ਹੀਰਾ ਸਿੰਘ ਭੂਪਾਲ
ਕਰੋਨਾ ਮਹਾਮਾਰੀ ਨੇ ਪੂਰੀ ਕਾਇਨਾਤ ਨੂੰ ਪ੍ਰਭਾਵਿਤ ਕੀਤਾ ਹੈ। ਮਨੁੱਖ ਨੂੰ ਛੱਡ ਕੇ ਬਾਕੀ ਸਭ ਜੀਵ-ਜੰਤੂ ਕੁਦਰਤ ਦੀ ਨਿੱਘੀ ਗੋਦ ਦਾ ਲੁਤਫ ਲੈ ਰਹੇ ਹਨ। ਚਹਿਕਦੇ ਪੰਛੀ ਅਤੇ ਸਾਫ ਹਵਾ ਵਿਚ ਝੂਮਦੇ ਦਰੱਖਤ ਖੁਸ਼ ਹਨ। ਸਮੁੱਚੀ ਦੁਨੀਆ ਲਈ ਇਹ ਵਿਕਰਾਲ ਘੜੀ ਚੁਣੌਤੀ ਵਾਲੀ ਹੈ ਜਿਸ ਨੇ ਹਰ ਇਨਸਾਨ ਲਈ ਮਾਨਸਿਕ ਅਤੇ ਆਤਮਿਕ ਤੌਰ ਤੇ ਝੰਜੋੜਨ ਦੇ ਨਾਲ ਨਾਲ ਸਮਾਜਿਕ, ਆਰਥਿਕ, ਸਿਆਸੀ, ਪ੍ਰਸ਼ਾਸਨਿਕ ਅਤੇ ਇਨਸਾਨੀਅਤ ਪੱਧਰ ਤੇ ਅਹਿਮ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਸਾਨੂੰ ਵਧੇਰੇ ਸਕਾਰਾਤਮਿਕ ਤੇ ਉਸਾਰੂ ਹੋਣ ਦੀ ਜ਼ਰੂਰਤ ਹੈ। ਅਣਚਾਹੇ ਨਿਯਮਾਂ ਨੇ ਮਾਨਸਿਕ ਤਣਾਅ ਅਤੇ ਉਦਾਸੀਨਤਾ ਵਧਾਈ ਹੈ। ਲਗਾਤਾਰ ਡਰ, ਨਿਰਾਸ਼ਾ, ਇਕਾਗਰਤਾ ਵਿਚ ਵਿਘਨ ਆਦਿ ਦਾ ਪਰਛਾਵਾਂ ਹਰ ਵਕਤ ਪਿੱਛਾ ਕਰ ਰਿਹਾ ਹੈ।
ਮਨੁੱਖ ਬਾਕੀ ਦੇ ਜੀਵ-ਜੰਤੂਆਂ ਤੋਂ ਇਸ ਦੇ ਤੇਜ਼ ਦਿਮਾਗ ਅਤੇ ਸੋਚਣ ਦੀ ਕੁਦਰਤੀ ਨਿਆਮਤ ਕਰਕੇ ਵੱਖਰਾ ਹੈ ਜਿਸ ਨੇ ਆਪਣੇ ਹਿੱਤਾਂ ਖਾਤਿਰ ਹਰ ਕੁਦਰਤੀ ਸੋਮੇ ਅਤੇ ਨਿਆਮਤ ਨਾਲ ਖਿਲਵਾੜ ਕੀਤਾ ਹੈ। ਇਸ ਨੇ ਸੁੱਖ ਅਤੇ ਸਹੂਲਤਾਂ ਤਾਂ ਬਥੇਰੀਆਂ ਹਾਸਲ ਕੀਤੀਆਂ ਹਨ ਪਰ ਇਹ ਸਮਾਜਿਕ, ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨਾਲ ਘਿਰ ਗਿਆ ਹੈ। ਇਸ ਦਾ ਮੂਲ ਕਾਰਨ ਘਟ ਰਹੀ ਅੱਪਣਤ, ਵਧ ਰਹੀ ਖੁਦਗਰਜ਼ੀ ਅਤੇ ਨਿੱਤ ਦਿਨ ਰਸਾਤਲ ਵੱਲ ਜਾਂਦੀ ਇਨਸਾਨੀਅਤ ਹੈ।
ਹਰ ਜੀਵ-ਜੰਤੂ ਪਿਆਰ ਅਤੇ ਅਪਣੱਤ ਦੀ ਭਾਸ਼ਾ ਭਲੀਭਾਂਤ ਸਮਝਦਾ ਹੈ। ਨਿਰਸਵਾਰਥ ਪਿਆਰ ਨਾਲ ਹਰ ਜੀਵ ਦੇ ਵਿਕਾਸ ਅਤੇ ਵਾਧੇ ’ਤੇ ਉਸਾਰੂ ਅਸਰ ਪੈਂਦਾ ਹੈ। ਕਿਸਾਨ ਦਾ ਪਹੁ-ਫੁਟਾਲੇ ਤੋਂ ਪਹਿਲਾਂ ਖੇਤ ਜਾ ਕੇ ਫਸਲਾਂ ਨੂੰ ਅਪਣੱਤ ਤੇ ਪਿਆਰ ਦੀ ਖੁਸ਼ਬੂ ਦੇਣਾ ਅਤੇ ਦੁਕਾਨਦਾਰ ਦਾ ਸਵੇਰੇ ਸਾਫ-ਸਫਾਈ ਤੇ ਕੰਡੇ-ਵੱਟਿਆਂ ਨੂੰ ਧੋ ਕੇ ਧੂਫ ਬੱਤੀ ਕਰਨਾ ਇਸ ਦਾ ਪ੍ਰਤੱਖ ਸਬੂਤ ਹੈ। ਹਰ ਜੀਵ ਦੀ ਸਿਰਜਣਾ ਦੋ ਸੈੱਲਾਂ ਦੇ ਸੁਮੇਲ ਅਤੇ ਕਈਆਂ ਵਿਚ ਸੈੱਲਾਂ ਦੇ ਸਮੂਹ ਤੋਂ ਹੁੰਦੀ ਹੈ। ਉਨ੍ਹਾਂ ਨੂੰ ਵੱਖਰਾਪਣ ਅਤੇ ਆਕਾਰ ਉਨ੍ਹਾਂ ਸੈੱਲਾਂ ਵਿਚ ਮਿਲਦੇ ਡੀਐੱਨਏ ਅਤੇ ਜੀਨਸ ’ਤੇ ਨਿਰਭਰ ਕਰਦਾ ਹੈ। ਇਸ ਤੋਂ ਬਿਨਾ ਵਾਤਾਵਰਨ ਅਤੇ ਆਲਾ-ਦੁਆਲਾ (ਸਹੂਲਤਾਂ, ਪਾਲਣ-ਪੋਸ਼ਣ ਆਦਿ) ਉਸ ਦੇ ਸੁਭਾਅ ਅਤੇ ਗੁਣ-ਔਗਣ ਦੀ ਸਿਰਜਣਾ ਵਿਚ ਮੁਢਲੇ ਤੌਰ ’ਤੇ ਸਹਾਈ ਹੁੰਦੇ ਹਨ। ਜੀਨ ਐਡੀਟਿੰਗ ਅੱਜ ਦੇ ਸਮੇਂ ਦੀ ਅਹਿਮ ਵਿਗਿਆਨਕ ਪ੍ਰਾਪਤੀ ਹੈ। ਇਸ ਵਿਧੀ ਰਾਹੀਂ ਕਿਸੇ ਜੀਨ ਦੇ ਵਿਸ਼ੇਸ਼ ਗੁਣ ਵਿਚ ਮਨਚਾਹਿਆ ਬਦਲਾਓ ਅਣੂ ਜੀਵ ਵਿਗਿਆਨ (Molecular Biology) ਦੀਆਂ ਤਕਨੀਕਾਂ ਨਾਲ ਕਰ ਸਕਦੇ ਹਾਂ। ਮੌਸਮੀ ਤਬਦੀਲੀ ਅਤੇ ਵਧ ਰਹੀ ਆਬਾਦੀ ਦੇ ਮੱਦੇਨਜ਼ਰ ਵਿਗਿਆਨਕ ਸੋਚ ਅਪਨਾਉਣਾ ਹੀ ਪੈਣੀ ਹੈ; ਇਹ ਸਾਡੀ ਜ਼ਰੂਰਤ ਵੀ ਹੈ ਤੇ ਮਜਬੂਰੀ ਵੀ ਪਰ ਕੁਝ ਇਹੋ ਜਿਹੇ ਵਿਸ਼ੇ ਹਨ ਜਿਸ ਵਿਚ ਸ਼ਾਇਦ ਸਾਇੰਸ ਵੀ ਨਾ-ਮਾਤਰ ਯੋਗਦਾਨ ਹੀ ਪਾ ਸਕਦੀ ਹੈ; ਮਸਲਨ ਭਾਵਨਾਵਾਂ, ਪਿਆਰ, ਅਪਣੱਤ, ਖ਼ੁਦਗਰਜ਼ੀ। ਇਹ ਨਿੱਜੀ ਅਤੇ ਸਮਾਜਿਕ ਪੱਧਰ ’ਤੇ ਅਸਰ ਪਾਉਂਦੇ ਹਨ।
ਮਨੁੱਖਤਾ ਪਿਆਰ ਤੇ ਅਪਣੱਤ ਦੀ ਸਦਾ ਹੀ ਭੁੱਖੀ ਰਹੀ ਹੈ। ਮਨੁੱਖ ਮੁੱਢ ਕਦੀਮ ਤੋਂ ਸੰਵੇਦਨਸ਼ੀਲ ਰਿਹਾ ਹੈ ਪਰ ਆਧੁਨਿਕਤਾ ਤੇ ਵਿਕਾਸਵਾਦ ਨੇ ਇਨ੍ਹਾਂ ਗੁਣਾਂ ’ਤੇ ਝੋਲ ਫੇਰ ਦਿੱਤਾ ਹੈ। ਪਿਆਰ ਤੇ ਅਪਣੱਤ ਦੀ ਪਰਿਭਾਸ਼ਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਇਹ ਅਨੂਠੀਆਂ ਤਰੰਗਾਂ ਹਨ ਜੋ ਬਿਨਾ ਕਿਸੇ ਮਾਧਿਅਮ ਤੋਂ ਸਫ਼ਰ ਕਰਦੀਆਂ ਹਨ। ਇਨਸਾਨ ਹਰ ਸਮੇਂ ਇੱਕੋ ਮਿਜ਼ਾਜ ਜਾਂ ਮਨੋਦਸ਼ਾ ਨਹੀਂ ਰੱਖ ਸਕਦਾ ਕਿਉਂਕਿ ਇਹ ਸਭ ਸਾਡੇ ਅੰਦਰ ਪੈਦਾ ਹੋ ਰਹੇ ਵਿਚਾਰ ਅਤੇ ਉਨ੍ਹਾਂ ਪ੍ਰਤੀ ਸਾਡੀ ਪ੍ਰਤੀਕਿਰਿਆ ਕਰਕੇ ਵਾਪਰਦਾ ਹੈ। ਵਿਗਿਆਨੀਆਂ ਅਨੁਸਾਰ ਬਾਲਗ ਦਿਮਾਗ ਵਿਚ 12000 ਤੋਂ 60000 ਨਾਕਾਰਾਤਮਕ ਅਤੇ ਸਕਾਰਾਤਮਕ ਵਿਚਾਰ ਪ੍ਰਤੀ ਦਿਨ ਆਉਂਦੇ ਹਨ। ਸਾਡੇ ਜਜ਼ਬਾਤ, ਗੁੱਸਾ, ਦਲੇਰੀ, ਕਮਜ਼ੋਰੀ, ਰੋਣਾ, ਖਿੜ-ਖਿੜ ਹੱਸਣਾ ਇਸ ਦਾ ਪ੍ਰਤੱਖ ਸਬੂਤ ਹਨ। ਸਮੇਂ ਨਾਲ ਮਨੁੱਖ ਦੇ ਸੁਭਾਅ, ਰਹਿਣ-ਸਹਿਣ ਅਤੇ ਰੋਜ਼ਮੱਰਾ ਜ਼ਿੰਦਗੀ ਵਿਚ ਕਾਫੀ ਬਦਲਾਓ ਆਉਂਦੇ ਹਨ ਪਰ ਸਭ ਤੋਂ ਵੱਡਾ ਬਦਲਾਓ ਲੋਭੀ ਅਤੇ ਸੁਆਰਥੀ ਹੋਣਾ ਹੈ। ਅਜੋਕੇ ਸਮੇਂ ਅੰਦਰ ਵਧ ਰਹੀ ਇਕੱਲ, ਪੈਸੇ ਤੇ ਫੋਕੀ ਸ਼ੋਹਰਤ ਦੀ ਦੌੜ ਅਤੇ ਇਲੈਕਟ੍ਰੌਨਿਕ ਯੰਤਰਾਂ ਤੇ ਵਧੇਰੇ ਨਿਰਭਰਤਾ ਕਰਕੇ ਘਟ ਰਿਹਾ ਆਪਸੀ ਮਿਲਵਰਤਣ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਪ੍ਰਫੁਲਿਤ ਕਰ ਰਿਹਾ ਹੈ।
ਇਨਸਾਨ ਉਦਾਸੀਨਤਾ, ਬੇਚੈਨੀ ਤੇ ਗਮ ’ਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ਨਾਲ ਕਈ ਮਾਨਸਿਕ, ਸਰੀਰਕ ਸਮੱਸਿਆਵਾਂ ਆ ਰਹੀਆਂ ਹਨ। ਐੱਨਸੀਆਰਬੀ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਹਰ ਰੋਜ਼ 381 ਲੋਕ ਖੁਦਕਸ਼ੀ ਕਰ ਰਹੇ ਹਨ ਅਤੇ ਇਨ੍ਹਾਂ ਵਿਚ ਵੱਡੀ ਗਿਣਤੀ ਮਾਨਸਿਕ ਪ੍ਰੇਸ਼ਾਨੀ ਵਾਲੇ ਹਨ। ਜੇ ਕਿਸੇ ਪ੍ਰੇਸ਼ਾਨ ਇਨਸਾਨ ਦੀ ਗੱਲ ਅਪਣੱਤ ਨਾਲ ਸੁਣੀ ਜਾਵੇ ਤਾਂ ਉਸ ਨੂੰ ਖੁਦਕਸ਼ੀ ਵਾਲੇ ਰਾਹ ਤੋਂ ਮੋੜਿਆ ਜਾ ਸਕਦਾ ਹੈ।
ਕਰੋਨਾ ਕਾਰਨ ਇਹ ਅਲਾਮਤਾਂ ਵਧੀਆਂ ਹਨ ਤੇ ਇਸ ਨੇ ਆਪਣਿਆਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ। ਭਾਰਤ ਅੰਦਰ ਕਰੋਨਾ ਦੀ ਦੂਜੀ ਲਹਿਰ ਨੇ ਝੰਜੋੜਿਆ ਹੈ। ਇਸ ਨੂੰ ਵਧੇਰੇ ਡਰਾਉਣਾ ਬਣਾਉਣ ਵਿਚ ਅਫ਼ਵਾਹਾਂ ਅਤੇ ਅਧੂਰੀ ਜਾਣਕਾਰੀ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ ਹੈ ਪਰ ਸਾਨੂੰ ਇਨ੍ਹਾਂ ਹਾਲਾਤ ਵਿਚ ਸਹਿਜ ਅਤੇ ਸੁਹਿਰਦਤਾ ਬਣਾਈ ਰੱਖਣ ਦੀ ਸਖ਼ਤ ਲੋੜ ਹੈ। ਸੋਸ਼ਲ ਮੀਡੀਆ ਦੇ ਅਧੂਰੇ ਤੇ ਗਲਤ ਗਿਆਨ ਦੀ ਪੂਰੀ ਘੋਖ ਕਰਨੀ ਲਾਜ਼ਮੀ ਹੈ। ਇਹ ਸਮਾਂ ਇਮਤਿਹਾਨ ਦਾ ਹੈ। ਸਾਨੂੰ ਵੈਰ-ਵਿਰੋਧ, ਈਰਖਾ, ਦੁਸ਼ਮਣੀ, ਗੁੱਸਾ-ਗਿਲਾ ਭੁਲਾ ਕੇ ਇੱਕ ਦੂਜੇ ਨਾਲ ਖੜ੍ਹਨ ਦੀ ਲੋੜ ਹੈ। ਆਪੋ-ਆਪਣੀਆਂ ਜਿ਼ੰਮੇਵਾਰੀਆਂ ਦੇ ਨਾਲ ਨਾਲ ਆਪਣੇ ਨੇੜਲਿਆਂ ਨਾਲ ਸੰਪਰਕ ਸਾਧ ਕੇ ਅਤੇ ਹੌਂਸਲਾ ਤੇ ਖੁਸ਼ੀਆਂ ਵੰਡ ਕੇ ਮਨੁੱਖ ਨੂੰ ਇਸ ਮਹਾਮਾਰੀ ਵਿਚੋਂ ਬਾਹਰ ਕੱਢੀਏ। ਸਕਾਰਾਤਮਕ ਸੋਚ ਅਤੇ ‘ਇਹ ਸਮਾਂ ਵੀ ਗੁਜ਼ਰ ਜਾਏਗਾ’ ਮਨ ਅੰਦਰ ਸਮਾਅ ਕੇ ਹੀ ਇਸ ਵਾਇਰਸ ਨਾਲ ਲੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਡਾਕਟਰਾਂ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ। ਇੱਕ ਦੂਜੇ ਨੂੰ ਆਸ਼ਾਵਾਦੀ ਅਤੇ ਮਜ਼ਬੂਤ ਬਣਾਈਏ। ਦਵਾਈ ਦੇ ਨਾਲ ਨਾਲ ਹੌਂਸਲਾ ਅਤੇ ਸੰਪਰਕ ਬਹੁਤ ਜ਼ਰੂਰੀ ਹਨ, ਇਹ ਨਾ ਟੁੱਟਣ ਦੇਈਏ।
ਸੰਪਰਕ: 95016-01144