ਸੁੱਚਾ ਸਿੰਘ ਖੱਟੜਾ
ਬਹੁਤ ਪੁਰਾਣੀ ਗੱਲ ਹੈ। ਉਨ੍ਹੀਂ ਦਿਨੀਂ ਸਰਕਾਰੀ ਸਕੂਲਾਂ ਵਿਚ ਛੇ ਮਹੀਨੇ ਦੇ ਆਧਾਰ ਤੇ ਆਰਜ਼ੀ ਨਿਯੁਕਤੀ ਸਕੂਲ ਮੁਖੀ ਹੀ ਕਰ ਲੈਂਦੇ ਸਨ ਪਰ ਪੱਕਾ ਅਧਿਆਪਕ ਆਉਣ ਤੇ ਆਰਜ਼ੀ ਅਧਿਆਪਕ ਹਟਾ ਦਿੱਤਾ ਜਾਂਦਾ ਸੀ। ਬਹੁਤ ਖੱਜਲ ਖੁਆਰੀ ਹੁੰਦੀ ਸੀ। ਸ਼ਾਇਦ ਮੈਂ ਇਸੇ ਕਰਕੇ ਮਾਨਤਾ ਪ੍ਰਾਪਤ ਸਕੂਲ ਵਿਚ ਅਧਿਆਪਕ ਬਣਨਾ ਪਸੰਦ ਕਰ ਲਿਆ। 19ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਆਰੀਆ ਸਮਾਜੀਆਂ ਦੀ ਸਹਾਇਤਾ ਨਾਲ ਡੀਏਵੀ ਕਮੇਟੀ ਨੇ ਇਹ ਸਕੂਲ ਖੋਲ੍ਹਿਆ ਸੀ। ਪਹਿਲੇ ਦਿਨ ਅੱਧੀ ਛੁੱਟੀ ਹੋਈ ਤਾਂ ਬਜ਼ੁਰਗ ਅਧਿਆਪਕ ਅੰਗਰੇਜ਼ੀ ਦੀ ਐੱਲ ਸ਼ਕਲ ਵਾਲੀ ਸਕੂਲ ਬਿਲਡਿੰਗ ਦੀ ਨੁੱਕਰ ਵਿਚ ਇਕ ਛੱਪਰ ਵਿਚ ਜਾਂਦੇ ਦੇਖ ਮੈਂ ਵੀ ਮਗਰ ਹੋ ਲਿਆ। ਅੰਦਰ ਦੇਖਿਆ ਤਾਂ ਚਾਰ ਬਜ਼ੁਰਗ ਅਧਿਆਪਕਾਂ ਨੇ ਆਪੋ-ਆਪਣਾ ਹੁੱਕਾ ਸੰਭਾਲ ਕੇ ਇਕ ਡੇਢ ਮਿੰਟ ਵਿਚ ਭਖਾ ਲਿਆ। ਮੈਂ ਖੜ੍ਹ ਨਾ ਸਕਿਆ, ਬਾਹਰ ਆ ਗਿਆ। ਸਕੂਲ ਕਲਰਕ ਸਾਬਕਾ ਫੌਜੀ ਅਤੇ ਮੁੱਖ ਅਧਿਆਪਕ ਦਫਤਰ ਬੈਠੇ ਸਨ, ਮੇਰੀ ਪਰੇਸ਼ਾਨੀ ਸਮਝ ਗਏ। ਮੁੱਖ ਅਧਿਆਪਕ ਨੇ ਮੈਨੂੰ ਸੱਦ ਕੇ ਆਪਣੇ ਪਾਸ ਬਿਠਾ ਕੇ ਸਕੂਲ ਲਾਗ ਬੁੱਕ ਵਿਚ ਆਜ਼ਾਦੀ ਤੋਂ ਪਹਿਲਾਂ ਕਿਸੇ ਅਫਸਰ ਦੀ ਟਿੱਪਣੀ ਪੜ੍ਹਾਈ। ਹੋਰ ਗੱਲਾਂ ਤੋਂ ਇਲਾਵਾ ਟਿੱਪਣੀ ਸੀ: “ਸਕੂਲ ਵਿਚ ਹੁੱਕਾ ਪੀਣ ਵਾਲਿਆਂ ਦਾ ਘੁਰਨਾ ਵੀ ਹੈ।”
ਖ਼ੈਰ! ਬਜ਼ੁਰਗ ਅਧਿਆਪਕ ਇਨਸਾਨ ਵੀ ਵਧੀਆ ਸਨ ਅਤੇ ਅਧਿਆਪਕ ਵੀ ਖੂਬ ਸਨ, ਉਨ੍ਹਾਂ ਮੇਰਾ ਦਿਲ ਮੋਹ ਲਿਆ। ਮੈਂ ਉਨ੍ਹਾਂ ਵਿਚ ਬੈਠਣ ਲੱਗ ਪਿਆ। ਕੁਝ ਦਿਨਾਂ ਵਿਚ ਹੀ ਚਾਰ ਹੁੱਕਿਆਂ ਦਾ ਧੂੰਆਂ ਬਰਦਾਸ਼ਤ ਕਰਨ ਦੀ ਸਮਰੱਥਾ ਆ ਗਈ। ਸਾਰਾ ਸਟਾਫ ਮੈਨੂੰ ਇਸ ਕਰਕੇ ਵੀ ਪਿਆਰ ਕਰਦਾ ਸੀ ਕਿ ਸਰਦਾਰ ਹੋ ਕੇ ਵੀ ਮੈਂ ਸ਼ਰਾਬ ਨਹੀਂ ਸੀ ਪੀਂਦਾ। ਸ਼ਰਾਬ ਨਾ ਪੀਣ ਵਾਲਿਆਂ ਨੂੰ ਉਦੋਂ ਚੰਗਾ ਸਮਝਿਆ ਜਾਂਦਾ ਸੀ। ਉਂਝ ਸ਼ਰਾਬ ਤੇ ਸ਼ਰਾਬੀਆਂ ਨਾਲ ਮੈਨੂੰ ਕਦੇ ਨਫਰਤ ਨਹੀਂ ਹੋਈ; ਦੇਸੀ ਸ਼ਰਾਬ ਦੀ ਗੰਧ ਵੀ ਮੈਨੂੰ ਤੰਗ ਨਹੀਂ ਕਰਦੀ। ਹੁੱਕੇ ਤੇ ਸਿਗਰਟ ਦੇ ਧੂੰਏਂ ਨੂੰ ਵੀ ਸਹਿਜੇ ਹੀ ਸਹਾਰਨਾ ਸਿਖਾ ਦਿੱਤਾ। ਸਕੂਲ ਦੇ ਸ਼ਾਸਤਰੀ ਜੀ ਸਿਗਰਟ ਪੀਂਦੇ ਸਨ ਅਤੇ ਪੀਰੀਅਡ ਲਾਉਣ ਤੋਂ ਪਹਿਲਾਂ ਲੈਂਪ ਬ੍ਰਾਂਡ ਸਿਗਰਟ ਪੀ ਕੇ ਜਾਂਦੇ ਸਨ। ਸੰਸਕ੍ਰਿਤ ਵਿਚ ਦਾਰਸ਼ਨਿਕ ਅਰਥਾਂ ਵਾਲੇ ਲੋਕ ਅਰਥਾਂ ਸਮੇਤ ਮੈਨੂੰ ਸੁਣਾਉਣ ਵਿਚ ਉਹ ਵਿਸ਼ੇਸ਼ ਮਜ਼ਾ ਲੈਂਦੇ ਸਨ, ਮੈਨੂੰ ਅਜਿਹੇ ਸਲੋਕਾਂ ਵਿਚ ਰੁਚੀ ਜੋ ਸੀ।
ਮੇਰਾ ਸਕੂਲ ਅਜਿਹੇ ਪਿੰਡ ਵਿਚ ਸੀ ਜਿਥੇ ਬ੍ਰਾਹਮਣਾਂ, ਖੱਤਰੀਆਂ ਦੀ ਆਬਾਦੀ ਚੋਖੀ ਸੀ। ਮੇਰਾ ਸ਼ਰਾਬ ਨਾ ਪੀਣਾ ਉਨ੍ਹਾਂ ਨੂੰ ਕੁਝ ਜਿ਼ਆਦਾ ਹੀ ਚੰਗਾ ਲੱਗਦਾ ਸੀ। ਇਸ ਬਦਲੇ ਮਿਲਦਾ ਪਿਆਰ ਸਤਿਕਾਰ ਮੇਰੇ ਸ਼ਰਾਬ ਨਾ ਪੀਣ ਦੇ ਫੈਸਲੇ ਨੂੰ ਹੋਰ ਮਜ਼ਬੂਤੀ ਦਿੰਦਾ। ਕਈ ਵਾਰੀ ਕਈਆਂ ਨੇ ਆਪਣੀ ਸੰਗਤ ਦੀ ਰੌਣਕ ਵਧਾਉਣ ਲਈ ਬਹੁਤ ਯਤਨ ਕੀਤੇ ਪਰ ਮੈਂ ਥਿੜਕਿਆ ਨਹੀਂ। ਸਮਾਜਵਾਦੀ ਸਾਹਿਤ ਪੜ੍ਹਨ ਅਤੇ ਖੱਬਿਆਂ ਦੀਆਂ ਸਰਗਰਮੀਆਂ ਵਿਚ ਮੇਰੀ ਵਧੀ ਰੁਚੀ ਅਤੇ ਮੇਰਾ ਸ਼ਰਾਬ ਨਾ ਪੀਣਾ ਉਨ੍ਹਾਂ ਦਾਇਰਿਆਂ ਵਿਚ ਵੀ ਪਸੰਦ ਕਰਨਾ, ਮੇਰੇ ਫੈਸਲੇ ਨੂੰ ਹੋਰ ਵੀ ਮਜ਼ਬੂਤੀ ਦਿੰਦਾ ਸੀ। ਸ਼ਰਾਬ ਨਾ ਪੀਣ ਕਰਕੇ ਇਨ੍ਹਾਂ ਕਾਰਜਾਂ ਲਈ ਸਮਾਂ ਵੀ ਵਾਧੂ ਬਚ ਜਾਂਦਾ ਸੀ।
ਮੇਰੇ ਰਾਹ ਵਿਚ ਇਕ ਹੋਰ ਪ੍ਰਾਈਵੇਟ ਸਕੂਲ ਪੈਂਦਾ ਸੀ, ਉਸ ਸਟਾਫ ਨਾਲ ਵੀ ਮੇਰਾ ਬਹੁਤ ਪਿਆਰ ਸੀ। ਕੁਝ ਨਾਲ ਤਾਂ ਛੁੱਟੀ ਪਿੱਛੋਂ ਰੋਜ਼ ਬੈਠਣ-ਉਠਣ ਸੀ। ਦੀਵਾਲੀ ਤੋਂ ਵਿਸਾਖੀ ਤਕ ਸਾਡੀਆਂ ਬੈਠਕਾਂ ਜਲੇਬੀਆਂ ਖਾ ਕੇ ਹੀ ਉਠਦੀਆਂ ਸਨ। ਉਨ੍ਹਾਂ ਦੇ ਵਿਦਿਆਰਥੀ ਵੀ ਮੈਨੂੰ ਜਾਣਦੇ ਸਨ। ਇਕ ਦਿਨ ਉਨ੍ਹਾਂ ਦੇ ਇਕ ਪੁਰਾਣੇ ਵਿਦਿਆਰਥੀ ਨੇ ਮੈਨੂੰ ਸਾਈਕਲ ਉਤੇ ਸਕੂਲ ਜਾਂਦੇ ਨੂੰ ਰਾਹ ਵਿਚ ਰੋਕਿਆ ਅਤੇ ਛੁੱਟੀ ਮਗਰੋਂ ਇਸ ਰਾਹ ਵਾਲੇ ਸਕੂਲ ਦੇ ਇਕ ਅਧਿਆਪਕ ਦੇ ਕਮਰੇ ਵਿਚ ਆਉਣ ਨੂੰ ਕਿਹਾ। ਇਹ ਅਧਿਆਪਕ ਬਾਹਰਲੇ ਜਿ਼ਲ੍ਹੇ ਦਾ ਸੀ, ਸਕੂਲ ਨਜ਼ਦੀਕ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ। ਇਸ ਵਿਦਿਆਰਥੀ ਨੇ ਫੌਜ ਵਿਚ ਕਮਿਸ਼ਨ ਹਾਸਲ ਕਰਨ ਦੀ ਖ਼ੁਸ਼ੀ ਮਨਾਉਣ ਲਈ ਖਾਣ-ਪੀਣ ਕਰਨਾ ਸੀ। ਉਹ ਅਧਿਆਪਕ ਅਤੇ ਮੇਰਾ ਇਕ ਹੋਰ ਮਿੱਤਰ ਇਸ ਪਾਰਟੀ ਦੇ ਦਾਅਵਤੀ ਸਨ। ਮੈਂ ਆਪਣੇ ਸਕੂਲ ਵਿਚ ਇਨ੍ਹਾਂ ਖਿਆਲਾਂ ਵਿਚ ਵਾਰ ਵਾਰ ਉਲਝਦਾ- ‘ਅਜ ਪੀ ਹੀ ਲੈਣੀ, ਕਿਹੜਾ ਕਿਸੇ ਨੂੰ ਪਤਾ ਲੱਗਣਾ! ਮਿੱਤਰਾਂ ਨੇ ਕਿਸੇ ਨੂੰ ਦੱਸਣਾ ਨਹੀਂ ਅਤੇ ਪਿਲਾਉਣ ਵਾਲੇ ਨੇ ਫੌਜ ਵਿਚ ਚਲੇ ਜਾਣਾ। ਫਿਰ ਨਹੀਂ ਪੀਊਂਗਾ … ਬਣਿਆ, ਪੱਕਿਆ ਅਸੂਲ ਭੰਗ ਨਹੀਂ ਕਰਨਾ ਚਾਹੀਦਾ!’ ਵਗੈਰਾ ਵਗੈਰਾ।
ਆਖਿ਼ਰ ਸਾਈਕਲ ਉੱਤੇ ਵਾਪਸੀ ਸਫਰ ਦੌਰਾਨ ਮੈਂ ਸ਼ਰਾਬ ਪੀਣ ਦਾ ਮਨ ਬਣਾ ਲਿਆ। ਕਮਰੇ ਵਿਚ ਉਹ ਵਿਦਿਆਰਥੀ ਅਤੇ ਮੇਰਾ ਇਕ ਦੋਸਤ ਬੈਠੇ ਸਨ। ਕਮਰੇ ਵਿਚ ਰਹਿਣ ਵਾਲਾ ਅਧਿਆਪਕ ਉੱਥੇ ਨਹੀਂ ਸੀ। ਪੰਜ ਕੁ ਮਿੰਟ ਬਾਅਦ ਉਹ ਵੀ ਆ ਗਿਆ। ਕਮਰੇ ਦੀ ਇਕ ਨੁੱਕਰੇ ਬਾਲਟੀ ਵਿਚ ਬਰਫ ਅਤੇ ਬੋਤਲ ਦੇਖ ਕੇ ਉਸ ਲੜਕੇ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, “ਪਤੰਦਰਾ, ਇਹਨੂੰ ਕੋਕਾਕੋਲਾ ਦੀ ਬੋਤਲ ਤਾਂ ਲੈ ਆਉਂਦਾ! ਇਹਦੇ ਇਹ (ਸ਼ਰਾਬ) ਕਿਸ ਕੰਮ? ਇਹਨੇ ਇਹ ਕਿਤੇ ਪੀਣੀ ਐ?” ਲੜਕਾ ਕੋਕਾਕੋਲਾ ਲਿਆਉਣ ਚਲਾ ਗਿਆ।
ਮਨ ਅੰਦਰ ਤੂਫ਼ਾਨ ਜਿਹਾ ਉਠਿਆ- ‘ਸ਼ਰਾਬ ਨਾ ਪੀਣ ਦਾ ਅਸੂਲ ਮੇਰਾ ਸੀ, ਤੇ ਇਸ ਦੀ ਰਾਖੀ ਮੇਰੀ ਥਾਂ ਕੋਈ ਹੋਰ ਕਰ ਰਿਹਾ ਸੀ!
ਮੈਂ ਚੁੱਪ, ਅੰਦਰੋ-ਅੰਦਰ ਖ਼ੁਦ ਨੂੰ ਫਿਟਕਾਰ ਪਾ ਰਿਹਾ ਸੀ ਪਰ ਸਬਕ ਵੀ ਪੱਕਾ ਕਰ ਰਿਹਾ ਸੀ ਕਿ ਜੇ ਤੁਸੀਂ ਕੋਈ ਅਸੂਲ ਬਣਾ ਲਓ ਤਾਂ ਲੋਕ ਹੀ ਤੁੁਹਾਡੇ ਅਸੂਲ ਦੀ ਰਾਖੀ ਕਰਨ ਲੱਗ ਪੈਂਦੇ ਹਨ।
ਸੰਪਰਕ: 94176-52947