ਹਰਪ੍ਰੀਤ ਕੌਰ ਘੜੂੰਆਂ
ਅੱਜ ਵੀ ਉਹ ਖੇਤ ਮੈਨੂੰ ਉਦਾਸ ਨਜ਼ਰਾਂ ਨਾਲ ਦੇਖਦੇ ਰਹੇ, ਲੱਗਦਾ ਜਿਵੇਂ ਕਹਿ ਰਹੇ ਹੋਣ- ਕਿੱਥੇ ਗਏ ਉਹ ਲੋਕ ਜੋ ਆਪਣੀ ਕਲਾ ਦੇ ਜੌਹਰ ਦਿਖਾਉਣ ਅਤੇ ਦੇਖਣ ਲਈ ਉਤਾਵਲੇ ਹੁੰਦੇ ਸਨ? ਇਹ ਸੁਣ ਕੇ ਇੱਕ ਵਾਰ ਤਾਂ ਮਨ ਘੜੇ ਦੇ ਪਾਣੀ ਵਾਂਗੂ ਡੋਲਿਆ ਪਰ ਕੁਝ ਕੁ ਪਲਾਂ ਵਿਚ ਮਨ ਨੂੰ ਸਮਝਾਇਆ ਅਤੇ ਇਹ ਆਖਿ਼ਰਕਾਰ ਅੱਜ ਤੋਂ ਪੰਦਰਾਂ-ਵੀਹ ਵਰ੍ਹੇ ਬੀਤ ਗਈਆਂ ਗੱਲਾਂ ਬਾਰੇ ਸੋਚਣ ਲਈ ਮਜਬੂਰ ਹੋ ਗਿਆ।
ਯਾਦਾਂ ਦੇ ਝਰੋਖੇ ਵਿਚ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਬੱਚੇ ਗਲ਼ੀ ਗਲ਼ੀ ਵਿਚ ਹੋਕਾ ਦੇ ਰਹੇ ਸਨ: “ਭਾਈ ਅੱਜ ਰਾਤ ਸੱਤ ਵਜੇ ਪੰਚਾਇਤ ਲੱਗਣੀ ਐ, ਸਾਰੇ ਧਰਮਸ਼ਾਲਾ ਪਹੁੰਚ ਜਾਇਓ।” ਇਹ ਸੁਣ ਕੇ ਪਿੰਡ ਦੇ ਵਸਨੀਕਾਂ ਦੇ ਮਨਾਂ ਵਿਚ ਖੁਸ਼ੀ ਦੀ ਲਹਿਰ ਉੱਡਦੀ- ਐਤਕੀਂ ਫਿਰ ਡਰਾਮਾ ਲੱਗੇਗਾ!
ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਵਾਲਮੀਕ ਸਭਾ ਵੱਲੋਂ ਪਿੰਡ ਦੀ ਫਿਰਨੀ ਦੇ ਨੇੜੇ ਨਿਆਈਂ ਵਾਲੇ ਖੇਤਾਂ ਵਿਚ ਦੋ ਦਿਨਾਂ ਲਈ ਧਾਰਮਿਕ ਨਾਟਕ ਕਰਵਾਏ ਜਾਂਦੇ ਸਨ ਜਿਸ ਨੂੰ ਪਿੰਡ ਵਾਲੇ ਅਤੇ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ‘ਡਰਾਮੇ’ ਦੇ ਨਾਂ ਨਾਲ ਜਾਣਦੇ ਸਨ। ਮਹਾਂਰਿਸ਼ੀ ਵਾਲਮੀਕ ਜੀ ਦੇ ਮੰਦਰ ਵਿਚ ਤੀਜੇ ਨਵਰਾਤੇ ਸ੍ਰੀ ਰਮਾਇਣ ਦੇ ਪਾਠ ਆਰੰਭ ਹੁੰਦੇ, ਅਮਰਨਾਥ ਪਾਠੀ ਆਥਣੇ-ਸਵੇਰੇ ਗਿਆਰਾਂ ਦਿਨ ਪਾਠ ਕਰਦੇ ਸਨ। ਉਨ੍ਹਾਂ ਦਾ ਪਾਠ ਕਰਨ ਦਾ ਸਲੀਕਾ ਅਤੇ ਬੋਲ ਦਾ ਰਸ ਅੱਜ ਵੀ ਕੰਨਾਂ ਵਿਚ ਗੂੰਜਦਾ ਹੈ। ਉਨ੍ਹਾਂ ਦੇ ਬੋਲਾਂ ਦਾ ਰਸ ਮਾਣਨ ਲਈ ਸਪੀਕਰਾਂ ਦੀ ਆਵਾਜ਼ ਨੂੰ ਉੱਚੀ ਚੁੱਕਿਆ ਜਾਂਦਾ ਸੀ। ਉਨ੍ਹੀਂ ਦਿਨੀਂ ਸਾਰੇ ਹੀ ਪਿੰਡ ਦੀਆਂ ਵਿਆਹੀਆਂ-ਵਰੀਆਂ ਕੁੜੀਆਂ ਸਹੁਰਿਆਂ ਤੋਂ ਪੇਕੇ ਘਰ ਮੁੜਦੀਆਂ ਅਤੇ ਡਰਾਮੇ ਤੇ ਇੱਕ-ਦੂਜੀ ਨੂੰ ਕਹਿੰਦੀਆਂ ਸੁਣਦੀਆਂ: ਅੱਜ ਪੂਰਾ ਇੱਕ ਵਰ੍ਹਾ ਹੋ ਗਿਆ ਆਪਾਂ ਨੂੰ ਮਿਲਿਆ!” ਇੱਥੇ ਹੀ ਬਸ ਨਹੀਂ, ਬਿਰਧ ਔਰਤਾਂ ਜਿਨ੍ਹਾਂ ਦੇ ਮੂੰਹ ਵਿਚ ਦੰਦ ਵੀ ਨਹੀਂ ਸਨ ਹੁੰਦੇ, ਪੁੱਛਦੀਆਂ, “ਮੇਰੀ ਬੰਤੋ ਸਹੇਲੀ ਹੈਗੀ ਐ? ਮੁੱਦਤਾਂ ਹੋ ਗਈਆਂ ਅਸੀਂ ਡਰਾਮੇ ਤੇ ਹੀ ਮਿਲੀਆਂ ਸੀ।” ਅੱਜ ਭਾਵੇਂ ਉਨ੍ਹਾਂ ਦੇ ਨੇਤਰਾਂ ਦੀ ਜੋਤ ਧੁੰਦਲੀ ਹੋ ਗਈ ਪਰ ਡਰਾਮੇ ਦੇ ਪੰਡਾਲ ਵਿਚ ਚਿਰਾਗੀ ਦੀ ਜੋਤ ਜੋ ਹਰ ਬੈਠੇ ਬੰਦੇ ਤੱਕ ਘੁੰਮਾਈ ਜਾਂਦੀ ਸੀ, ਅੱਜ ਵੀ ਉਨ੍ਹਾਂ ਦੇ ਨੈਣਾਂ ਵਿਚ ਉਸੇ ਤਰ੍ਹਾਂ ਬਰਕਰਾਰ ਹੈ। ਇਹ ਸਾਰਾ ਨਜ਼ਾਰਾ ਆਪਸੀ ਭਾਈਚਾਰਕ ਮੋਹ ਦੀ ਤਸਵੀਰ ਪੇਸ਼ ਕਰਦਾ ਸੀ।
ਨਾਟਕਕਾਰ ਮਲੂਕ ਚੰਦ ਅਤੇ ਮਹਿੰਦਰ ਸਿੰਘ ਪਰਦੇਸੀ ਗਰੁੱਪ ਨੇ ਸਾਡੇ ਪਿੰਡ ਤੇ ਲਗਭਗ ਤੀਹ ਵਰ੍ਹੇ ਸਰਦਾਰੀ ਕੀਤੀ। ਵੱਖ ਵੱਖ ਪਾਤਰਾਂ ਦੁਆਰਾ ਹੀਰ ਰਾਂਝੇ ਦਾ ਕਿੱਸਾ, ਪ੍ਰਿਥੀ ਰਾਠੌਰ, ਪੂਰਨ ਭਗਤ, ਜਿਊਣਾ ਮੌੜ, ਰਾਜਾ ਹਰੀਸ਼ ਚੰਦਰ, ਰੂਪ ਬਸੰਤ, ਸ਼ਾਹਣੀ ਕੌਲਾਂ, ਰਾਜਾ ਭਰਥਰੀ ਆਦਿ ਨਾਟਕ ਹਰ ਵਰ੍ਹੇ ਬਦਲ ਕੇ ਰੰਗਮੰਚ ਉੱਪਰ ਖੇਡੇ ਜਾਂਦੇ ਸਨ ਜਿਹੜੇ ਰਾਤ ਨੂੰ ਦਸ ਕੁ ਵਜੇ ਸ਼ੁਰੂ ਹੋ ਕੇ ਤੜਕੇ ਤਿੰਨ ਵਜੇ ਸਮਾਪਤ ਹੁੰਦੇ। ਲੋਕ ਜ਼ਮੀਨ ਤੇ ਪੱਲੀਆਂ ਵਿਛਾ, ਮੰਜੀਆਂ ਡਾਹ ਕੇ ਇਹ ਡਰਾਮੇ ਦੇਖਦੇ। ਇਹ ਵਰਤਾਰਾ ਸਭ ਨੂੰ ਸਮਾਜਿਕ ਸਾਂਝ ਨਾਲ ਜੋੜਦਾ ਸੀ ਪਰ ਹੁਣ ਵਾਲਮੀਕੀ ਸਭਾ ਆਧੁਨਿਕ ਵਿਚਾਰਾਂ ਦੀ ਧਾਰਨੀ ਹੈ ਜਿਸ ਨਾਲ ਪੁਰਾਣੀ ਪ੍ਰੰਪਰਾ ਨੂੰ ਡੂੰਘੀ ਸੱਟ ਵੱਜੀ ਹੈ।
ਲੋਕ ਕਥਾਵਾਂ ਦਾ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਸਥਾਨ ਹੈ। ਪੁਰਾਣੇ ਸਮਿਆਂ ਵਿਚ ਲੋਕ ਕਥਾਵਾਂ ਦਾਦੀ, ਨਾਨੀ ਆਦਿ ਤੋਂ ਸੁਣੀਆਂ ਜਾਂਦੀਆਂ ਸਨ। ਹੁਣ ਨਾ ਕੋਈ ਲੋਕ ਕਥਾਵਾਂ ਸੁਣਦਾ ਹੈ, ਨਾ ਹੀ ਕਿਸੇ ਕੋਲ ਸੁਣਾਉਣ ਦੀ ਵਿਹਲ ਹੈ। ਉਂਜ, ਇਹ ਕਥਾਵਾਂ ਗਿਆਨ ਦਾ ਭੰਡਾਰ ਸਨ। ਡਰਾਮੇ ਲੋਪ ਹੋਣ ਨਾਲ ਆਉਣ ਵਾਲੀ ਪੀੜ੍ਹੀ ਪੰਜਾਬੀ ਸਾਹਿਤ ਦੀਆਂ ਅਜਿਹੀਆਂ ਲੋਕ ਕਥਾਵਾਂ ਤੋਂ ਵਾਂਝੀ ਰਹਿ ਗਈ ਹੈ। ਉਂਜ, ਹਰ ਆਉਂਦੇ ਵਰ੍ਹੇ ਆਸ ਹੁੰਦੀ ਹੈ, ਖੌਰੇ ਇਸ ਵਰ੍ਹੇ ਹੀ ਡਰਾਮਾ ਲੱਗੇ! ਇਸ ਉਡੀਕ ਵਿਚ ਪਤਾ ਨਹੀਂ ਕਿੰਨੇ ਬੰਦੇ ਮਿੱਟੀ ਹੋ ਗਏ ਹੋਣੇ ਹਨ!
ਖੈਰ! ਅੱਜ ਨਾ ਓਨੇ ਖੁੱਲ੍ਹੇ ਖੇਤ ਰਹੇ ਤੇ ਨਾ ਉਹ ਨਾਟਕਕਾਰ ਪਰ ਮਨ ਦੇ ਸੰਦੂਕ ਵਿਚ ਡਰਾਮੇ ਦੀਆਂ ਯਾਦਾਂ ਹਮੇਸ਼ਾ ਸੁਲਗਦੀਆਂ ਰਹਿਣਗੀਆਂ।
ਸੰਪਰਕ: 99147-14000