ਲੱਖਾਂ ਭਾਰਤ ਵਾਸੀਆਂ ਦਾ ਇਤਿਹਾਸਕ ਤੇ ਲਾਸਾਨੀ ਇਕੱਠ ਦਿੱਲੀ ਦੇ ਬਾਰਡਰ ਤੇ ਬੈਠਾ ਹੈ। ਇਹ ਲੋਕ ਕੁਝ ਮੁੱਦੇ ਲੈ ਕੇ ਆਏ ਹਨ, ਇਸ ਆਸ ਨਾਲ ਕਿ ਇਨ੍ਹਾਂ ਮੁੱਦਿਆਂ ਨੂੰ ਭਾਰਤ ਦੇ ਗਣਤੰਤਰ ਦੇਸ਼ ਹੋਣ ਦੀ ਲੋਅ ਵਿਚ ਵਿਚਾਰਿਆ ਜਾਵੇਗਾ। ਇਸ ਇਕੱਠ ਵਿਚ ਭਾਵੇਂ ਭਾਰਤ ਦੇ ਲਗਭਗ ਸਾਰੇ ਖਿੱਤਿਆਂ ਤੋਂ ਲੋਕ ਆਏ ਹਨ ਪਰ ਕਿਹਾ ਜਾਂਦਾ ਹੈ ਕਿ ਇਸ ਵਿਚ ਪੰਜਾਬ ਵਾਸੀਆਂ ਦੀ ਬਹੁਤਾਤ ਹੈ; ਭਾਵੇਂ ਅਸਲ ਵਿਚ ਪੰਜਾਬ ਨਹੀਂ, ਪੰਜਾਬੀਆਂ ਦੀ ਬਹੁਤਾਤ ਹੈ, ਕਿਉਂਕਿ ਜ਼ਿਆਦਾ ਲੋਕ ਪੁਰਾਣੇ ਪੰਜਾਬ (ਪੰਜਾਬ ਤੇ ਹਰਿਆਣਾ) ਦੇ ਹਨ ਜਿਨ੍ਹਾਂ ਅੰਦਰ ਡੂੰਘੀ ਸਮਾਜਿਕ ਸਾਂਝੀਵਾਲਤਾ ਹੈ, ਇੱਥੋਂ ਤੱਕ ਕਿ ਇਹ ਧਰਮ ਨੂੰ ਅੱਖੋਂ ਪਰੋਖੇ ਕਰ ਕੇ ਵਿਆਹ-ਸ਼ਾਦੀਆਂ ਵੀ ਕਰਦੇ ਹਨ। ਬਜ਼ੁਰਗ, ਬੱਚੇ, ਬੀਬੀਆਂ, ਨੌਜਵਾਨ, ਅਮੀਰ-ਗ਼ਰੀਬ, ਜਾਟ-ਸੀਰੀ, ਸ਼ਹਿਰੀ ਤੇ ਕਾਰੋਬਾਰੀ, ਸਭ ਇਸ ਵਿਲੱਖਣ ਇਕੱਠ ਵਿਚ ਸ਼ਾਮਲ ਹਨ।
ਦੇਸ਼ ਵਿਦੇਸ਼ ਤੋਂ ਪੱਤਰਕਾਰ, ਡਾਕਟਰ, ਵਕੀਲ, ਅਧਿਆਪਕ, ਭਾਵ ਹਰ ਕੋਈ ਇਕੱਲੇ ਇਕੱਲੇ ਵੀ ਅਤੇ ਜਮਾਤੀ ਰੂਪ ਵਿਚ ਵੀ ਹਾਜ਼ਰੀ ਭਰ ਰਹੇ ਹਨ। ਕਮਾਲ ਹੈ! ਕਿਸੇ ਸਿਆਸੀ ਪਾਰਟੀ ਦੀ ਸੋਚ ਨਹੀਂ, ਕੋਈ ਲੀਡਰ ਨਹੀਂ ਸਗੋਂ ਇਹ ਆਮ ਕਿਸਾਨਾਂ ਤੇ ਲੋਕਾਂ ਦਾ ਪੁਰਅਮਨ ਇਕੱਠ ਹੈ ਜੋ ਲੋਕ ਲਹਿਰ ਬਣ ਗਿਆ ਹੈ। ਇਸ ਵਿਚ ਪੰਜਾਬੀਆਂ ਦੀ ਬਹੁਤਾਤ ਨੂੰ ਸਮਝਣ ਲਈ ਇਤਿਹਾਸ ਤੇ ਝਾਤੀ ਮਾਰਨ ਦੀ ਜ਼ਰੂਰਤ ਹੈ। ਪੰਜਾਬ ਦੇ ਜੰਮਿਆਂ ਨੇ ਨਿੱਤ ਮੁਹਿੰਮਾਂ ਦਾ ਟਾਕਰਾ ਕੀਤਾ ਹੈ।
ਕਰੀਬ 2300 ਸਾਲ ਪਹਿਲਾਂ ਸਿਕੰਦਰ ਦੁਨੀਆ ਜਿੱਤਣ ਲਈ ਭਾਰਤ ਤੱਕ ਆਇਆ ਸੀ। ਉਸ ਨੂੰ ਪੰਜਾਬ ਵਿਚ ਪੋਰਸ ਵਰਗੇ ਬਹਾਦਰ ਰਾਜੇ ਦਾ ਟਾਕਰਾ ਕਰਨਾ ਪਿਆ ਅਤੇ ਫਿਰ ਬਿਆਸ ਦਰਿਆ ਤੋਂ ਵਾਪਸ ਮੁੜਨਾ ਪਿਆ। ਉਸ ਤੋਂ ਬਾਅਦ ਭਾਰਤ ਤੇ ਵਿਦੇਸ਼ੀ ਹਮਲੇ ਸੰਨ 712 ਵਿਚ ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਹੋਏ। ਪਹਿਲਾਂ ਕੇਵਲ ਮਾਲ ਅਸਬਾਬ ਲੁੱਟ ਲੁੱਟ ਕੇ ਬੈਲ ਗੱਡੀਆਂ, ਖੱਚਰਾਂ, ਊਠ ਗੱਡੀਆਂ ਰਾਹੀਂ ਢੋਇਆ ਗਿਆ। ਫਿਰ ਧਰਮ ਸਥਾਨਾਂ ਦੀ ਬੇਹੁਰਮਤੀ ਸ਼ੁਰੂ ਹੋਈ ਤੇ ਫਿਰ ਲੋਕਾਂ ਨੂੰ ਹੀ ਗੁਲਾਮ ਬਣਾ ਕੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਵੇਚਿਆ ਗਿਆ। ਇਹ ਸਿਲਸਿਲਾ ਸਾਲਾਂ ਬੱਧੀ ਚੱਲਦਾ ਰਿਹਾ। ਹਮਲਾਵਰਾਂ ਨੇ ਖੂਬ ਲੁੱਟਿਆ, ਲਤਾੜਿਆ ਤੇ ਲਹੂ-ਲੁਹਾਨ ਕੀਤਾ। ਸਾਡੇ ਲੋਕਾਂ ਦੀ ਅਣਖ ਮਰ ਗਈ ਸੀ, ਹੌਂਸਲੇ ਪਸਤ ਸਨ। ਇੱਥੋਂ ਤੱਕ ਕਿ ਉਦੋਂ ਦੇ ਧਾਰਮਿਕ ਆਗੂ ਤੇ ਰੂਹਾਨੀ ਸ਼ਖ਼ਸੀਅਤਾਂ ਵੀ ਹਮਲਾਵਰਾਂ ਖ਼ਿਲਾਫ਼ ਨਹੀਂ ਸੀ ਬੋਲਦੇ ਸਗੋਂ ਕਹਿੰਦੇ ਸਨ ਕਿ ਘਰਾਂ ਵਿਚ ਵੜ ਕੇ ਪੂਜਾ ਕਰੋ, ਮੰਤਰ ਉਚਾਰਨ ਕਰੋ ਤਾਂ ਇਹ ਸਾਰੇ ਮੁਗ਼ਲ ਅੰਨ੍ਹੇ ਹੋ ਜਾਣਗੇ।
ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਅਤੇ ਉਨ੍ਹਾਂ ਨੇ ਆਪਣੀ ਇਲਾਹੀ ਬਾਣੀ ਰਾਹੀਂ ਲੋਕ ਚੇਤਨਾ ਜਗਾਈ ਅਤੇ ਕਿਹਾ ‘ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ`। ‘ਬਾਬਰਵਾਣੀ’ ਦੇ ਨਾਮ ਨਾਲ ਜਾਣੇ ਜਾਂਦੇ ਚਾਰ ਸ਼ਬਦਾਂ ਵਿਚ ਆਪ ਨੇ ਬਾਬਰ ਦੇ ਹਮਲਿਆਂ ਨੂੰ ‘ਪਾਪ ਕੀ ਜੰਞ’ ਕਹਿ ਕੇ ਵੰਗਾਰਿਆ ਸੀ। ਉਨ੍ਹਾਂ ਦਸਾਂ ਜਾਮਿਆਂ ਵਿਚ ਐਸੀ ਚਿਣਗ ਲਗਾ ਦਿੱਤੀ ਅਤੇ ਸਪਿਰਿਟ ਭਰ ਦਿੱਤੀ ਕਿ ਮੁਗ਼ਲਾਂ ਨੂੰ ਭਾਜੜਾਂ ਪੈ ਗਈਆਂ। ਉਦੋਂ ਵੀ ਪੰਜਾਬ ਹੀ ਉੱਠਿਆ, ਪੰਜਾਬ ਹੀ ਬੋਲਿਆ, ਪੰਜਾਬੀ ਹੀ ਸ਼ਹੀਦੀਆਂ ਨੂੰ ਚੁੰਮ ਚੁੰਮ ਗਏ।
ਜਦੋਂ ਕਸ਼ਮੀਰੀ ਪੰਡਿਤਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ, ਉਦੋਂ ਵੀ ਪੰਜਾਬ ਹੀ ਬੋਲਿਆ ਸੀ। ਜ਼ੁਲਮ ਦੇ ਇਸ ਦੌਰ ਵਿਚ ਕਸ਼ਮੀਰੀ ਲੋਕ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿਚ ਅਨੰਦਪੁਰ ਸਾਹਿਬ ਆਏ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅੱਗੇ ਬੇਨਤੀ ਕੀਤੀ ਕਿ ਸਾਡਾ ਧਰਮ ਬਚਾਓ। ਕੀ ਐਸੀ ਮਿਸਾਲ ਹੈ ਦੁਨੀਆ ਭਰ ਵਿਚ, ਮਨੁੱਖਤਾ ਦੇ ਇਤਿਹਾਸ ਵਿਚ ਮਨੁੱਖੀ ਹੱਕਾਂ ਦੀ। ਦੂਜੇ ਦੇ ਧਰਮ ਨੂੰ, ਦੂਸਰੇ ਦੀ ਜਾਤੀ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇ ਦੇਣਾ। ਗੁਰੂ ਜੀ ਨਾ ਆਪ ਤਿਲਕ ਲਗਾਉਂਦੇ ਸਨ, ਨਾ ਜਨੇਊ ਪਾਉਂਦੇ ਸਨ ਪਰ ਉਨ੍ਹਾਂ ਦਾ ਤਿਲਕ ਤੇ ਜਨੇਊ ਬਚਾਉਣ ਖਾਤਰ ਆਪ ਸ਼ਹੀਦ ਹੋ ਗਏ- ਤਿਲਕ ਜੰਵੂ ਰਾਖਾ ਪ੍ਰਭ ਤਾ ਕਾ। ਇਹ ਵੀ ਪੰਜਾਬ ਦੇ ਹਿੱਸੇ ਹੀ ਆਇਆ ਸੀ।
ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਆਇਆ। ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਰਾਹੀਂ ਸਾਰੇ ਦੇਸ਼ ਨੂੰ ਗ਼ੁਲਾਮ ਬਣਾ ਲਿਆ ਪਰ ਪੰਜਾਬ ਦੇ ਬੂਹੇ ਆ ਕੇ ਕਈ ਸਾਲ ਉਡੀਕ ਕਰਦਾ ਰਿਹਾ ਕਿ ਇਸ ਖਿੱਤੇ ਨੂੰ ਕਿਵੇਂ ਜਿੱਤਾਂ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲਗਭਗ ਦਸ ਸਾਲਾਂ ਬਾਅਦ ਬਹਾਦਰੀ ਨਾਲ ਨਹੀਂ, ਕੋਝੀ ਕੂਟਨੀਤੀ ਨਾਲ ਅੰਗਰੇਜ਼ ਪੰਜਾਬ ਜਿੱਤ ਸਕੇ।
ਇਹ ਸਭ ਤਾਂ ਪੁਰਾਣੀਆਂ ਗੱਲਾਂ ਹਨ, ਆਪਾਂ ਘੱਟੋ-ਘੱਟ ਆਜ਼ਾਦੀ ਦੀ ਜੰਗ ਵੱਲ ਹੀ ਨਜ਼ਰ ਮਾਰੀਏ ਜੋ ਪੰਜਾਬੀਆਂ ਨੇ 100 ਸਾਲ ਤੋਂ ਘੱਟ ਸਮੇਂ ਵਿਚ ਅੰਗਰੇਜ਼ਾਂ ਨਾਲ ਲੜੀ ਅਤੇ ਅੰਗਰੇਜ਼ਾਂ ਦੇ ਪੈਰ ਪੁੱਟ ਛੱਡੇ। ਸਾਰਾ ਹਿੰਦੁਸਤਾਨ ਵੱਧ ਸਮਾਂ ਗ਼ੁਲਾਮ ਰਿਹਾ ਪਰ ਪੰਜਾਬ ਛੇਤੀ ਹੀ ਗ਼ੁਲਾਮੀ ਤੋਂ ਆਪ ਵੀ ਮੁਕਤ ਹੋ ਗਿਆ ਅਤੇ ਦੇਸ਼ ਨੂੰ ਵੀ ਆਜ਼ਾਦ ਕਰਵਾ ਦਿੱਤਾ। ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਕੁੱਲ 121 ਲੋਕ ਫਾਂਸੀ ਚਾੜ੍ਹੇ ਗਏ ਜਿਨ੍ਹਾਂ ਵਿਚੋਂ 93 ਸਿੱਖ ਸਨ। ਕੁੱਲ 2646 ਲੋਕਾਂ ਨੂੰ ਉਮਰ ਕੈਦ ਹੋਈ, ਉਨ੍ਹਾਂ ਵਿਚੋਂ 2147 ਸਿੱਖ ਸਨ। ਉਦੋਂ ਵੀ ਪੰਜਾਬ ਹੀ ਮੋਹਰੀ ਹੋ ਕੇ ਲੜਿਆ, ਜੂਝਿਆ ਤੇ ਜਿੱਤਿਆ।
1960 ਦੇ ਦਹਾਕਿਆਂ ਵਿਚ ਜਦੋਂ ਸਾਡਾ ਦੇਸ਼ ਹੱਥ ਵਿਚ ਠੂਠਾ ਫੜ ਕੇ ਅਨਾਜ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਖੇਤਰ ਦੇ ਕਿਸਾਨ ਅੱਗੇ ਆਏ ਤੇ ਦੇਸ਼ ਦੀ ਅੰਨ ਸੁਰੱਖਿਆ ਦੀ ਵੰਗਾਰ ਨੂੰ ਤਕੜੇ ਹੋ ਕੇ ਨਜਿੱਠਿਆ। ਇਨ੍ਹਾਂ ਕਿਸਾਨਾਂ ਨੇ ਅਣਥੱਕ ਮਿਹਨਤ ਤੇ ਸਿਰੜ ਨਾਲ ਹੀ ਦੇਸ਼ ਦੇ ਅੰਨ ਭੰਡਾਰ ਭਰੇ ਹੈ।
ਸਾਰੇ ਸੱਚੇ ਭਾਰਤੀਆਂ, ਦੇਸ਼ ਪ੍ਰੇਮੀਆਂ ਨੂੰ ਮਾਣ ਹੈ ਕਿ ਸਾਡਾ ਦੇਸ਼ ਗਣਤੰਤਰ ਹੈ। ਇਸ ਕਰ ਕੇ ਭਾਰਤ ਦੀ ਦੁਨੀਆ ਭਰ ਵਿਚ ਸ਼ਲਾਘਾ ਵੀ ਹੋ ਰਹੀ ਹੈ। ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਓ ਆਪਾਂ ਹਰ ਯਤਨ ਕਰੀਏ ਕਿ ਇਸ ਤੋਂ ਪਹਿਲਾਂ ਕਿ ਠੰਢ ਤੇ ਮੀਹਾਂ ਦੇ ਮੌਸਮ ਵਿਚ ਹੋਰ ਦੇਰ ਹੋ ਜਾਵੇ, ਦੇਸ਼ ਪ੍ਰੇਮ ਹਿਤ, ਦੇਸ਼ ਭਗਤੀ ਹਿਤ ਆਪਣੀ ‘ਹਉਂ` ਬਿਰਤੀ ਨੂੰ ਸੰਕੋਚ ਕੇ, ਦੇਸ਼ ਦੇ ਵੱਡੇ ਹਿਤਾਂ ਵਿਚ ਕਿਰਸਾਨੀ ਮੁੱਦਿਆਂ ਦਾ ਸੁਖਾਵਾਂ ਹੱਲ ਲੱਭੀਏ।
*ਪ੍ਰੋਫੈਸਰ, ਪੱਤਰਕਾਰੀ ਵਿਭਾਗ, ਪੀਏਯੂ, ਲੁਧਿਆਣਾ।
ਸੰਪਰਕ: 98146-12004
**ਵਾਈਸ ਚਾਂਸਲਰ, ਪੀਏਯੂ, ਲੁਧਿਆਣਾ।