ਹਰਜਿੰਦਰ ਸਿੰਘ ਗੁਲਪੁਰ
ਜਦੋਂ ਅਸੀਂ ਇਨ੍ਹਾਂ ਸਕੂਲਾਂ ਵਿਚ ਦਾਖਲ ਹੋਣ ਲਈ ਖੰਭ ਤੋਲ ਰਹੇ ਸੀ ਤਾਂ ਇਹ ਟੋਟਕਾ ਬਹੁਤ ਮਸ਼ਹੂਰ ਹੁੰਦਾ ਸੀ- ਸਾਹਿਬਾ ਸੜੋਆ ਹਾਈ ਸਕੂਲ, ਟੁੱਟ ਗਈਆਂ ਬੈਂਤਾਂ ਬਣਾ ਲਏ ਰੂਲ’। ਇਸ ਟੋਟਕੇ ਦੀ ਦਹਿਸ਼ਤ ਦੇ ਬਾਵਜੂਦ 1965-66 ਦੇ ਵਿਦਿਅਕ ਸੈਸ਼ਨ ਦੌਰਾਨ ਅਸੀਂ ਪਿੰਡ ਦੇ 6 ਹਮਜਮਾਤੀਆਂ ਨੇ ਸਰਕਾਰੀ ਹਾਈ ਸਕੂਲ ਸਾਹਿਬਾ ਵਿਚ ਛੇਵੀਂ ਚ ਦਾਖਲਾ ਲੈ ਲਿਆ। ਜਦੋਂ ਸਾਡੇ ਪਿੰਡ ਗੁਲਪੁਰ ਪ੍ਰਾਇਮਰੀ ਸਕੂਲ ਖੁੱਲ੍ਹਿਆ ਤਾਂ ਅਸੀਂ ਗੁਆਂਢੀ ਪਿੰਡ ਕਰਾਵਰ ਦੇ ਪ੍ਰਾਇਮਰੀ ਸਕੂਲ ਵਿਚ ਦੂਜੀ ਜਮਾਤ ਦੇ ਵਿਦਿਆਰਥੀ ਸੀ। ਜਿਵੇਂ ਜਿਵੇਂ ਅਸੀਂ ਜਮਾਤਾਂ ਦੀਆਂ ਪੌੜੀਆਂ ਚੜ੍ਹਦੇ ਗਏ, ਪਿੰਡ ਦਾ ਸਕੂਲ ਵੀ ਤਰੱਕੀ ਕਰਦਾ ਕਰਦਾ ਸਾਡੇ ਮਗਰ ਮਗਰ ਚੜ੍ਹਦਾ ਰਿਹਾ।
ਸਾਨੂੰ ਹਮੇਸ਼ਾ ਮਲਾਲ ਰਿਹਾ ਕਿ ਅਸੀਂ ਪਿੰਡ ਦੇ ਸਕੂਲ ਦਾ ਲਾਹਾ ਨਹੀਂ ਲੈ ਸਕੇ; ਮਨ ਨੂੰ ਸਕੂਨ ਹੈ ਕਿ ਇਹ ਸਕੂਲ ਇਸ ਸਮੇਂ ਉਨ੍ਹਾਂ ਬੱਚਿਆਂ ਦੀ ਬਾਂਹ ਫੜ ਕੇ ਰਾਹ ਰਸਤੇ ਦੱਸ ਰਿਹਾ ਹੈ ਜਿਨ੍ਹਾਂ ਦੇ ਮਾਪੇ ‘ਰੀਸ ਦੀ ਘੜੀਸ’ ਵਿਚ ਫਸਣ ਦੀ ਥਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਉੱਤੇ ਯਕੀਨ ਰੱਖ ਰਹੇ ਹਨ। ਉਂਝ, ਹਕੀਕਤ ਇਹ ਵੀ ਹੈ ਕਿ ਇਨ੍ਹਾਂ ਦੇ ਮਾਪੇ ਭਾਰੀ ਭਰਕਮ ਫੀਸਾਂ ਦੇਣ ਦੇ ਸਮਰੱਥ ਨਹੀਂ ਹਨ; ਜੇ ਹੁੰਦੇ ਤਾਂ ਉਹ ਵੀ ਯੋਗ ਅਧਿਆਪਕਾਂ ਤੇ ਭਰੋਸਾ ਕਰਨ ਦੀ ਥਾਂ ਪ੍ਰਾਈਵੇਟ ਸਕੂਲਾਂ ਦੀ ਚਮਕ ਦਮਕ ਤੇ ਹੀ ਭਰੋਸਾ ਕਰਦੇ। ਇਨ੍ਹਾਂ ਵਿਦਿਆਰਥੀਆਂ ਵਿਚੋਂ ਬਹੁਤਿਆਂ ਦੇ ਮਾਪੇ ਰਿਜ਼ਕ ਪਿੱਛੇ ਚੱਲ ਕੇ ਆਏ ਸੁਰਜੀਤ ਪਾਤਰ ਦੇ ‘ਨੰਦ ਕਿਸ਼ੋਰ’ ਹਨ।
ਖੈਰ! ਕੁਝ ਸਾਲਾਂ ਤੋਂ ਨੌਜਵਾਨ ਅਧਿਆਪਕਾਂ ਅਤੇ ਦਾਨੀ ਭਰਾਵਾਂ ਦੀ ਮਿਹਨਤ ਸਦਕਾ ਇਹ ਸਕੂਲ ਸਮਾਰਟ ਸਕੂਲਾਂ ਵਿਚ ਤਬਦੀਲ ਹੋ ਰਹੇ ਹਨ। ਉਸ ਸਮੇਂ ਇਨ੍ਹਾਂ ਸਕੂਲਾਂ ਵਿਚੋਂ ਪੰਜਵੀਂ ਪਾਸ ਕਰਨ ਮਗਰੋਂ ਸਾਡੇ ਰਾਹ ਦੋ ਸਕੂਲਾਂ ਵੱਲ ਜਾਂਦੇ ਸਨ। ਗੁਰੂ ਨਾਨਕ ਖਾਲਸਾ ਹਾਈ ਸਕੂਲ ਮਜਾਰੀ ਅਤੇ ਸਰਕਾਰੀ ਹਾਈ ਸਕੂਲ ਸਾਹਿਬਾ। ਸਕੂਲ ਤਾਂ ਹੋਰ ਵੀ ਸਨ ਪਰ ਸਾਡੇ ਪਿੰਡਾਂ ਨੂੰ ਨੇੜੇ ਇਹੀ ਸਕੂਲ ਪੈਂਦੇ ਸਨ। ਸਾਹਿਬਾ ਸਕੂਲ ਉਸ ਸਮੇਂ ਵਿੱਦਿਅਕ ਹੱਬ ਵਲੋਂ ਜਾਣਿਆ ਜਾਂਦਾ ਸੀ। ਉਨ੍ਹੀਂ ਦਿਨੀਂ ਪੂਰੇ ਇਲਾਕੇ ਲਈ ਸਾਹਿਬਾ ਵੱਡਾ ਖਰੀਦ ਕੇਂਦਰ ਸੀ। ਉਦੋਂ ਅਜੇ ਕੋਈ ਸੰਪਰਕ ਸੜਕ ਨਹੀਂ ਸੀ ਬਣੀ ਜੋ ਇਸ ਕਸਬੇ ਨੂੰ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਸੜਕ ਨਾਲ ਜੋੜਦੀ। ਇਉਂ ਜਿ਼ਆਦਾਤਰ ਅਧਿਆਪਕ ਦੂਰ ਦੁਰਾਡੇ ਨਾਲ਼ ਸਬੰਧਿਤ ਹੋਣ ਕਾਰਨ ਮਜਬੂਰੀ ਵੱਸ ਇਸੇ ਕਸਬੇ ਵਿਚ ਰਹਿੰਦੇ ਹਨ। ਉਨ੍ਹਾਂ ਇੱਥੇ ਆਪਣੀ ਕਿਸਮ ਦਾ ਵਿਦਿਅਕ ਸੰਸਾਰ ਸਿਰਜ ਦਿੱਤਾ ਸੀ। ਟਿਊਸ਼ਨਾਂ ਪੜ੍ਹਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ। ਖਾਲਸਾ ਹਾਈ ਸਕੂਲ ਮਜਾਰੀ ਸਰਕਾਰੀ ਏਡਿਡ ਸਕੂਲ ਸੀ। ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਸ ਇਲਾਕੇ ਦੇ ਬਜ਼ੁਰਗਾਂ ਨੇ ਗਿਆਨੀ ਕਰਤਾਰ ਸਿੰਘ (ਜੋ ਬਾਅਦ ਵਿਚ ਵਜ਼ੀਰ ਵੀ ਬਣੇ) ਦੇ ਜ਼ਰੀਏ ਇਹ ਸਕੂਲ ਪਾਕਿਸਤਾਨ ਤੋਂ ਤਬਦੀਲ ਕਰਾਇਆ ਸੀ। ਨਜ਼ਦੀਕੀ ਪਿੰਡ ਮਹਿੰਦਪੁਰ ਦਾ ਕੇਐੱਸਡੀ (ਕੰਮੋ ਕੀ ਸਨਾਧਨ ਧਰਮ) ਹਾਈ ਸਕੂਲ ਵੀ ਪਾਕਿਸਤਾਨ ਵਿਚ ਚਲਦਾ ਹੁੰਦਾ ਸੀ। ਸੜੋਆ ਇਥੋਂ 6-7 ਕਿਲੋਮੀਟਰ ਹੀ ਦੂਰ ਹੈ।
ਉਸ ਵਕਤ ਸਾਹਿਬਾ ਸਕੂਲ ਦੇ ਆਲੇ-ਦੁਆਲੇ ਵੱਡਾ ਜੰਗਲ ਫੈਲਿਆ ਹੋਇਆ ਸੀ। ਸਕੂਲ ਦੇ ਚੜ੍ਹਦੇ ਪਾਸੇ 80 ਏਕੜ ਵਿਚ ਫੈਲੀ ਚਰਾਂਦ ਸੀ ਜੋ ਮਲ੍ਹੇ-ਝਾੜੀਆਂ ਨਾਲ਼ ਅੱਟੀ ਪਈ ਸੀ। ਇਨ੍ਹਾਂ ਨੂੰ ਬਹੁਤ ਮਿੱਠੇ ਬੇਰ ਲਗਦੇ ਸਨ ਜਿਨ੍ਹਾਂ ਨੂੰ ਸਾਡੇ ਇਲਾਕੇ ਵਿਚ ਕੂਰੀਆਂ ਕਹਿੰਦੇ ਹਨ। ਇੱਥੋਂ ਤੱਕ ਕਿ ਦਰਜਨਾਂ ਮਲ੍ਹੇ-ਝਾੜੀਆਂ ਸਕੂਲ ਦੀ ਚੜ੍ਹਦੇ ਪਾਸੇ ਵਾਲੀ ਹਦੂਦ ਦੇ ਅੰਦਰ ਵੀ ਸਨ। ਸਾਡੇ ਮਿਹਨਤੀ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਮਦਦ ਨਾਲ ਇਨ੍ਹਾਂ ਨੂੰ ਜੜ੍ਹੋਂ ਪੁੱਟਣਾ ਸ਼ੁਰੂ ਕਰ ਦਿੱਤਾ ਸੀ। ਨੇੜਲੇ ਪਿੰਡਾਂ ਦੇ ਕਿਸਾਨੀ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥੀ ਦੱਸੇ ਗਏ ਦਿਨ ਕਹੀਆਂ ਤੇ ਕੁਹਾੜੀਆਂ ਆਪਣੇ ਨਾਲ ਲੈ ਆਉਂਦੇ। ਸਕੂਲ ਦੇ ਆਲੇ-ਦੁਆਲੇ ਪਿੱਪਲਾਂ, ਬੋਹੜਾਂ ਅਤੇ ਪਿਲਕਣਾਂ ਨੇ ਇਸ ਰੇਤਲੀ ਧਰਤੀ ਨੂੰ ਗੁੜ੍ਹੀਆਂ ਛਾਵਾਂ ਨਾਲ ਉਦੋਂ ਵੀ ਢਕਿਆ ਹੋਇਆ ਸੀ, ਹੁਣ ਵੀ ਢਕਿਆ ਹੋਇਆ ਹੈ। ਇਨ੍ਹਾਂ ਨੂੰ ਲਾਉਣ ਵਾਲੇ ਦਰਵੇਸ਼ ਪਤਾ ਨਹੀਂ ਕੌਣ ਸਨ। ਛੁੱਟੀ ਵੇਲੇ ਵਿਦਿਆਰਥੀ ਅਧਿਆਪਕਾਂ ਨੂੰ ਝਕਾਨੀ ਦੇ ਕੇ ਚਰਾਂਦ ਵਿਚ ਬੇਰ ਖਾਣ ਲਈ ਚਲੇ ਜਾਂਦੇ ਸਨ। ਸਕੂਲ ਦੇ ਦੱਖਣ ਵੱਲ ਬੇਰੀਆਂ ਦਾ ਬਹੁਤ ਵੱਡਾ ਬਾਗ ਸੀ। ਜਦੋਂ ਪੇਂਦੜ ਬੇਰ ਲਗਦੇ ਤਾਂ ਰਾਖਿਆਂ ਦੇ ਬਾਵਜੂਦ ਵਿਦਿਆਰਥੀ ਬੇਰ ਤੋੜ ਲਿਆਉਂਦੇ।
ਇਸ ਸਕੂਲ ਦੀ ਪੜ੍ਹਾਈ ਤੇ ਕੁਟਾਈ ਬਹੁਤ ਮਸ਼ਹੂਰ ਸੀ। ਕੰਪਾਸ, ਚੁੰਬਕ, ਬੀਕਰ ਅਤੇ ਕੱਚ ਦੀਆਂ ਨਾਲੀਆਂ ਮੋੜਨ ਦੇ ਢੰਗ ਪਹਿਲੀ ਵਾਰ ਇੱਥੇ ਹੀ ਦੇਖੇ/ਸਿੱਖੇ ਸਨ। ਅਧਿਆਪਕ ਰੱਜ ਕੇ ਪੜ੍ਹਾਉਂਦੇ ਅਤੇ ਰੱਜ ਕੇ ਕੁੱਟਦੇ ਵੀ ਸਨ। ਜਿਨ੍ਹਾਂ ਵਿਦਿਆਰਥੀਆਂ ਨੇ ਘਰੇ ਦਿੱਤਾ ਕੰਮ ਨਾ ਕੀਤਾ ਹੁੰਦਾ, ਉਹ ਪੰਜੀ ਜਾਂ ਦਸੀ ਦੀ ਸੁਖਣਾ ਸਕੂਲ ਤੋਂ ਬਾਹਰ ਬਣੇ ਨਿੱਕੇ ਜਿਹੇ ਸਥਾਨ ਤੇ ਸੁੱਖਦੇ। ਸਾਡੇ ਲਈ ਇਹ ਸਥਾਨ ‘ਪਾਤਕਾ’ ਸੀ। ਹੁਣ ਇੱਥੇ ਮੰਦਰ ਹੈ। ਬਾਬੇ ਛੱਜੂ ਦੇ ਛੋਲਿਆਂ ਅਤੇ ਬਾਬੇ ਨੰਤੂ ਦੀ ਬਰਫੀ ਦਾ ਸੁਆਦ ਵੱਖਰਾ ਹੀ ਹੁੰਦਾ। ਦੁਪਹਿਰ ਨੂੰ ਘਰੋਂ ਲਿਆਂਦੀ ਰੋਟੀ ਖਾਣ ਲਈ 10 ਕੁ ਪੈਸੇ ਦੇ ਛੋਲੇ ਬਹੁਤ ਹੁੰਦੇ। ਇੰਨਾ ਸਮਾਂ ਬੀਤਣ ਦੇ ਬਾਵਜੂਦ ਇਨ੍ਹਾਂ ਛੋਲਿਆਂ ਦਾ ਜ਼ਾਇਕਾ ਨਹੀਂ ਭੁੱਲਿਆ। ਸਕੂਲ ਤੋਂ ਦੱਖਣ ਵਾਲੇ ਪਾਸੇ ਬੇਰੀਆਂ ਦਾ ਬਾਗ਼ ਟੱਪ ਕੇ ਸਰਕਾਰੀ ਡਿਸਪੈਂਸਰੀ ਹੁੰਦੀ ਸੀ ਜੋ 1928 ਵਿਚ ਬਣੀ ਦੱਸੀ ਜਾਂਦੀ ਸੀ। ਸਿੱਖਿਆ ਅਤੇ ਸਿਹਤ ਨਾਲ ਸਬੰਧਿਤ ਇਹ ਦੋਵੇਂ ਸਰਕਾਰੀ ਅਦਾਰੇ ਉਸ ਸਮੇਂ ਕਸਬੇ ਦੀ ਆਬਾਦੀ ਤੋਂ ਲਗਭਗ ਦੋ ਫਰਲਾਂਗ ਦੂਰ ਸਨ। ਸਕੂਲ ਨਾਲ ਜੁੜਦੇ ਸਾਰੇ ਰਸਤੇ ਰੇਤਲੇ ਸਨ।
ਉਦੋਂ ਬਲਾਚੌਰ ਹਲਕਾ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੁੰਦਾ ਸੀ। ਜਿ਼ਲ੍ਹੇ ਦੇ ਸਾਰੇ ਸਕੂਲਾਂ ਵਿਚ ਫੁੱਟਬਾਲ, ਕਬੱਡੀ ਆਦਿ ਦੀਆਂ ਟੀਮਾਂ ਹੁੰਦੀਆਂ ਸਨ ਪਰ ਇਸ ਸਕੂਲ ਵਿਚ ਅਥਲੈਟਿਕਸ ਵੀ ਕਰਵਾਈਆਂ ਜਾਂਦੀਆਂ। ਇਸ ਸਕੂਲ ਵਿਚ ਮੇਰੇ ਬਾਬਾ ਜੀ ਮਾਸਟਰ ਬੰਤਾ ਰਾਮ ਛੋਕਰ, ਚਾਚਾ ਜੀ ਗੁਰਦੇਵ ਸਿੰਘ ਛੋਕਰ ਅਤੇ ਸਾਡੇ ਹੀ ਪਿੰਡ ਦੇ ਹਾਸਰਸ ਕਵੀ ਤੇ ਅੰਗਰੇਜ਼ੀ ਦੇ ਗੂੜ੍ਹ ਗਿਆਨੀ ਰਾਮ ਪ੍ਰਕਾਸ਼ ਪਨੇਸਰ ਜੀ ਪੜ੍ਹਾਉਂਦੇ ਰਹੇ ਹਨ। ਇਸ ਸਕੂਲ ਵਿਚੋਂ ਪੜ੍ਹ ਕੇ ਨਿਕਲੇ ਵਿਦਿਆਰਥੀਆਂ ਨੇ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਵਿਚ ਸੰਤਾਲੀ ਵੇਲੇ ਪਾਕਿਸਤਾਨ ਗਏ ਵਿਦਿਆਰਥੀ ਵੀ ਸ਼ਾਮਿਲ ਹਨ।
ਹੁਣ ਭਾਵੇਂ ਬਹੁਤ ਸਾਰੇ ਪ੍ਰਾਈਵੇਟ ਸਕੂਲ ਬਣ ਗਏ ਹਨ ਪਰ ਪੂਰੇ ਜਿ਼ਲ੍ਹੇ ਵਿਚ ਸਾਹਿਬਾ, ਸੜੋਆ, ਬਲਾਚੌਰ (ਬੀਏਵੀ), ਰਾਹੋਂ ਆਦਿ ਸਕੂਲਾਂ ਦੀ ਤੂਤੀ ਬੋਲਦੀ ਰਹੀ ਹੈ। ਉਦੋਂ ਅਤੇ ਅੱਜ ਦਰਮਿਆਨ ਫਰਕ ਇਹ ਹੈ ਕਿ 70-80 ਕਿੱਲਿਆਂ ਵਿਚ ਫੈਲੀ ਚਰਾਂਦ ਦਾ ਹੁਣ ਕੋਈ ਨਾਮ-ਓ-ਨਿਸ਼ਾਨ ਨਹੀਂ ਹੈ। ਇੱਟਾਂ ਪੱਥਰਾਂ ਨੇ ਧਰਤੀ ਦੇ ਸਾਹ ਬੰਦ ਕਰ ਦਿੱਤੇ ਹਨ। ਬਸ ਬੇਰੀਆਂ ਦੇ ਬਾਗ ਦੀ ਰਹਿੰਦ ਖੂੰਹਦ ਦਿਸਦੀ ਹੈ। ਸਕੂਲ ਹੁਣ ਵੀ ਉੱਥੇ ਹੀ ਹੈ ਪਰ ਪਹਿਲਾਂ ਵਰਗੀ ਵਿੱਦਿਅਕ ਮਹਿਕ ਨਾਦਾਰਦ ਹੈ।
ਸੰਪਰਕ: 0061411218801