ਪ੍ਰੋ. ਰਣਧੀਰ ਸਿੰਘ (9 ਜਨਵਰੀ 1922-31 ਜਨਵਰੀ 2016) ਮਾਰਕਸਵਾਦੀ ਵਿਚਾਰਵਾਨ, ਪ੍ਰਭਾਵਸ਼ਾਲੀ ਅਧਿਆਪਕ ਅਤੇ ਇਨਕਲਾਬੀ ਸਿਆਸਤ ਨੂੰ ਪ੍ਰਮੁੱਖਤਾ ਵਿਚ ਰੱਖ ਕੇ ਦੇਖਣ ਵਾਲੇ ਚਿੰਤਕ ਸਨ। ਉਨ੍ਹਾਂ ਨੇ ਮਾਰਕਸਵਾਦੀ ਚਿੰਤਨ ਨੂੰ ਭਾਰਤ ਦੀਆਂ ਸਮਾਜਿਕ ਅਤੇ ਸਿਆਸੀ ਲਹਿਰਾਂ ਦੇ ਪ੍ਰਸੰਗ ਵਿਚ ਰੱਖ ਕੇ ਵਿਕਸਿਤ ਕੀਤਾ। ਸਿਆਸੀ ਤਬਦੀਲੀ ਲਈ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਚੱਲੀਆਂ ਲਹਿਰਾਂ ਵਿਚ ਸਿੱਧੇ ਰੂਪ ਵਿਚ ਹਿੱਸਾ ਲਿਆ। ਇਨਕਲਾਬੀ ਸਿਆਸਤ ਨੂੰ ਸਮਝਣ ਅਤੇ ਮੁਲੰਕਣ ਕਰਨ ਲਈ ਲੜ ਰਹੇ ਇਨਕਲਾਬੀਆਂ ਦੀ ਵਚਨਬੱਧਤਾ ਅਤੇ ਉਨ੍ਹਾਂ ਅੰਦਰ ਸਮੋਏ ਆਦਰਸ਼ਵਾਦ ਨੂੰ ਬਾਖ਼ੂਬੀ ਸਮਝਿਆ।
ਉਨ੍ਹਾਂ ਦੇ ਚੇਤਿਆਂ ਵਿਚ ਗ਼ਦਰ ਲਹਿਰ ਅਤੇ 1914-15 ਦੀ ਬਗ਼ਾਵਤ ਦੇ ਸ਼ਹੀਦਾਂ ਤੇ ਨਾਇਕਾਂ ਦੀ ਯਾਦ ਤਾਜ਼ਾ ਰਹਿੰਦੀ ਸੀ। 1992 ਵਿਚ ਉਨ੍ਹਾਂ ਦੇਸ਼ ਭਗਤ ਯਾਦਗਾਰ ਹਾਲ ਵਿਚ ਤਕਰੀਰ ਦਿੰਦਿਆਂ ਕਿਹਾ ਸੀ, “ਇਸ ਸਥਾਨ ਤੇ ਆਉਣਾ ਮੇਰੇ ਲਈ ਤੀਰਥ ਯਾਤਰਾ ਵਾਂਗ ਹੈ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਨਕਲਾਬੀ ਮਾਹੌਲ ਨੇ ਅੱਜ ਮੇਰੇ ਚਾਰ-ਚੁਫੇਰੇ ਗ਼ਦਰ ਲਹਿਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ ਜਿਸ ਦੀ ਇਨਕਲਾਬੀ ਸੂਰਮਗਤੀ, ਸ਼ਹਾਦਤਾਂ ਦੀ ਝੜੀ ਅਤੇ ਕੁਰਬਾਨੀਆਂ ਦੀ ਲਗਾਤਾਰਤਾ ਦੁਨੀਆ ਦੇ ਇਨਕਲਾਬੀ ਇਤਿਹਾਸ ਦੇ ਪੱਧਰ ਦੀ ਹੈ। ਮੈਨੂੰ ਉਨ੍ਹਾਂ ਦੀਆਂ ਤਸਵੀਰਾਂ ਉਹ ਮਾਹੌਲ ਯਾਦ ਕਰਵਾ ਰਹੀਆਂ ਹਨ ਕਿ ਕਿਸ ਤਰ੍ਹਾਂ ਮੌਤ ਨੂੰ ਮਖੌਲਾਂ ਕਰਨ ਅਤੇ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹਨ ਦੀ ਕਤਾਰ ਲੱਗੀ ਹੋਈ ਸੀ। ਇਨ੍ਹਾਂ ਨੇ ਜਲਾਵਤਨੀ ਦੌਰਾਨ ਆਪਣੀ ਜਿ਼ੰਦਗੀ ਦੇ ਬਿਹਤਰੀਨ ਸਾਲ ਅੰਡੇਮਾਨ ਦੀਆਂ ਜੇਲ੍ਹਾਂ ਵਿਚ ਲੰਮੀਆਂ ਸਜ਼ਾਵਾਂ ਕੱਟ ਕੇ ਗੁਜ਼ਾਰੇ, ਜਿੱਥੇ ਉਨ੍ਹਾਂ ਨੂੰ ਕੰਧਾਂ ਉੱਪਰ ਲਗਾਏ ਸੰਗਲ਼ਾਂ ਨਾਲ ਜਕੜ ਕੇ ਹੱਥਕੜੀਆਂ ਤੇ ਬੇੜੀਆਂ ਵਿਚ ਪਾ ਕੇ ਕਾਲ ਕੋਠੜੀਆਂ ਤੇ ਲੋਹੇ ਦੇ ਪਿੰਜਰਿਆਂ ਵਿਚ ਬੰਦ ਰੱਖਿਆ ਗਿਆ ਸੀ। ਉਨ੍ਹਾਂ ਨੇ ਤਸੀਹਿਆਂ ਅੱਗੇ ਈਨ ਨਹੀਂ ਮੰਨੀ ਸੀ। ਸਭ ਕੁਝ ਜਰਿਆ ਪਰ ਜੱਦੋ-ਜਹਿਦ ਨਹੀਂ ਛੱਡੀ ਅਤੇ ਜੇਲ੍ਹਾਂ ਵਿਚੋਂ ਨਿਕਲਦੇ ਸਾਰ ਇਹ ਸਿਦਕੀ ਤੇ ਅਡੋਲ ਸੂਰਮੇ ਲੜਾਈ ਵਿਚ ਕੁੱਦ ਪਏ। ਇਨ੍ਹਾਂ ਇਨਕਲਾਬੀਆਂ ਦਾ ਖ਼ੁਆਬ ਸੀ ਕਿ ਦੇਸ਼ ਦੇ ਵਾਰਸ ਉਹ ਹੋਣੇ ਚਾਹੀਦੇ ਹਨ ਜਿਹੜੇ ਭਾਰਤੀ ਲੋਕਾਂ ਨੂੰ ਸ਼ਾਨਦਾਰ ਸਮਾਜ ਦੇ ਸਕਦੇ ਹੋਣ।” ਪ੍ਰੋ. ਰਣਧੀਰ ਸਿੰਘ ਦਾ ਕਹਿਣਾ ਸੀ ਕਿ ਮੁਲਕ ਨੂੰ ਲੀਹ ਤੇ ਲਿਆਉਣਾ ਹੈ ਤਾਂ ਗ਼ਦਰੀ ਬਾਬਿਆਂ ਦੀ ਰਵਾਇਤ ਚੇਤੇ ਰੱਖਣੀ ਪਵੇਗੀ, ਇਸ ਨੂੰ ਸੰਭਾਲਣਾ ਹੋਵੇਗਾ ਅਤੇ ਇਸ ਰਵਾਇਤ ਦੇ ਨਾਇਕ ਬਣਨਾ ਹੋਵੇਗਾ ਜਿਸ ਤਰ੍ਹਾਂ ਭਗਤ ਸਿੰਘ ਦੇ ਨਾਇਕ ਕਰਤਾਰ ਸਿੰਘ ਸਰਾਭਾ ਸਨ। ਅਜੋਕੇ ਕਿਸਾਨੀ ਘੋਲ ਦੇ ਪ੍ਰਸੰਗ ਵਿਚ ਪ੍ਰੋ. ਰਣਧੀਰ ਸਿੰਘ ਦੀ ਕਿਤਾਬ ‘ਰਾਹਾਂ ਦੀ ਧੂੜ’ ਦੀਆਂ ਸਤਰਾਂ ਯਾਦ ਆ ਗਈਆਂ ਹਨ: ਜਿੱਥੇ ਹੱਦਾਂ ਗ਼ੁਲਾਮੀ ਵੰਡਦੀਆਂ ਆਈਆਂ/ਉੱਥੇ ਹੁਣ ਬਗ਼ਾਵਤਾਂ ਦੇ ਮੇਲ ਹੋਣੇ ਹਨ।
ਪ੍ਰੋ. ਰਣਧੀਰ ਸਿੰਘ ਮੁਤਾਬਿਕ, ਤਬਦੀਲੀ ਵਾਲੀ ਕਿਸੇ ਵੀ ਲਹਿਰ ਲਈ ਅਹਿਮ ਸ਼ਰਤਾਂ ਹੁੰਦੀਆਂ ਹਨ ਕਿ ਸੰਘਰਸ਼ ਦੌਰਾਨ ਤੁਹਾਡਾ ਯੁੱਧਨੀਤਕ ਨਿਸ਼ਾਨਾ ਸਪੱਸ਼ਟ ਹੋਵੇ ਅਤੇ ਸਮਾਜੀ ਹਕੀਕਤਾਂ ਜਿਹੜੀਆਂ ਹਮੇਸ਼ਾ ਹੀ ਬੇਹੱਦ ਪੇਚੀਦਾ ਹੁੰਦੀਆਂ ਹਨ, ਉਨ੍ਹਾਂ ਨੂੰ ਸਮਝਣ ਤੇ ਤਬਦੀਲ ਕਰਨ ਲਈ ਵੱਖੋ-ਵੱਖਰੇ ਹਿੱਸਿਆਂ ਦੀ ਆਪਸ ਵਿਚ ਨਿਰਭਰਤਾ ਤੇ ਵਿਸ਼ਵਾਸ ਜ਼ਰੂਰੀ ਹੈ। ਭਾਰਤ ਜੋ ਪੂਰੇ ਮਹਾਂਦੀਪ ਦੇ ਰੂਪ ਵਿਚ ਪਸਰਿਆ ਹੋਇਆ ਹੈ, ਵਿਚ ਆਰਥਿਕ ਤੇ ਸਮਾਜੀ ਜਿ਼ੰਦਗੀ ਦੀ ਅਸਾਧਾਰਨ ਵੰਨ-ਸਵੰਨਤਾ, ਇਤਿਹਾਸ ਦੇ ਉਤਰਾ-ਚੜ੍ਹਾਅ ਅਤੇ ਬਸਤੀਵਾਦੀ ਵਿਰਾਸਤ ਕਾਰਨ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿਚ ਅਸਾਵਾਂ ਵਿਕਾਸ ਹੈ। ਅਜਿਹੇ ਹੋਰ ਸੱਭਿਆਚਾਰਕ ਪਸਾਰ ਤੇ ਵਿਚਾਰਧਾਰਕ ਰਹਿੰਦ-ਖੂੰਹਦ ਭਾਰਤ ਨੂੰ ਦੁਨੀਆ ਦਾ ਸਭ ਤੋਂ ਪੇਚੀਦਾ ਮੁਲਕ ਬਣਾ ਦਿੰਦੇ ਹਨ। ਹਕੀਕਤ ਵਿਚ ਅਜੋਕੇ ਭਾਰਤੀ ਸਮਾਜ ਦੀ ਤੋਰ ਦੀ ਹਰ ਪਰਤ ਉੱਪਰ ਪੂੰਜੀਵਾਦ ਦਾ ਰੰਗ ਚੜ੍ਹਿਆ ਹੋਇਆ ਹੈ ਜਿਸ ਨੇ ਸਮਾਜ ਦੇ ਇਖ਼ਲਾਕ ਅਤੇ ਸਭਿਆਚਾਰ ਉੱਪਰ ਆਪਣੀ ਛਾਪ ਛੱਡੀ ਹੋਈ ਹੈ।
ਪ੍ਰੋ. ਰਣਧੀਰ ਸਿੰਘ ਸਮੱਸਿਆਵਾਂ ਅਤੇ ਮਸਲਿਆਂ ਦਾ ਹੱਲ ਸਿਆਸਤ ਵਿਚੋਂ ਹੀ ਲੱਭਿਆ ਜਾਣਾ ਸਮਝਦੇ ਸਨ। ਇਹ ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ। ਇਹ ਸਚਾਈ ਹੈ ਕਿ ਭਾਰਤ ਦੇ ਭਵਿੱਖ ਲਈ ਚੱਲ ਰਹੇ ਸੰਘਰਸ਼ਾਂ ਦਾ ਅਖਾੜਾ ਬਦਲਵੀਂ ਲੋਕ ਸਿਆਸਤ ਦੇ ਵਾਧੇ ਅਤੇ ਪਸਾਰੇ ਨਾਲ ਹੀ ਫੈਲ ਸਕਦਾ ਹੈ। ਇਹੀ ਸਿਆਸਤ ਦੀ ਪੈਦਾ ਕੀਤੀ ਖੜੋਤ ਨੂੰ ਤੋੜੇਗਾ। ਲੋਕਾਂ ਦੀ ਤਾਕਤ ਸਿਰਫ਼ ਉਨ੍ਹਾਂ ਦੀ ਆਪਣੀ ਸਰਗਰਮੀ, ਜੱਥੇਬੰਦੀ ਅਤੇ ਸੰਘਰਸ਼ਾਂ ਵਿਚੋਂ ਪਾਣ ਚੜ੍ਹੀ ਇਨਕਲਾਬੀ ਚੇਤਨਾ ਰਾਹੀਂ ਪੈਦਾ ਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਅਕਸਰ ਇੱਕ ਤੌਖਲਾ ਰਹਿੰਦਾ ਸੀ ਕਿ ਸਾਡੇ ਲੋਕਾਂ ਨੂੰ ਬੇਹੱਦ ਖ਼ਤਰਨਾਕ ਸੰਭਾਵਨਾ ਵਾਲੀ ਬੇਮਿਸਾਲ ਹਾਲਤ ਨਾਲ ਜੂਝਣਾ ਪੈ ਰਿਹਾ ਹੈ। ਇਸ ਕਰ ਕੇ ਲੜਨ ਵਾਲੇ ਲੋਕਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਮਹਿਸੂਸ ਕਰਨ ਕਿ ਇਨਕਲਾਬੀ ਵਿਰਾਸਤ ਤੇ ਜਾਂਬਾਜ਼ ਗਦਰੀਆਂ ਸਮੇਤ ਇਨਕਲਾਬੀ ਲਹਿਰ ਦੇ ਬੇਸ਼ੁਮਾਰ ਸ਼ਹੀਦਾਂ ਦੀ ਯਾਦ ਦਾ ਕਰਜ਼ ਹੈ ਜਿਹੜਾ ਉਨ੍ਹਾਂ ਨੂੰ ਉਤਾਰਨਾ ਪਵੇਗਾ।
ਸੰਪਰਕ: 98151-15429