ਹਰਭਗਵਾਨ ਭੀਖੀ
ਉਦੋਂ ਮੇਰੀ ਉਮਰ 11-12 ਸਾਲ ਸੀ ਤੇ ਅਸੀਂ ਬਰੇਟੇ ਰਹਿੰਦੇ ਸੀ। ਸਕੂਲੋਂ ਛੁੱਟੀਆਂ ਹੁੰਦੀਆਂ, ਅਸੀਂ ਆਪਣੇ ਜੱਦੀ ਪਿੰਡ ਭੀਖੀ ਆ ਜਾਂਦੇ। ਮੈਂ ਅਕਸਰ ਥਾਣਾ ਰੋਡ ’ਤੇ ਲਿਖੇ ਨਾਅਰੇ ਪੜ੍ਹਦਾ: ਆਈਪੀਐੱਫ ਨੂੰ ਵੋਟ, ਪੁਲੀਸ ਜਬਰ ਤੇ ਚੋਟ; ਇੰਡੀਅਨ ਪੀਪਲਜ਼ ਫਰੰਟ ਜ਼ਿੰਦਾਬਾਦ, ਨਕਸਲਬਾੜੀ ਜ਼ਿੰਦਾਬਾਦ। ਪਹਿਲੇ ਦੋਵੇਂ ਨਾਅਰੇ ਦਿਮਾਗ ਤੇ ਕੁਝ ਜ਼ੋਰ ਦੇਣ ਤੇ ਸਮਝ ਜਾਂਦਾ ਪਰ ਨਕਸਲਬਾੜੀ ਜ਼ਿੰਦਾਬਾਦ ਦਾ ਨਾਅਰਾ ਸਮਝ ਨਾ ਪੈਂਦਾ। ਬਚਪਨ ਵਿਚ ਦਾਦਾ ਜੀ ਕੋਲੋਂ ਸੁਣਿਆ ਸੀ ਕਿ ਸਮਾਓਂ ਵਾਲਾ ਹਾਕਮ ਡਾਕੂ ਐ। ਅਤਿਵਾਦ ਦੇ ਦੌਰ ਦੋਰਾਨ ਅਕਸਰ ਸੁਣਦਾ ਕਿ ਹਾਕਮ ਹੁਰੀਂ ਹੁਣ ਅਤਿਵਾਦੀ ਨੇ। ਫਿਰ ਸਮਾਂ ਪਾ ਕੇ ਅਤੇ ਕਾਮਰੇਡ ਸਮਾਓਂ ਨੂੰ ਮਿਲਣ ਤੋਂ ਬਾਅਦ ਸਾਫ ਹੋ ਗਿਆ ਕਿ ਉਹ ਡਾਕੂ ਜਾਂ ਅਤਿਵਾਦੀ ਨਹੀਂ ਸਗੋਂ ਕਿਰਤੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਇਨਕਲਾਬੀ ਯੋਧੇ ਹਨ।
ਕਾਮਰੇਡ ਹਾਕਮ ਸਿੰਘ ਸਮਾਓਂ (1 ਜਨਵਰੀ 1941-4 ਜੂਨ 1999) ਨਾਲ ਪਹਿਲੀ ਮੁਲਾਕਾਤ 4 ਅਪਰੈਲ 1994 ਨੂੰ ਮਾਨਸਾ ਤੋਂ ਦਿੱਲੀ ਜਾਂਦਿਆਂ ਟਰੇਨ ’ਚ ਹੋਈ। ਅਸੀਂ ਗੈਟ ਸਮਝੌਤੇ ਖਿਲਾਫ ਦਿੱਲੀ ਵਿਚ 5 ਅਪਰੈਲ ਨੂੰ ਹੋ ਰਹੀ ਰੈਲੀ ’ਚ ਹਿੱਸਾ ਲੈਣ ਜਾ ਰਹੇ ਸੀ। ਉਨ੍ਹਾਂ ਬਾਰੇ ਦਿਲ-ਓ-ਦਿਮਾਗ ਅੰਦਰ ਅਨੇਕਾਂ ਖਿਆਲ ਤੇ ਵਿਚਾਰ ਸਨ; ਰੋਅਬ-ਦਾਬ ਵਾਲਾ ਅਕਸ ਵੀ ਬਣਿਆ ਹੋਇਆ ਸੀ। ਉਸ ਦਿਨ ਮਿਲਿਆ ਤਾਂ ਸਭ ਭਰਮ ਟੁੱਟ ਗਏ। ਉਹ ਤਾਂ ਸਾਡੇ ਵਰਗਾ ਹੀ ਸੀ, ਆਮ ਜਿਹਾ। ਸ਼ਾਂਤ ਗੰਭੀਰ ਚਿਹਰਾ। … ਕਾਮਰੇਡ ਬਾਰੇ ਬਹਾਦਰੀ ਦੀਆਂ ਜਿੰਨੀਆਂ ਵੀ ਗੱਲਾਂ ਸੁਣੀਆਂ ਸਨ, ਉਨ੍ਹਾਂ ਦਾ ਸਬੂਤ 5 ਅਪਰੈਲ ਨੂੰ ਦਿੱਲੀ ਦੀਆਂ ਸੜਕਾਂ ਤੇ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਦਾ ਇਕੱਠ ਨਾਅਰੇ ਮਾਰਦਾ ਅੱਗੇ ਵਧ ਰਿਹਾ ਸੀ। ਇੱਕ ਜਗ੍ਹਾ ਪੁਲੀਸ ਨੇ ਇਕੱਠ ਨੂੰ ਜਬਰੀ ਰੋਕ ਲਿਆ। ਇੱਕ ਪਾਸੇ ਪ੍ਰਦਰਸ਼ਨਕਾਰੀ ਅਤੇ ਦੂਜੇ ਪਾਸੇ ਹਥਿਆਰਬੰਦ ਪੁਲਸ, ਤੇ ਵਿਚਕਾਰ ਮਜ਼ਬੂਤ ਬੈਰੀਕੇਡ। ਮੈਂ ਨਵਾਂ ਨਵਾਂ ਕਾਮਰੇਡਾਂ ਵਿਚ ਰਲਿਆ ਹੋਣ ਕਰਕੇ ਪੁਲੀਸ ਤੋਂ ਡਰ ਰਿਹਾ ਸੀ। ਅਚਾਨਕ ਦੇਖਿਆ ਕਿ ਬਿਰਧ ਸਰੀਰ ਵਾਲੇ ਕਾਮਰੇਡ ਸਮਾਓਂ ਬੈਰੀਕੇਡ ਤੇ ਚੜ੍ਹ ਕੇ ਭਾਸ਼ਣ ਕਰਨ ਲੱਗ ਪਏ ਹਨ। ਉਹ ਬ੍ਰਿਧ ਅਵਸਥਾ ਵਿਚ ਵੀ ਸਾਡੇ ਵਰਗੇ ਨੌਜਵਾਨਾਂ ਨੂੰ ਮਾਤ ਪਾ ਰਿਹਾ ਸੀ। ਮੈਂ ਹੋਰ ਵੀ ਪ੍ਰਭਾਵਿਤ ਹੋਇਆ।
ਅਜਿਹੇ ਪ੍ਰਭਾਵ ਵਾਲੀ ਇੱਕ ਹੋਰ ਉਦਾਹਰਨ ਹੈ। ਮੈਂ ਜਨਵਰੀ 1995 ਵਿਚ ਪਾਰਟੀ ਮੈਂਬਰ ਬਣ ਚੁੱਕਿਆ ਸੀ। ਅਸੀਂ ਕੁਲਰੀਆਂ ਰਹਿੰਦੇ ਸੀ ਜਿੱਥੇ ਪਹਿਲਾਂ ਯੁਵਕ ਨਿਰਮਾਣ ਕਲੱਬ ਰਾਹੀਂ ਕਾਮਰੇਡਾਂ ਦੇ ਡਰਾਮੇ ਕਰਵਾਉਣੇ ਸ਼ੁਰੂ ਕਰ ਦਿੱਤੇ; ਫਿਰ ਪਾਰਟੀ ਵਿਚ ਸਰਗਰਮ ਹੋਣ ਪਿੱਛੋਂ ਪਿੰਡ ਦੀਆਂ ਕੁਝ ਔਰਤਾਂ ਨੂੰ ਜਥੇਬੰਦ ਕਰਕੇ ਇਸਤਰੀ ਅਧਿਕਾਰ ਸਭਾ (ਏਪਵਾ) ਦੀ ਇਕਾਈ ਕਾਇਮ ਕਰ ਦਿੱਤੀ। ਨਾਲ ਹੀ ਮਹਿਲਾ ਕਾਨਫਰੰਸ ਦੀ ਤਰੀਕ ਤੈਅ ਕਰਵਾ ਦਿੱਤੀ ਪਰ ਇਸ ਸਿਆਸੀ ਸਰਗਰਮੀ ਦਾ ਦੂਜੀਆਂ ਸਾਅਸੀ ਪਾਰਟੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਘਰ ਆ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਆਪਣੀ ਮੁਸ਼ਕਿਲ ਇਨਕਲਾਬੀ ਕੇਂਦਰ ਨਾਲ ਜੁੜੇ ਸਾਥੀ ਪ੍ਰਿਤਪਾਲ ਸ਼ਰਮਾ ਨਾਲ ਸਾਂਝੀ ਕੀਤੀ ਤਾਂ ਉਸ ਨੇ ਮੈਨੂੰ ਕਿਹਾ ਕਿ ਸਾਰੀਆਂ ਮੁਸ਼ਕਿਲਾਂ ਦਾ ਹੱਲ ਚਾਹੁੰਦਾ ਏਂ ਤਾਂ ਸਮਾਓਂ ਵਾਲੇ ਹਾਕਮ ਨੂੰ ਬੁਲਾ ਲੈ। ਮੈਂ ਅਗਲੇ ਹੀ ਦਿਨ ਭੀਖੀ ਜਾ ਪੁੱਜਿਆ। ਕਾਨਫਰੰਸ ਵਿਚ ਆਉਣ ਬਾਰੇ ਕਿਹਾ ਕਿ ਬੀਬੀਆਂ ਦਾ ਪ੍ਰੋਗਰਾਮ ਹੈ, ਮਹਿਲਾ ਆਗੂ ਬੋਲਣਗੀਆਂ, ਮੈਂ ਉੱਥੇ ਕੀ ਕਰੂੰਗਾ? ਆਪਣਾ ਨੁਕਤਾ ਦੱਸਿਆ ਤਾਂ ਉਹ ਮੰਨ ਗਏ। ਉਹ ਆਏ ਤਾਂ ਮੈਂ ਗੁਜ਼ਾਰਿਸ਼ ਕੀਤੀ ਕਿ ਧਮਕਾਉਣ ਵਾਲਿਆਂ ਨੂੰ ਜ਼ਰਾ ਚਿਤਾਵਨੀ ਦੇ ਦੇਣਾ। ਆਪਣਾ ਭਾਸ਼ਣ ਉਨ੍ਹਾਂ ਪਿੰਡ ਦੇ ਪੱਛੜੇਪਣ ਤੇ ਪਿੰਡ ਅੰਦਰ ਮੌਜੂਦ ਮੜ੍ਹੀਆਂ ਸਮਾਧਾਂ ਤੋਂ ਸ਼ੁਰੂ ਕਰਕੇ ਮੌਜੂਦਾ ਸਿਆਸੀ ਹਾਲਾਤ, ਖਾਲਿਸਤਾਨੀ ਲਹਿਰ, ਸੀਪੀਆਈ, ਸੀਪੀਐੱਮ ਆਦਿ ਉੱਤੇ ਹੀ ਕੇਂਦਰਤ ਰੱਖਿਆ ਅਤੇ ਮੈਨੂੰ ਡਰਾਉਣ, ਧਮਕਾਉਣ ਵਾਲਿਆਂ ਵਿਰੁੱਧ ਕੁਝ ਵੀ ਨਾ ਕਿਹਾ।
ਖ਼ੈਰ! ਬਾਅਦ ਵਿਚ ਮਹਿਸੂਸ ਹੋਇਆ ਕਿ ਕਾਮਰੇਡ ਦਾ ਕਾਨਫਰੰਸ ਵਿਚ ਬੋਲਣਾ ਹੀ ਵਿਰੋਧੀਆਂ ਨੂੰ ਚਿਤਾਵਨੀ ਸੀ। ਅਸੀਂ ਉਸ ਪਿੰਡ ਵਿਚ ਚਾਰ ਪੰਜ ਸਾਲ ਰਹੇ, ਉਸ ਤੋਂ ਬਾਅਦ ਕਦੇ ਵੀ ਕਿਸੇ ਨੇ ਖੁੱਲ੍ਹੇਆਮ ਵਿਰੋਧ ਨਹੀਂ ਕੀਤਾ ਸਗੋਂ ਮੈਂ ਪਿੰਡ ਵਿਚ ਕਾਮਰੇਡ ਸਮਾਓਂ ਦੇ ਚੇਲੇ ਵਜੋਂ ਪਛਾਣਿਆ ਜਾਣ ਲੱਗ ਪਿਆ। ਇਹ ਸੀ ਕਾਮਰੇਡ ਦਾ ਪ੍ਰਭਾਵ!
ਸੰਪਰਕ: 98768-96122