ਪ੍ਰਿੰਸੀਪਲ ਵਿਜੈ ਕੁਮਾਰ
ਨਰਸਰੀ ਤੋਂ ਤੀਜੀ ਤੱਕ ਜਮਾਤਾਂ ਆਪਣੇ ਦਫ਼ਤਰ ਦੇ ਨਾਲ ਵਾਲੇ ਕਮਰਿਆਂ ਵਿਚ ਲੈ ਆਇਆ ਸਾਂ। ਉਨ੍ਹਾਂ ਦੀ ਪੜ੍ਹਾਈ ਬਾਰੇ ਮੇਰੀ ਤਸੱਲੀ ਨਹੀਂ ਸੀ ਅਤੇ ਉਨ੍ਹਾਂ ਵੱਲ ਉਚੇਚਾ ਧਿਆਨ ਦੇਣਾ ਚਾਹੁੰਦਾ ਸੀ। ਮੇਰੀ ਫਿ਼ਕਰ ਕਿਸੇ ਹੱਦ ਤੱਕ ਸਹੀ ਨਿਕਲੀ। ਕੁਝ ਦਿਨਾਂ ਤੋਂ ਮੇਰੇ ਕੰਨਾਂ ਵਿਚ ਭਾਰੀ ਜਿਹੀ ਆਵਾਜ਼ ਪੈ ਰਹੀ ਸੀ। ਇਹ ਆਵਾਜ਼ ਦੂਜੀ ਜਮਾਤ ਵਿਚ ਪੜ੍ਹਦੇ ਇਕ ਬੱਚੇ ਦੀ ਦਾਦੀ ਦੀ ਸੀ। ਬੱਚੇ ਦੀ ਦਾਦੀ ਜਮਾਤ ਨੂੰ ਪੜ੍ਹਾਉਣ ਵਾਲੀ ਇੱਕ ਅਧਿਆਪਕਾ ਨੂੰ ਕਹਿ ਰਹੀ ਸੀ, “ਮੈਡਮ ਜੀ, ਮੇਰੇ ਪੋਤੇ ਦੀ ਪੜ੍ਹਾਈ ਵੱਲ ਧਿਆਨ ਦਿਓ, ਪੜ੍ਹਾਈ ਵਿਚ ਬਹੁਤ ਕਮਜ਼ੋਰ ਐ।” ਮੈਡਮ ਇਹ ਕਹਿ ਕੇ ਆਪਣੇ ਫਰਜ਼ ਤੋਂ ਵਿਹਲੀ ਹੋ ਜਾਂਦੀ, “ਅਸੀਂ ਤਾਂ ਬੱਚੇ ਨੂੰ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਹਾਂ, ਤੁਹਾਡਾ ਬੱਚਾ ਹੀ ਪੜ੍ਹਾਈ ਵੱਲ ਗੌਰ ਨਹੀਂ ਕਰਦਾ। ਹਰ ਵੇਲੇ ਸ਼ਰਾਰਤਾਂ ਕਰਦਾ ਰਹਿੰਦਾ ਹੈ। ਜਦੋਂ ਤੱਕ ਤੁਸੀਂ ਇਸ ਨੂੰ ਖੁਦ ਘਰ ਨਹੀਂ ਪੜ੍ਹਾਉਂਦੇ, ਬੱਚਾ ਨਹੀਂ ਪੜ੍ਹ ਸਕੇਗਾ।”
“ਧੀਏ, ਜੇ ਅਸੀਂ ਐਨੇ ਜੋਗੇ ਹੁੰਦੇ ਤਾਂ ਤੁਹਾਡੇ ਅੱਗੇ ਅੱਝੇ ਕਾਹਦੇ ਲਈ ਹੋਣਾ ਸੀ।” ਬਜ਼ੁਰਗ ਔਰਤ ਦਾ ਗਲਾ ਭਰ ਆਇਆ ਸੀ। ਮੈਡਮ ਨੇ ਮਾਈ ਨੂੰ ਹੌਸਲਾ ਦੇਣ ਦੀ ਬਜਾਇ ਕਹਿ ਦਿੱਤਾ ਸੀ, “ਤੁਸੀਂ ਬੱਚੇ ਨੂੰ ਕਿਸੇ ਵੀ ਸਕੂਲ ਵਿਚ ਲੈ ਜਾਓ, ਇਹ ਨਹੀਂ ਪੜ੍ਹ ਸਕੇਗਾ।” ਮੈਡਮ ਦੇ ਸ਼ਬਦ ਸੁਣ ਕੇ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਗਈ। ਦਿਲ ਕਰੇ, ਮੈਡਮ ਨੂੰ ਹੁਣੇ ਦਫ਼ਤਰ ਬੁਲਾ ਕੇ ਪੁੱਛਾਂ ਕਿ ਬੱਚਾ ਪੜ੍ਹ ਕਿਉਂ ਨਹੀਂ ਸਕਦਾ ਪਰ ਕਾਹਲ ਨਾ ਕਰਨ ਦੀ ਸੋਚ ਕੇ ਮਨ ਬਦਲ ਲਿਆ।
ਸਵਾਲ ਅਸਲ ਵਿਚ ਉਸ ਬੱਚੇ ਦਾ ਨਹੀਂ ਸੀ, ਮੁਲਕ ਦੀ ਸਿੱਖਿਆ ਪ੍ਰਣਾਲੀ ਦਾ ਸੀ। ਬੱਚਿਆਂ ਦੇ ਭਾਰ ਨਾਲੋਂ ਜਿ਼ਆਦਾ ਬੋਝ ਤਾਂ ਬਸਤਿਆਂ ਦਾ ਹੈ, ਫਿਰ ਸਕੂਲ ਤੋਂ ਆ ਕੇ ਸਿੱਧਾ ਟਿਊਸ਼ਨ, ਟੈਸਟ ਅਤੇ ਸਕੂਲ ਦਾ ਕੰਮ; ਬੱਚੇ ਸਿੱਖਿਆ ਪ੍ਰਣਾਲੀ ਦੀਆਂ ਕਠਪੁਤਲੀਆਂ ਬਣ ਗਏ। ਉਨ੍ਹਾਂ ਕੋਲੋਂ ਹਾਸਾ ਅਤੇ ਖੇਡਣਾ ਖੋਹ ਲਿਆ ਗਿਆ ਹੈ। ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚਿਆਂ ਦੇ ਅੰਕ 100% ਤੋਂ ਘੱਟ ਆਉਣ।
ਦੂਜੇ ਦਿਨ ਸੇਵਾਦਾਰ ਨੂੰ ਕਹਿ ਕੇ ਉਸ ਬਜ਼ੁਰਗ ਔਰਤ ਨੂੰ ਆਪਣੇ ਦਫ਼ਤਰ ਬੁਲਾ ਲਿਆ, ਬੜੀ ਹਲੀਮੀ ਨਾਲ ਸਵਾਲ ਕੀਤਾ, “ਮਾਤਾ ਜੀ, ਤੁਹਾਡੇ ਬੱਚੇ ਦੀ ਸਮੱਸਿਆ ਕੀ ਹੈ?” ਉਹ ਥੋੜ੍ਹਾ ਸਮਾਂ ਤਾਂ ਚੁੱਪ ਰਹੀ, ਫਿਰ ਬੋਲੀ, “ਸਮੱਸਿਆ ਤਾਂ ਤੁਹਾਨੂੰ ਦੱਸ ਦਿਆਂ ਪਰ ਡਰ ਲੱਗਦਾ।”
“ਉਹ ਕਿਉ ਭਲਾਂ?” ਮੇਰੇ ਮਨ ਵਿਚ ਜੋ ਕੁਝ ਸੀ, ਉਸ ਮਾਈ ਨੇ ਵੀ ਉਹੀ ਕੁਝ ਬੋਲਿਆ, “ਜੇ ਮੈਡਮ ਨੂੰ ਪਤਾ ਲੱਗ ਗਿਆ, ਮੈਂ ਤੁਹਾਡੇ ਕੋਲ ਸਿ਼ਕਾਇਤ ਕੀਤੀ ਹੈ ਤਾਂ ਉਹ ਮੇਰੇ ਪੋਤੇ ਨਾਲ ਲੱਗਣ ਲੱਗ ਪਵੇਗੀ।” ਮੈਂ ਉਸ ਨੂੰ ਬੇਫਿ਼ਕਰ ਹੋ ਕੇ ਗੱਲ ਦੱਸਣ ਲਈ ਮਨਾ ਲਿਆ। ਉਸ ਅੰਦਰ ਵੀ ਸ਼ਾਇਦ ਹਿੰਮਤ ਆ ਗਈ। ਆਪਣੇ ਨਾਲ ਖੜ੍ਹੇ ਪੋਤੇ ਨੂੰ ਆਪਣੀ ਬਾਂਹ ਵਿਚ ਲੈ ਕੇ ਬੋਲੀ, “ਦਾਦਾ ਦਾਦੀ ਨੂੰ ਮੂਲ ਨਾਲੋਂ ਵਿਆਜ ਦਾ ਜਿ਼ਆਦਾ ਫਿ਼ਕਰ ਹੁੰਦਾ। ਮੇਰਾ ਇੱਕੋ ਪੁੱਤਰ ਐ, ਉਹ ਤਾਂ ਚੰਗੀ ਤਰ੍ਹਾਂ ਪੜ੍ਹਿਆ ਨਹੀਂ, ਟਰੈਕਟਰ ’ਤੇ ਡਰਾਇਵਰੀ ਕਰਦਾ ਹੈ। ਇਹ ਸੋਚ ਕੇ ਕਿ ਪੁੱਤ ਤਾਂ ਪੜ੍ਹਿਆ ਨਹੀਂ, ਪੋਤਾ ਹੀ ਪੜ੍ਹ ਜਾਵੇ, ਅਸੀਂ ਇਹਨੂੰ ਸਰਕਾਰੀ ਸਕੂਲ ਦੀ ਬਜਾਇ ਮਾਡਲ ਸਕੂਲ ਵਿਚ ਪੜ੍ਹਨੇ ਪਾਇਆ। ਅਸੀਂ ਤਾਂ ਤੁਹਾਡੇ ਸਕੂਲ ਦੀ ਫੀਸ ਵੀ ਢਿੱਡ ਘੁੱਟ ਕੇ ਹੀ ਦਿੰਦੇ ਆਂ। ਇਹਨੂੰ ਕੁਝ ਨਹੀਂ ਆਉਂਦਾ।… ਮੈਡਮ ਕਹਿੰਦੀ ਐ, ਇਹ ਪੜ੍ਹ ਨਹੀਂ ਸਕਦਾ, ਸ਼ਰਾਰਤਾਂ ਕਰਦਾ; ਜੇ ਇਹਨੂੰ ਪੜ੍ਹਾਉਣਾ ਹੈ ਤਾਂ ਘਰੇ ਵੀ ਪੜ੍ਹਾਇਆ ਕਰੋ।”…
ਮਾਈ ਦੇ ਜਾਣ ਤੋਂ ਬਾਅਦ ਮੈਂ ਅਧਿਆਪਕਾ ਨੂੰ ਬੁਲਾ ਲਿਆ। ਬੱਚੇ ਬਾਰੇ ਪੁੱਛਣ ’ਤੇ ਉਸ ਦਾ ਜਵਾਬ ਸੀ, “ਸਰ, ਇਹ ਬੱਚਾ ਨਹੀਂ ਪੜ੍ਹ ਸਕਦਾ।” ਮੈਂ ਪੁੱਛਿਆ, “ਕਿਉਂ?” ਅਧਿਆਪਕਾ ਦਾ ਕਹਿਣਾ ਸੀ, “ਇਹਨੂੰ ਘਰੇ ਕੋਈ ਵੀ ਨਹੀਂ ਪੜ੍ਹਾਉਂਦਾ।”
“ਮੈਡਮ, ਜੇ ਬੱਚੇ ਨੂੰ ਮਾਂ ਬਾਪ ਨੇ ਹੀ ਪੜ੍ਹਾਉਣਾ ਹੈ ਤਾਂ ਫਿਰ ਅਸੀਂ ਉਨ੍ਹਾਂ ਤੋਂ ਫੀਸ ਕਿਸ ਗੱਲ ਦੀ ਲੈਂਦੇ ਹਾਂ। ਉਨ੍ਹਾਂ ਨੇ ਸਰਕਾਰੀ ਸਕੂਲ ਛੱਡ ਕੇ ਆਪਣਾ ਬੱਚਾ ਇਸ ਸਕੂਲ ਵਿਚ ਕਿਉਂ ਦਾਖਲ ਕਰਵਾਇਆ?” ਮੈਡਮ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਥੋੜ੍ਹਾ ਚੁੱਪ ਰਹਿਣ ਤੋਂ ਬਾਅਦ ਬੋਲੀ, “ਸਰ, ਇਸ ਮਾਤਾ ਦਾ ਪੋਤਾ ਸ਼ਰਾਰਤੀ ਬਹੁਤ ਐ।”
“ਜਦੋਂ ਅਸੀਂ ਪੜ੍ਹਦੇ ਸੀ, ਸਾਨੂੰ ਘਰੇ ਕੌਣ ਪੜ੍ਹਾਉਂਦਾ ਸੀ? ਸਾਡੇ ਅਧਿਆਪਕਾਂ ਦੀ ਆਪਣੇ ਕਿੱਤੇ ਪ੍ਰਤੀ ਐਨੀ ਪ੍ਰਤੀਬੱਧਤਾ ਹੁੰਦੀ ਸੀ ਕਿ ਉਹ ਬੱਚਿਆਂ ਦੇ ਆਦਰਸ਼ ਹੁੰਦੇ ਸਨ। ਉਹ ਆਪਣੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣਾ ਫਰਜ਼ ਅਤੇ ਪੁੰਨ ਦਾ ਕੰਮ ਸਮਝਦੇ ਹਨ। ਟਿਊਸ਼ਨ ਨਾਂ ਦੀ ਕੋਈ
ਚੀਜ਼ ਹੀ ਨਹੀਂ ਸੀ।”
ਅਧਿਆਪਕਾ ਦਾ ਖਾਮੋਸ਼ ਚਿਹਰਾ ਕਹਿ ਰਿਹਾ ਸੀ ਕਿ ਉਸ ਨੂੰ ਬੱਚੇ ਨੂੰ ਪੜ੍ਹਾਉਣ ਲਈ ਜ਼ੋਰ ਲਗਾਉਣਾ ਚਾਹੀਦਾ ਹੈ। ਉਹ ਇਹ ਵਾਅਦਾ ਕਰਕੇ ਉੱਠੀ ਕਿ ਬੱਚੇ ਨੂੰ ਪੜ੍ਹਾਉਣ ਲਈ ਪੂਰਾ ਜ਼ੋਰ ਲਗਾਏਗੀ। ਇਸ ਤੋਂ ਬਾਅਦ ਮੈਂ ਬੱਚੇ ਨੂੰ ਬੁਲਾ ਲਿਆ। ਉਹ ਕਮਰੇ ਵਿਚ ਆਉਣ ਤੋਂ ਘਬਰਾ ਰਿਹਾ ਸੀ। ਮੈਂ ਉਸ ਨੂੰ ਬੜੇ ਪਿਆਰ ਨਾਲ ਅੰਗਰੇਜ਼ੀ ਤੇ ਹਿਸਾਬ ਬਾਰੇ ਇੱਕ ਦੋ ਪ੍ਰਸ਼ਨ ਪੁੱਛੇ। ਉਹ ਪਹਿਲਾਂ ਤਾਂ ਚੁੱਪ ਰਿਹਾ ਪਰ ਬਾਅਦ ਵਿਚ ਉਹਨੇ ਪ੍ਰਸ਼ਨਾਂ ਦੇ ਜਵਾਬ ਦੇ ਦਿੱਤੇ। ਮੈਂ ਬੱਚੇ ਨੂੰ ਦੋ ਟਾਫੀਆਂ ਦੇ ਕੇ ਉਸ ਦੀ ਪਿੱਠ ਥਾਪੜੀ।
ਮੈਨੂੰ ਆਪਣਾ ਮਿਸ਼ਨ ਸਫਲ ਹੁੰਦਾ ਨਜ਼ਰ ਆਇਆ। ਅਧਿਆਪਕਾ ਦੀ ਮਿਹਨਤ ਅਤੇ ਬੱਚੇ ਦੀ ਲਾਪਰਵਾਹੀ ਵਿਚਲਾ ਖਲਾਅ ਲੱਭਣ ਵਿਚ ਕਿਸੇ ਹੱਦ ਕਾਮਯਾਬੀ ਮਿਲ ਗਈ ਸੀ। ਇਹ ਖਲਾਅ ਨਾ ਭਰਨ ਕਾਰਨ ਬੱਚੇ ਅਕਸਰ ਪੜ੍ਹਾਈ ਛੱਡ ਜਾਂਦੇ ਹਨ। ਅਧਿਆਪਕਾ ਖੁਸ਼ ਸੀ ਕਿ ਬੱਚੇ ਨੇ ਮੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਮੈਨੂੰ ਯਕੀਨ ਦਿਵਾ ਦਿੱਤਾ ਸੀ ਕਿ ਉਹ ਬੱਚਿਆਂ ਨੂੰ ਮਿਹਨਤ ਕਰਵਾਉਂਦੀ ਹੈ। ਹੁਣ ਵਾਰੀ ਅਧਿਆਪਕਾ ਦੀ ਹੌਸਲਾ ਅਫ਼ਜ਼ਾਈ ਦੀ ਸੀ। “ਮੈਡਮ, ਤੁਸੀਂ ਵੀ ਮਿਹਨਤੀ ਹੋ ਤੇ ਬੱਚਾ ਵੀ ਨਲਾਇਕ ਨਹੀਂ; ਬੱਸ ਬੱਚੇ ਵੱਲ ਬਣਦਾ ਧਿਆਨ ਦੇਣ ਦੀ ਲੋੜ ਹੈ।”
ਕੁਝ ਦਿਨਾਂ ਬਾਅਦ ਉਹ ਮਾਈ ਮੇਰੇ ਦਫਤਰ ਹਵਾ ਦਾ ਠੰਢਾ ਬੁੱਲਾ ਲੈ ਕੇ ਆਈ, “ਜੀ ਮੇਰਾ ਪੋਤਾ ਪੜ੍ਹਨ ਲੱਗ ਪਿਐ। ਜਦ ਤੱਕ ਸਕੂਲ ਦਾ ਕੰਮ ਨਹੀਂ ਕਰ ਲੈਂਦਾ, ਖੇਡਣ ਵੀ ਨਹੀਂ ਜਾਂਦਾ।”
ਸੰਪਰਕ: 98726-27136