ਸ਼ਵਿੰਦਰ ਕੌਰ
ਘਰ ਵਿਚ ਕੁਝ ਰਿਸ਼ਤੇਦਾਰ ਆਏ ਹੋਏ ਸਨ। ਚਾਹ ਪੀਂਦਿਆਂ ਗੱਲਾਂ ਬੇਰੁਜ਼ਗਾਰਾਂ ਦੇ ਮੁਜ਼ਾਹਰਿਆਂ ਅਤੇ ਪੁਲੀਸ ਲਾਠੀਚਾਰਜ ਬਾਰੇ ਤੁਰ ਪਈਆਂ। ਫਿਰ ਜੇਲ੍ਹਾਂ ਅਤੇ ਕੈਦੀਆਂ ਬਾਰੇ ਚਰਚਾ ਛਿੜ ਪਈ। ਰਿਸ਼ਤੇਦਾਰ ਜੋ ਡਿਪਟੀ ਸੁਪਰਡੈਂਟ (ਜੇਲ੍ਹਾਂ) ਰਿਟਾਇਰ ਹੋਇਆ ਸੀ, ਕਹਿਣ ਲੱਗਾ, “ਮੈਂ ਤੁਹਾਨੂੰ ਜੇਲ੍ਹ ਵਿਚ ਬੰਦ ਇੱਕ ਕੈਦੀ ਬਾਰੇ ਦੱਸਦਾਂ…।”
… ਜੇਲ੍ਹ ਦੇ ਬੰਦ ਅਹਾਤੇ ਵਿਚ ਚਾਰ ਚੱਕੀਆਂ (ਸੈੱਲ) ਸਨ। ਹਰ ਚੱਕੀ ਦਸ ਫੁੱਟ ਲੰਮੀ ਅਤੇ ਅੱਠ ਫੁੱਟ ਚੌੜੀ ਸੀ ਜਿਸ ਵਿਚ ਦੋ ਘੜੇ ਪਾਣੀ ਦੇ ਰੱਖੇ ਹੁੰਦੇ। ਇੱਕ ਘੜੇ ਵਿਚ ਪਾਣੀ ਪੀਣ ਲਈ ਹੁੰਦਾ ਸੀ ਅਤੇ ਦੂਜੇ ਵਿਚ ਨਹਾਉਣ ਧੋਣ ਆਦਿ ਲਈ। ਚੱਕੀਆਂ ਅੱਗੇ ਲੋਹੇ ਦੇ ਸਰੀਆਂ ਨਾਲ ਪਿੰਜਰੇ ਬਣੇ ਹੋਏ ਸਨ। ਪਾਣੀ ਪਾਉਣ ਆਉਂਦੇ ਮਾਛੀ ਅਤੇ ਸਵੇਰ, ਸ਼ਾਮ ਨੂੰ ਮੁਸ਼ੱਕਤੀ (ਕੈਦੀ ਕਾਮਾ) ਨੂੰ ਰੋਟੀਆਂ ਦੇਣ ਆਉਂਦਾ ਤੱਕ ਕੇ ਹੀ ਦੇਖਣ ਵਾਲਾ ਅੰਦਾਜ਼ਾ ਲਗਾ ਸਕਦਾ ਸੀ ਕਿ ਉਨ੍ਹਾਂ ਚੱਕੀਆਂ ਅੰਦਰ ਕੋਈ ਕੈਦੀ ਬੰਦ ਹੈ। ਮੁਲਕ ਗ਼ੁਲਾਮ ਸੀ ਤਾਂ ਅੰਗਰੇਜ਼ੀ ਹਕੂਮਤ ਆਜ਼ਾਦੀ ਪਰਵਾਨਿਆਂ ਨੂੰ ਇਨ੍ਹਾਂ ਚੱਕੀਆਂ ਵਿਚ ਬੰਦ ਕਰ ਦਿੰਦੀ ਸੀ। ਹੁਣ ਵਾਲੀ ਸਟੇਟ/ਰਿਆਸਤ ਵੀ ਵਿਰੋਧੀ ਆਵਾਜ਼ ਦਬਾਉਣ ਲਈ ਇਨ੍ਹਾਂ ਚੱਕੀਆਂ ਦੀ ਵਰਤੋਂ ਕਰਦੀ ਹੈ।…
ਮੈਂ ਉਸ ਦੀ ਗੱਲ ਦਾ ਹੁੰਗਾਰਾ ਭਰਦਿਆਂ ਚੱਕੀਆਂ ਬਾਰੇ ਵਿਚੋਂ ਹੀ ਆਪਣੀ ਰਾਇ ਦੇ ਦਿੱਤੀ। ਉਸ ਨੇ ਬਿਨਾ ਕੁਝ ਕਹੇ ਆਪਣੀ ਗੱਲ ਅੱਗੇ ਤੋਰੀ। … ਕਦੇ ਕਦੇ ਚੱਕੀਆਂ ਵਿਚੋਂ ਸਾਜ਼ ਨਾਲ ਕਿਸੇ ਦੇ ਗੀਤ ਗਾਉਣ ਦੀ ਆਉਂਦੀ। ਆਵਾਜ਼ ਤੋਂ ਪਤਾ ਲੱਗ ਜਾਂਦਾ ਸੀ ਕਿ ਸਿਰਫ਼ ਇੱਕ ਹੀ ਚੱਕੀ ਵਿਚ ਕੈਦੀ ਹੈ, ਬਾਕੀ ਤਿੰਨ ਚੱਕੀਆਂ ਖਾਲੀ ਹਨ। ਸਾਜ਼ ਦੀ ਆਵਾਜ਼ ਕਿਸੇ ਅਲਗੋਜ਼ੇ, ਢੋਲਕ, ਚਿਮਟੇ ਜਾਂ ਅਜਿਹੇ ਕਿਸੇ ਸਾਜ਼ ਦੇ ਵਜਾਉਣ ਨਾਲ ਨਹੀਂ ਆਉਂਦੀ ਸੀ, ਇਹ ਕੈਦੀ ਨੂੰ ਲੱਗੀ ਹੋਈ ਬੇੜੀ ਦੇ ਲੋਹੇ ਦੇ ਕੜਿਆਂ ਨੂੰ ਆਪਸ ਵਿਚ ਟਕਰਾਉਣ ਨਾਲ ਪੈਦਾ ਹੁੰਦੀ ਸੀ।
ਇਹ ਕੈਦੀ ਕੋਈ ਕਾਤਲ ਲੁਟੇਰਾ ਨਹੀਂ ਸੀ, ਵੀਹਾਂ ਕੁ ਵਰ੍ਹਿਆਂ ਦਾ ਗੱਭਰੂ ਸੀ ਜਿਸ ਨੇ ਡੀਜ਼ਲ ਦੀ ਥੁੜ ਕਾਰਨ ਕਿਸਾਨਾਂ ਵੱਲੋਂ ਜਗਰਾਉਂ ਵਿਚ ਕੀਤੇ ਮੁਜ਼ਾਹਰੇ ਦੀ ਅਗਵਾਈ ਕੀਤੀ ਸੀ।
“ਜਿਸ ਵਿਚ ਪੁਲੀਸ ਦੀ ਗੋਲੀ ਨਾਲ ਇੱਕ ਕਿਸਾਨ ਸ਼ਹੀਦੀ ਪਾ ਗਿਆ ਸੀ?” ਮੈਥੋਂ ਫਿਰ ਬੋਲਿਆ ਗਿਆ ਪਰ ਉਹ ਉਵੇਂ ਹੀ ਬੋਲਦਾ ਰਿਹਾ।…
… ਇਸ ਮੁਜ਼ਾਹਰੇ ਕਾਰਨ ਉਸ ਉੱਤੇ ਤਿੰਨ ਸੌ ਸੱਤ ਦਾ ਮੁਕੱਦਮਾ ਦਰਜ ਹੋਇਆ ਸੀ। ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋ ਕੇ ਪਤਝੜ ਜਿਹੀ ਜੂਨ ਹੰਢਾਉਂਦੇ ਕਿਰਤੀਆਂ ਦੀ ਲੁੱਟ ਖਿ਼ਲਾਫ਼, ਲੋਕ ਹਿਤਾਂ ਲਈ ਲੜੇ ਜਾ ਰਹੇ ਘੋਲਾਂ ਦੀ ਅਗਵਾਈ ਕਰਦਿਆਂ ਉਸ ਉੱਤੇ ਡੀਆਈਆਰ (ਡਿਫੈਂਸ ਆਫ ਇੰਡੀਆ ਰੂਲਜ਼) ਅਤੇ ਮੀਸਾ (ਮੇਨਟੇਨੈਂਸ ਆਫ ਇੰਟਰਨੈਸ਼ਨਲ ਸਕਿਓਰਿਟੀ ਐਕਟ) ਵਰਗੇ ਕਾਲੇ ਕਾਨੂੰਨਾਂ ਤਹਿਤ ਮੁਕੱਦਮੇ ਦਰਜ ਸਨ। ‘ਮੀਸਾ’ ਲੱਗਾ ਹੋਣ ਕਰ ਕੇ ਹੀ ਉਸ ਦੇ ਬੇੜੀ ਲੱਗੀ ਹੋਈ ਸੀ।
ਜੇਲ੍ਹ ’ਚ ਦਾਖ਼ਲ ਹੋਣ ਸਮੇਂ ਪਹਿਲਾਂ ਡਿਓਢੀ ਦੇ ਦੋ ਦਰਵਾਜ਼ੇ ਬੰਦ ਕੀਤੇ ਹੁੰਦੇ ਹਨ। ਇਸ ਤੋਂ ਅੱਗੇ ਅਹਾਤੇ ਦਾ ਦਰਵਾਜ਼ਾ ਬੰਦ ਹੁੰਦਾ ਹੈ। ਅਹਾਤੇ ਵਿਚ ਦਾਖ਼ਲ ਹੋਣ ਤੋਂ ਅੱਗੇ ਪਿੰਜਰਾ, ਫਿਰ ਚੱਕੀ ਦਾ ਦਰਵਾਜ਼ਾ ਬੰਦ ਹੁੰਦਾ ਹੈ। ਇਸ ਤਰ੍ਹਾਂ ਚੱਕੀ ਵਿਚ ਬੰਦ ਕੈਦੀ ਪੰਜ ਜਿੰਦਰਿਆਂ ਅੰਦਰ ਬੰਦ ਹੁੰਦਾ ਹੈ। ਜਦੋਂ ਇਨ੍ਹਾਂ ਚੱਕੀਆਂ ਵਿਚੋਂ ਇੱਕ ਵਿਚ ਹੀ ਕੈਦੀ ਹੋਵੇ ਤਾਂ ਚਾਰ ਚੁਫੇਰੇ ਪਸਰੀ ਖਾਮੋਸ਼ੀ ਬੜੀ ਡਰਾਉਣੀ ਹੁੰਦੀ ਹੈ। ਉੱਥੇ ਤਾਂ ਪੌਣ ਵੀ ਸਹਿਮੀ ਸਹਿਮੀ ਅੰਦਰਲਾ ਹਾਲ ਦੇਖਣ ਲਈ ਗੇੜਾ ਮਾਰਦੀ ਹੈ। ਦਿਨ ਰਾਤ ਥੋੜ੍ਹੀ ਜਿਹੀ ਥਾਂ ਵਿਚ ਕੰਧਾਂ ਨੂੰ ਤੱਕਣ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਦਿੰਦਾ। ਮਾੜਾ ਮੋਟਾ ਬੰਦਾ ਤਾਂ ਇਕੱਲਤਾ ਤੋਂ ਓਦਰ ਕੇ ਉਂਝ ਹੀ ਮਾਨਸਿਕ ਰੋਗੀ ਬਣ ਜਾਵੇ।
ਥੋੜ੍ਹੇ ਜਿਹੀ ਥਾਂ ਵਿਚ ਕੋਈ ਤੁਰ ਫਿਰ ਵੀ ਕਿੰਨਾ ਕੁ ਸਕਦਾ ਸੀ। ਬੇੜੀ ਕਾਰਨ ਤੁਰਨਾ ਵੀ ਹੌਲੀ ਹੌਲੀ ਅਭਿਆਸ ਨਾਲ ਹੀ ਆਉਂਦਾ ਹੈ। ਫਿਰ ਉਸ ਕੈਦੀ ਤੇ ਤਾਂ ਹੋਰ ਵੀ ਕਈ ਮੁਕੱਦਮੇ ਚੱਲਦੇ ਹੋਣ ਕਰ ਕੇ ਉਸ ਨੂੰ ਪੇਸ਼ੀ ਭੁਗਤਣ ਲਈ ਹੋਰ ਥਾਈਂ ਵੀ ਜਾਣਾ ਪੈਂਦਾ ਸੀ। ਪਹਿਲਾਂ ਪਹਿਲਾਂ ਤਾਂ ਉਸ ਨੂੰ ਬੇੜੀ ਨਾਲ ਬੱਸ ਵਿਚ ਚੜ੍ਹਨਾ, ਉਤਰਨਾ ਬੜਾ ਔਖਾ ਲੱਗਦਾ ਸੀ। ਹੌਲੀ ਹੌਲੀ ਆਦਤ ਬਣ ਗਈ। ਕੜਿਆਂ ਨਾਲ ਲੱਤਾਂ ਤੇ ਕਾਲੇ ਨਿਸ਼ਾਨ ਪੈ ਗਏ ਸਨ। ਕਈਆਂ ਦੇ ਤਾਂ ਕੜੇ ਵੱਜ ਵੱਜ ਕੇ ਜ਼ਖ਼ਮ ਵੀ ਹੋ ਜਾਂਦੇ। ਬੇੜੀ ਲੱਗੀ ਤੋਂ ਪੈਰਾਂ ਭਾਰ ਬੈਠਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਮਾਂ ਕੱਟਣ ਲਈ ਕਿਤਾਬਾਂ ਤਾਂ ਦੂਰ ਦੀ ਗੱਲ, ਉਸ ਕੈਦੀ ਨੂੰ ਤਾਂ ਪੜ੍ਹਨ ਲਈ ਅਖ਼ਬਾਰ ਵੀ ਨਹੀਂ ਦਿੱਤਾ ਜਾਂਦਾ ਸੀ।
ਉਸ ਉਦਾਸ ਫਿ਼ਜ਼ਾ ਨੂੰ ਹੁਲਾਸ ਦਾ ਸਕੂਨ ਭਰਿਆ ਬੁੱਲਾ ਉਤਸ਼ਾਹ ਨਾਲ ਭਰ ਦਿੰਦਾ ਜਦੋਂ ਚੱਕੀ ਵਿਚੋਂ ਬੇੜੀ ਦੀ ਛਣਕਾਰ ਨਾਲ ਗੂੰਜਦੇ ਬੋਲ ਅਹਾਤੇ ਦੀ ਖਮੋਸ਼ੀ ਚੀਰ ਕੇ ਪੌਣ ਵਿਚ ਘੁਲ ਜਾਂਦੇ। ਪੌਣ ਅਗਾਂਹ ਰੁੱਖਾਂ ਦੇ ਪੱਤਿਆਂ ਨਾਲ ਸਰਸਰਾਹਟ ਪੈਦਾ ਕਰਦੀ ਕਹਿੰਦੀ ਜਾਪਦੀ- ਜੇਲ੍ਹਾਂ ਬੇੜੀਆਂ ਵੀ ਕਦੇ ਲੋਕ ਹਿਤਾਂ ਲਈ ਜੂਝਣ ਵਾਲਿਆਂ ਨੂੰ ਰੋਕ ਸਕੀਆਂ ਹਨ! ਬੋਲਾਂ ਨਾਲ ਬੇੜੀ ਦੇ ਕੜੇ ਸਾਜ਼ ਬਣ ਜਾਂਦੇ:
ਪਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਅਕਸਰ
ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਅਕਸਰ।
ਰੋਟੀ ਦੇਣ ਆਇਆ ਮੁਸ਼ੱਕਤੀ ਆਪਣੀ ਕੁਰਖ਼ਤ ਆਵਾਜ਼ ਭੁੱਲ ਕੇ ਬੜੀ ਨਰਮਾਈ ਨਾਲ ਉਸ ਨੂੰ ਬਾਟੀ ਪਿੰਜਰੇ ਵਿਚੋਂ ਬਾਹਰ ਰੱਖਣ ਲਈ ਆਖਦਾ। ਤਿੰਨ ਰੋਟੀਆਂ ਜਿਨ੍ਹਾਂ ਨੂੰ ਨਫ਼ਰੀ ਕਿਹਾ ਜਾਂਦਾ ਸੀ, ਆਮ ਤੌਰ ਤੇ ਉਹ ਦੂਰੋਂ ਹੀ ਹੱਥਾਂ ਤੇ ਵਗਾਹ ਕੇ ਮਾਰਦਾ ਸੀ ਪਰ ਇੱਥੇ ਉਹ ਬੜੇ ਸਹਿਜ ਨਾਲ ਹੱਥਾਂ ਤੇ ਰੱਖ ਦਿੰਦਾ, ਜਿਵੇਂ ਉਹ ਉਸ ਦੀ ਲੈਅ ਵਿਚ ਭੰਗ ਨਾ ਪਾਉਣੀ ਚਾਹੁੰਦਾ ਹੋਵੇ। … ਫਿਰ ਮੇਰੀ ਉਸ ਜੇਲ੍ਹ ਤੋਂ ਬਦਲੀ ਹੋ ਗਈ, ਉਸ ਕੈਦੀ ਦਾ ਕੀ ਬਣਿਆ, ਮੈਨੂੰ ਪਤਾ ਨਹੀਂ।
“ਕਿਤੇ ਇਹ ਕੈਦੀ ਨਿਰਭੈ ਸਿੰਘ ਢੁੱਡੀਕੇ ਤਾਂ ਨਹੀਂ ਸੀ?” ਮੈਂ ਪੁੱਛਿਆ।
“ਹਾਂ ਹਾਂ, ਉਹੀ ਸੀ।”
… ਅਗਲੀ ਕਹਾਣੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ।… ਸਾਡਾ ਇਤਿਹਾਸ ਸਦੀਆਂ ਤੋਂ ਜਬਰ-ਜ਼ੁਲਮ, ਲੁੱਟ-ਖਸੁੱਟ ਅਤੇ ਲੋਕ-ਦੋਖੀ ਹਕੂਮਤਾਂ ਨਾਲ ਅੜਨ ਤੇ ਲੜਨ ਵਾਲਾ ਰਿਹਾ ਹੈ। ਇਸ ਵਿਰਾਸਤ ਨੂੰ ਸਮੇਂ ਸਮੇਂ ਅਣਖੀ ਵੀਰਾਂ ਭੈਣਾਂ ਨੇ ਸੰਘਰਸ਼ਾਂ ਰਾਹੀਂ ਅੱਗੇ ਤੋਰਿਆ ਹੈ। ਇਸ ਵਿਰਾਸਤ ਨੂੰ ਅੱਗੇ ਤੋਰਨ ਵਾਲਿਆਂ ਦਾ ਸਾਥੀ ਬਣ ਨਿਰਭੈ ਅਠਾਰਾਂ ਸਾਲਾਂ ਦੀ ਉਮਰ ਤੋਂ ਲੋਕ ਘੋਲਾਂ ਦਾ ਹਿੱਸਾ ਬਣਿਆ, ਹੁਣ ਸੱਤਰ ਸਾਲ ਦੀ ਉਮਰ ਹੋ ਜਾਣ ਤੇ ਵੀ ਸਿਰੜ ਅਤੇ ਸਿਦਕ ਨਾਲ ਲਗਾਤਾਰ ਤੁਰਦਾ ਸੰਘਰਸ਼ਾਂ ਦਾ ਅਣਥੱਕ ਰਾਹੀ ਬਣਿਆ ਹੋਇਆ। ਉਹ ਪਿਛਲੇ ਨੌਂ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਡਟਿਆ ਹੋਇਆ ਹੈ। … ਉਸ ਦੇ ਦੱਸਣ ਮੁਤਾਬਿਕ; “ਮੀਸਾ ਖ਼ਤਮ ਹੋਣ ਮਗਰੋਂ ਜਦੋਂ ਮੇਰੀ ਬੇੜੀ ਕੱਟੀ ਗਈ ਤਾਂ ਇਉਂ ਲੱਗਿਆ, ਜਿਵੇਂ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਹੋਵੇ।”
ਸੰਪਰਕ: 76260-63596