ਦਰਸ਼ਨ ਸਿੰਘ
ਮੈਨੂੰ ਇਹ ਅਹਿਸਾਸ ਵਰ੍ਹਿਆਂ ਪਹਿਲੋਂ ਹੀ ਹੋ ਗਿਆ ਸੀ ਕਿ ਧੀਆਂ ਘਰ ਦੀ ਰੌਣਕ ਤੇ ਚਿੜੀਆਂ ਵਾਂਗ ਹੁੰਦੀਆਂ ਨੇ। ਚਿੜੀਆਂ ਦੇ ਚੰਬੇ ਨੇ ਉੱਡਣਾ ਹੀ ਉੱਡਣਾ ਹੁੰਦਾ ਹੈ। ਕਿਹੜੇ ਰੁੱਖ ਦੀ ਕਿਹੜੀ ਟਾਹਣੀ ’ਤੇ ਜਾ ਬੈਠਣ, ਪਤਾ ਨਹੀਂ ਹੁੰਦਾ। ਕੋਈ ਧੀ-ਧਿਆਣੀ ਮੇਰੀ ਮਾਂ ਨੇ ਨਾ ਜੰਮੀ। ਪੁੱਛਣ ’ਤੇ ਹੱਸਦਿਆਂ ਉਹ ਆਖਦੀ, ‘ਰੱਬ ਨੇ ਮੇਰੇ ਲਈ ਬਣਾਈ ਹੀ ਨਹੀਂ’। ਚਾਰ ਭਰਾ ਸਾਂ। ਸੁਭਾਅ ਪੱਖੋਂ ਸਾਰੇ ਹੀ ਅੱਡ ਅੱਡ। ਨਿੱਕੇ ਹੁੰਦਿਆਂ ਦੇ ਹੋਣ ਵਾਲੇ ਨਿੱਕੇ ਨਿੱਕੇ ਚਾਅ ਮੇਰੇ ਅੰਦਰ ਨਹੀਂ ਸਨ। ਮੈਂ ਥੋੜ੍ਹਾ ਗੰਭੀਰ ਸੁਭਾਅ ਦਾ ਸੀ। ਕੁਝ ਸੰਵੇਦਨਸ਼ੀਲ ਵੀ। ਮਾਂ ਦੇ ਹਰ ਕੰਮ ’ਚ ਹੱਥ ਵੰਡਾਉਂਦਾ। ਕੱਪੜੇ ਧੋਂਦੀ, ਮੈਂ ਸੁੱਕਣੇ ਪਾ ਦਿੰਦਾ। ਰਾਤੀਂ ਤਹਿ ਲਾਉਣੀ ਤੇ ਪੜ੍ਹਨ ਬੈਠ ਜਾਣਾ। ਉਮਰ ਦੀ ਪੌੜੀ ਚੜ੍ਹਨ ਨਾਲ ਵੀ ਮੇਰੇ ਸੁਭਾਅ ’ਚ ਕੋਈ ਮੋੜ ਨਾ ਆਇਆ। ਮਾਂ ਮੈਨੂੰ ਧੀ ਵਰਗਾ ਪੁੱਤ ਕਹਿੰਦੀ।
ਪਤਾ ਨਹੀਂ ਮੇਰੇ ਦਾਦਾ ਜੀ ਦੀ ਇਹ ਕੋਈ ਭਵਿੱਖਵਾਣੀ ਸੀ ਕਿ ਜਾਂ ਫਿਰ ਸਹਿਜ ਸੁਭਾਅ ਆਖੀ ਗੱਲ; ਉਹ ਕਹਿੰਦੇ ਹੁੰਦੇ ਸਨ ਕਿ ਚਾਰੇ ਭਰਾਵਾਂ ਦੇ ਘਰ ਇਕ ਇਕ ਧੀ ਜ਼ਰੂਰ ਆਉਣੀ ਹੈ। ਮੇਰਾ ਇਸ ਵਿਚ ਕੋਈ ਵਿਸ਼ਵਾਸ ਨਹੀਂ ਸੀ। ਕੁਦਰਤੀ ਤੌਰ ’ਤੇ ਇਹ ਗੱਲ ਮੇਰੇ ਤਿੰਨ ਭਰਾਵਾਂ ਲਈ ਤਾਂ ਸੱਚ ਹੋਈ ਪਰ ਧੀ ਮੇਰੇ ਘਰ ਦਾ ਸੁਭਾਗ ਨਾ ਬਣੀ। ਦੋ ਪੁੱਤਾਂ ਦਾ ਪਿਉ ਬਣਿਆ। ਪਤਨੀ ਸਰਕਾਰੀ ਅਧਿਆਪਕਾ ਸੀ। ਬਹੁਤੇ ਕੰਮਾਂ ’ਚ ਮੈਂ ਉਸ ਨੂੰ ਪੂਰਾ ਸਹਿਯੋਗ ਦਿੰਦਾ। ਜ਼ਿੰਦਗੀ ਅਤੇ ਇਸ ਦੇ ਅਰਥ ਉਦੋਂ ਬਿਲਕੁੱਲ ਹੀ ਬਦਲ ਗਏ ਜਦੋਂ ਮੇਰੀ ਪਤਨੀ ਦਾ ਸਦੀਵੀ ਵਿਛੋੜਾ ਹੋ ਗਿਆ। ਵਿਛੋੜੇ ਤੋਂ ਪਹਿਲੋਂ ਉਹ ਇਕ ਕੁੜੀ ਝਾੜੂ-ਪੋਚੇ ਲਈ ਰੱਖ ਗਈ। ਉਸ ਦੇ ਤੁਰ ਜਾਣ ਪਿੱਛੋਂ ਇਹੋ ਕੁੜੀ ਘਰ ਕੰਮ ਕਰਦੀ ਰਹੀ। ਬਹੁਤ ਘੱਟ ਬੋਲਦੀ, ਕੋਈ ਕੋਈ ਗੱਲ ਸਾਂਝੀ ਕਰਦੀ, ਫਿਰ ਹੌਲੀ ਹੌਲੀ ਮੇਰੇ ਨਾਲ ਘੁਲ ਮਿਲ ਗਈ ਤੇ ਕਈ ਅਪਣੱਤ ਭਰੀਆਂ ਗੱਲਾਂ ਮੈਨੂੰ ਉਸ ਦੀ ਰੂਹ ’ਚੋਂ ਲੱਭੀਆਂ। ਇਕੱਲਿਆਂ ਉਦਾਸ ਬੈਠੇ ਦੇਖ ਕੇ ਕਈ ਵਾਰ ਉਹ ਮੈਨੂੰ ਦਿਲਾਸਾ ਦਿੰਦੀ। ਕੋਈ ਤਸੱਲੀ ਮੇਰੇ ਅੰਦਰ ਭਰਦੀ।
ਬੈਠੇ ਬੈਠੇ ਉਹ ਮੇਰੀਆਂ ਕਿਤਾਬਾਂ ਦੇ ਪੰਨੇ ਫਰੋਲਦੀ। ਅਖ਼ਬਾਰ ’ਚ ਫੋਟੋਆਂ ਦੇਖਦੀ। ਪੰਜਾਬੀ ਉਹ ਪੜ੍ਹ ਨਹੀਂ ਸੀ ਸਕਦੀ। ਕਈ ਸਵਾਲ ਮੈਨੂੰ ਪੁੱਛਦੀ। ਵੱਡੇ ਸਵਾਲਾਂ ਦਾ ਮੈਂ ਸੋਚ ਸਮਝ ਕੇ ਨਿੱਕਾ ਜਿਹਾ ਜਵਾਬ ਦਿੰਦਾ। ਕਦੀ ਕਦੀ ਉਹ ਮੈਨੂੰ ਕੁਝ ਪੜ੍ਹ ਕੇ ਸੁਣਾਉਣ ਲਈ ਵੀ ਆਖਦੀ। ਕੋਲ ਬੈਠੀ ਗੱਲੀਂ ਰੁਝੀ ਰਹਿੰਦੀ, ਹੱਸਦੀ, ਮੁਸਕਰਾਉਂਦੀ। ਇਕਲਾਪੇ ਦਾ ਅਹਿਸਾਸ ਮੈਨੂੰ ਕਦੀ ਨਾ ਹੁੰਦਾ। ਆਸਾਂ ਵਿਚ ਹੀ ਜ਼ਿੰਦਗੀ ਦੇ ਚਾਅ ਨੱਚਦੇ ਹਨ। “ਤੇਰੇ ਕੋਲ ਅਜੇ ਵਕਤ ਹੈ, ਤੂੰ ਪੜ੍ਹ ਲੈ। ਤੇਰੀ ਫੀਸ ਮੈਂ ਦਿਆਂਗਾ ਤੇ ਕਿਤਾਬਾਂ-ਕਾਪੀਆਂ ਦਾ ਸਾਰਾ ਖ਼ਰਚ ਵੀ।” ਮੈਂ ਉਸ ਨੂੰ ਅੱਗੇ ਵੱਲ ਵਧਦਾ ਦੇਖਣਾ ਚਾਹੁੰਦਾ ਸੀ। ਚਾਹੁੰਦੀ ਹੋਈ ਵੀ ਉਹ ਪੜ੍ਹਨ ਲਈ ਰਾਜ਼ੀ ਨਾ ਹੋਈ। ਸ਼ਾਇਦ ਕਿਸਮਤ ਤੇ ਕਰਮਾਂ ਵਿਚ ਉਸ ਦਾ ਵਧੇਰੇ ਯਕੀਨ ਸੀ। “ਜੋ ਚਾਹੁੰਦਾ ਬੰਦਾ, ਉਹ ਸਾਰਾ ਕੁਝ ਨਹੀਂ ਹੋ ਸਕਦਾ ਅੰਕਲ। ਸ਼ਾਇਦ ਕਿਸਮਤ ਵਿਚ ਹੀ ਨਹੀਂ ਸੀ ਲਿਖਣਾ ਪੜ੍ਹਨਾ। ਉਮਰ ਹੋਗੀ ਹੁਣ ਤਾਂ।” ਸਿਆਣੀਆਂ ਗੱਲਾਂ ਮੇਰਾ ਮਨ ਮੋਹ ਲੈਂਦੀਆਂ ਤੇ ਕਈ ਚਾਨਣ ਬਣ ਕੇ ਮੇਰੇ ਅੰਦਰ ਵਸ ਜਾਂਦੀਆਂ। ਉਸ ਦੇ ਆਪਣੇ ਸ਼ੌਕ ਸਨ ਪਰ ਉਸ ਨੇ ਇਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਤੱਕ ਹੀ ਰੱਖਿਆ, ਕਦੀ ਕੋਈ ਵਾਧੂ ਖ਼ਾਹਿਸ਼ ਉਸ ਦੇ ਬੋਲਾਂ ਅੰਦਰ ਮੈਨੂੰ ਨਜ਼ਰ ਨਾ ਆਈ।
ਕਦੀ ਥਕੇਵਾਂ ਮਹਿਸੂਸਦਾ, ਉਹ ਚਾਹ ਬਣਾਉਂਦੀ। ਆਪ ਵੀ ਪੀਂਦੀ, ਮੈਨੂੰ ਵੀ ਦਿੰਦੀ। ਇਹ ਅਹਿਸਾਸ ਮੇਰੇ ਲਈ ਬਹੁਤ ਵੱਡਾ ਮਹੱਤਵ ਰੱਖਦਾ ਸੀ ਕਿ ਲੀਹੋਂ ਲੱਥੀ ਆਪਣੀ ਜ਼ਿੰਦਗੀ ’ਚ ਉਸ ਸਦਕਾ ਮੈਂ ਹੌਲੀ ਹੌਲੀ ਪਰਤਦਾ ਰਿਹਾ। ਕਈ ਵਾਰ ਮੈਂ ਸੋਚਦਾ ਕਿ ਘਰ ਵਿਚ ਇਕੱਠੇ ਰਹਿੰਦੇ ਜੀਆਂ ਦਾ ਆਪਸੀ ਪਿਆਰ ਨਹੀਂ ਹੁੰਦਾ ਪਰ ਕੋਈ ਬੁਨਿਆਦੀ ਸਾਂਝ ਨਾ ਹੁੰਦੇ ਹੋਏ ਵੀ ਕਈ ਨਿੱਘ ਭਰੇ ਰਿਸ਼ਤੇ ਬੁਣ ਲੈਂਦੇ ਹਨ। ਪੰਜ ਸਾਲ ਉਸ ਨੇ ਘਰ ਕੰਮ ਕੀਤਾ। ਰਸੋਈ ਵੀ ਸੰਭਾਲੀ। ਹਰ ਚੀਜ਼ ਨੂੰ ਥਾਂ ਸਿਰ ਕੀਤਾ। ਉਸ ਵਿਚੋਂ ਹੀ ਮੈਨੂੰ ਆਪਣੀ ਧੀ ਦਿਸਣ ਲੱਗ ਪਈ। ਮੈਨੂੰ ਘਰ, ਘਰ ਲੱਗਣ ਲੱਗ ਪਿਆ। ਸੋਚਦਾ ਸਾਂ, ਘਰ ਵਿਚ ਧੀ ਤੇ ਰੁੱਖ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਰੁੱਖ ਧੁੱਪ ਵਿਚ ਤੇ ਧੀਆਂ ਦੁੱਖ ਵਿਚ ਸਹਾਰਾ ਬਣਦੀਆਂ ਹਨ। ਜ਼ਿੰਦਗੀ ਜਿਹੋ ਜਿਹੀ ਹੋਣੀ ਚਾਹੀਦੀ, ਮੈਨੂੰ ਉਹੋ ਜਿਹੀ ਹੁਣ ਜਾਪਦੀ।
ਇਕ ਦਿਨ ਆਈ ਤਾਂ ਮੈਨੂੰ ਕੁਝ ਕੁਝ ਉਦਾਸ, ਪ੍ਰੇਸ਼ਾਨ ਤੇ ਚੁੱਪ ਜਿਹੀ ਨਜ਼ਰ ਆਈ। “ਕੀ ਹੋਇਆ?” ਮੈਂ ਪੁੱਛਿਆ। ਚੁੱਪ ਹੀ ਰਹੀ। “ਧੀਆਂ ਧਿਆਣੀਆਂ ਇਉਂ ਨੀ ਉਦਾਸ ਹੋਇਆ ਕਰਦੀਆਂ? ਮੈਨੂੰ ਦੱਸ, ਕੀ ਚਾਹੀਦਾ?” ਝਾੜੂ ਪੋਚਾ ਵੀ ਉਸ ਨੇ ਉਸ ਦਿਨ ਦਿਲ ਨਾਲ ਨਾ ਕੀਤਾ। ਬਿਨਾ ਬੋਲੇ, ਬਿਨਾ ਕੁਝ ਦੱਸੇ ਹੱਥ ’ਚ ਫੜੇ ਝਾੜੂ ਨੂੰ ਇਕ ਬੈੱਡ ਦੇ ਥੱਲੇ ਰੱਖਦਿਆਂ ਉਹ ਚਲੀ ਗਈ। ਪਲਾਂ ਵਿਚ ਹੀ ਉਸ ਦੇ ਇਸ ਤਰ੍ਹਾਂ ਚਲੇ ਜਾਣ ਦਾ ਮੈਨੂੰ ਯਕੀਨ ਨਾ ਆਇਆ।
ਮੈਨੂੰ ਪਤਾ ਲੱਗਾ ਕਿ ਉਸ ਦੇ ਵਿਆਹ ਦੇ ਦਿਨ ਹੁਣ ਨੇੜੇ ਸਨ। ਕੁਝ ਦਿਨ ਦੀ ਉਡੀਕ ਪਿੱਛੋਂ ਮੈਂ ਉਸ ਦੇ ਘਰ ਗਿਆ। ਖ਼ਾਮੋਸ਼ ਤੇ ਉਦਾਸ ਜਿਹੇ ਬੈਠੇ ਮੈਂ ਉਸ ਨੂੰ ਦੇਖਿਆ। ਪਹਿਲੋਂ ਚਾਹ ਤੇ ਫਿਰ ਮੇਰੇ ਲਈ ਖਾਣਾ ਬਣਾ ਲਿਆਈ। ਉਸ ਦਿਨ ਮੈਂ ਰੱਜ ਕੇ ਖਾਣਾ ਖਾਧਾ। “ਬੜਾ ਫਿਕਰ ਕਰਦੀ ਤੁਹਾਡਾ। ਇਉਂ ਹੀ ਬੈਠੀ ਰਹਿੰਦੀ ਆ ਸਾਰਾ ਸਾਰਾ ਦਿਨ। ਸੋਚਾਂ ’ਚ ਰਹਿੰਦੀ ਕਿ ਅੰਕਲ ਦੀ ਰੋਟੀ ਕੌਣ ਪਕਾਊ…।”
“ਰੋਟੀ ਦਾ ਕੀ ਆ। ਕਿਹੜਾ ਚੁੱਲ੍ਹੇ ਅੱਗ ਬਾਲਣੀ। ਪੰਜ ਮਿੰਟ ’ਚ ਰੋਟੀ ਪੱਕ ਜਾਂਦੀ…।” ਕਹਿਣ ਨੂੰ ਤਾਂ ਮੈਂ ਕਹਿ ਦਿੱਤਾ ਪਰ ਇਹ ਨਹੀਂ ਕਹਿ ਸਕਿਆ ਕਿ ‘ਤੇਰੇ ਜਾਣ ਪਿੱਛੋਂ ਮੈਨੂੰ ਰੋਟੀ ਕਦੀ ਸਵਾਦ ਨਹੀਂ ਲੱਗੀ। ਮਨ ਦੀ ਰੁੱਤ ਬਦਲ ਗਈ ਧੀਏ…।’ ਅੱਖਾਂ ’ਚ ਉਮਡੇ ਹੰਝੂ ਮੈਂ ਉਸ ਤੋਂ ਲੁਕੋ ਲਏ ਅਤੇ ਮੇਰੀਆਂ ਸੋਚਾਂ ਇਉਂ ਸਨ ਜਵਿੇਂ ਕੋਈ ਮਹਾਂ ਸਾਗਰ ਲੰਘਣਾ ਹੋਵੇ।
ਸੰਪਰਕ: 94667-37933