ਇੱਕ ਸਦੀ ਪਹਿਲਾਂ ਜਦੋਂ ਧਰਤੀ ਦੇ ਵੱਖ ਵੱਖ ਕੋਨਿਆਂ ਅੰਦਰ ਔਰਤ ਹੱਕਾਂ ਦੀ ਲਹਿਰ ਅੰਗੜਾਈ ਲੈ ਰਹੀ ਸੀ ਤਾਂ ਅਮਰੀਕਾ ਅੰਦਰ ਸ਼ਿਕਾਗੋ ਅਤੇ ਲਾਰੈਂਸ ਦੀਆਂ ਟੈਕਸਟਾਈਲ ਸਨਅਤਾਂ ਦੀਆਂ ਮਜ਼ਦੂਰ ਔਰਤਾਂ ਦੀ ਆਵਾਜ਼ ‘ਬਰੈੱਡ ਐਂਡ ਰੋਜ਼ਜ਼’ ਦਾ ਨਾਅਰਾ ਬਣ ਕੇ ਗੂੰਜੀ ਸੀ। ‘ਰੋਟੀ ਅਤੇ ਗੁਲਾਬ’ ਦੇ ਇਸ ਨਾਅਰੇ ਰਾਹੀਂ ਮਨੁੱਖ ਵਜੋਂ ਕਿਰਤ ਦੇ ਮੁੱਲ ਅਤੇ ਜਿ਼ੰਦਗੀ ਲਈ ਲੋੜੀਂਦੀ ਰੋਜ਼ੀ ਰੋਟੀ ਦੇ ਹੱਕ ਦੀ ਜ਼ਾਮਨੀ ਵੀ ਮੰਗੀ ਗਈ ਸੀ ਅਤੇ ਉਹ ਸਨਮਾਨ ਵੀ ਮੰਗਿਆ ਗਿਆ ਸੀ ਜਿਸ ਤੋਂ ਇਹ ਸਮਾਜ ਸਦੀਆਂ ਬੱਧੀ ਔਰਤਾਂ ਨੂੰ ਵਾਂਝੇ ਰੱਖਦਾ ਆਇਆ ਹੈ। ਇਹ ਨਾਅਰਾ ਔਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਕਿਰਤ ਦੀ ਮੁਕਤੀ ਦੇ ਸੰਘਰਸ਼ ਦੀ ਜੋਟੀ ਨੂੰ ਰੂਪਮਾਨ ਕਰਦਾ ਸੀ। ਔਰਤ ਹੱਕਾਂ ਦੀ ਇਹ ਆਵਾਜ਼ ਅਗਲੇ ਵਰ੍ਹਿਆਂ ਦੌਰਾਨ ਨਵੀਆਂ ਬੁਲੰਦੀਆਂ ਸੰਗ ਗੂੰਜੀ ਜਦੋਂ ਰੂਸ ਦੀ ਧਰਤੀ ਉੱਤੇ 8 ਮਾਰਚ 1917 ਨੂੰ ਪਹਿਲੀ ਸੰਸਾਰ ਜੰਗ ਖਿ਼ਲਾਫ਼ ਔਰਤਾਂ ਦਾ ਹੜ੍ਹ ਵਹਿ ਤੁਰਿਆ ਸੀ। ਸਦੀਆਂ ਤੋਂ ਦੂਜੇ ਦਰਜੇ ਦਾ ਨਾਗਰਿਕ ਹੋਣ ਦਾ ਸੰਤਾਪ ਹੰਢਾਉਂਦੀਆਂ ਰਹੀਆਂ ਇਹ ਧਰਤੀ ਜਾਈਆਂ ਉਸ ਸਾਮਰਾਜੀ ਜੰਗ ਖ਼ਿਲਾਫ਼ ਨਿੱਤਰ ਪਈਆਂ ਜਿਸ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ, ਪਰਿਵਾਰਾਂ, ਘਰਾਂ ਅਤੇ ਵਤਨ ਨੂੰ ਤਬਾਹ ਕਰ ਦਿੱਤਾ ਸੀ ਤੇ ਸਭ ਤੋਂ ਅਜ਼ੀਜ਼ ਚੀਜ਼ਾਂ ਉਨ੍ਹਾਂ ਕੋਲੋਂ ਖੋਹ ਲਈਆਂ ਸਨ। ਹਮੇਸ਼ਾ ਤੋਂ ਅਣਸੁਣੀ ਕੀਤੀ ਉਨ੍ਹਾਂ ਦੀ ਆਵਾਜ਼ ‘ਰੋਟੀ ਅਤੇ ਅਮਨ’ ਦਾ ਨਾਅਰਾ ਬਣ ਕੇ ਗੂੰਜ ਉਠੀ ਸੀ। ਇਸ ਨਾਅਰੇ ਨਾਲ ਪੀਤਰੋਗਰਾਦ ਅੰਦਰ ਰੂਸੀ ਔਰਤਾਂ ਦੇ ਵਿਸ਼ਾਲ ਮਾਰਚ ਨੇ ਸੰਸਾਰ ਨੂੰ ਦੱਸਿਆ ਕਿ ਮੰਡੀਆਂ ਅਤੇ ਮੁਨਾਫਿਆਂ ਦੀ ਹਿਰਸ ਵਿਚ ਲੋਕਾਂ ਉੱਤੇ ਮੜ੍ਹੀ ਇਸ ਸਾਮਰਾਜੀ ਜੰਗ ਦੌਰਾਨ ਆਬਾਦੀ ਦੇ ਲਤਾੜੇ ਅੱਧ ਦੇ ਸਰੋਕਾਰ ਕੀ ਹਨ। ਉਸ ਸਮੇਂ ਔਰਤਾਂ ਦੇ ਇਸ ਸਿਆਸੀ ਦਖ਼ਲ ਨੇ ਅਗਲੇ ਅਰਸੇ ਦੌਰਾਨ ਨਵੇਂ ਰੂਸ ਦੀ ਨੁਹਾਰ ਘੜਨ ਵਿਚ ਰੋਲ ਅਦਾ ਕੀਤਾ ਸੀ।
8 ਮਾਰਚ ਦਾ ਦਿਨ ਇਕ ਪਾਸੇ ਇਤਿਹਾਸ ਅੰਦਰ ਅਜਿਹੀਆਂ ਸ਼ਾਨਦਾਰ ਔਰਤ ਪੇਸ਼ਕਦਮੀਆਂ ਦਾ ਪ੍ਰਤੀਕ ਹੈ, ਦੂਜੇ ਪਾਸੇ ਇਸ ਸਮਾਜ ਅੰਦਰ ਅੱਜ ਵੀ ਮੌਜੂਦ ਵਿਤਕਰਿਆਂ ਦੀ ਮੌਜੂਦਗੀ ਦਾ ਗਵਾਹ ਹੈ। ਸਾਡੇ ਆਪਣੇ ਮੁਲਕ ਦਾ ਸਿਸਟਮ ਔਰਤਾਂ ਦੀ ਨਾ-ਬਰਾਬਰੀ ਅਤੇ ਔਰਤਾਂ ਉੱਪਰ ਦਾਬੇ ਪੱਖੋਂ ਵੱਡਾ ਗੁਨਾਹਗਾਰ ਬਣਿਆ ਹੈ। 1947 ਤੋਂ ਬਾਅਦ ਦੇ ਸਾਲ ਇੱਥੋਂ ਦੇ ਰੂੜੀਵਾਦੀ ਜਗੀਰੂ ਪ੍ਰਬੰਧ ਦੀਆਂ ਲਤਾੜੀਆਂ ਔਰਤਾਂ ਲਈ ਰਾਹਤ ਦੇ ਵਰ੍ਹੇ ਸਾਬਤ ਨਹੀਂ ਹੋਏ। ਅੱਜ ਭਾਰਤ ਔਰਤਾਂ ਦੀ ਨਾ-ਬਰਾਬਰੀ ਪੱਖੋਂ ਸਭ ਤੋਂ ਮਾੜੇ 16 ਮੁਲਕਾਂ ਵਿਚ ਸ਼ੁਮਾਰ ਹੈ।
ਇਹ ਨਾ-ਬਰਾਬਰੀ ਜਿਸ ਦੀਆਂ ਜੜ੍ਹਾਂ ਜਗੀਰੂ ਪਿਤਰਸੱਤਾ ਵਿਚ ਹਨ, ਮੁਲਕ ਦੀ ਸਾਮਰਾਜੀ ਲੁੱਟ ਨਾਲ ਗਹਿਰੀ ਹੋ ਰਹੀ ਹੈ। 1991 ਤੋਂ ਲਾਗੂ ਨਵੀਆਂ ਆਰਥਿਕ ਨੀਤੀਆਂ ਦੇ ਮਾਡਲ ਨੇ ਔਰਤਾਂ ਦੀ ਕਿਰਤ ਦੀ ਲੁੱਟ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਔਰਤਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਬਣਾਉਣ ਵਾਲਾ ਸਰਕਾਰੀ ਅਤੇ ਸਥਾਈ ਰੁਜ਼ਗਾਰ ਇਨ੍ਹਾਂ ਨੀਤੀਆਂ ਦੀ ਭੇਟ ਚੜ੍ਹ ਚੁੱਕਿਆ ਹੈ। ਠੇਕਾ ਰੁਜ਼ਗਾਰ ਪ੍ਰਬੰਧ ਅੰਦਰ ਅਸੁਰੱਖਿਅਤ ਰੁਜ਼ਗਾਰ ਇੱਕ ਪਾਸੇ ਔਰਤਾਂ ਲਈ ਅਨੇਕਾਂ ਪ੍ਰਕਾਰ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਕਰਨ ਅਤੇ ਮਾੜੀਆਂ ਕੰਮ ਹਾਲਤਾਂ ਵਿਚ ਨਿਭਾਅ ਕਰਨ ਦੀ ਮਜਬੂਰੀ ਖੜ੍ਹੀ ਕਰਦਾ ਹੈ; ਦੂਜੇ ਪਾਸੇ ਪਰਿਵਾਰਕ ਜ਼ਿੰਦਗੀ ਲਈ ਲੋੜੀਂਦੇ ਸਮੇਂ ਤੋਂ ਵਾਂਝੇ ਰੱਖਣ ਦਾ ਸਬਬ ਬਣਦਾ ਹੈ ਤੇ ਅਨੇਕਾਂ ਪ੍ਰਕਾਰ ਦੇ ਤਣਾਵਾਂ ਨੂੰ ਜਨਮ ਦਿੰਦਾ ਹੈ। ਇਨ੍ਹਾਂ ਨੀਤੀਆਂ ਤਹਿਤ ਵੱਡੇ ਪੱਧਰ ਤੇ ਸਰਕਾਰੀ ਸਕੂਲ ਅਤੇ ਕਾਲਜ ਬੰਦ ਹੋਏ ਹਨ, ਪ੍ਰਾਈਵੇਟ ਸਿੱਖਿਆ ਸੰਸਥਾਵਾਂ ਖੁੱਲ੍ਹੀਆਂ ਹਨ। ਸਰਕਾਰੀ ਕਾਲਜ ਬੰਦ ਅਤੇ ਨੇੜਲੇ ਕੇਂਦਰਾਂ ਵਿਚ ਲੋੜੀਂਦੇ ਕੋਰਸ ਨਾ ਹੋਣ ਨੇ ਵਿਦਿਆਰਥਣਾਂ, ਖਾਸਕਰ ਪੇਂਡੂ ਵਿਦਿਆਰਥਣਾਂ ਦੀ ਸਿੱਖਿਆ ਉੱਤੇ ਅਸਰ ਪਾਏ ਹਨ। ਇਨ੍ਹਾਂ ਨੀਤੀਆਂ ਤਹਿਤ ਸਨਅਤਾਂ ਅਤੇ ਹੋਰਨਾਂ ਥਾਵਾਂ ਉੱਤੇ ਸੁਰੱਖਿਅਤ ਕੰਮ ਹਾਲਤਾਂ ਦੀ ਜ਼ਾਮਨੀ ਕਰਦੇ ਕਿਰਤ ਕਾਨੂੰਨ ਖੋਰੇ ਗਏ ਹਨ ਜਿਸ ਦਾ ਸਭ ਤੋਂ ਵੱਧ ਸ਼ਿਕਾਰ ਔਰਤ ਕਾਮਾ ਸ਼ਕਤੀ ਬਣਦੀ ਹੈ। ਇਨ੍ਹਾਂ ਨੀਤੀਆਂ ਤਹਿਤ ਹੀ ਲੋੜੀਂਦੀਆਂ ਚੀਜ਼ਾਂ ਦੇ ਮੁਕਾਬਲੇ ਬਿਲੀਅਨ ਡਾਲਰਾਂ ਦੀ ਸੁੰਦਰਤਾ ਉਤਪਾਦਾਂ ਦੀ ਮੰਡੀ ਮੁਲਕ ਅੰਦਰ ਵਧੀ ਫੁੱਲੀ ਹੈ ਤੇ ਔਰਤ ਨੂੰ ਵਸਤੂ ਵਜੋਂ ਪੇਸ਼ ਕਰਦੇ ਸੱਭਿਆਚਾਰ ਦਾ ਪਸਾਰਾ ਹੋਇਆ ਹੈ। ਇਉਂ ਨਵੀਆਂ ਆਰਥਿਕ ਨੀਤੀਆਂ ਤੇ ਆਧਾਰਿਤ ਕਾਰਪੋਰੇਟੀ ਵਿਕਾਸ ਮਾਡਲ ਨਾ ਸਿਰਫ਼ ਲੋਕ ਹਿੱਤਾਂ ਦੇ ਉਲਟ ਭੁਗਤਦਾ ਹੈ ਬਲਕਿ ਇਹ ਔਰਤਾਂ ਦੇ ਹਿੱਤਾਂ ਨਾਲ ਟਕਰਾਵਾਂ ਮਾਡਲ ਵੀ ਹੈ।
ਬੀਤੇ ਵਰਿੵਆਂ ਦੌਰਾਨ ਭਾਰਤ ਦੇ ਹਾਕਮਾਂ ਦੀ ਸਿਆਸਤ ਇੱਕ ਪਾਸੇ ਕਾਰਪੋਰੇਟੀ ਵਿਕਾਸ ਮਾਡਲ ਨੂੰ ਔਰਤਾਂ ਸਮੇਤ ਸਭ ਲੋਕਾਂ ਦੇ ਵਿਕਾਸ ਦੇ ਮਾਡਲ ਵਜੋਂ ਪੇਸ਼ ਕਰ ਰਹੀ ਹੈ; ਦੂਜੇ ਪਾਸੇ ਇਸ ਸਿਆਸਤ ਅੰਦਰ ਪਿਛਾਖੜੀ ਬਿਰਤੀਆਂ ਤੇ ਲਾਮਬੰਦੀਆਂ ਨੂੰ ਹੁਲਾਰਾ ਦਿੱਤਾ ਗਿਆ ਹੈ। ਧਰਮਾਂ ਜਾਤਾਂ ਦੁਆਲੇ ਹੁੰਦੀਆਂ ਪਿਛਾਖੜੀ ਲਾਮਬੰਦੀਆਂ ਉਪਰ ਬੁਣੀ ਸਿਆਸਤ ਸਿਰੇ ਦੀ ਔਰਤ ਵਿਰੋਧੀ ਸਿਆਸਤ ਹੈ ਜਿਸ ਨੇ ਔਰਤਾਂ ਖ਼ਿਲਾਫ਼ ਅਣਗਿਣਤ ਅਪਰਾਧਾਂ ਨੂੰ ਜਨਮ ਦਿੱਤਾ ਹੈ। ਫਿ਼ਰਕੂ ਅਤੇ ਜਾਤੀ ਹਿੰਸਾ ਦੀ ਹਨੇਰੀ ਵਾਰ ਵਾਰ ਘੱਟ ਗਿਣਤੀ ਅਤੇ ਦਲਿਤ ਔਰਤਾਂ ਉੱਤੇ ਵਹਿਸ਼ਤ ਬਣ ਕੇ ਝੁੱਲਦੀ ਹੈ।
ਮੁਲਕ ਅੰਦਰ ਔਰਤਾਂ ਦੀ ਮੁਕਤੀ ਉਸ ਪ੍ਰਬੰਧ ਨੂੰ ਬਦਲਣ ਨਾਲ ਜੁੜੀ ਹੋਈ ਹੈ ਜਿਸ ਦੀ ਸਿਆਸਤ ਇੱਕ ਪਾਸੇ ਜਗੀਰੂ ਰੂੜੀਵਾਦੀ ਸੰਸਕਾਰਾਂ ਦੀ ਪੁਸ਼ਤ ਪਨਾਹੀ ਕਰਦੀ ਤੇ ਪਿੱਤਰਸੱਤਾ ਨੂੰ ਮਜ਼ਬੂਤ ਕਰਦੀ ਹੈ, ਦੂਜੇ ਪਾਸੇ ਔਰਤਾਂ ਦੇ ਪੂੰਜੀਵਾਦੀ ਸ਼ੋਸ਼ਣ ਦਾ ਰਾਹ ਖੋਲ੍ਹਦੀ ਹੈ। ਇਸ ਪ੍ਰਬੰਧ ਦਾ ਹਿਤ ਆਬਾਦੀ ਦੇ ਅੱਧ ਦੀ ਸਰਗਰਮ ਸਿਆਸੀ ਸ਼ਮੂਲੀਅਤ ਵਿਚ ਨਹੀਂ ਸਗੋਂ ਗ਼ੈਰ-ਸਰਗਰਮੀ ਵਿਚ ਹੈ। ਇਸੇ ਲਈ ਔਰਤ ਹੱਕਾਂ ਦਾ ਸੰਘਰਸ਼ ਉਨ੍ਹਾਂ ਸਾਰੇ ਮਰਦ ਹਿੱਸਿਆਂ ਨਾਲ ਸਾਂਝਾ ਸੰਘਰਸ਼ ਬਣਦਾ ਹੈ ਜਿਹੜੇ ਖੁਦ ਸਾਡੇ ਮੁਲਕ ਦੀ ਜਗੀਰੂ ਅਤੇ ਸਾਮਰਾਜੀ ਲੁੱਟ ਦੇ ਪੀੜਤ ਹਨ, ਇਸ ਪ੍ਰਬੰਧ ਦੀ ਸਿਆਸਤ ਅੰਦਰ ਹਾਸ਼ੀਏ ਤੋਂ ਬਾਹਰ ਹਨ। ਸਦੀਆਂ ਤੋਂ ਖੁੱਸੇ ਸਨਮਾਨ ਲਈ ਔਰਤਾਂ ਦਾ ਸੰਗਰਾਮ ਸਦੀਆਂ ਦੇ ਅਨਿਆਂ ਖਿਲਾਫ ਸਮੂਹ ਕਿਰਤੀ ਲੋਕਾਂ ਦੇ ਸੰਗਰਾਮ ਦਾ ਹੀ ਹਿੱਸਾ ਹੈ ਜਿਸ ਸੰਗਰਾਮ ਰਾਹੀਂ ਮਰਦਾਵੇਂ ਦਾਬੇ ਦੀ ਜੰਮਣ ਭੋਇੰ ਬਣਦੀਆਂ ਜਗੀਰੂ ਨੀਂਹਾਂ ਅਤੇ ਇਸ ਨੂੰ ਤਕੜਾ ਕਰਦੀ ਸਾਮਰਾਜੀ ਲੁੱਟ ਨੂੰ ਚੁਣੌਤੀ ਦਿੱਤੀ ਜਾਣੀ ਹੈ।
ਹਾਲੀਆ ਵਰ੍ਹੇ ਇਸ ਰਾਹ ’ਤੇ ਪੇਸ਼ਕਦਮੀ ਦੇ ਗਵਾਹ ਬਣੇ ਹਨ। ਨਾਗਰਿਕਤਾ ਸੋਧ ਕਾਨੂੰਨ ਖਿ਼ਲਾਫ਼ ਸ਼ਾਹੀਨ ਬਾਗ਼ ਦਾ ਮੋਰਚਾ ਜਾਗ ਰਹੀ ਔਰਤ ਤਾਕਤ ਦੀ ਨਿਸ਼ਾਨੀ ਬਣਿਆ ਹੈ। ਇਹ ਸਾਂਝਾ ਸੰਘਰਸ਼ ਉਹ ਸਾਧਨ ਬਣਿਆ ਜਿਸ ਨੇ ਘਰਾਂ ਦੀਆਂ ਚਾਰ-ਦੀਵਾਰੀਆਂ ਪਿੱਛੋਂ ਬਾਹਰ ਲਿਆ ਕੇ ਔਰਤਾਂ ਨੂੰ ਲੋਕ ਵਿਰੋਧੀ ਕਦਮ ਖਿਲਾਫ ਸਿਆਸੀ ਤੌਰ ਤੇ ਸਰਗਰਮ ਸ਼ਕਤੀ ਵਿਚ ਪਲਟਿਆ ਹੈ। ਇਸੇ ਤਰ੍ਹਾਂ ਖੇਤੀ ਕਾਨੂੰਨਾਂ ਖਿ਼ਲਾਫ਼ ਸੰਘਰਸ਼ ਦੌਰਾਨ ਵਿਸ਼ਾਲ ਗਿਣਤੀ ਵਿਚ ਲਾਮਬੰਦ ਹੋਈ ਔਰਤ ਸ਼ਕਤੀ ਇਸ ਸੰਘਰਸ਼ ਦੀ ਤਾਕਤ ਰਹੀ ਹੈ। ਦੇਸ਼ ਦੀਆਂ ਨੀਤੀਆਂ ਵਿਚ ਇਸ ਤਾਕਤ ਦੇ ਸਰਗਰਮ ਸਿਆਸੀ ਦਖ਼ਲ ਸਦਕਾ ਹੀ ਖੇਤੀ ਕਾਨੂੰਨਾਂ ਦੀ ਵਾਪਸੀ ਸੰਭਵ ਹੋਈ ਹੈ। ਰੁਜ਼ਗਾਰ ਅਤੇ ਖੇਤੀ ਬਚਾਉਣ ਦਾ ਇਹ ਸੰਘਰਸ਼ ਔਰਤਾਂ ਨੂੰ ਚੁੱਲ੍ਹੇ ਚੌਂਕਿਆਂ ਤੋਂ ਬਾਹਰ ਵੀ ਲੈ ਕੇ ਆਇਆ ਹੈ ਅਤੇ ਉਨ੍ਹਾਂ ਅੰਦਰ ਮੁਲਕ ਦੇ ਅਤੇ ਉਨ੍ਹਾਂ ਦੇ ਆਪਣੇ ਹਿੱਤਾਂ ਪ੍ਰਤੀ ਸੋਝੀ ਭਰਨ ਦਾ ਸਾਧਨ ਵੀ ਬਣਿਆ ਹੈ।
ਇਹ ਸੰਘਰਸ਼ ਉਹ ਜ਼ਮੀਨ ਸਿੰਜ ਰਹੇ ਹਨ ਜਿਨ੍ਹਾਂ ਉੱਪਰ ਭਵਿੱਖ ਵਿਚ ਲਿੰਗਕ ਵਿਤਕਰੇ ਸਮੇਤ ਹਰ ਤਰ੍ਹਾਂ ਦੇ ਵਿਤਕਰਿਆਂ ਨੂੰ ਚੁਣੌਤੀ ਦਿੱਤੀ ਜਾਣੀ ਹੈ, ਜਿਸ ਉੱਪਰ ਮਰਦਾਵੇਂ ਦਾਬੇ ਸਮੇਤ ਹਰ ਤਰ੍ਹਾਂ ਦੇ ਦਾਬਿਆਂ ਨੂੰ ਟੱਕਰ ਦਿੱਤੀ ਜਾਣੀ ਹੈ ਅਤੇ ਜਿਸ ਜ਼ਰਖੇਜ਼ ਜ਼ਮੀਨ ਵਿਚੋਂ ‘ਸਭਨਾਂ ਲਈ ਰੋਟੀ ਅਤੇ ਗੁਲਾਬ ਵੀ’ ਹਾਸਿਲ ਕੀਤੇ ਜਾਣੇ ਹਨ।
ਸੰਪਰਕ: 94179-54575