟਾ ਜਿਹਾ ਛਾਇਆ ਤੱਕ ਕੇ ਮੈਨੂੰ ਲੱਗਾ, ਸ਼ਾਇਦ ਉਹ ਪਿੰਡ ਗਏ ਹੋਏ ਹਨ। ਦੂਜੇ ਦਿਨ ਜਦੋਂ ਮੈਂ ਅੱਗੇ ਹੋਕੇ ਤੱਕਿਆ ਤਾਂ ਸਿਰਫ਼ ਜਾਲੀਆਂ ਹੀ ਬੰਦ ਸਨ, ਦਰਵਾਜ਼ੇ ਖੁੱਲ੍ਹੇ ਹੋਏ ਸਨ। ਮਨ ਵਿਚ ਆਇਆ ਕਿ ਘਰੇ ਹੋਣ ਤੇ ਵੀ ਦੋ ਤਿੰਨ ਦਿਨ ਹੋ ਗਏ, ਇੰਨੀ ਚੁੱਪ ਕਿਉਂ ਪਸਰੀ ਹੋਈ ਹੈ? ਨਾ ਇਨ੍ਹਾਂ ਨੇ ਆਵਾਜ਼ ਹੀ ਦਿੱਤੀ ਹੈ ਕਿ ਆਉ ਭੈਣ ਜੀ, ਆਪਾਂ ਪਾਰਕ ਚ ਬੈਠੀਏ। ਆਮ ਤੌਰ ਤੇ ਉਹ ਪਾਰਕ ਵਿਚ ਬੈਠਣ ਲਈ ਆਵਾਜ਼ ਮਾਰ ਲੈਂਦੇ ਹਨ। ਅਸੀਂ ਕਦੇ ਪਾਰਕ ਵਿਚ ਬੂਟਿਆਂ ਨੂੰ ਪਾਣੀ ਪਾਉਣ ਲੱਗ ਜਾਂਦੀਆਂ ਹਾਂ, ਕਦੇ ਬੈਂਚ ਤੇ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਕੁਝ ਸਮਾਂ ਬਿਤਾ ਲੈਂਦੀਆਂ ਹਾਂ। ਉਂਝ ਵੀ ਪਿੱਛੋਂ ਪਿੰਡਾਂ ਤੋਂ ਗੁਆਂਢੀ ਹੋਣ ਕਰਕੇ ਅਤੇ ਦੋਵੇਂ ਪਰਿਵਾਰ ਹੀ ਸਾਧਾਰਨ ਕਿਸਾਨੀ ਵਿਚੋਂ ਹੋਣ ਕਰਕੇ ਸਾਡੀ ਮਤ ਕਾਫੀ ਮਿਲਦੀ ਹੈ। ਪਿੰਡ ਵਾਂਗ ਸਾਡੀ ਦਾਲ ਦੀ ਕੌਲੀ ਵਾਲੀ ਸਾਂਝ ਬਣੀ ਹੋਈ ਹੈ। ਮੈਂ ਗੇਟ ਤੇ ਜਾ ਕੇ ਘੰਟੀ ਮਾਰੀ, “ਆਉ ਪਾਰਕ ਵਿਚ ਬੈਠੀਏ।”
ਉਹ ਬਾਹਰ ਆਈ ਤਾਂ ਉਸ ਦੀਆਂ ਅੱਖਾਂ ਇਉਂ ਸੁੱਜੀਆਂ ਹੋਈਆਂ ਸਨ ਜਿਵੇਂ ਕਈ ਦਿਨਾਂ ਤੋਂ ਸੁੱਤੀ ਨਾ ਹੋਵੇ। ਉਸ ਦੀਆਂ ਸਿੱਲੀਆਂ ਅੱਖਾਂ ਅਤੇ ਉਦਾਸ ਚਿਹਰਾ ਵੀ ਉਸ ਦੀ ਗ਼ਮਗੀਨ ਅਵਸਥਾ ਦੀ ਗਵਾਹੀ ਭਰ ਰਹੇ ਸਨ। ਉਸ ਦੇ ਕੋਲ ਆਉਂਦਿਆਂ ਹੀ ਮੈਂ ਪੁੱਛਿਆ, “ਸੁੱਖ ਤਾਂ ਹੈ?”
“ਹਾਂ ਭੈਣ ਜੀ, ਸਭ ਠੀਕ ਹੈ… ਜਦੋਂ ਦੀ ਯੂਕਰੇਨ ਵਿਚ ਜੰਗ ਲੱਗੀ ਐ। ਮੈਨੂੰ ਤਾਂ ਨਾ ਦਿਨੇ ਚੈਨ ਆਉਂਦੀ, ਨਾ ਰਾਤ ਨੂੰ। ਉੱਥੇ ਪੜ੍ਹਨ ਗਏ ਵਿਦਿਆਰਥੀਆਂ ਦੀ ਵਿਥਿਆ ਸੁਣ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋ ਰਿਹਾ ਹੈ।” ਉਸ ਦੀਆਂ ਅੱਖਾਂ ਵਿਚ ਹੰਝੂ ਤੈਰ ਰਹੇ ਸਨ।
“ਮੈਂ ਤਾਂ ਸਾਰਾ ਦਿਨ ਇਹੀ ਅਰਦਾਸ ਕਰਦੀ ਰਹਿੰਦੀ ਹਾਂ ਕਿ ਸਾਰੇ ਵਿਦਿਆਰਥੀ ਸਹੀ ਸਲਾਮਤ ਆਪਣੇ ਮਾਪਿਆਂ ਕੋਲ ਪਹੁੰਚ ਜਾਣ। ਕਿਸੇ ਵੀ ਮਾਂ ਬਾਪ ਨੂੰ ਸਾਡੇ ਵਰਗੀ ਨਿਆਸਰੀ, ਆਸਾਂ ਤੋਂ ਸੱਖਣੀ ਜਿ਼ੰਦਗੀ ਨਾ ਜਿਊਣੀ ਪਵੇ।” ਅੱਗੇ ਉਹ ਬੋਲ ਨਾ ਸਕੀ, ਉਸ ਦਾ ਗੱਚ ਭਰ ਆਇਆ ਸੀ।
ਮੈਂ ਉਸ ਦਾ ਦੁੱਖ ਸਮਝਦੀ ਸੀ। ਉਸ ਦਾ ਇੱਕੋ-ਇੱਕ ਪੁੱਤ ਯੂਕਰੇਨ ਵਿਚ ਹੋਏ ਇੱਕ ਹਾਦਸੇ ਨੇ ਨਿਗਲ ਲਿਆ ਸੀ। ਬਾਰਵੀਂ ਜਮਾਤ ਕਰਨ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਪ੍ਰਾਈਵੇਟ ਕਾਲਜ ਵਿਚ ਦਾਖਲਾ ਮਿਲਿਆ ਸੀ। ਸਿਆਣਾ ਪੁੱਤ ਛੇਤੀ ਹੀ ਤਾੜ ਗਿਆ ਕਿ ਨਸ਼ੇ ਦੇ ਵਪਾਰੀ ਕਿਵੇਂ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਨਸ਼ੇ ਦੀ ਗ੍ਰਿਫ਼ਤ ਵਿਚ ਫਸਾ ਰਹੇ ਹਨ। ਉਸ ਨੇ ਘਰ ਆ ਕੇ ਸਭ ਕੁਝ ਦੱਸ ਦਿੱਤਾ ਅਤੇ ਕਾਲਜ ਜਾਣ ਤੋਂ ਇਨਕਾਰ ਕਰ ਦਿੱਤਾ। ਆਖਿ਼ਰ ਉਨ੍ਹਾਂ ਨੇ ਉਸ ਨੂੰ ਪੜ੍ਹਨ ਲਈ ਯੂਕਰੇਨ ਭੇਜ ਦਿੱਤਾ। ਪਹਿਲਾਂ ਬੀਟੈੱਕ ਅਤੇ ਫਿਰ ਐੱਮਟੈੱਕ ਕਰ ਕੇ ਉਸ ਨੂੰ ਉੱਥੇ ਹੀ ਵਧੀਆ ਨੌਕਰੀ ਮਿਲ ਗਈ।
ਇੱਥੇ ਮਾਂ ਬਾਪ ਉਸ ਦਾ ਵਿਆਹ ਕਰਨ ਦੇ ਸੁਪਨੇ ਦੇਖਣ ਲੱਗੇ। ਜਦੋਂ ਵੀ ਮੈਂ ਉਨ੍ਹਾਂ ਦੇ ਘਰ ਜਾਂਦੀ ਤਾਂ ਕਦੇ ਉਹ ਖੁਸ਼ੀ ਨਾਲ ਖੀਵੀ ਹੋਈ ਕਢਾਈ ਕੀਤੇ ਸੂਟ ਤੇ ਕਦੇ ਕੋਈ ਗਹਿਣਾ ਦਿਖਾਉਂਦੀ ਹੋਈ ਕਹਿੰਦੀ, “ਭੈਣ ਜੀ ਇਹ ਸਭ ਮੈਂ ਆਪਣੀ ਨੂੰਹ ਰਾਣੀ ਲਈ ਬਣਾਏ ਹਨ। ਸੱਚ ਦੱਸਿਓ, ਸੋਹਣੇ ਲੱਗਣਗੇ ਨਾ।” ਮੈਂ ਉਸ ਦੀ ਡੁੱਲ੍ਹ ਡੁੱਲ੍ਹ ਪੈਂਦੀ ਖ਼ੁਸ਼ੀ ਦੇਖ ਕੇ ਆਪ ਵੀ ਖ਼ੁਸ਼ ਹੋ ਜਾਂਦੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੇ ਦਿਲਾਂ ਦੇ ਵਿਹੜਿਆਂ ਦਾ ਚਾਨਣ ਯੂਕਰੇਨ ਵਿਚ ਹਾਦਸੇ ਦਾ ਸਿ਼ਕਾਰ ਹੋ ਗਿਆ। ਮਗਰ ਛੱਡ ਗਿਆ ਮਾਯੂਸੀਆਂ, ਝੋਰੇ ਅਤੇ ਸਦਾ ਰਿਸਦੇ ਰਹਿਣ ਵਾਲੇ ਜ਼ਖ਼ਮ। ਇਸ ਹਾਦਸੇ ਨੇ ਉਨ੍ਹਾਂ ਦੀ ਜਿ਼ੰਦਗੀ ਦੇ ਹਿੱਸੇ ਦੀ ਬਹਾਰ ਨੂੰ ਕਦੇ ਨਾ ਖ਼ਤਮ ਹੋਣ ਵਾਲੀ ਪਤਝੜ ਵਿਚ ਵਟਾ ਦਿੱਤਾ ਸੀ।
ਅਸੀਂ ਬੈਂਚ ਤੇ ਬੈਠ ਗਈਆਂ, ਉਨ੍ਹਾਂ ਬੱਚਿਆਂ ਬਾਰੇ ਗੱਲਾਂ ਕਰਨ ਲੱਗ ਪਈਆਂ ਜੋ ਘਰੋਂ ਚੰਗੇਰੇ ਭਵਿੱਖ ਦੀ ਆਸ ਲੈ ਕੇ ਯੂਕਰੇਨ ਪੜ੍ਹਨ ਗਏ ਸੀ ਅਤੇ ਜੰਗ ਲੱਗਣ ਕਰ ਕੇ ਉੱਥੇ ਮਾੜੇ ਹਾਲਾਤ ਨੇ ਘੇਰ ਲਏ ਸਨ। ਕਿੰਨੇ ਬੇਵਸ ਨੇ ਉਨ੍ਹਾਂ ਦੇ ਮਾਪੇ ਜੋ ਆਪਣੇ ਜਾਇਆਂ ਨੂੰ ਉੱਥੇ ਭੁੱਖੇ ਤਿਹਾਏ ਅਤੇ ਮੌਤ ਦੇ ਸਾਏ ਹੇਠ ਵਕਤ ਕੱਟਦਿਆਂ ਨੂੰ ਦੇਖਣ ਲਈ ਮਜਬੂਰ ਹਨ। ਬੰਕਰਾਂ ਵਿਚ ਸ਼ਰਨ ਲਈ ਬੈਠੇ ਬੱਚੇ ਤੱਕ ਕੇ ਉਨ੍ਹਾਂ ਦੇ ਦਿਲ ਦੁੱਖ ਨਾਲ ਛਲਣੀ ਹੋ ਰਹੇ ਹਨ ਪਰ ਚਾਹ ਕੇ ਵੀ ਨਾ ਤਾਂ ਉਨ੍ਹਾਂ ਦੀ ਉਥੋਂ ਨਿਕਲਣ ਵਿਚ ਕੋਈ ਮਦਦ ਕਰ ਸਕਦੇ ਹਨ, ਨਾ ਉਨ੍ਹਾਂ ਕੋਲ ਜਾ ਸਕਦੇ ਹਨ। ਬੱਸ ਅਰਜ਼ੋਈ ਹੀ ਕਰ ਸਕਦੇ ਹਨ।
“ਭੈਣੇ ਕਿਹੜੇ ਮਾਂ ਬਾਪ ਦਾ ਜੀਅ ਕਰਦਾ ਕਿ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ਾਂ ਵਿਚ ਰੁਲਣ ਲਈ ਘੱਲਣ। ਉਹ ਤਾਂ ਇਥੋਂ ਦੇ ਮਾੜੇ ਸਿਸਟਮ ਦੀ ਸਜ਼ਾ ਭੁਗਤ ਰਹੇ ਹਨ। ਕੋਈ ਨਸਿ਼ਆਂ ਤੋਂ ਡਰਦਾ, ਕੋਈ ਇਥੋਂ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੇਹਿਸਾਬੇ ਖਰਚੇ (ਖਾਸਕਰ ਮੈਡੀਕਲ ਕਾਲਜਾਂ) ਦੇ ਦੇਣ ਤੋਂ ਅਸਮਰੱਥ ਹੋਣ ਕਰ ਕੇ, ਉਹ ਬੱਚਿਆਂ ਨੂੰ ਬਾਹਰ ਪੜ੍ਹਨ ਭੇਜਣ ਲਈ ਮਜਬੂਰ ਹਨ। ਕੁਝ ਬੱਚੇ ਖ਼ੁਦ ਹੀ ਇੱਥੇ ਹੱਥਾਂ ਵਿਚ ਡਿਗਰੀਆਂ ਫੜੀ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਤੇ ਪੁਲੀਸ ਦੀਆਂ ਡਾਂਗਾਂ ਵਰਦੀਆਂ ਦੇਖ ਕੇ ਬਾਹਰਲੇ ਮੁਲਕਾਂ ਵਿਚ ਜਾ ਕੇ ਮਿਹਨਤ ਮਜ਼ਦੂਰੀ ਕਰਨ ਨੂੰ ਤਰਜੀਹ ਦਿੰਦੇ ਹੋਏ ਖ਼ੁਦ ਹੀ ਡਿਗਰੀਆਂ ਕਰਨ ਦੀ ਥਾਂ ਵਿਦੇਸ਼ਾਂ ਨੂੰ ਚਾਲੇ ਪਾ ਦਿੰਦੇ ਹਨ।”
ਜੇ ਇੱਥੇ ਹੀ ਸਸਤੀ ਅਤੇ ਮਿਆਰੀ ਸਿੱਖਿਆ ਦਾ ਪ੍ਰਬੰਧ ਹੋਵੇ ਤਾਂ ਕਿਉਂ ਕੋਈ ਆਪਣੇ ਲਾਡਲਿਆਂ ਨੂੰ ਲੱਖਾਂ ਮੀਲ ਦੂਰ ਜਿੱਥੇ ਕੋਈ ਜਾਣ ਨਾ ਪਛਾਣ ਭੇਜਣ ਲਈ ਮਜਬੂਰ ਹੋਵੇ।
“ਭੈਣ ਜੀ ਇਹ ਚੰਦਰੀ ਜੰਗ ਹੀ ਕਿਉਂ ਲੱਗਦੀ ਹੈ?” ਉਹ ਰੋਣਹਾਕੀ ਹੋਈ ਪਈ ਸੀ।
“ਧੜਵੈਲ ਮੁਲਕ ਦੂਜੇ ਮੁਲਕਾਂ ਦੇ ਸਾਧਨਾਂ ਉੱਤੇ ਕਬਜ਼ਾ ਕਰਨ ਲਈ ਅਤੇ ਮੰਡੀ ਤੇ ਆਪਣੀ ਚੌਧਰ ਕਾਇਮ ਰੱਖਣ ਲਈ ਜੰਗ ਵਿੱਢਦੇ ਹਨ।”
“ਭੈਣ ਜੀ ਯੂਕਰੇਨ ਕਿੱਡਾ ਸੋਹਣਾ ਮੁਲਕ ਹੈ। ਕਿੱਡੇ ਚੰਗੇ ਲੋਕ ਵੱਸਦੇ ਹਨ ਜਿਹੜੇ ਸਾਡੇ ਬੱਚਿਆਂ ਨੂੰ ਸਸਤੀ ਵਿਦਿਆ ਹੀ ਨਹੀਂ ਦਿੰਦੇ ਸਗੋਂ ਰਹਿਣ ਲਈ ਆਸਰਾ ਵੀ ਦਿੰਦੇ ਹਨ। ਇੱਕ ਸਾਡਾ ਮੁਲਕ ਹੈ ਜਿੱਥੇ ਜਾਤਾਂ, ਧਰਮਾਂ ਦੇ ਨਾਂ ਤੇ ਵਿੱਦਿਅਕ ਅਦਾਰਿਆਂ ਵਿਚ ਵੀ ਨਫ਼ਰਤ ਫੈਲਾਈ ਜਾਂਦੀ ਹੈ। ਜੰਗ ਉਸ ਦੇਸ਼ ਨੂੰ ਤਬਾਹ ਕਰ ਦੇਵੇਗਾ।”
“ਹਾਂ, ਬਹੁਤ ਕੁਝ ਜੰਗ ਨਾਲ ਤਬਾਹ ਹੋ ਜਾਵੇਗਾ, ਫਿਰ ਜੰਗ ਖਤਮ ਹੋਣ ਤੇ ਭੁੱਖਮਰੀ ਅਤੇ ਬਿਮਾਰੀਆਂ ਨਾਲ ਉਥੋਂ ਦੇ ਲੋਕਾਂ ਨੂੰ ਲੜਨਾ ਪਵੇਗਾ।” ਮੈਂ ਮਰੀ ਜਿਹੀ ਆਵਾਜ਼ ਵਿਚ ਆਖਿਆ।
ਕਿਸੇ ਮੁਲਕ ਨੂੰ ਰਹਿਣ ਯੋਗ ਬਣਾਉਣ ਲਈ ਸਦੀਆਂ ਲੱਗ ਜਾਂਦੀਆਂ। ਕਿੰਨੀਆਂ ਪੀੜ੍ਹੀਆਂ ਨੇ ਯੋਗਦਾਨ ਪਾਇਆ ਹੁੰਦਾ ਸਭ ਕੁਝ ਬਣਾਉਣ, ਸੰਵਾਰਨ ਅਤੇ ਉਸ ਨੂੰ ਖੂਬਸੂਰਤ ਬਣਾਉਣ ਲਈ। ਜੰਗ ਦਿਨਾਂ ਵਿਚ ਹੀ ਸਭ ਮਲੀਆਮੇਟ ਕਰ ਦਿੰਦਾ। ਫਿਰ ਸਦੀਆਂ ਲੱਗ ਜਾਣਗੀਆਂ ਉਸ ਨੂੰ ਮੁੜ ਖੜ੍ਹਾ ਕਰਨ ਲਈ।
“ਚਲੋ ਭੈਣ ਜੀ, ਚੱਲ ਕੇ ਟੀਵੀ ਤੇ ਦੇਖੀਏ ਸਾਡੇ ਬੱਚਿਆਂ ਦਾ ਕੁਝ ਬਣਿਆ ਜਾਂ ਨਹੀਂ, ਕਿ ਸਭ ਥੁੱਕੀਂ ਵੜੇ ਹੀ ਪਕਾਈ ਜਾਂਦੇ ਹਨ”, ਕਹਿੰਦੀ ਹੋਈ ਉਹ ਇੱਕਦਮ ਉੱਠ ਖੜ੍ਹੀ ਹੋਈ। ਮੈਂ ਉਸ ਦੀ ਮਾਨਸਿਕ ਅਵਸਥਾ ਨੂੰ ਸਮਝਦੀ ਹੋਈ ਉਠ ਕੇ ਉਸ ਦੇ ਮਗਰੇ ਤੁਰ ਪਈ।
ਸੰਪਰਕ: 76260-63598