ਗਿਆਨ ਸੈਦਪੁਰੀ
ਕਾਮਰੇਡ ਜਗਜੀਤ ਸਿੰਘ ਅਨੰਦ ਦੀ ਸਾਰੀ ਉਮਰ ਸਾਹਿਤ ਤੇ ਸਿਆਸਤ ਨੂੰ ਸਮਰਪਿਤ ਰਹੀ, ਸਮੇਤ ਪੱਤਰਕਾਰੀ ਦੀ ਸਿਆਸੀ ਸੇਵਾ ਦੇ। ਪੂਰੀ ਹਯਾਤੀ ਦੌਰਾਨ ਉਹ ਆਪਣੇ ਵਿਸ਼ਵਾਸਾਂ ਤੇ ਡਟੇ ਰਹੇ। ਉਹ ਸਾਹਿਤਕ ਅਤੇ ਸਿਆਸੀ ਖੇਤਰ ਵਿਚ ਮੜਕ ਨਾਲ ਵਿਚਰੇ। ਆਪਣੀ ਗੱਲ ਨੂੰ ਠੋਕ ਵਜਾ ਕੇ ਕਹਿਣ ਜਾਂ ਲਿਖਣ ਵੇਲੇ ਉਹ ਰੱਤੀ ਭਰ ਵੀ ਝਿਜਕਦੇ ਨਹੀਂ ਸਨ। ਭਾਈ ਲਾਲੋਆਂ ਨਾਲ ਖੜ੍ਹਨ ਦੇ ਅਕੀਦੇ ਬਾਰੇ ਇੱਕ ਥਾਂ ਉਹ ਲਿਖਦੇ ਹਨ- ‘ਸਿਆਸਤ ਵਿਚ ਪੈਰ ਪਾ ਲਿਆ ਨਿੱਕੀ ਉਮਰੇ। ਰਿਹਾ ਵੀ ਸਾਰੀ ਜ਼ਿੰਦਗੀ ਮਜ਼ਦੂਰਾਂ, ਕਿਸਾਨਾਂ ਦੇ ਭਲੇ ਵਾਲੀ ਸੋਚ ਨੂੰ ਪ੍ਰਣਾਇਆ। ਮਨ ਵਿਚ ਇਹ ਧਰ ਲਿਆ ਕਿ ਗੁਰਬਾਣੀ ਦੀ ਇਸ ਤੁਕ ਉੱਤੇ ਅਮਲ ਕਰਨਾ ਹੈ: (ਮਾਧਉ) ਇਹੁ ਜਨਮੁ ਤੁਮਾਰੇ ਲੇਖੇ॥ ਪਰ ਮਾਧੋ ਕਿਸੇ ਅਣਦਿਸਦੇ ਰੱਬ ਨੂੰ ਨਹੀਂ ਧਾਰਨਾ, ਮੇਰਾ ਮਾਧੋ ਤਾਂ ਮੱਥੇ ਦੇ ਪਰਸਿਉ ਨੂੰ ਚੁਆ ਕੇ ਢਿੱਡ ਦੀ ਭੁੱਖ ਮਿਟਾਉਣ ਵਾਲਾ ਕਿਰਤੀ ਹੀ ਹੈ, ਹੋਵੇ ਭਾਵੇਂ ਉਹ ਜ਼ਮੀਨੋਂ ਵਿਰਵਾ ਹਲ ਵਾਹਕ, ਇੱਟਾਂ ਦੀਆਂ ਕੰਧਾਂ ਜੋੜਨ ਵਾਲੇ ਰਾਜ ਮਿਸਤਰੀ ਨੂੰ ਗਾਰੇ ਦਾ ਬੱਠਲ ਫੜਾਉਣ ਵਾਲਾ ਮਜ਼ਦੂਰ ਜਾਂ ਕੋਈ ਹੋਰ ਦਿਹਾੜੀਦਾਰ ਜਾਂ ਫਿਰ ਕਾਰਖਾਨੇ ਦੇ ਘੁੱਗੂ ਨਾਲ ਕੰਮ ਉੱਤੇ ਲੱਗਣ ਵਾਲਾ ਤੇ ਲੰਮੇ ਘੰਟਿਆ ਦੀ ਘਾਲਣਾ ਪਿੱਛੋਂ ਮਸਾਂ ਪੇਟ ਦੀ ਅੱਗ ਨੂੰ ਝੁੁਲਕਾ ਦੇਣ ਜੋਗਾ’।
ਆਪਣੇ ਸਿਆਸੀ ਵਿਚਰਨ-ਵਰਤਾਰੇ ਦੌਰਾਨ ਉਨ੍ਹਾਂ ਨੂੰ ਕਾਂਗਰਸ ਪੱਖੀ ਹੋਣ ਦਾ ਮਿਹਣਾ ਮਾਰਿਆ ਜਾਂਦਾ ਰਿਹਾ ਹੈ। ਉਹ ਹਮੇਸ਼ਾ ਇਸ ਮਿਹਣੇ ਦਾ ਬਾ-ਦਲੀਲ ਉੱਤਰ ਦਿੰਦੇ ਰਹੇ ਕਿ ਉਹ ਆਪਣੇ ਸਟੈਂਡ ਤੇ ਸਹੀ ਹਨ। ਜਗਜੀਤ ਸਿੰਘ ਅਨੰਦ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਜਿੱਥੇ ਪੰਜਾਬੀ ਦੇ ਮੁੱਖ ਪੱਤਰਕਾਰ ਸਨ, ਉੱਥੇ ਪੰਜਾਬੀ ਜਗਤ ਵਿਚ ਉਨ੍ਹਾਂ ਨੇ ਖੂਬਸੂਰਤ ਮੌਲਿਕ ਰਚਨਾਵਾਂ ਦੀ ਸਿਰਜਣਾ ਵੀ ਕੀਤੀ। ਉਹ ਉੱਚ ਕੋਟੀ ਦੇ ਵਾਰਤਕ ਲੇਖਕ ਸਨ। ਉਨ੍ਹਾਂ ਦੀਆਂ ਇਹ ਲਿਖਤਾਂ ਪੰਜਾਬੀ ਸਾਹਿਤ ਵਿਚ ਇਤਿਹਾਸਕ ਦਸਤਾਵੇਜ਼ ਹਨ। ਉਨ੍ਹਾਂ ਦੀ ਪਹਿਲੀ ਮੌਲਿਕ ਪੁਸਤਕ ‘ਸੂਝ ਦਾ ਸਫਰ’ 1974 ਵਿਚ ਛਪੀ। ਇਸ ਪੁਸਤਕ ਨਾਲ ਉਹ ਸਾਹਿਤਕ ਅਸਮਾਨ ਵਿਚ ਸਿਤਾਰੇ ਵਾਂਗ ਚਮਕੇ।
ਡਾ. ਅਤਰ ਸਿੰਘ ਨੇ ਉਨ੍ਹਾਂ ਦੀ ਲੇਖਣੀ ਬਾਰੇ ਲਿਖਿਆ ਸੀ- ‘ਜੇ ਸਮੁੱਚੇ ਤੌਰ ਤੇ ਜਗਜੀਤ ਸਿੰਘ ਅਨੰਦ ਦੀ ਸਾਹਿਤਕ ਸਾਧਨਾ ਨੂੰ ਸੂਤਰਬੱਧ ਕਰਨਾ ਹੋਵੇ ਤਾਂ ਮੈਂ ਕਹਾਂਗਾ ਕਿ ਉਸ ਦੀ ਕੁੰਜੀ ਸ਼ਬਦ ਸੋਝੀ ਹੈ। ਗੁਰੂ ਨਾਨਕ ਦੇਵ ਨੇ ਸਭਿਆ ਮਨੁੱਖ ਦਾ ਜੋ ਲਕਸ਼ ਦੱਸਿਆ ਹੈ, ਉਸ ਵਿਚ ਹੋਰ ਗੁਣਾ ਤੋਂ ਬਿਨਾਂ ਇੱਕ ਵੱਡਾ ਗੁਣ ‘ਅੱਖਰ ਕਾ ਭੇਉ’ ਹੈ; ਭਾਵ ਸ਼ਬਦ ਦੇ ਰਹੱਸ ਉਸ ਦੀ ਸੂਖਮਤਾ, ਉਸ ਦੀ ਸ਼ਕਤੀ ਦੀ ਪਛਾਣ। ਜਗਜੀਤ ਅਨੰਦ ‘ਅੱਖਰ ਦੇ ਭੇਉ’ ਦੀ ਦਾਤ ਨਾਲ ਵਰੋਸਾਇਆ ਹੋਇਆ ਲੇਖਕ ਹੈ ਅਤੇ ਇਹੀ ਉਸ ਦੀ ਸਾਹਿਤਕ ਸਫਲਤਾ ਦਾ ਭੇਤ ਹੈ। ਅਨੁਵਾਦ, ਨਬਿੰਧ ਅਤੇ ਪੱਤਰਕਾਰੀ, ਤਿੰਨਾਂ ਹੀ ਖੇਤਰਾਂ ਵਿਚ ਜਗਜੀਤ ਸਿੰਘ ਅਨੰਦ ਦਾ ਸ਼ੁਮਾਰ ਚੋਟੀ ਦੇ ਲੇਖਕਾਂ ਵਿਚ ਆਉਂਦਾ ਹੈ ਅਤੇ ਇਸ ਪਦਵੀਂ ਤੱਕ ਉਹ ਆਪਣੀ ਨਿਰੰਤਰ ਸਾਧਨਾ ਅਤੇ ਲਗਨ ਦੁਆਰਾ ਹੀ ਪੁੱਜਿਆ ਹੈ’।
ਜਗਜੀਤ ਸਿੰਘ ਅਨੰਦ ਦਾ ਪਰਿਵਾਰਕ ਪਿਛੋਕੜ ਸਿੱਖੀ ਹੈ। ਉਨ੍ਹਾਂ ਆਪਣੀਆਂ ਲਿਖਤਾਂ ਵਿਚ ਸਿੱਖੀ ਦੇ ਸੁੱਚੇ ਵਿਰਸੇ ਅਤੇ ਸਿੱਖ ਬੁਨਿਆਦਵਾਦ ਬਾਰੇ ਬੜੇ ਸਟੀਕ ਲੇਖ ਲਿਖੇ। ਇੱਕ ਲੇਖ ਵਿਚ ਉਨ੍ਹਾਂ ਲਿਖਿਆ ਸੀ, ‘ਸਿੱਖੀ ਦੀਆਂ ਰਵਾਇਤਾਂ ਸਭਨਾਂ ਧਰਮਾਂ ਦਾ ਸਤਿਕਾਰ ਕਰਨ ਤੇ ਸਭ ਦੱਬੇ ਕੁਚਲੇ ਲੋਕਾਂ ਦੇ ਸੰਗ ਖਲੋਣ ਦੀਆਂ ਹਨ। ਸਿੱਖ ਇਤਿਹਾਸ ਮੁਗਲ ਬਾਦਸ਼ਾਹਾਂ ਦੇ ਜ਼ੁਲਮਾਂ ਵਿਰੁੱਧ ਸੰਗਰਾਮ ਦਾ ਇਤਿਹਾਸ ਹੈ ਪਰ ਇਸਲਾਮ ਧਰਮ ਦੇ ਵਿਰੋਧ ਦਾ ਨਹੀਂ’।
ਕਾਮਰੇਡ ਜਗਜੀਤ ਸਿੰਘ ਅਨੰਦ ਦਾ ਜਨਮ 28 ਦਸੰਬਰ 1921 ਵਿਚ ਤਰਨ ਤਾਰਨ ਵਿਚ ਹੈੱਡ ਮਾਸਟਰ ਮਹਿਤਾਬ ਸਿੰਘ ਅਤੇ ਤੇਜਵੰਤ ਕੌਰ ਦੇ ਘਰ ਹੋਇਆ। ਉਨ੍ਹਾਂ ਲਾਹੌਰ ਰਹਿੰਦਿਆਂ ਵਿਦਿਆਰਥੀ ਲਹਿਰ ਦੀ ਅਗਵਾਈ ਕੀਤੀ। ਉਨ੍ਹਾਂ ਨੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵਿਚ ਲੰਮਾ ਸਮਾਂ ਮੋਹਰੀ ਰੋਲ ਨਿਭਾਇਆ। ਅੱਧੀ ਸਦੀ ਤੋਂ ਵੱਧ ਸਮਾਂ ਉਹ ‘ਨਵਾਂ ਜ਼ਮਾਨਾ’ ਦੇ ਸੰਪਾਦਕ ਰਹੇ। ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਲੇਖਕ ਸਭਾ ਦੇ ਉਹ ਫਾਊਂਡਰ ਮੈਂਬਰ ਸਨ। ਪੰਜਾਬੀ ਵਿਚ ਦੋਭਾਸ਼ੀਏ ਵਜੋਂ ਉਨ੍ਹਾਂ ਵਰਗੇ ਉਹ ਆਪ ਹੀ ਸਨ। 1973 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਆ। 1974 ਤੋਂ 1980 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ।
ਪੰਜਾਬ ਅੰਦਰ ਜਮਹੂਰੀ ਕਦਰਾਂ ਕੀਮਤਾਂ ਦੀ ਸਿਆਸਤ ਲਈ ਉਨ੍ਹਾਂ ਦਾ ਵੱਡਮੁੱਲਾ ਯੋਗਦਾਨ ਹਮੇਸ਼ਾ ਯਾਦ ਰਹੇਗਾ। ਪੰਜਾਬੀ ਜ਼ੁਬਾਨ ਨੂੰ ਦੁਨੀਆ ਭਰ ਵਿਚ ਸਨਮਾਨਤ ਥਾਂ ਦਿਵਾਉਣ ਵਾਲੇ ਸ਼ਬਦ ਘਾੜੇ ਅਤੇ ਮਾਂ ਬੋਲੀ ਨੂੰ ਸਾਹਿਤਕ ਪੱਖ ਤੋਂ ਸੁਆਦਲਾ ਬਣਾਉਣ ਵਾਲੇ ਮਨੁੱਖ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ।
ਸੰਪਰਕ: 98725-40447