ਆਓ ਤੁਹਾਨੂੰ ਦਿੱਲੀ ਟੀਕਰੀ ਬਾਰਡਰ ਉੱਪਰ ਲੈ ਚਲਦੇ ਹਾਂ। ਇੱਥੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰਦੇ ਕਿਸਾਨਾਂ ਦਾ ਦਸ ਕਿਲੋਮੀਟਰ ਲੰਬਾ ਕਾਫ਼ਲਾ ਹੈ (ਹੋਰ ਬਾਰਡਰਾਂ ਉੱਪਰ ਗਿਣਤੀ ਇਸ ਤੋਂ ਵੀ ਜ਼ਿਆਦਾ ਹੈ)। ਇੱਥੇ ਕੁਝ ਲੋਕ ਮੋਟਰਸਾਈਕਲਾਂ, ਕਾਰਾਂ, ਟਰੱਕਾਂ, ਕੈਂਟਰਾਂ, ਸਾਈਕਲਾਂ ਅਤੇ ਪੈਦਲ ਵੀ ਆਏ ਹਨ ਪਰ ਸਭ ਤੋਂ ਵੱਧ ਗਿਣਤੀ ਆਪਣੇ ਟਰੈਕਟਰ ਟਰਾਲੀਆਂ ਉੱਪਰ ਆਈ ਹੈ। ਹਰ ਟਰੈਕਟਰ ਪਿੱਛੇ ਦੋ-ਦੋ ਟਰਾਲੀਆਂ ਹਨ। ਇੱਕ ਟਰਾਲੀ ਵਿੱਚ ਰਾਤ ਸਮੇਂ ਸੌਣ ਦੀ ਸਹੂਲਤ ਹੈ ਤੇ ਦੂਸਰੀ ਟਰਾਲੀ ਦੀ ਰਸੋਈ ਦੇ ਤੌਰ ‘ਤੇ ਵਰਤੋਂ ਕੀਤੀ ਜਾ ਰਹੀ ਹੈ। ਰਸੋਈ ਵਿੱਚ ਲਗਭਗ ਦੋ ਮਹੀਨਿਆਂ ਦਾ ਰਾਸ਼ਨ ਪਿਆ ਹੈ।
ਕੁਝ ਮੋਦੀ ਪੱਖੀ ਮੀਡੀਆ ਅਫ਼ਵਾਹ ਫੈਲਾ ਰਿਹਾ ਹੈ ਕਿ ਇਹ ਖ਼ਾਲਿਸਤਾਨੀ ਨੇ, ਕੋਈ ਕਹਿ ਰਿਹਾ ਹੈ ਕਿ ਇਹ ਕਿਰਾਏ ਉੱਪਰ ਲਿਆਂਦੇ ਗਏ ਹਨ ਪਰ ਜ਼ਰਾ ਇੱਧਰ ਨਜ਼ਰ ਮਾਰੋ। ਇੱਥੇ ਬੱਚੇ ਤੋਂ ਲੈ ਕੇ ਨੱਬੇ ਸਾਲ ਤੱਕ ਦੇ ਬਜ਼ੁਰਗ ਇਸ ਸੰਘਰਸ਼ ਵਿੱਚ ਸ਼ਾਮਲ ਹਨ। ਇੱਕ ਦੋਵੇਂ ਬਾਹਾਂ ਅਤੇ ਦੋਵੇਂ ਲੱਤਾਂ ਕੱਟੀਆਂ ਵਾਲਾ ਕਿਸਾਨ ਵੀ ਕਈ ਦਿਨਾਂ ਤੋਂ ਧਰਨੇ ਵਿੱਚ ਡਟਿਆ ਹੋਇਆ ਹੈ। ਕੀ ਇਹ ਤੁਹਨੂੰ ਖਾਲਿਸਤਾਨੀ ਜਾਂ ਗੁੰਡੇ ਨਜ਼ਰ ਆਉਂਦੇ ਹਨ? ਇੱਕ ਪੰਦਰਾਂ ਸਾਲ ਦਾ ਬੱਚਾ ਹੈ ਉਹ ਕਹਿੰਦਾ ਹੈ ਕਿ, “ਮੇਰਾ ਦਾਦਾ ਅਤੇ ਪਿਤਾ ਬਿਮਾਰ ਰਹਿੰਦੇ ਹਨ ਇਸ ਕਰਕੇ ਉਨ੍ਹਾਂ ਦੀ ਥਾਂ ਮੈਂ ਆਪਣੇ ਹੱਕ ਲੈਣ ਲਈ ਆਇਆ ਹਾਂ। ਮੇਰੀ ਮਾਂ ਮੈਨੂੰ ਹਰ ਰੋਜ਼ ਫੋਨ ਕਰਦੀ ਹੈ। ਮਾਂ ਐਵੇਂ ਮੇਰਾ ਫ਼ਿਕਰ ਨਾ ਕਰੇ, ਇਸ ਲਈ ਮੈਂ ਉਸ ਨਾਲ ਹਮੇਸ਼ਾ ਹੱਸ ਕੇ ਗੱਲ ਕਰਦਾ ਹਾਂ।”
ਇੱਕ ਬਜ਼ੁਰਗ ਫ਼ੌਜੀ ਨਾਲ ਗੱਲ ਹੋਈ। ਉਹ ਕਹਿੰਦਾ ਹੈ ਕਿ “ਮੈਂ ਪਹਿਲਾਂ ਭਾਰਤ ਲਈ ਪਾਕਿਸਤਾਨ ਨਾਲ ਲੜਿਆ। ਆਪਣੀ ਸਾਰੀ ਜਵਾਨੀ ਇਸ ਦੇਸ ਦੇ ਲੇਖੇ ਲਾ ਦਿੱਤੀ। ਮੇਰੀ ਉਸ ਸੇਵਾ ਬਦਲੇ ਮੈਨੂੰ ਇਹ ਇਨਾਮ ਦਿੱਤਾ। ਮੈਨੂੰ ਬੁੱਢੀ ਉਮਰੇ ਆਪਣੇ ਪੁੱਤਰਾਂ ਦੇ ਖੇਤ ਬਚਾਉਣ ਲਈ ਇਸ ਸੰਘਰਸ਼ ਵਿੱਚ ਆਉਣਾ ਪਿਆ।”
ਇੱਕ ਸ਼ਹਿਰੀ ਬਾਸ਼ਿੰਦਾ ਹੈ। ਉਸ ਕੋਲ ਕੋਈ ਖੇਤ ਨਹੀਂ ਪਰ ਉਹ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੈ। ਉਸ ਦੀ ਦਲੀਲ ਹੈ, “ਮੈਂ ਕਿਸਾਨ ਨਹੀਂ ਪਰ ਕਿਸਾਨ ਦਾ ਪੈਦਾ ਕੀਤਾ ਅੰਨ ਜ਼ਰੂਰ ਖਾਂਦਾ ਹਾਂ। ਜੇ ਅੰਨ ਪੈਦਾ ਕਰਨ ਵਾਲਾ ਖੁਸ਼ ਨਹੀਂ ਹੋਵੇਗਾ ਤਾਂ ਉਸ ਦੁਆਰਾ ਪੈਦਾ ਕੀਤੇ ਅੰਨ ਨੂੰ ਖਾਣ ਵਾਲਾ ਕਿਵੇਂ ਖੁਸ਼ ਰਹਿ ਸਕਦਾ ਹੈ?”
ਟੀਕਰੀ ਬਾਰਡਰ ਸਭ ਧਰਮਾਂ, ਜਾਤਾਂ ਤੋਂ ਉੱਪਰ ਉੱਠ ਕੇ ਅਸਲ ਭਾਰਤ ਦੀ ਮਿਸਾਲ ਪੇਸ਼ ਕਰਦਾ ਹੈ। ਇੱਥੇ ਸਭ ਧਰਮ, ਜਾਤਾਂ ਇੱਕ ਹੋ ਗਏ ਹਨ। ਇੱਥੇ ਨਾ ਕੋਈ ਹਿੰਦੂ ਹੈ, ਨਾ ਮੁਸਲਮਾਨ, ਨਾ ਸਿੱਖ, ਨਾ ਇਸਾਈ, ਨਾ ਕੋਈ ਅਮੀਰ, ਨਾ ਗਰੀਬ। ਸਭ ਦੇ ਸਭ ਕਿਸਾਨੀ ਲਈ ਲੜਨ ਵਾਲੇ ਯੋਧੇ ਹਨ। ਸਭ ਇਕੱਠੇ ਬੈਠ ਕੇ ਇੱਕ ਥਾਲੀ ਵਿੱਚ ਖਾਂਦੇ ਹਨ, ਇਕੱਠੇ ਪੈਂਦੇ ਹਨ ਤੇ ਇਸੇ ਤਰ੍ਹਾਂ ਇਕੱਠੇ ਸਰਕਾਰ ਵਿਰੁੱਧ ਲੜ ਰਹੇ ਹਨ।
ਖਾਣਾ ਬਣਾਉਂਦਿਆਂ, ਖਾਣਾ ਖਾਂਦਿਆਂ ਵੀ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਗੂੰਜਦੇ ਹਨ। ਇਹ ਏਕਤਾ ਨਾਅਰਿਆਂ ਤੱਕ ਹੀ ਸੀਮਤ ਨਹੀਂ, ਸਗੋਂ ਹਰ ਸਮੇਂ, ਹਰ ਥਾਂ ਇਸ ਦੀ ਮਿਸਾਲ ਕਾਇਮ ਹੈ। ਜੇ ਤੁਸੀਂ ਸੰਘਰਸ਼ ਵਿੱਚ ਸ਼ਾਮਲ ਹੋਣ ਆਏ ਹੋ ਤਾਂ ਤੁਸੀਂ ਕਿਸੇ ਵੀ ਟਰਾਲੀ ਵਿੱਚ ਪੈ ਕੇ ਰਾਤ ਕੱਟ ਸਕਦੇ ਹੋ। ਤੁਸੀਂ ਤੁਰੇ ਜਾਂਦਿਆਂ ਕਿਸੇ ਵੀ ਰੋਟੀ ਬਣਾਉਂਦੇ ਕਿਸਾਨ ਕੋਲ ਬੈਠ ਕੇ ਰੋਟੀ ਖਾ ਸਕਦੇ ਹੋ। ਉਹ ਤੁਹਾਨੂੰ ਰੋਟੀ ਖਵਾਉਂਦਾ ਫ਼ਖ਼ਰ ਮਹਿਸੂਸ ਕਰੇਗਾ।
ਇਸੇ ਧਰਨੇ ਵਿੱਚ ਇੱਕ ਨਿਹੰਗ ਸਿੰਘ ਮਾਲਵੇ ਦੀਆਂ ਮੱਠੀਆਂ ਵੰਡ ਰਿਹਾ ਹੈ। ਸਾਡੀ ਟਰਾਲੀ ਦੇ ਨੇੜੇ ਹੀ ਇੱਕ ਪਾਥੀ ਵਾਲਾ ਗੀਜ਼ਰ ਹੈ। ਉੱਥੋਂ ਪਾਣੀ ਲੈ ਕੇ ਵੀਹ ਪੱਚੀ ਬੰਦੇ ਨਹਾ ਲੈਂਦੇ ਹਨ ਫਿਰ ਵੀ ਉਸ ਵਿੱਚ ਅੱਗ ਬਾਲਣ ਵਾਲੇ ਦੇ ਮੱਥੇ ਵਟ ਨਹੀਂ। ਉਹ ਅੱਗ ਵੀ ਬਾਲ਼ ਰਿਹਾ ਹੈ ਤੇ ਕਹਿ ਵੀ ਰਿਹਾ ਹੈ, “ਪਾਣੀ ਵਾਧੂ ਐ। ਹੋਰ ਲੈ ਜਾਓ…।”
ਇੱਥੇ ਹਰਿਆਣਾ ਅਤੇ ਦਿੱਲੀ ਵਾਲਿਆਂ ਨੇ ਸੰਘਰਸ਼ ਕਰ ਰਹੇ ਲੋਕਾਂ ਲਈ ਹਰ ਸੰਭਵ ਸਹੂਲਤ ਦਿੱਤੀ ਹੈ। ਹਰਿਆਣੇ ਦੇ ਲੋਕ ਬਣਿਆ ਹੋਇਆ ਖਾਣਾ, ਆਟਾ, ਦੁੱਧ, ਲੱਸੀ, ਦਾਲਾਂ, ਸ਼ਬਜੀਆਂ, ਗੁੜ, ਤੇਲ, ਅਚਾਰ ਹਰ ਚੀਜ਼, ਹਰ ਰੋਜ਼ ਵੱਡੀ ਮਾਤਰਾ ਵਿੱਚ ਮੁਫ਼ਤ ਪਹੁੰਚਾ ਰਹੇ ਹਨ। ਦਿੱਲੀ ਵਾਲਿਆਂ ਨੇ ਨਹਾਉਣ, ਕੱਪੜੇ ਧੋਣ ਆਦਿ ਲਈ ਆਪਣੇ ਘਰਾਂ ਦੇ ਬਾਥਰੂਮ ਵੀ ਜਨਤਕ ਬਣਾ ਦਿੱਤੇ ਹਨ। ਹਰਿਆਣੇ ਦੇ ਇੱਕ ਪੈਟਰੌਲ ਪੰਪ ਵਾਲੇ ਨੇ ਧਰਨੇ ਉੱਪਰ ਆਉਣ-ਜਾਣ ਵਾਲਿਆਂ ਨੂੰ ਤੇਲ ਦੀ ਸਹੂਲਤ ਮੁਫ਼ਤ ਦੇ ਦਿੱਤੀ ਹੈ।
ਮੈਂ ਖਾਣਾ ਖਾਣ ਤੋਂ ਬਾਅਦ ਖਾਣਾ ਦੇਣ ਵਾਲੇ ਇੱਕ ਹਰਿਆਣੇ ਦੇ ਬੰਦੇ ਦਾ ਧੰਨਵਾਦ ਕਰ ਦਿੱਤਾ। ਉਸ ਨੇ ਉਲਟਾ ਕਿਹਾ, “ਨਹੀਂ, ਧੰਨਵਾਦ ਕਿਸ ਲਈ? ਇਹ ਤਾਂ ਸਾਡਾ ਫ਼ਰਜ਼ ਹੈ। ਧੰਨਵਾਦ ਤਾਂ ਅਸੀਂ ਤੁਹਾਡਾ ਲੜਨ ਵਾਲਿਆਂ ਦਾ ਕਰਦੇ ਹਾਂ। ਤੁਸੀਂ ਸਾਡੇ ਭਾਰਤ ਦੀ ਕਿਸਾਨੀ ਨੂੰ ਬਚਾਉਣ ਲਈ ਐਨੀ ਦੂਰੋਂ ਚੱਲ ਕੇ ਆਏ ਹੋ।”
ਕਿਸਾਨੀ ਬਚਾਉਣ ਲਈ ਇੱਥੇ ਸਿਰਫ਼ ਪੰਜਾਬ ਹੀ ਨਹੀਂ ਚੱਲ ਕੇ ਆਇਆ, ਹੁਣ ਤਾਂ ਹਰਿਆਣੇ, ਯੂਪੀ, ਮਹਾਰਾਸ਼ਟਰ, ਰਾਜਸਥਾਨ ਆਦਿ ਸਟੇਟਾਂ ਤੋਂ ਵੀ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਹੋਰ ਜਮਹੂਰੀਅਤ ਪਸੰਦ ਲੋਕ ਵੀ ਭਰਵੀਂ ਹਾਜ਼ਰੀ ਲਵਾ ਰਹੇ ਹਨ। ਹਾਂ ਪੰਜਾਬ ਨੇ ਸ਼ੁਰੂਆਤ ਕੀਤੀ ਹੈ ਤੇ ਹੁਣ ਇਸ ਅੰਦੋਲਨ ਦੀ ਗੂੰਜ ਦੇਸ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਫੈਲ ਗਈ ਹੈ।
ਸੰਪਰਕ: 94172-41787