2005 ਵਿਚ ਮੈਂ ਸਕੂਟਰ-ਮੋਟਰ ਸਾਇਕਲ ਚਲਾਉਣ ਦਾ ਲਾਇਸੈਂਸ ਬਣਵਾਇਆ ਸੀ ਜੋ 2025 ਤੱਕ ਦਾ ਹੈ। ਚੰਡੀਗੜ੍ਹ ਅਕਸਰ ਗੇੜਾ ਲੱਗਦਾ ਰਹਿੰਦਾ ਹੈ ਪਰ ਟ੍ਰੈਫਿਕ ਪੁਲੀਸ ਨੇ ਕਦੇ ਵੀ ਰੋਕ ਕੇ ਕਦੇ ਲਾਇਸੈਂਸ ਚੈੱਕ ਨਹੀਂ ਸੀ ਕੀਤਾ। ਇਹ ਇਸ ਕਰ ਕੇ ਹੋ ਸਕਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਂਜ, ਸੱਚੀ ਗੱਲ ਹੈ, ਕਈ ਵਾਰ ਸੜਕ ਖਾਲੀ ਦੇਖ ਕੇ ਲਾਲ ਬੱਤੀ ਵੀ ਲੰਘ ਜਾਈਦਾ ਸੀ। ਇਸ ਦੇ ਨਾਲ ਹੀ ਇਹ ਗੱਲ ਹਮੇਸ਼ਾਂ ਦਿਮਾਗ ਵਿਚ ਰਹਿੰਦੀ ਹੈ ਕਿ ਨਿਯਮ ਸਾਡੇ ਬਚਾਅ ਲਈ ਹੀ ਹਨ। ਕਈ ਵਾਰ ਮਾਮੂਲੀ ਜਿਹੀ ਕੋਤਾਹੀ ਕਰ ਕੇ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ, ਉਦੋਂ ਬੰਦਾ ਪਛਤਾਉਣ ਜੋਗਾ ਹੀ ਰਹਿ ਜਾਦਾ ਹੈ। ਕਦੀ ਕਦੀ ਤਾਂ ਪਛਤਾਵਾ ਕਰਨ ਜੋਗਾ ਵੀ ਨਹੀਂ ਬਚਦਾ।
ਗੱਲ 5 ਕੁ ਸਾਲ ਪੁਰਾਣੀ ਹੈ, ਚੰਡੀਗੜ੍ਹ ਦੀਆਂ ਖੁੱਲ੍ਹੀਆਂ ਸੜਕਾਂ ਗਾਹੁੰਦਾ ਟ੍ਰਿਬਿਊਨ ਚੌਕ ਤੋਂ ਮੁਹਾਲੀ ਵੱਲ ਆ ਰਿਹਾ ਸਾਂ। ਚੌਕ ਤੋਂ ਥੋੜ੍ਹਾ ਮੁਹਾਲੀ ਵੱਲ ਆ ਕੇ ਦੋ ਟ੍ਰੈਫਿਕ ਲਾਈਟਾਂ ਬਿਲਕੁੱਲ ਨੇੜੇ ਨੇੜੇ ਹਨ ਜਿੱਥੇ ਅਕਸਰ ਲੋਕਾਂ ਦੇ ਬਹੁਤ ਚਲਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਲਾਈਟਾਂ ਕੋਲ ਆ ਕੇ ਪਤਾ ਨਹੀਂ ਲੱਗਦਾ ਕਿ ਲਾਈਟਾਂ ਸਿੱਧਾ ਜਾਣ ਲਈ ਹੋਈਆਂ ਹਨ ਜਾਂ ਖੱਬੇ ਸੱਜੇ ਮੁੜਨ ਲਈ। ਮੈਂ ਜਿਉਂ ਹੀ ਲਾਈਟਾਂ ਪਾਰ ਕੀਤੀਆਂ, ਇੱਕ ਪੁਲੀਸ ਵਾਲੇ ਨੇ ਇਕਦਮ ਅਗਾਂਹ ਵਧ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਮੋਟਰ ਸਾਇਕਲ ਸੜਕ ਤੋਂ ਪਾਸੇ ਕਰ ਕੇ ਲਾਇਆ ਅਤੇ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਝਾਕਿਆ। ਉਸ ਨੇ ਕਿਹਾ, “ਤੁਸੀਂ ਲਾਲ ਬੱਤੀ ਕਰਾਸ ਕੀਤੀ ਆ, ਉੱਧਰ ਆ ਜਾਓ, ਸਾਬ੍ਹ ਨਾਲ ਗੱਲ ਕਰ ਲਓ।” ਸਾਈਡ ਤੇ ਖੜ੍ਹੀ ਗੱਡੀ ਵਿਚ ਪਗੜੀਧਾਰੀ ਥਾਣੇਦਾਰ ਚਲਾਨ ਦੀ ਕਾਪੀ ਵਿਚ ਕੁਝ ਭਰੀ ਬੈਠਾ ਲੱਗਦਾ ਸੀ। ਮੈਨੂੰ ਜਾਪਿਆ, ਹੁਣ ਮੇਰਾ ਨਾਮ ਹੀ ਭਰਨਾ ਬਾਕੀ ਹੈ। ਜਿਉਂ ਹੀ ਉਸ ਨਾਲ ਗੱਲ ਕਰਨੀ ਚਾਹੀ, ਉਸ ਨੇ ਮੇਰਾ ਲਾਇਸੈਂਸ ਮੰਗ ਲਿਆ। ਮੈਂ ਵੀ ਚੁੱਪ-ਚਾਪ ਲਾਇਸੈਂਸ ਕੱਢ ਕੇ ਉਸ ਦੇ ਹੱਥ ਵਿਚ ਫੜਾ ਦਿੱਤਾ। ਲਾਇਸੈਂਸ ਦੇਖ ਕੇ ਉਹ ਕਹਿੰਦਾ, “ਆਹ ਤਾਂ ਬੰਦ ਹੋ ਗਏ, ਚਲਾਨ ਵੀ ਡਬਲ ਹੋਊ।” ਅਸਲ ਵਿਚ ਮੇਰੇ ਕੋਲ ਪੁਰਾਣਾ, ਕਾਪੀ ਵਾਲਾ ਲਾਇਸੈਂਸ ਸੀ ਜਿਸ ਦੇ ਪੰਨੇ ਖਾਸੇ ਘਸਮੈਲੇ ਹੋ ਚੁੱਕੇ ਹਨ। ਉਸ ਉੱਤੇ ਲਿਖੀਆਂ ਤਾਰੀਕਾਂ ਵੀ ਅੱਖਾਂ ਤੇ ਵਾਹਵਾ ਜ਼ੋਰ ਪਾ ਕੇ ਹੀ ਪੜ੍ਹੀਆ ਜਾ ਸਕਦੀਆਂ ਸਨ।
ਮੈਂ ਕਿਹਾ, “ਨਹੀਂ ਜੀ, ਲਾਇਸੈਂਸ 2025 ਤੱਕ ਹੈ ਜੀ। ਆਹ ਦੇਖੋ…।” ਨਾਲ ਹੀ ਮੈਂ ਤਾਰੀਕ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੂਜਾ ਨੁਕਤਾ ਛੇੜ ਲਿਆ, “ਚੱਲ ਠੀਕ ਐ ਪਰ ਤੂੰ ਲਾਲ ਬੱਤੀ ਤਾਂ ਲੰਘਿਆ ਈ ਏਂ।” ਉਹੀ ਗੱਲ ਹੋਈ ਸੀ, ਫਿਰ ਵੀ ਮੈਂ ਬੋਲਿਆ, “ਨਹੀਂ ਜੀ, ਮੈਂ ਲਾਲ ਬੱਤੀ ਨਹੀਂ ਲੰਘਿਆ ਜੀ। ਮੈਂ ਦੇਖ ਕੇ ਆਇਆਂ ਜੀ, ਬੱਤੀ ਹਰੀ ਸੀ।” ਉਸ ਨੇ ਸਮਝਾਇਆ, “ਹਰੀ ਬੱਤੀ ਸਾਈਡ ਨੂੰ ਮੁੜਨ ਲਈ ਐ, ਤੇ ਤੂੰ ਸਿੱਧਾ ਆਇਆਂ। ਅੱਗੇ ਵਾਲੀ ਲਾਈਟ ਤਾਂ ਲਾਲ ਸੀ।” ਹੁਣ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਲਾਈਟਾਂ ਹੀ ਉਲਝਾਉਣ ਵਾਲੀਆਂ ਸਨ। ਥਾਣੇਦਾਰ ਨੂੰ ਚਲਾਨ ਨਾ ਕੱਟਣ ਦੀ ਬੇਨਤੀ ਕੀਤੀ, ਤਰਕ ਦਿੱਤਾ ਕਿ ‘ਮੇਰਾ ਅੱਜ ਤੱਕ ਕਿਤੇ ਕੋਈ ਚਲਾਨ ਨਹੀਂ ਹੋਇਆ’ ਪਰ ਉਹ ਮੰਨਣ ਲਈ ਤਿਆਰ ਨਹੀਂ ਸੀ।
ਕੁਝ ਦਿਨ ਪਹਿਲਾਂ ਹੀ ਟ੍ਰੈਫਿਕ ਨਿਯਮਾਂ ਬਾਰੇ ਮੇਰਾ ਲੇਖ ਅਖ਼ਬਾਰ ਵਿਚ ਛਪਿਆ ਸੀ। ਆਖ਼ਰੀ ਹੰਭਲੇ ਦੇ ਹਿਸਾਬ ਨਾਲ ਮੈਂ ਫੋਨ ਵਿਚ ਖਿੱਚੀ ਉਸ ਲੇਖ ਦੀ ਫੋਟੋ ਥਾਣੇਦਾਰ ਸਾਹਮਣੇ ਕਰ ਦਿੱਤੀ, “ਸਰ, ਮੈਂ ਤਾਂ ਖੁਦ ਟ੍ਰੈਫਿਕ ਨਿਯਮਾਂ ਬਾਰੇ ਅਖਬਾਰ ਵਿਚ ਲਿਖਿਆ ਹੈ।” ਥਾਣੇਦਾਰ ਨੇ ਤਿਰਛੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ, “ਜਾਹ ਯਾਰ, ਖਿਆਲ ਰੱਖਿਆ ਕਰੋ।” ਇਸ ਘਟਨਾ ਨੂੰ ਭਾਵੇਂ ਕਾਫੀ ਸਮਾਂ ਬੀਤ ਗਿਆ ਹੈ ਪਰ ਜਦੋਂ ਕਦੇ ਟ੍ਰਿਬਿਊਨ ਚੌਕ ਵੱਲ ਜਾਈਦਾ ਹੈ ਤਾਂ ਇਹ ਕਹਾਣੀ ਯਾਦ ਆ ਜਾਂਦੀ ਹੈ। ਉਦੋਂ ਦੀ ਹੀ ਇਹ ਗੱਲ ਪੱਲੇ ਬੰਨ੍ਹੀ ਹੋਈ ਹੈ ਕਿ ਜੋ ਕੁਝ ਲਿਖਿਆ ਜਾਵੇ, ਉਸ ਉੱਤੇ ਪਹਿਲਾਂ ਖੁਦ ਅਮਲ ਕਰਨਾ ਜ਼ਰੂਰੀ ਹੈ।
ਸੰਪਰਕ: 98720-10560