ਪ੍ਰੋ. ਗੋਪਾਲ ਸਿੰਘ ਬੁੱਟਰ
ਗ਼ਦਰ ਲਹਿਰ ਦੇ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਪਿੰਡ ਬਿਲਗਾ (ਜ਼ਿਲ੍ਹਾ ਜਲੰਧਰ) ਦੇ ਜੰਮਪਲ ਸਨ। ਉਨ੍ਹਾਂ ਦਾ ਜਨਮ ਇਸੇ ਪਿੰਡ ਵਿਚ 2 ਅਪਰੈਲ 1907 ਨੂੰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਅਤੇ ਮਾਲਣ ਦੇ ਘਰ ਹੋਇਆ। ਆਪ ਆਪਣੇ ਭੈਣਾਂ ਭਰਾਵਾਂ ਤੋਂ ਸਭ ਤੋਂ ਛੋਟੇ ਸਨ। ਇਨ੍ਹਾਂ ਤੋਂ ਵੱਡੇ ਇੱਕ ਭਰਾ ਚੌਧਰੀ ਰਾਮ ਬਖਸ਼ ਅਤੇ ਇਨ੍ਹਾਂ ਦੇ ਬਾਪ ਦੇ ਪਹਿਲੇ ਵਿਆਹ ਤੋਂ ਦੋ ਭੈਣਾਂ ਸਨ। ਇਹ ਅਜੇ ਦੋ ਸਾਲਾਂ ਦੇ ਵੀ ਨਹੀਂ ਸਨ ਹੋਏ ਕਿ ਇਨ੍ਹਾਂ ਦੇ ਬਾਪ ਅਕਾਲ ਚਲਾਣਾ ਕਰ ਗਏ। ਘਰ ਦਾ ਕਮਾਊ ਅੱਧਵਾਟੇ ਛੱਡ ਕੇ ਤੁਰ ਗਿਆ ਤਾਂ ਇਨ੍ਹਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖ਼ਤ ਮਿਹਨਤ ਕਰਨੀ ਪਈ, ਫਿਰ ਵੀ ਪੂਰੀ ਨਾ ਪਈ ਅਤੇ ਅਖੀਰ ਘਰ ਘਾਟ ਤਕ ਵੀ ਗਿਰਵੀ ਰੱਖਣਾ ਪਿਆ। ਘਰ ਦੀ ਗ਼ਰੀਬੀ ਕੱਟਣ ਖਾਤਿਰ ਵਿਦੇਸ਼ ਕਮਾਈ ਕਰਨ ਲਈ ਉਹ ਪਹਿਲਾਂ ਜਪਾਨ ਤੇ ਫਿਰ ਅਰਜਨਟਾਈਨਾ ਪਹੁੰਚੇ ਪਰ ਉਥੇ ਵੱਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਲੇ ਪਾਸੇ ਤੋਰ ਲਿਆ।
ਬਾਬਾ ਭਗਤ ਸਿੰਘ ਬਿਲਗਾ 2 ਅਪਰੈਲ 1907 ਤੋਂ 22 ਮਈ 2009 ਤਕ ਦੀ ਲੰਮੀ ਸਰਗਰਮ ਜ਼ਿੰਦਗੀ ਜੀਅ ਕੇ ਗੁਜ਼ਰੇ। ਬਾਬਾ ਜੀ ਦੇ ਬਰਤਾਨਵੀ ਸਾਮਰਾਜ ਖਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਉਨ੍ਹਾਂ ਦੇ ਵਿਦਿਆਰਥੀ ਜੀਵਨ, ਭਾਵ ਲੁਧਿਆਣੇ ਪੜ੍ਹਦੇ ਸਮੇਂ ਹੀ ਹੋ ਗਿਆ ਸੀ ਜਦ ਵਾਇਸਰਾਏ ਦੀ ਸਕੂਲ ਫੇਰੀ ਤੇ ਇਨ੍ਹਾਂ ਨੇ ਕਹਿਣ ਦੀ ਥਾਂ ਵਾਇਸਰਾਏ ਹਾਏ ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲ ਕੀਤੀ। ਘਰ ਦੀ ਗ਼ਰੀਬੀ ਧੋਣ ਲਈ ਕਮਾਈ ਕਰਨ ਲਈ ਉਹ ਵਿਦੇਸ਼ ਗਏ ਤੇ 21 ਸਾਲ ਦੀ ਉਮਰ ਵਿਚ 1928 ਨੂੰ ਸਰਦਾਰ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਦੀ ਪ੍ਰਧਾਨਗੀ ਵਾਲੀ ਅਰਜਨਟਾਈਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਜੱਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਬਿਲਗਾ ਜੀ ਮਾਰਕਸਵਾਦ ਅਤੇ ਫੌਜੀ ਵਿਦਿਆ ਦੀ ਉਚੇਰੀ ਟਰੇਨਿੰਗ ਲੈਣ ਲਈ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉਥੋਂ ਉਹ 60 ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰ ਕੇ ਆਜ਼ਾਦੀ ਦੀ ਲੜਾਈ ਵਿਚ ਸ਼ਾਮਿਲ ਹੋਣ ਲਈ ਭਾਰਤ ਪਰਤੇ। ਉਨ੍ਹਾਂ ਨੇ 1934 ਤੋਂ 1936 ਤਕ ਕਲੱਕਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਲਾਹੌਰ ਦੇ ਕਿਲ੍ਹੇ ਵਿਚ ਦੋ ਮਹੀਨੇ ਤਸੀਹੇ ਦਿੱਤੇ ਗਏ ਅਤੇ ਰਿਹਾਈ ਉਪਰੰਤ ਇੱਕ ਸਾਲ ਲਈ ਪਿੰਡ ਬਿਲਗਾ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਨੂੰ 1939 ਵਿਚ ਕੈਂਬਲਪੁਰ ਜੇਲ੍ਹ ਵਿਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿਚ ਰਿਹਾ ਹੋਣ ਤੇ ਲੁਧਿਆਣੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿਚ ਉਨ੍ਹਾਂ ਨੂੰ ਇੱਕ ਸਾਲ ਲਈ ਮੁੜ ਜੇਲ੍ਹ ਵਿਚ ਬੰਦ ਕਰ ਦਿੱਤਾ। 1947-48 ਵਿਚ ਫਿਰਕੂ ਵੰਡ ਦਾ ਵਿਰੋਧ ਕਰਨ ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਬਿਲਗਾ ਨੂੰ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿਚ ਡੱਕ ਦਿੱਤਾ। 1959 ਵਿਚ ਖੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿਚ ਸੰਘਰਸ਼ ਕਰਨ ਤੇ ਪੰਜਾਬ ਦੀ ਕੈਰੋਂ ਸਰਕਾਰ ਨੇ ਫਿਰ ਬਾਬਾ ਬਿਲਗਾ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਉਨ੍ਹਾਂ ਨੂੰ 1971 ਵਿਚ ਨਕਸਲੀ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਦਾ ਵਿਰੋਧ ਕਰਨ ਤੇ 4 ਮਹੀਨੇ ਪਟਿਆਲੇ ਜੇਲ਼੍ਹ ਵਿਚ ਕੈਦ ਰੱਖਿਆ ਗਿਆ। ਉਨ੍ਹਾਂ ਦੇ ਆਖਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ਤੇ ਨਿਕਲੇ ਅਤੇ 6 ਅਕਤੂਬਰ 2008 ਵਿਚ ਜੱਲ੍ਹਿਆਂਵਾਲੇ ਬਾਗ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸੰਬੰਧੀ ਕੀਤੇ ਰੋਸ ਮਾਰਚ ਨੂੰ ਉਨ੍ਹਾਂ ਦੇ ਵਿਦਰੋਹੀ ਜੀਵਨ ਦਾ ਆਖਰੀ ਅੰਦੋਲਨ ਮੰਨਿਆ ਜਾ ਸਕਦਾ ਹੈ ਜਿਸ ਮਾਰਚ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵੀਲ੍ਹਚੇਅਰ ਤੇ ਬੈਠ ਕੇ ਕੀਤੀ।
ਬਾਬਾ ਬਿਲਗਾ ਨੇ ਆਜ਼ਾਦੀ ਉਪਰੰਤ ਗ਼ਦਰੀ ਯੋਧਿਆਂ ਦੀ ਯਾਦਗਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਉਸਾਰੀ ਲਈ ਦਿਨ-ਰਾਤ ਇੱਕ ਕਰ ਦਿੱਤਾ। ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਯਾਦਗਾਰ ਦਾ ਨਿਰਮਾਣ ਕਰਵਾਇਆ ਤੇ ਫਿਰ ਇਸ ਨੂੰ ਅਗਾਂਹਵਧੂ ਲੋਕਾਂ ਦੇ ਮੰਚ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਆਪ ਸੈਮੀਨਾਰ, ਕਾਨਫਰੰਸਾਂ, ਨਾਟਕ ਮੇਲੇ ਕਰਵਾ ਕੇ ਤੇ ਚੇਤਨਾ ਰੈਲੀਆਂ ਕੱਢ ਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕੀਤਾ।
ਬਾਬਾ ਜੀ ਨੇ ਜਿਥੇ ਸਮੁੱਚੇ ਦੇਸ਼ ਅਤੇ ਸਮੁੱਚੀ ਅਗਾਂਹਵਧੂ ਲਹਿਰ ਲਈ ਸੁਹਿਰਦਤਾ ਨਾਲ ਕੰਮ ਕੀਤਾ ਉੱਥੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਸਰਵਪੱਖੀ ਵਿਕਾਸ ਲਈ ਵੀ ਸ਼ਲਾਘਾਯੋੋਗ ਉਪਰਾਲੇ ਕੀਤੇ। ਉਨ੍ਹਾਂ ਨੇ ਆਪਣੀ ਜਵਾਨੀ ਵਿਚ ਹੀ, ਭਾਵ 1935-36 ਵਿਚ ਬਿਲਗੇ ਦੇ ਬੱਚਿਆਂ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੜਕੀਆਂ ਦਾ ਸਕੂਲ ਖੁੱਲ੍ਹਵਾਇਆ ਅਤੇ ਖੁਦ ਉਸ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ 1953 ਵਿਚ ਬਿਲਗੇ ਵਿਖੇ ਲੜਕਿਆਂ ਦਾ ਹਾਈ ਸਕੂਲ ਖੁੱਲ੍ਹਵਾਇਆ। ਉਹ ਲੜਕੀਆਂ ਦੇ ਕਾਲਜ ਦੀ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਰਹੇ ਉਨ੍ਹਾਂ ਨੇ ਇਲਾਕੇ ਵਿਚ 1969 ਵਿਚ ਗੁਰੁੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ ਤੇ ਖੁੱਲ੍ਹੇ ‘ਗੁਰੁੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ’ ਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਮੰਜਕੀ ਦੇ ਨਿਰਮਾਣ ਤੇ ਸੰਚਾਲਨ ਵਿਚ ਯੋਗਦਾਨ ਪਾਇਆ। ਉਨ੍ਹਾਂ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਕਾਮਰੇਡ ਕਰਤਾਰ ਸਿੰਘ ਦੀ ਜ਼ਮੀਨ ਤੋਂ ਕਬਜ਼ਾ ਛੁਡਵਾ ਕੇ ਵਿਦੇਸ਼ੀ ਵੀਰਾਂ ਦੀ ਸਹਾਇਤਾ ਨਾਲ ਕਰੋੜਾਂ ਰੁਪਇਆਂ ਦੀ ਲਾਗਤ ਵਾਲਾ ਵੱਡ ਆਕਾਰੀ ‘ਜਨਰਲ ਹਸਪਤਾਲ ਬਿਲਗਾ’ ਬਿਲਗਾ ਨੂਰਮਹਿਲ ਰੋਡ ’ਤੇ ਬਾਬਾ ਰਹਿਮਤ ਸ਼ਾਹ ਦੀ ਦਰਗਾਹ ਦੇ ਨਜ਼ਦੀਕ ਬਣਵਾਉਣ ਵਿਚ ਯੋਗਦਾਨ ਪਾਇਆ ਜਿਸ ਦਾ ਨੀਂਹ ਪੱਥਰ 13 ਅਪਰੈਲ 2000 ਨੂੰ ਵਿਸਾਖੀ ਵਾਲੇ ਦਿਨ ਰੱਖਿਆ ਗਿਆ।
ਬਾਬਾ ਬਿਲਗਾ ਨੇ ਜਿੱਥੇ ਆਜ਼ਾਦੀ ਦੀ ਲੜਾਈ ਅਤੇ ਲੋਕ ਹਿਤੈਸ਼ੀ ਲਹਿਰ ਵਿਚ ਵੱਡਮੁੱਲਾ ਯੋਗਦਾਨ ਪਾਇਆ, ਉੱਥੇ ਉਨ੍ਹਾਂ ਨੇ ਲੋਕ ਹਿਤੈਸ਼ੀ ਲਹਿਰ ਅਤੇ ਇਸ ਦੇ ਨਾਇਕਾਂ ਨਾਲ ਸੰਬੰਧਿਤ ਇਤਿਹਾਸਿਕ ਮਹੱਤਵ ਵਾਲੀਆਂ ਪੁਸਤਕਾਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੀਆਂ ਪੁਸਤਕਾਂ ‘ਗਦਰ ਲਹਿਰ ਦੇ ਅਣਫੋਲੇ ਵਰਕੇ’, ‘ਮੇਰਾ ਵਤਨ, ਮੇਰੀ ਸਮਝ ਮੇਰੀ ਸੋਚ’ ਅਤੇ ‘ਜੀਵਨੀ ਨਿਰਭੈ-ਯੋਧਾ ਬਾਬਾ ਗੁਰਮੁਖ ਸਿੰਘ ਲਲਤੋਂ’ ਅਤੇ ਅਖ਼ਬਾਰਾਂ ਰਸਾਲਿਆਂ ਵਿਚ ਛਪਣ ਵਾਲੇ ਉਨ੍ਹਾਂ ਦੇ ਲੇਖ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ਼ ਹਨ।
ਸੰਪਰਕ: 99150-05814