ਡਾ. ਅਨੁਪਮਦੀਪ ਆਜ਼ਾਦ
ਡਾ. ਅਮਰ ਸਿੰਘ ਆਜ਼ਾਦ ਨੂੰ ਯਾਦ ਕਰਦਿਆਂ
ਚੰਨ ਨਾਲ ਮੇਰਾ ਲਗਾਓ ਕੁਝ ਜ਼ਿਆਦਾ ਹੀ ਹੈ। ਠੀਕ ਹੀ ਤਾਂ ਹੈ; ਸੂਰਜ ਰੋਸ਼ਨੀ ਤੇ ਊਰਜਾ ਦਾ ਸਰੋਤ ਹੈ ਪਰ ਚੰਨ ਦੀ ਠੰਢਕ, ਸੀਤਲਤਾ, ਠਹਿਰਾਓ ਅਤੇ ਪਿਆਰ ਦਾ ਕੋਈ ਮੁਕਾਬਲਾ ਨਹੀਂ!
3 ਜੁਲਾਈ 2023, 7 ਵਜੇ: ਆਹ ਲਾਹ ਮੇਰੇ ਮੂੰਹ ਤੋਂ। ਪਾਪਾ ਨੇ ਮਸਾਂ ਸੁਣਦੀ ਆਵਾਜ਼ ਵਿਚ ਬੋਲਿਆ। “ਪਾਪਾ ਆਕਸੀਜਨ ਕਿਵੇਂ ਆਊਗੀ।” ਮੈਂ ਕਿਹਾ ਸੀ ਪਰ ਉਨ੍ਹਾਂ ਫਿਰ ਸਿਰ ਮਾਰਿਆ। ਮੈਂ ਨਰਸ ਤੋਂ ਚੋਰੀ ਜਿਹੀ ਉਨ੍ਹਾਂ ਦਾ ਮਾਸਕ ਉਪਰ ਕਰ ਦਿੱਤਾ। ਮਾਸਕ ਤੋਂ ਉਨ੍ਹਾਂ ਨੂੰ ਸਿਰੇ ਦੀ ਨਫਰਤ ਸੀ। ਕੋਵਿਡ ਮਹਾਮਾਰੀ ਦੌਰਾਨ ਮਾਸਕ ਖਿਲਾਫ ਨਿਡਰ ਹੋ ਕੇ ਬੋਲਣ ਵਾਲਾ ਇਨਸਾਨ ਜਿਸ ਨੇ ਆਪਣੀ ਕਲੀਨਿਕ ਵਿਚ ਸ਼ਰੇਆਮ ਮਾਸਕ ਦੇ ਨੁਕਸਾਨ ਦੱਸ ਕੇ ਮਾਸਕ ਸਾੜੇ ਸਨ, ਲੋੜ ਦੀ ਇਸ ਘੜੀ ਵੀ ਆਪਣੇ ਮੂੰਹ ’ਤੇ ਮਾਸਕ ਨਾ ਲੈ ਸਕਿਆ।
ਨਵੰਬਰ 2022: ਕਿੰਨਾ ਕੁ ਟਾਈਮ ਹੈ? ਮੈਂ ਕੈਂਸਰ ਸਪੈਸ਼ਲਿਸਟ ਨੂੰ ਪੁੱਛਿਆ। ਦੋ ਮਹੀਨੇ, ਜੇ ਕੀਮੋ ਨਹੀਂ ਕਰਵਾਉਂਦੇ। ਨਹੀਂ ਤਾਂ 6 ਮਹੀਨੇ, ਜ਼ਿਆਦਾ ਤੋਂ ਜ਼ਿਆਦਾ।
ਇਹ ਕਿਵੇਂ ਦੀ ਬਿਮਾਰੀ? ਇੰਨੀ ਤੇਜ਼ੀ ਨਾਲ ਫੈਲ ਗਈ? ਮੇਰਾ ਸਿਰ ਘੁੰਮ ਗਿਆ। ਕਿਵੇਂ, ਕਿਉਂ ਤੇ ਕਿਥੋਂ? ਦਿਮਾਗ ਵਿਚ ਘੁੰਮਣ ਘੇਰੀਆਂ ਸ਼ੁਰੂ ਹੋ ਗਈਆਂ। ਜਿਸ ਇਨਸਾਨ ਨੂੰ ਕਦੇ ਨਾ ਕੋਈ ਸ਼ੂਗਰ, ਨਾ ਕੋਈ ਬਲੱਡ ਪ੍ਰੈਸ਼ਰ; ਕੁਝ ਵੀ ਨਹੀਂ, ਪੰਜ ਵਜੇ ਉੱਠ ਕੇ ਯੋਗ ਤੇ ਕਸਰਤ ਕਰਨ ਵਾਲਾ ਇਨਸਾਨ! ਇਕੋ ਸਮੇਂ ਅਨੇਕਾਂ ਸੁਆਲਾਂ ਨੇ ਘੇਰ ਲਿਆ। “ਮੈਂ ਕੋਈ ਕੀਮੋ ਨਹੀਂ ਕਰਵਾਉਣੀ, ਤੇ ਜੇ ਤੁਸੀਂ ਕਿਸੇ ਨੇ ਜ਼ੋਰ-ਜ਼ਬਰਦਸਤੀ ਕੀਤੀ ਤਾਂ ਮੈਂ ਗੱਲ ਨਹੀਂ ਕਰਨੀ। ਇਹ ਸਾਰਾ ਕੈਮੀਕਲਜ਼ ਤੇ ਰੇਡੀਏਸ਼ਨ ਦਾ ਕੀਤਾ ਧਰਿਆ।” ਪਾਪਾ ਦੀ ਆਵਾਜ਼ ਵਿਚ ਗੁੱਸਾ ਤੇ ਲਾਚਾਰੀ ਸੀ। “ਜਿੰਨੀ ਵੀ ਜ਼ਿੰਦਗੀ ਬਚੀ ਹੈ, ਉਹ ਮੈਂ ਆਪਣੇ ਤਰੀਕੇ ਨਾਲ ਜੀਆਂਗਾ। ਮੈਂ ਆਪਣੇ ਸਰੀਰ ਵਿਚ ਕੋਈ ਕੈਮੀਕਲਜ਼ ਨਹੀਂ ਪਾਉਣੇ।”… ਤੇ ਉਨ੍ਹਾਂ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਵਾਸਤੇ ਜ਼ੋਰਾਂ ਸ਼ੋਰਾਂ ਨਾਲ ਖੋਜਬੀਨ ਸ਼ੁਰੂ ਕੀਤੀ। ਪੜ੍ਹਨ ਅਤੇ ਨਵੀਆਂ ਚੀਜ਼ਾਂ ਬਾਰੇ ਜਾਣਨ ਦਾ ਸ਼ੌਂਕ ਤਾਂ ਉਨ੍ਹਾਂ ਨੂੰ ਮੁੱਢ ਤੋਂ ਹੀ ਸੀ। ਸ਼ੌਂਕ ਨਾ ਕਹਿ ਕੇ ਜਨੂਨ ਕਿਹਾ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ। ਕੀ ਆਯੁਰਵੈਦ, ਆਕਿਊਪੰਕਚਰ, ਐਕਿਊਪ੍ਰੈਸ਼ਰ, ਯੋਗ, ਮੈਡੀਟੇਸ਼ਨ- ਉਨ੍ਹਾਂ ਨੂੰ ਕੀ ਨਹੀਂ ਸੀ ਪਤਾ!
ਆਖ਼ਰ ਘਰ ਵਿਚ ਤਰ੍ਹਾਂ ਤਰ੍ਹਾਂ ਦੇ ਟੋਟਕੇ ਸ਼ੁਰੂ ਹੋ ਗਏ। ਭਾਂਤ ਭਾਂਤ ਦੇ ਪੱਤੇ, ਫਲ ਜੂਸ, ਸਾਊਂਡ ਥੈਰੇਪੀ ਤੇ ਹੋਰ ਕਈ ਕੁਝ। ਨਾਲ ਨਾਲ ਉਨ੍ਹਾਂ ਆਡੀਓ ਸੀਰੀਜ਼ ਬਣਾਉਣੀ ਸ਼ੁਰੂ ਕਰ ਦਿਤੀ। ਉਹ ਹਮੇਸ਼ਾ ਕਰਮ ਕਰਨ ਵਿਚ ਵਿਸ਼ਵਾਸ ਰੱਖਦੇ ਸਨ। ਬਚਪਨ ਤੋਂ ਦੇਖਦੀ ਆਈ ਸੀ, ਲੋਕਾਂ ਦਾ ਭਲਾ ਕਰਨ ਦੀ ਧੁਨ ਸਵਾਰ ਰਹਿੰਦੀ ਸੀ, ਜਿਵੇਂ ਲਿਵ ਲੱਗੀ ਹੋਵੇ। ਮੈਂ ਉਨ੍ਹਾਂ ਨੂੰ ਕਦੇ ਆਰਾਮ ਕਰਦੇ ਨਹੀਂ ਸੀ ਦੇਖਿਆ। ਜਦੋਂ ਉਨ੍ਹਾਂ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਿਆ ਸੀ ਤਾਂ ਕਿਹਾ ਸੀ ਕਿ ਮਰਨ ਦਾ ਮੈਨੂੰ ਕੋਈ ਡਰ ਨਹੀਂ, ਬੱਸ ਰੱਬ ਇਕ ਸਾਲ ਹੋਰ ਦੇ ਦੇਵੇ, ਮੈਂ ਸਮਾਜ ਲਈ ਅਜੇ ਬਹੁਤ ਕੰਮ ਕਰਨੇ ਹਨ।” ਹਮੇਸ਼ਾ ਵਾਂਗ ਲੋਕ ਭਲਾਈ ਹੀ ਉਨ੍ਹਾਂ ਦੇ ਦਿਮਾਗ ਵਿਚ ਚੱਲ ਰਹੀ ਸੀ।
3 ਜੁਲਾਈ ਸਵੇਰੇ 9 ਵਜੇ: “ਪਾਪਾ ਓ ਪਾਪਾ!” ਜੇ ਕਦੇ ਉਨ੍ਹਾਂ ਦਾ ਧਿਆਨ ਮੇਰੇ ਵੱਲ ਨਾ ਹੋ ਕੇ ਕਿਤੇ ਹੋਰ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਇੰਝ ਹੀ ਬੁਲਾਉਂਦੀ ਹੁੰਦੀ ਸੀ। ਉਨ੍ਹਾਂ ਸਿਰ ਹਿਲਾਇਆ। ਆਵਾਜ਼ ਨਹੀਂ ਸੀ ਨਿਕਲ ਰਹੀ। “ਠੀਕ ਓ?” ਉਨ੍ਹਾਂ ਵੱਡੇ ਸਾਰੇ ਮਾਸਕ ਵਿਚੋਂ ਸਿਰ ਹਿਲਾ ਕੇ ‘ਹਾਂ’ ਕਿਹਾ। ਸ਼ਾਇਦ ਬਹੁਤ ਦਰਦ ਝੱਲਣਾ ਪੈ ਰਿਹਾ ਸੀ। “ਆਈ ਲਵ ਯੂ ਪਾਪਾ!” ਜਵਾਬ ਵਿਚ ਉਨ੍ਹਾਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲਿਆ ਨਾ ਗਿਆ। ਫਿਰ ਅਤਿ ਧੀਮੀ ਆਵਾਜ਼ ਉਨ੍ਹਾਂ ਦੇ ਮੂੰਹੋਂ ਨਿਕਲੀ। ਉਨ੍ਹਾਂ ਨੂੰ ਕਿਵੇਂ ਪਲੋਸਾਂ, ਕੀ ਕਰਾਂ, ਕੀ ਕਹਾਂ ਕਿ ਉਨ੍ਹਾਂ ਦੀ ਤਕਲੀਫ ਘਟੇ! “ਥੈਂਕ ਯੂ ਪਾਪਾ।” ਮੈਂ ਉਨ੍ਹਾਂ ਦੇ ਸਿਰ ’ਤੇ ਹੱਥ ਫੇਰਨ ਲੱਗ ਪਈ। “ਤੁਸੀਂ ਬਹੁਤ ਕੁੱਝ ਦਿੱਤਾ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ , ਸਮਾਜ ਨੂੰ। ਦੇਣਦਾਰ ਹਾਂ ਅਸੀਂ ਤੁਹਾਡੇ। ਤੁਸੀਂ ਸਫਲ ਤੇ ਬੇਦਾਗ਼ ਜ਼ਿੰਦਗੀ ਜੀਵੀ ਹੈ।”… ਤੇ ਹੋਰ ਪਤਾ ਨਹੀਂ ਕੀ, ਮੈਂ ਉਨ੍ਹਾਂ ਦੇ ਕੰਨਾਂ ਵਿਚ ਬੋਲੀ ਗਈ, “ਪਾਪਾ ਓ ਪਾਪਾ!… ਥੋਨੂੰ ਯਾਦ ਹੈ ਜਦੋਂ ਮੈਂ ਪੈਦਾ ਹੋਈ ਸੀ ਤਾਂ ਤੁਸੀਂ ਲੱਡੂ ਵੰਡੇ ਸਨ।” ਉਨ੍ਹਾਂ ਫਿਰ ‘ਹਾਂ’ ਵਿਚ ਸਿਰ ਹਿਲਾਇਆ। “ਲੋਕਾਂ ਨੇ ਕਿਹਾ ਸੀ- ਅਮਰ ਸਿੰਘ ਤਾਂ ਕਮਲਾ ਹੈ, ਕੁੜੀ ਦੇ ਜੰਮਣ ’ਤੇ ਲੱਡੂ ਵੰਡੀ ਜਾਂਦਾ।” ਕਮਲਾ ਤਾਂ ਉਨ੍ਹਾਂ ਨੂੰ ਬਹੁਤ ਵਾਰ ਕਿਹਾ ਗਿਆ ਸੀ! ਅਜਿਹਾ ਇਨਸਾਨ ਜਿਹੜਾ ਸਮਕਾਲੀਆਂ ਤੋਂ ਅਗਾਂਹ ਵਧ ਕੇ ਸੋਚਦਾ ਹੈ, ਗ਼ਲਤ ਨੂੰ ਗ਼ਲਤ ਕਹਿੰਦਾ ਹੈ, ਕਮਲਾ ਹੀ ਕਹਾਉਂਦਾ ਹੈ।
ਪਾਕਿਸਤਾਨ ਤੋਂ ਉੱਜੜ ਕੇ ਆਏ ਸਾਧਾਰਨ ਪਰਿਵਾਰ ਦਾ ਮੁੰਡਾ ਜਿਸ ਨੂੰ ਉਸ ਦੇ ਪਿਓ ਨੇ ਕਰਿਆਨੇ ਦੀ ਦੁਕਾਨ ’ਤੇ ਬਿਠਾ ਦਿੱਤਾ ਸੀ। ਅਸੀਮ ਇੱਛਾ ਸ਼ਕਤੀ ਤੇ ਮਿਹਨਤ ਸਦਕਾ ਡਬਲ ਐੱਮਡੀ ਕਰ ਕੇ ਡਾਕਟਰ ਬਣ ਗਿਆ। ਐਲੋਪੈਥੀ ਦੀਆਂ ਕਮੀਆਂ ਜਾਣਨ ਤੋਂ ਬਾਅਦ ਹਰ ਤਰ੍ਹਾਂ ਦੀ ਇਲਾਜ ਪ੍ਰਣਾਲੀ ਬਾਰੇ ਜਾਣਿਆ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਦਾ ਤਰੀਕਾ ਤੇ ਬਿਮਾਰ ਕਿਵੇਂ ਨਾ ਹੋਈਏ, ਬਾਰੇ ਦੱਸਿਆ।
ਪੂਰੇ ਦੋ ਦਿਨ ਹੋ ਗਏ ਸਨ ਬਿਨਾ ਕੁੱਝ ਖਾਧੇ ਪੀਤੇ। ਮੈਂ ਪਾਪਾ ਨੂੰ ਕੁਝ ਖਾਣ ਲਈ ਪੁੱਛਿਆ। ਉਨ੍ਹਾਂ ਨਾਂਹ ਵਿਚ ਸਿਰ ਹਿਲਾਇਆ। ਮੈਂ ਪਾਪਾ ਦਾ ਹੱਥ ਫੜਿਆ, ਬਰਫ ਵਰਗਾ ਠੰਢਾ ਸੀ। “ਪਾਪਾ, ਉਨ੍ਹਾਂ ਨੇ ਰਾਯਲਸ ਟਿਊਬ ਪਾ ਦੇਣੀ, ਤੁਸੀਂ ਕੁਛ ਖਾ ਪੀ ਨਹੀਂ ਰਹੇ।… ਰਾਯਲਸ ਟਿਊਬ ਪਵਾਉਣੀ ਹੈ?”
ਉਨ੍ਹਾਂ ਫਿਰ ਨਾਂਹ ਕੀਤੀ। ਵੈਂਟੀਲੇਟਰ ’ਤੇ ਪਾਉਣ ਤੋਂ ਪਹਿਲਾਂ ਹੀ ਮਨ੍ਹਾ ਕੀਤਾ ਹੋਇਆ ਸੀ। 3 ਜੁਲਾਈ, ਰਾਤ ਦੇ 10 ਵੱਜ ਚੁੱਕੇ ਸਨ। ਪਾਪਾ ਬੱਸ ਇਕ ਪਾਸੇ ਹੀ ਦੇਖੀ ਜਾ ਰਹੇ ਸਨ। ਮੈਂ ਉਨ੍ਹਾਂ ਦੇ ਮੱਥੇ ’ਤੇ ਹੱਥ ਰੱਖਿਆ। ਸਾਹ ਧੌਂਕਣੀ ਵਾਂਗ ਚੱਲ ਰਹੇ ਸਨ। ਲੱਤਾਂ ਬਾਹਾਂ ਬਿਲਕੁਲ ਠੰਢੀਆਂ ਪਰ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ।… ਡਾਕਟਰ ਹੋਣ ਦਾ ਨੁਕਸਾਨ ਵੀ ਹੁੰਦਾ ਹੈ। ਮੈਨੂੰ ਪਤਾ ਲੱਗ ਰਿਹਾ ਸੀ ਕਿ ਹੁਣ ਪਾਪਾ ਬਹੁਤੀ ਦੇਰ ਸਾਡੇ ਨਾਲ ਨਹੀਂ ਰਹਿਣਗੇ। ਸਾਹਾਂ ਦੀ ਇਹ ਚਾਲ ਹੁਣ ਕਦੇ ਵੀ ਬੰਦ ਹੋ ਸਕਦੀ ਸੀ।
2 ਦਿਨ ਪਹਿਲਾਂ: “ਉਰੇ ਆ ਗੱਲ ਸੁਣ।” ਪਾਪਾ ਨੇ ਮੈਨੂੰ ਬੁਲਾਇਆ, “ਸੈਂਟਰ ਕਿਵੇਂ ਚਲਾਉਣਾ ਹੈ, ਉਸ ਬਾਰੇ ਦੱਸਣਾ ਸੀ ਤੈਨੂੰ।” ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਣ, ਮੈਂ ਆਪਣਾ ਗਿਆਨ ਸੁਣਾਉਣਾ ਸ਼ੁਰੂ ਕਰ ਦਿੱਤਾ। “ਓ ਰੁਕ ਜਾ, ਸੁਣ ਲੈ ਮੈਨੂੰ, ਜਦ ਤੱਕ ਮੈਂ ਬੋਲਣ ਜੋਗਾ ਹੈਗਾਂ।” ਮੈਂ ਇਕਦਮ ਚੁੱਪ ਕਰ ਗਈ, ਮੈਂ ਤਾਂ ਭੁੱਲ ਹੀ ਗਈ ਸੀ…
ਉਨ੍ਹਾਂ ਜ਼ੋਰ ਲਗਾ ਕੇ ਮੈਨੂੰ ਦੱਸਣਾ ਸ਼ੁਰੂ ਕੀਤਾ ਤੇ ਮੈਂ ਕੰਨ ਨੇੜੇ ਕਰ ਕੇ ਸੁਣੀ ਗਈ। ਉਹ ਇਸ ਬਾਰੇ ਫਿ਼ਕਰਮੰਦ ਸਨ ਕਿ ਜਿਹੜਾ ਕੰਮ ਉਨ੍ਹਾਂ ਨੇ ਸ਼ੁਰੂ ਕੀਤਾ ਹੈ, ਉਹ ਸਿਰੇ ਲੱਗੇਗਾ ਕਿ ਨਹੀੰ। ਉਨ੍ਹਾਂ ਦਾ ਹੱਥ ਫੜ ਕੇ ਮੈਂ ਵਾਅਦਾ ਕੀਤਾ ਕਿ ਉਨ੍ਹਾਂ ਦੇ ਦਿਖਾਏ ਹੋਏ ਰਸਤੇ ’ਤੇ ਚੱਲਾਂਗੀ ਤੇ ਉਨ੍ਹਾਂ ਦਾ ਸ਼ੁਰੂ ਕੀਤਾ ਹੋਇਆ ਕਾਰਜ ਯਕੀਨਨ ਪੂਰਾ ਹੋਵੇਗਾ।
ਨਰਸ ਨੇ ਮੈਨੂੰ ਇੰਨੀ ਦੇਰ ਖੜ੍ਹਿਆਂ ਦੇਖ ਕੇ ਪਾਪਾ ਦੇ ਬੈੱਡ ਕੋਲ ਕੁਰਸੀ ਰੱਖ ਦਿਤੀ। ਮੈਂ ਉਨ੍ਹਾਂ ਦੇ ਹੋਰ ਵੀ ਨਜ਼ਦੀਕ ਹੋ ਕੇ ਬੈਠ ਗਈ ਪਰ ਉਹ ਹੁਣ ਸਾਥੋਂ ਦੂਰ ਜਾ ਰਹੇ ਸਨ। ਰਾਤ 12 ਕੁ ਵਜੇ ਉਨ੍ਹਾਂ ਦਾ ਹੱਥ ਫੜਿਆਂ ਹੀ ਸ਼ਾਇਦ ਮੇਰੀ ਅੱਖ ਲੱਗ ਗਈ ਸੀ। ਇਕਦਮ ਮੈਨੂੰ ਬਹੁਤ ਤੇਜ਼ ਘਬਰਾਹਟ ਹੋਈ, ਦਿਲ ਡੁੱਬਣ ਲੱਗ ਪਿਆ। ਜੀਅ ਕੀਤਾ, ਬਾਹਰ ਖੁੱਲ੍ਹੀ ਹਵਾ ’ਚ ਜਾਵਾਂ।
4 ਜੁਲਾਈ ਇਕ ਵਜੇ ਸਵਰੇ: ਮੇਰਾ ਫੋਨ ਵੱਜਿਆ। ਭਾਣਾ ਵਰਤ ਚੁੱਕਿਆ ਸੀ।
ਸਕਰੀਨ ਉੱਪਰ ਟੇਢੀਆਂ ਮੇਢੀਆਂ ਚੱਲਦੀਆਂ ਲਾਈਨਾਂ ਹੁਣ ਸਿੱਧੀਆਂ ਸਨ। ਪਾਪਾ ਦੀਆਂ ਅੱਖਾਂ ਬੰਦ, ਚਿਹਰਾ ਸ਼ਾਂਤ। ਨਰਸ ਨੇ ਮੇਰੇ ਵੱਲ ਦੇਖਿਆ, “ਤੁਸੀਂ ਇਨ੍ਹਾਂ ਨੂੰ ਹੁਣੇ ਲੈ ਕੇ ਜਾਉਗੇ?” ਮੈਂ ‘ਹਾਂ’ ਵਿਚ ਸਿਰ ਹਿਲਾਇਆ। “ਇਨ੍ਹਾਂ ਦੇ ਕੱਪੜੇ ਲੈ ਆਓ।” ਉਸ ਕਿਹਾ। ਮੈਂ ਹੌਲੀ ਹੌਲੀ ਤੁਰਨ ਲੱਗੀ। ਗੇਟ ਤੱਕ ਪਹੁੰਚਦਿਆਂ ਪਿੱਛੋਂ ਨਰਸ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ, “ਆਹ ਗੁਰਸੇਵਕ ਨੂੰ ਭੇਜਿਓ, ਬੌਡੀ ਦੇ ਕੱਪੜੇ ਬਦਲਣੇ ਨੇ।” ਇਕ ਮਿੰਟ ਪਹਿਲਾਂ ਉਹ ਬੌਡੀ ਪਾਪਾ ਸੀ।
ਬਾਹਰ ਨਿਕਲੀ ਤਾਂ ਉੱਪਰ ਚੰਨ ਨਜ਼ਰ ਆਇਆ। ਗੁਰੂ ਪੂਰਨਿਮਾ ਦਾ ਚੰਨ।… ਦਿਮਾਗ ਸੁੰਨ ਸੀ। ਖੜ੍ਹੀ ਉਸ ਚੰਨ ਵੱਲ ਦੇਖੀ ਗਈ। ਸਮਾਜ ਵਿਚ ਸਹਿਜ, ਸੁਹਜ ਤੇ ਸੁਹਿਰਦਤਾ ਦੇ ਨਾਲ ਨਾਲ ਦ੍ਰਿੜ ਇਰਾਦੇ ਅਤੇ ਆਤਮ-ਵਿਸ਼ਵਾਸ ਦੇ ਚਾਨਣ ਦਾ ਛਿੱਟਾ ਦਿੰਦੇ ਹੋਏ, ਪਾਪਾ ਚੰਨ ਬਣ ਗਏ।
ਸੰਪਰਕ: 98889-48908