ਐਤਕੀਂ ਢਾਹਾਂ ਸਾਹਿਤ ਇਨਾਮ ਲਈ ਹਿਸਾਰ (ਹਰਿਆਣਾ) ਵੱਸਦੇ ਲਿਖਾਰੀ ਕੇਸਰਾ ਰਾਮ ਦੇ ਕਹਾਣੀ ਸੰਗ੍ਰਹਿ ‘ਜ਼ਨਾਨੀ ਪੌਦ’ (25 ਹਜ਼ਾਰ ਡਾਲਰ), ਲਹਿੰਦੇ ਪੰਜਾਬ ਦੇ ਲਿਖਾਰੀ ਜ਼ੁਬੈਰ ਅਹਿਮਦ ਦੇ ਕਹਾਣੀ ਸੰਗ੍ਰਹਿ ‘ਪਾਣੀ ਦੀ ਕੰਧ’ (10 ਹਜ਼ਾਰ ਡਾਲਰ) ਅਤੇ ਕੈਨੇਡਾ ਵੱਸਦੀ ਲਿਖਾਰੀ ਹਰਕੀਰਤ ਕੌਰ ਚਹਿਲ ਦੇ ਨਾਵਲ ‘ਆਦਮ-ਗ੍ਰਹਿਣ’ (10 ਹਜ਼ਾਰ ਡਾਲਰ) ਨੂੰ ਚੁਣਿਆ ਗਿਆ ਹੈ। ਇਹ ਇਨਾਮ ਕੈਨੇਡਾ ਵੱਸਦੇ ਉੱਦਮੀ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਬਰਜ ਢਾਹਾਂ ਨੇ ਸਾਲ 2013-14 ਵਿਚ ਸ਼ੁਰੂ ਕੀਤਾ ਸੀ। ਹਰ ਸਾਲ ਤਿੰਨ ਕਿਤਾਬਾਂ ਇਸ ਇਨਾਮ ਲਈ ਚੁਣੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਤਿੰਨਾਂ ਵਿਚੋਂ ਇਕ ਨੂੰ ਪਹਿਲਾ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਅਤੇ ਬਾਕੀ ਦੋ ਨੂੰ ਦੂਜਾ, 10-10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਂਦਾ ਹੈ।
ਸ੍ਰੀ ਕੇਸਰਾ ਰਾਮ ਦੇ ਇਸ ਕਹਾਣੀ ਸੰਗ੍ਰਹਿ (ਜ਼ਨਾਨੀ ਪੌਦ) ਤੋਂ ਪਹਿਲਾਂ ਚਾਰ ਕਹਾਣੀ ਸੰਗ੍ਰਹਿ ‘ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ…’ (2004), ‘ਪੁਲਿਸੀਆ ਕਿਉਂ ਮਾਰਦਾ ਹੈ’ (2006), ‘ਬੁਲਬੁਲਿਆਂ ਦੀ ਕਾਸ਼ਤ’ (2012) ਅਤੇ ‘ਥੈਂਕਸ ਏ ਲੌਟ ਪੁੱਤਰਾ’ (2016) ਛਪ ਚੁੱਕੇ ਹਨ। ਉਨ੍ਹਾਂ ਅਨੇਕਾਂ ਰਾਜਸਥਾਨੀ ਅਤੇ ਹਿੰਦੀ ਕਹਾਣੀਆਂ ਦਾ ਅਨੁਵਾਦ ਵੀ ਕੀਤਾ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਸੰਕਟ ਦੀ ਮਾਰ ਝੱਲ ਰਹੇ ਸਮਾਜ ਦੀਆਂ ਆਰਥਿਕ, ਧਾਰਮਿਕ, ਸਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਭਰਪੂਰ ਜ਼ਿਕਰ ਹੈ। ਇਨ੍ਹਾਂ ਕਹਾਣੀਆਂ ਅੰਦਰ ਸਿਆਸੀ ਚੇਤਨਾ ਦੀ ਵਿਅੰਗਮਈ ਪੇਸ਼ਕਾਰੀ ਪੂਰੇ ਠੁੱਕ ਨਾਲ ਹੋਈ ਹੈ ਜੋ ਉਨ੍ਹਾਂ ਦੀਆਂ ਰਚਨਾਵਾਂ ਨੂੰ ਨਿਆਰਾ ਰੰਗ ਚਾੜ੍ਹਦੀ ਹੈ। ‘ਜ਼ਨਾਨੀ ਪੌਦ’ ਕਹਾਣੀ ਸੰਗ੍ਰਹਿ ਵਿਚ ਲੇਖਕ ਨੇ ਲਿੰਗ ਵਿਤਕਰੇ ਦੀ ਗੱਲ ਬਹੁਤ ਸੂਖਮ ਢੰਗ ਨਾਲ ਕੀਤੀ ਹੈ। ਇਸ ਸੰਗ੍ਰਹਿ ਦੀ ਟਾਈਟਲ ਕਹਾਣੀ ‘ਜ਼ਨਾਨੀ ਪੌਦ’ ਕੁੜੀਆਂ ਦੀ ਹੋਣੀ ਦਾ ਮਾਰਮਿਕ ਚਿੱਤਰ ਹੈ। ਕਹਾਣੀ ਅੰਦਰ ਦੋ ਸਹੇਲੀਆਂ ਦਾ ਜੀਵਨ ਬਿਰਤਾਂਤ ਉਘੜਦਾ ਹੈ। ਦੋਹਾਂ ਦਾ ਦੁਖਾਂਤ ਅਤੇ ਉਸ ਦਾ ਕਾਰਨ ਸਾਂਝਾ ਹੈ। ਉਂਜ ਇਸ ਸੰਕਟ ਦਾ ਹੱਲ ਉਹ ਵੱਖਰੇ ਵੱਖਰੇ ਢੰਗ ਨਾਲ ਕਰਦੀਆਂ ਹਨ। ਇਕ ਸਹੇਲੀ ਵਾਰ ਵਾਰ ਕੀਤੇ ਜਾਣ ਵਾਲੇ ਗਰਭਪਾਤ ਤੋਂ ਬਚਣ ਲਈ ਨਸਬੰਦੀ ਕਰਵਾ ਲੈਂਦੀ ਹੈ। ਦੂਜੀ ਸਹੇਲੀ ਨਪੁੰਸਕ ਪਤੀ ਅਤੇ ਪਰਿਵਾਰ ਦੀ ਅਧੀਨਗੀ ਵਿਚ ਡਰ ਦੇ ਘੇਰਿਆਂ ਅੰਦਰ ਕੈਦ ਹੋ ਜਾਂਦੀ ਹੈ ਪਰ ਆਖਰਕਾਰ ਮਾਂ ਬਣਦੀ ਹੈ। ਇਸ ਘੋਰ ਤਬਦੀਲੀ ਨੂੰ ਲੇਖਕ ਨੇ ਬਾਖੂਬੀ ਪੇਸ਼ ਕੀਤਾ ਹੈ। ਇਸ ਕਹਾਣੀ ਤੋਂ ਇਲਾਵਾ ‘ਤੇਰੀ ਗੋਤਣ ਬਿਆਹ ਕੈ ਲਿਆਰਯਾ ਸੂੰ ‘ ਅਤੇ ‘ਬੇਟੀ ਕਾ ਬਾਪ’ ਕਹਾਣੀਆਂ ਵਿਚ ਸਮਾਜ ਦੀਆਂ ਅਨੇਕਾਂ ਪਰਤਾਂ ਪੇਸ਼ ਹੁੰਦੀਆਂ ਹਨ ਜਿਹੜੀਆਂ। ‘ਦਰਵਾਜ਼ਾ ਬੰਦ’, ‘ਪਲੇਸ ਵੈਲਿਊ’ ਪੂੰਜੀਵਾਦ ਕਾਰਨ ਟੁਟਦੇ-ਜੁੜਦੇ ਪਾਤਰਾਂ ਦੀਆਂ ਕਹਾਣੀਆਂ ਹਨ। ‘ਪਿੰਡਾਂ ਵਿਚੋਂ ਪਿੰਡ ਸੁਣੀਂਦਾ’ ਵਿਚ ਸਮਾਜਿਕ ਯਥਾਰਥ ਦੀ ਚਰਚਾ ਹੈ।
ਕਹਾਣੀ ਸੰਗ੍ਰਹਿ ‘ਪਾਣੀ ਦੀ ਕੰਧ’ ਦੇ ਲਿਖਾਰੀ ਜ਼ੁਬੈਰ ਅਹਿਮਦ ਨੂੰ ਇਹ ਇਨਾਮ ਦੂਜੀ ਵਾਰ ਮਿਲਿਆ ਹੈ। 2014 ਵਿਚ ਵੀ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਕਬੂਤਰ ਬਨੇਰੇ ਤੇ ਗਲੀਆਂ’ ਨੂੰ ਢਾਹਾਂ ਇਨਾਮ ਨਾਲ ਨਵਾਜਿਆ ਗਿਆ ਸੀ। ‘ਪਾਣੀ ਦੀ ਕੰਧ’ ਵਿਚ ਯਾਦਾਂ ਦੀਆਂ ਗਲੀਆਂ ਦੇ ਗੇੜੇ ਹਨ। ਇਨ੍ਹਾਂ ਗੇੜਿਆਂ ਅੰਦਰ ਰੋਜ਼ਮੱਰਾ ਜ਼ਿੰਦਗੀ ਨਾਲ ਜੁੜੀ ਜੱਦੋ-ਜਹਿਦ ਅਤੇ ਨਿੱਤ ਵਰਤੀਂਦਾ ਖ਼ੌਫ਼ ਨਾਲੋ-ਨਾਲ ਚੱਲਦੇ ਹਨ। ਜ਼ੁਬੈਰ ਅਹਿਮਦ ਖ਼ੌਫ਼ ਦੀਆਂ ਵੱਖ ਵੱਖ ਪਰਤਾਂ ਨੂੰ ਪੂਰੀ ਲੈਅ ਨਾਲ ਆਪਣੀਆਂ ਕਹਾਣੀਆਂ ਅੰਦਰ ਜੋੜਦਾ ਹੈ। ਇਹ ਕਹਾਣੀਆਂ ਬੰਦੇ ਦੀਆਂ ਭਾਵਨਾਤਮਕ ਪਰਤਾਂ ਅਤੇ ਮਾਨਸਿਕ ਗੰਢਾਂ ਰੂਹ ਨਾਲ ਖੋਲ੍ਹਦੀਆਂ ਹਨ। ਅਜਿਹੇ ਜ਼ਿਕਰ ਦੌਰਾਨ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਅਤੇ ਵੰਡ ਤੋਂ ਬਾਅਦ ਵਾਲੇ ਮਾਹੌਲ ਦੀ ਵੀ ਖੂਬ ਚੀਰ-ਫਾੜ ਹੁੰਦੀ ਹੈ। ਜ਼ੁਬੈਰ ਅਹਿਮਦ ਦੀਆਂ ਇਨ੍ਹਾਂ ਕਹਾਣੀਆਂ ਨੂੰ ਜੀਵਨੀ ਦਾ ਵੀ ਗੂੜ੍ਹਾ ਰੰਗ ਚੜ੍ਹਿਆ ਹੋਇਆ ਹੈ ਅਤੇ ਇਨ੍ਹਾਂ ਵਿਚ ਲਾਹੌਰ ਜਿੱਥੇ ਲਿਖਾਰੀ ਵੱਸਦਾ ਹੈ, ਵਾਰ ਵਾਰ ਝਾਤੀਆਂ ਮਾਰਦਾ ਹੈ। ਉਹ ਭਾਵੇਂ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਦੇ ਐਸੋਸੀਏਟ ਪ੍ਰੋਫੈਸਰ ਰਹੇ ਪਰ ਉਨ੍ਹਾਂ ਰਚਨਾ ਪੰਜਾਬੀ ਵਿਚ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਵਿਚ ‘ਮੀਂਹ, ਬੂਹੇ ਤੇ ਬਾਰੀਆਂ’ (ਕਹਾਣੀਆਂ), ‘ਦਮ ਯਾਦ ਨਾ ਕੀਤਾ’ (ਕਵਿਤਾਵਾਂ), ‘ਵਿਚਾਰ ਲੇਖ’ (ਆਲੋਚਨਾ) ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ‘ਕਿਤਾਬ ਤ੍ਰਿੰਝਣ’ ਨਾਂ ਹੇਠ ਕਿਤਾਬ ਘਰ ਵੀ ਚਲਾ ਰਹੇ ਹਨ। ਅੱਜਕੱਲ੍ਹ ਉਹ ਅਮਰਜੀਤ ਚੰਦਨ ਨਾਲ ਰਲ ਕੇ ਸਾਲਾਨਾ ਰਸਾਲੇ ‘ਬਾਰਾਹ ਮਾਹ’ ਦਾ ਸੰਪਾਦਨ ਵੀ ਕਰ ਰਹੇ ਹਨ।
ਕੈਨੇਡਾ ਵੱਸਦੀ ਗਲਪਕਾਰ ਹਰਕੀਰਤ ਕੌਰ ਚਹਿਲ ਨੇ ਆਪਣੇ ਨਾਵਲ ‘ਆਦਮ-ਗ੍ਰਹਿਣ’ ਵਿਚ ‘ਰੱਬ ਦੀ ਨਸਲ’ (ਖੁਸਰਿਆਂ) ਦੇ ਲੋਕਾਂ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਉਹ ਤਿੰਨ ਪੁਸਤਕਾਂ ‘ਪਰੀਆਂ ਸੰਗ ਪਰਵਾਜ਼’ (ਕਹਾਣੀ ਸੰਗ੍ਰਹਿ-2016), ‘ਤੇਰੇ ਬਾਝੋਂ’ (ਨਾਵਲ-2017) ਅਤੇ ‘ਥੋਹਰਾਂ ਦੇ ਫੁੱਲ’ (ਨਾਵਲ-2018) ਦੀ ਰਚਨਾ ਕਰ ਚੁੱਕੀ ਹੈ। ਅੱਜਕੱਲ੍ਹ ਉਹ ਆਪਣਾ ਲਾਹੌਰ ਦਾ ਸਫਰਨਾਮਾ ‘ਲੱਠੇ ਲੋਕ ਲਾਹੌਰ ਦੇ’ ਲਿਖ ਰਹੇ ਹਨ। ‘ਆਦਮ-ਗ੍ਰਹਿਣ’ ਦੀ ਕਹਾਣੀ ਅਮੀਰਾਂ ਉਰਫ ਮੀਰਾ ਦੁਆਲੇ ਘੁੰਮਦੀ ਹੈ। ਇਸ ਪਾਤਰ ਦੇ ਆਲ਼ੇ-ਦੁਆਲ਼ੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਹੈ ਕਿ ਸਮਾਜ ਵਿਚੋਂ ਛੇਕੇ ਇਨ੍ਹਾਂ ਜਿਊਣ ਜੋਗਿਆਂ ਦਾ ਇਕਲਾਪਾ ਚਾਰੇ ਪਾਸੇ ਫੈਲਦਾ ਪ੍ਰਤੀਤ ਹੁੰਦਾ ਹੈ। ਨਾਲ ਹੀ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਸਮਾਜ ਦਾ ਇਹ ਕਿਹੜਾ ਪੱਖ ਹੈ ਜਿੱਥੇ ਬੰਦੇ ਦੀ ਹੋਂਦ ਹੀ ਨਦਾਰਦ ਹੈ? ਹਉਕਿਆਂ ਲੱਦੀ ਇਸ ਹਕੀਕਤ ਨੂੰ ਬਿਆਨ ਕਰਨ ਲਈ ਹਰਕੀਰਤ ਕੌਰ ਚਹਿਲ ਨੇ ਸੱਚਮੁੱਚ ਨਿੱਗਰ ਕਹਾਣੀ ਜੋੜੀ ਹੈ। ਇਸ ਦੀ ਸ਼ੈਲੀ, ਗੋਂਦ ਅਤੇ ਹੋਂਦ ਬਹੁਤ ਪੁਖਤਾ ਅਤੇ ਰਵਾਨੀ ਵਾਲੀ ਹੈ। ਲੇਖਕ ਵੱਲੋਂ ਨਾਵਲ ਜੋੜਨ ਲਈ ਕੀਤੀ ਮਿਹਨਤ ਅਤੇ ਲਗਨ ਨਾਵਲ ਵਿਚ ਖੁਸਰਿਆਂ ਬਾਰੇ ਆਏ ਅਣਗਿਣਤ ਵੇਰਵਿਆਂ ਅਤੇ ਮਹੀਨ ਚਿਤਰਨ ਤੋਂ ਸਾਫ਼ ਝਲਕਦੀ ਹੈ। ਪੰਜਾਬੀ ਸਾਹਿਤ ਵਿਚ ਖੁਸਰਿਆਂ ਬਾਰੇ ਪਹਿਲਾਂ ਵੀ ਨਾਵਲ, ਕਹਾਣੀਆਂ, ਨਾਟਕ, ਕਵਿਤਾਵਾਂ ਆਦਿ ਲਿਖੇ ਗਏ ਹਨ ਪਰ ‘ਆਦਮ-ਗ੍ਰਹਿਣ’ ਦਾ ਰੰਗ ਵੱਖਰਾ ਹੈ। ਇਹ ਨਾਵਲ ਖੁਸਰਿਆਂ ਬਾਰੇ ਲਿਖੇ ਸਾਹਿਤ ਵਿਚ ਵਾਧਾ ਤਾਂ ਹੈ ਹੀ; ਬਿਰਤਾਂਤ, ਸ਼ੈਲੀ ਅਤੇ ਨਿਭਾਅ ਪੱਖੋਂ ਸੋਨੇ ਉੱਤੇ ਸੁਹਾਗਾ ਹੈ। ਹਰਕੀਰਤ ਨੇ ਸਾਡੇ ਸਮਾਜ ਦੇ ਉਸ ਕੱਟੇ-ਵੱਢੇ ਅੰਗ ਦਾ ਭਰਪੂਰ ਜ਼ਿਕਰ ਛੇੜਿਆ ਹੈ ਜਿਹੜਾ ਆਪਣੀ ਹੋਂਦ ਅਤੇ ਹਕੀਕਤ ਲਈ ਵਕਤ ਦੇ ਥਪੇੜਿਆਂ ਨਾਲ ਲਗਾਤਾਰ ਜੂਝ ਰਿਹਾ ਹੈ।
-ਪੰਜਾਬੀ ਟ੍ਰਿਬਿਊਨ ਫੀਚਰਜ਼