ਜਗਜੀਤ ਪੁਰੀ
ਮੁਲਕ ਦੇ ਸੀਨੀਅਰ ਆਈਏਐੱਸ ਅਧਿਕਾਰੀ ਰਹੇ ਸ੍ਰੀ ਜੇਐੱਨਐੱਲ ਸ੍ਰੀਵਾਸਤਵ ਦਾ 3 ਮਈ ਨੂੰ ਕਰੋਨਾ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਆਪਣੇ ਚਾਰ ਦਹਾਕਿਆਂ ਦੇ ਕਰੀਅਰ ਦੌਰਾਨ ਅਨੇਕਾਂ ਅਹਿਮ ਅਹੁਦਿਆਂ ਉਤੇ ਕੰਮ ਕੀਤਾ। ਬਹੁਤ ਹੀ ਨਰਮ ਸੁਭਾਅ ਅਤੇ ਦ੍ਰਿੜ੍ਹ ਇਰਾਦੇ ਵਾਲੇ ਸ੍ਰੀ ਸ੍ਰੀਵਾਸਤਵ ਨੇ ਸਾਰੀ ਜਿ਼ੰਦਗੀ ਲੋਕਾਂ ਦੀ ਸੇਵਾ ਦੇ ਲੇਖੇ ਲਾ ਦਿੱਤੀ। ਉਹ ਅਖ਼ੀਰ ਤੱਕ ਸਮਾਜ ਸੇਵੀ ਕੰਮਾਂ ਵਿਚ ਜੁਟੇ ਰਹੇ।
ਉਨ੍ਹਾਂ ਦਾ ਜਨਮ 26 ਅਪਰੈਲ, 1942 ਨੂੰ ਉੱਤਰ ਪ੍ਰਦੇਸ਼ ਦੇ ਜਿ਼ਲ੍ਹਾ ਦੇਵਰੀਆ ਦੇ ਛੋਟੇ ਜਿਹੇ ਪਿੰਡ ਪਥੇਰਦੇਵਾ ਵਿਚ ਇਕ ਹਾਸ਼ੀਆਗਤ ਕਿਸਾਨ ਪਰਿਵਾਰ ਵਿਚ ਹੋਇਆ। ਉਹ ਆਪਣੀ ਮਿਹਨਤ ਤੇ ਲਗਨ ਸਦਕਾ ਸਿਵਿਲ ਸਰਵਿਸ ਪ੍ਰੀਖਿਆ ਪਾਸ ਕਰ ਕੇ ਆਈਏਐੱਸ ਅਫ਼ਸਰ ਬਣੇ। ਆਪਣੇ ਪੂਰੇ ਅਕਾਦਮਿਕ ਜੀਵਨ ਦੌਰਾਨ ਉਹ ਬਹੁਤ ਲਾਇਕ ਵਿਦਿਆਰਥੀ ਰਹੇ, ਇਸੇ ਸਦਕਾ ਉਨ੍ਹਾਂ ਨੂੰ ਅਲਾਹਾਬਾਦ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਵਜ਼ੀਫ਼ਾ ਮਿਲਦਾ ਰਿਹਾ। ਉਹ ਸੱਚਮੁੱਚ ਸਾਰੀਆਂ ਦੁਸ਼ਵਾਰੀਆਂ ਨੂੰ ਮਾਤ ਦੇ ਕੇ ਸਫਲਤਾ ਦੇ ਸਿਖਰ ਤੱਕ ਪੁੱਜਣ ਵਾਲੇ ਇਨਸਾਨ ਸਨ। ਉਨ੍ਹਾਂ ਦਾ ਬਚਪਨ ਤੇ ਸਕੂਲੀ ਪੜ੍ਹਾਈ ਦੇ ਦਿਨ ਬਹੁਤ ਔਖੇ ਤੇ ਦੁਸ਼ਵਾਰੀਆਂ ਭਰੇ ਸਨ। ਕੋਈ ਸਮਾਂ ਸੀ ਜਦੋਂ ਉਨ੍ਹਾਂ ਨੂੰ ਦਿਨ ਭਰ ਵਿਚ ਮਹਿਜ਼ ਇਕ-ਅੱਧ ਰੋਟੀ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ। ਉਨ੍ਹਾਂ ਨੂੰ ਦਸਵੀਂ ਜਮਾਤ ਦੇ ਇਮਤਿਹਾਨ ਦੇਣ ਲਈ ਪ੍ਰੀਖਿਆ ਕੇਂਦਰ ਦੇ ਰਾਹ ਵਿਚ ਪੈਂਦੀ ਨਦੀ ਤੈਰ ਕੇ ਪਾਰ ਕਰਨੀ ਪੈਂਦੀ, ਕਿਉਂਕਿ ਉਨ੍ਹਾਂ ਕੋਲ ਬੇੜੀ ਰਾਹੀਂ ਜਾਣ ਵਾਸਤੇ ਭਾੜਾ ਨਹੀਂ ਸੀ ਹੁੰਦਾ ਪਰ ਇਨ੍ਹਾਂ ਔਖੇ ਹਾਲਾਤ ਨੇ ਉਨ੍ਹਾਂ ਨੂੰ ਅੰਦਰੋਂ ਬਹੁਤ ਮਜ਼ਬੂਤ ਬਣਾ ਦਿੱਤਾ ਤੇ ਉਹ ਜਿ਼ੰਦਗੀ ਦੀ ਹਰ ਲੜਾਈ ਡਟ ਕੇ ਲੜ ਸਕੇ। ਤਥਾਗਤ ਗੌਤਮ ਬੁੱਧ ਦੇ ਮਹਾਂ ਪ੍ਰੀਨਿਰਵਾਣ ਦੀ ਧਰਤੀ ਕੁਸ਼ੀਨਗਰ, ਉਨ੍ਹਾਂ ਦੇ ਜਨਮ ਸਥਾਨ ਤੋਂ ਮਹਿਜ਼ 20 ਕਿਲੋਮੀਟਰ ਦੇ ਫ਼ਾਸਲੇ ਤੇ ਹੈ ਜਿਸ ਤੋਂ ਉਹ ਹਮੇਸ਼ਾ ਸੇਵਾ, ਸੱਚ ਤੇ ਸਮਰਪਣ ਦੀ ਪ੍ਰੇਰਨਾ ਲੈਂਦੇ ਰਹੇ।
ਆਪਣੇ ਸੇਵਾਕਾਲ ਦੌਰਾਨ ਸ੍ਰੀ ਸ੍ਰੀਵਾਸਤਵ ਨੂੰ ਅਕਸਰ ਹੀ ਉਨ੍ਹਾਂ ਦੀ ਕਾਬਲੀਅਤ ਤੇ ਸਮਰੱਥਾ ਕਾਰਨ ਔਖੀਆਂ ਤੇ ਚੁਣੌਤੀਪੂਰਨ ਜਿ਼ੰਮੇਵਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ ਅਤੇ ਉਹ ਇਨ੍ਹਾਂ ਜਿ਼ੰਮੇਵਾਰੀਆਂ ਨੂੰ ਹਮੇਸ਼ਾ ਹੀ ਕੁਸ਼ਲਤਾ ਪੂਰਬਕ ਅੰਜਾਮ ਦਿੰਦੇ ਰਹੇ। ਉਨ੍ਹਾਂ ਦੇ ਸਾਦਾ ਰਹਿਣ-ਸਹਿਣ ਅਤੇ ਨਿਮਰਤਾ ਵਾਲੇ ਵਰਤ-ਵਿਹਾਰ ਨੇ ਹਮੇਸ਼ਾ ਉਨ੍ਹਾਂ ਨੂੰ ਮਾਣ-ਸਨਮਾਨ ਦਿਵਾਇਆ ਅਤੇ ਉਨ੍ਹਾਂ ਜਿਥੇ ਵੀ ਕੰਮ ਕੀਤਾ, ਲੋਕ ਉਨ੍ਹਾਂ ਦੇ ਦੀਵਾਨੇ ਹੋ ਜਾਂਦੇ। ਉਨ੍ਹਾਂ ਨੂੰ ਲੋਕਾਂ ਦਾ ਅਥਾਹ ਪਿਆਰ ਮਿਲਦਾ।
ਉਨ੍ਹਾਂ 1966 ਬੈਚ ਦੇ ਪੰਜਾਬ ਕੇਡਰ ਦੇ ਆਈਏਐੱਸ ਅਫ਼ਸਰ ਹੋਣ ਦੇ ਨਾਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਪੂਰਥਲਾ ਵਿਚ ਅਸਿਸਟੈਂਟ ਕਮਿਸ਼ਨਰ (ਯੂਟੀ) ਵਜੋਂ ਕੀਤੀ। ਛੇਤੀ ਹੀ ਉਨ੍ਹਾਂ ਨੂੰ ਲੁਧਿਆਣਾ ਦਾ ਐੱਸਡੀਐੱਮ ਲਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ 1967 ਵਿਚ ਖੇਮਕਰਨ ਸੈਕਟਰ ਵਿਚ ਭਾਰਤ-ਪਾਕਿਸਤਾਨ ਸਰਹੱਦ ਉਤੇ ਸਾਂਝੀ ਜਾਂਚ ਮੁਹਿੰਮ ਦੌਰਾਨ ਭਿਆਨਕ ਹਾਦਸਾ ਪੇਸ਼ ਆਇਆ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਸੱਜੇ ਹੱਥ ਵਿਚ ਲੋਹੇ ਦੀ ਰਾਡ ਪਾਉਣੀ ਪਈ ਪਰ ਇਸ ਘਟਨਾ ਨੇ ਸ਼ਾਇਦ ਉਨ੍ਹਾਂ ਦੇ ਆਪਣੇ ਕੰਮ ਲਈ ਸਮਰਪਣ ਦੇ ‘ਲੋਹੇ ਵਰਗੇ ਇਰਾਦੇ’ ਨੂੰ ਹੋਰ ਮਜ਼ਬੂਤ ਕਰ ਦਿੱਤਾ। ਉਹ 1971 ਤੋਂ 74 ਦੌਰਾਨ ਪਟਿਆਲਾ ਦੇ ਜੁਆਇੰਟ ਕਰ ਤੇ ਆਬਕਾਰੀ ਕਮਿਸ਼ਨਰ ਰਹੇ ਅਤੇ ਫਿਰ ਸਾਢੇ ਤਿੰਨ ਸਾਲਾਂ ਲਈ ਸੰਗਰੂਰ ਦੇ ਡੀਸੀ ਲੱਗਣ ਤੋਂ ਪਹਿਲਾਂ ਉਨ੍ਹਾਂ 1975-76 ਦੌਰਾਨ ਡਾਇਰੈਕਟਰ ਇੰਡਸਟਰੀਜ਼ ਅਤੇ ਨਾਲ ਹੀ ਐੱਮਡੀ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਵਜੋਂ ਸੇਵਾ ਨਿਭਾਈ। ਜਦੋਂ ਉਹ 1977 ਤੋਂ 1980 ਦੌਰਾਨ ਸੰਗਰੂਰ ਦੇ ਡੀਸੀ ਸਨ ਤਾਂ ਉਨ੍ਹਾਂ ਦੇ ਸਾਦਾ ਰਹਿਣ-ਸਹਿਣ ਕਾਰਨ ਲੋਕ ਉਨ੍ਹਾਂ ਨੂੰ ‘ਦੋ ਕਮੀਜ਼ਾਂ ਵਾਲੇ ਡੀਸੀ ਸਾਹਿਬ’ ਹੀ ਕਹਿਣ ਲੱਗ ਪਏ।
ਉਨ੍ਹਾਂ 1980 ਵਿਚ ਮਹਿਜ਼ ਇਕ ਸਾਲ ਲਈ ਡਾਇਰੈਕਟਰ ਸਟੇਟ ਟਰਾਂਸਪੋਰਟ ਵਜੋਂ ਸੇਵਾ ਨਿਭਾਈ ਤੇ ਇਹ ਪੰਜਾਬ ਰੋਡਵੇਜ਼ ਦੇ ਇਤਿਹਾਸ ਦਾ ਅਜਿਹਾ ਵਿਰਲਾ ਸਮਾਂ ਸੀ ਜਦੋਂ ਅਦਾਰੇ ਨੇ ਮੁਨਾਫ਼ਾ ਕਮਾਇਆ। ਉਹ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਤੇ ਸਾਢੇ ਪੰਜ ਸਾਲ ਦੇ ਲੰਬੇ ਸਮੇਂ ਲਈ (1982-87) ਪੀਐੱਸਆਈਡੀਸੀ ਦੇ ਐੱਮਡੀ ਰਹੇ, ਜਦੋਂ ਪੰਜਾਬ ਨੇ ਕਾਲ਼ੇ ਦੌਰ ਦੇ ਬਾਵਜੂਦ ਸਨਅਤੀ ਵਿਕਾਸ ਦਰਜ ਕੀਤਾ। ਉਨ੍ਹਾਂ ਪੰਜ ਕੁ ਸਾਲ ਕੇਂਦਰ ਸਰਕਾਰ ਵਿਚ ਜੁਆਇੰਟ ਸੈਕਟਰੀ ਖੇਤੀਬਾੜੀ ਤੇ ਕੌਮੀ ਸਹਿਕਾਰਤਾ ਵਿਕਾਸ ਕਾਰਪੋਰੇਸ਼ਨ (ਐੱਨਸੀਡੀਸੀ) ਦੇ ਐੱਮਡੀ ਵਜੋਂ ਸੇਵਾ ਨਿਭਾਉਂਦਿਆਂ ਖੇਤੀਬਾੜੀ ਤੇ ਸਹਿਕਾਰੀ ਖੇਤਰ ਵਿਚ ਮੁਹਾਰਤ ਹਾਸਲ ਕੀਤੀ ਅਤੇ ਫਿਰ ਪੰਜਾਬ ਪਰਤ ਕੇ ਪੂਡਾ ਐਕਟ ਦਾ ਖਰੜਾ ਬਣਾਇਆ ਤੇ ਸਰਕਾਰ ਤੋਂ ਮਨਜ਼ੂਰ ਕਰਵਾਇਆ। ਇਸ ਤੋਂ ਬਾਅਦ ਉਹ ਫਿਰ ਕੇਂਦਰੀ ਖੇਤੀਬਾੜੀ ਮੰਤਰਾਲੇ ਵਿਚ ਪਰਤ ਗਏ ਅਤੇ 31 ਦਸੰਬਰ, 2002 ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਸਕੱਤਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ। ਉਹ ਅਨੇਕਾਂ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਦੇ ਸਲਾਹਕਾਰ ਬੋਰਡਾਂ ਵਿਚ ਵੀ ਸ਼ਾਮਲ ਸਨ।
ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ। ਉਦੋਂ ਉਨ੍ਹਾਂ ਦੀ ਪਤਨੀ ਮਾਲਤੀ ਦੀ ਉਮਰ ਮਹਿਜ਼ 17 ਸਾਲ ਸੀ। ਆਪਣੀ ਪਤਨੀ ਨੂੰ ਉਹ ਆਪਣੀ ਦੋਸਤ, ਸਲਾਹਕਾਰ, ਰਾਹ-ਦਸੇਰਾ ਮੰਨਦੇ ਸਨ ਜਿਨ੍ਹਾਂ ਦਾ 2004 ਵਿਚ ਦੇਹਾਂਤ ਹੋ ਗਿਆ। ਪਤਨੀ ਦਾ ਤੁਰ ਜਾਣਾ ਉਨ੍ਹਾਂ ਲਈ ਭਾਰੀ ਸਦਮਾ ਸੀ ਪਰ ਇਸ ਨਾਜ਼ੁਕ ਮੋੜ ਤੇ ਉਨ੍ਹਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਾਜ ਸੇਵੀ ਕੰਮਾਂ ਮਸਰੂਫ਼ ਕਰ ਲਿਆ। ਉਹ ਆਪਣੀ ਸੇਵਾ ਮੁਕਤੀ ਤੋਂ ਕਈ ਸਾਲ ਪਹਿਲਾਂ ਬਣਾਈ ਆਪਣੀ ਸੰਸਥਾ ‘ਇਸ਼ਾਰਾ’ ਰਾਹੀਂ ਆਪਣੇ ਜੱਦੀ ਸੂਬੇ ਉੱਤਰ ਪ੍ਰਦੇਸ਼ ਵਿਚ ਖ਼ਾਸਕਰ ਸਮਾਜ ਦੇ ਹੇਠਲੇ ਤਬਕਿਆਂ ਨਾਲ ਸਬੰਧਤ ਕਿਸਾਨਾਂ, ਔਰਤਾਂ ਤੇ ਬੱਚਿਆਂ ਦੀ ਸੇਵਾ ਕਰਦੇ ਰਹੇ। ‘ਇਸ਼ਾਰਾ’ ਵੱਲੋਂ ਕਿਸਾਨਾਂ ਨੂੰ ਵਾਜਬ ਦਰਾਂ ਉਤੇ ਮਿਆਰੀ ਬੀਜ, ਖਾਦਾਂ ਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਾਉਣ ਤੋਂ ਇਲਾਵਾ ਸੈਲਫ-ਹੈਲਪ ਗਰੁੱਪਾਂ ਰਾਹੀਂ ਔਰਤਾਂ ਦੇ ਸ਼ਕਤੀਕਰਨ ਦੇ ਪ੍ਰਾਜੈਕਟ ਚਲਾਏ ਜਾਂਦੇ ਹਨ ਅਤੇ ਨਾਲ ਹੀ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਤੇ ਕਿਫ਼ਾਇਤੀ ਸਿੱਖਿਆ ਮੁਹੱਈਆ ਕਰਾਉਣ ਲਈ ਸੰਸਥਾ ਚਾਰ ਇੰਟਰ-ਮੀਡੀਏਟ ਕਾਲਜ ਵੀ ਚਲਾਉਂਦੀ ਹੈ। ਉਨ੍ਹਾਂ ਦੇ ਚਲਾਣੇ ਨਾਲ ਉਨ੍ਹਾਂ ਦੀ ਸੰਸਥਾ ਦੇ ਪ੍ਰਾਜੈਕਟਾਂ ਦੇ ਲਾਭਪਾਤਰੀ ਪੇਂਡੂ ਖੇਤਰਾਂ ਨਾਲ ਸਬੰਧਤ ਵੱਡੀ ਗਿਣਤੀ ਕਿਸਾਨਾਂ, ਔਰਤਾਂ ਅਤੇ ਬੱਚਿਆਂ ਦਾ ਸੱਚਾ ਸੇਵਕ ਚਲਾ ਗਿਆ ਹੈ; ਅਜਿਹੀ ਸ਼ਖ਼ਸੀਅਤ ਜਿਸ ਤੋਂ ਉਨ੍ਹਾਂ ਨੂੰ ਹਮੇਸ਼ਾ ਪਿਆਰ, ਅਪਣੱਤ ਤੇ ਪ੍ਰੇਰਨਾ ਮਿਲਦੀ ਸੀ।