ਜਗਦੀਸ਼ ਕੌਰ ਮਾਨ
ਹਸੂੰ ਹਸੂੰ ਕਰਦੇ ਚਿਹਰੇ ਵਾਲਾ ਉਹ ਮੁੰਡਾ ਉਸ ਦਿਨ ਮੈਨੂੰ ਬੜਾ ਹੀ ਉਦਾਸ ਜਾਪਿਆ। ਚਿਹਰੇ ਤੇ ਹਵਾਈਆਂ ਉਡੀਆਂ ਹੋਈਆਂ ਸਨ। ਹਾਲੋਂ ਬੇਹਾਲ ਹੋਇਆ ਪਿਆ ਸੀ। ਚੁੱਪ ਚਾਪ ਉਸ ਨੇ ਮੇਰੇ ਬਰਤਨ ਵਿਚ ਦੁੱਧ ਪਾ ਦਿੱਤਾ। ਉਸ ਨੂੰ ਐਨਾ ਗੰਭੀਰ ਪਹਿਲਾਂ ਮੈਂ ਕਦੇ ਨਹੀਂ ਸੀ ਦੇਖਿਆ। ਮੈਨੂੰ ਫਿ਼ਕਰ ਹੋਇਆ ਕਿ ਇਸ ਦੇ ਘਰੇ ਸੁੱਖ ਹੋਵੇ, ਇਹ ਤਾਂ ਇਕ ਮਿੰਟ ਵੀ ਚੁੱਪ ਕਰਕੇ ਨਹੀਂ ਖੜ੍ਹ ਸਕਦਾ, ਅੱਜ ਇਹ ਬੋਲਦਾ ਕਿਉਂ ਨਹੀਂ! “ਨਵੀ ਪੁੱਤ, ਕੁਝ ਉਖੜਿਆ ਜਿਹਾ ਲੱਗ ਰਿਹਾ ਏਂ, ਘਰੇ ਸੁੱਖ ਤਾਂ ਹੈ?” ਮੈਂ ਪੁੱਛੇ ਬਿਨਾਂ ਨਾ ਰਹਿ ਸਕੀ। “ਆਂਟੀ ਜੀ”, ਉਹ ਨਿਰਾਸ਼ਤਾ ਭਰੀ ਆਵਾਜ਼ ਵਿਚ ਬੋਲਿਆ, “ਸਰਕਾਰਾਂ ਤਾਂ ਪਹਿਲਾਂ ਹੀ ਕਿਸਾਨਾਂ ਦੀਆਂ ਦੁਸ਼ਮਣ ਹਨ, ਐਤਕੀਂ ਰੱਬ ਵੀ ਨਾਲ ਰਲ ਗਿਆ!”
“ਕਿਸਾਨ ਨੂੰ ਕਿਤੇ ਕਿਸੇ ਪਾਸਿਓਂ ਸੁੱਖ ਦਾ ਸਾਹ ਨਾ ਆ ਜਾਵੇ, ਤੁਹਾਨੂੰ ਤਾਂ ਪਤਾ ਹੀ ਹੈ ਕਿ ਐਤਕੀਂ ਕਣਕ ਦਾ ਝਾੜ ਹੈਰਾਨ ਕਰਨ ਦੀ ਹੱਦ ਤੱਕ ਘਟ ਗਿਆ ਏ, ਕਣਕ ਦੇ ਦਾਣੇ ਪਿਚਕ ਕੇ ਦੇਸੀ ਮੂੰਗੀ ਦੀ ਦਾਲ ਦੇ ਦਾਣਿਆਂ ਵਰਗੇ ਹੋ ਗਏ ਨੇ। ਭਲਾ ਇਸ ਪਿਛੇ ਕਾਰਨ ਕੀ ਬਣਿਆ?”
“ਕਾਕਾ ਇਹ ਸਾਰਾ ਕੁਝ ਬੇਮੌਸਮੀ ਰੁੱਤ ਤਬਦੀਲੀ ਕਾਰਨ ਹੋਇਆ, ਨਹੀਂ ਤਾਂ ਪਹਿਲਾਂ ਕਦੇ ਸੁਣੀ ਸੀ ਮਾਰਚ ਮਹੀਨੇ ਇਸ ਤਰ੍ਹਾਂ ਮੁੜ੍ਹਕਾ ਆਉਣ ਵਾਲੀ ਗਰਮੀ ਪੈਂਦੀ! ਵਿਗਿਆਨੀ ਦੱਸਦੇ ਆ, ਮਾਰਚ ਮਹੀਨੇ ਇਸ ਤਰ੍ਹਾਂ ਦੀ ਗਰਮੀ ਇਕ ਸੌ ਬਾਈ ਸਾਲਾਂ ਬਾਅਦ ਪਈ ਐ। ਇਹੀ ਉਹ ਦਿਨ ਹੁੰਦੇ ਜਦੋਂ ਕਣਕ ਦੇ ਸਿੱਟਿਆਂ ’ਚ ਪਏ ਦੋਦੇ ਰਸ ਨੇ ਮਿੱਠੀ ਮਿੱਠੀ ਠੰਢ ਨਾਲ ਫਲਣਾ ਫੁਲਣਾ ਹੁੰਦਾ। ਮੋਤੀਆਂ ਵਰਗੀ ਬਣਦੀ ਕਣਕ ਨੂੰ ਤੇਜ਼ ਧੁੱਪਾਂ ਕਾਰਨ ਕੁਦਰਤੀ ਮਾਰ ਪੈ ਗਈ ਤੇ ਮੁਢਲੀ ਅਵਸਥਾ ’ਚ ਹੀ ਦਾਣੇ ਪਿਚਕ ਗਏ। ਫਿਰ ਝਾੜ ਤਾਂ ਘਟਣਾ ਹੀ ਸੀ। ਕੋਈ ਨਾ ਪੁੱਤ! ਇੰਨਾ ਉਦਾਸ ਨਾ ਹੋ। ਆਪਾਂ ਵੀ ਸਾਰੀ ਦੁਨੀਆ ਦੇ ਨਾਲ ਹੀ ਹਾਂ। ਬਹੁਤਾ ਸੰਸਾ ਕੀਤਿਆਂ ਬਣਨਾ ਤਾਂ ਕੁਝ ਵੀ ਨ੍ਹੀਂ। ਦਿਮਾਗ ’ਤੇ ਬੋਝ ਨਹੀਂ ਪਾਈਦਾ।” ਮੈਂ ਉਹਨੂੰ ਹੌਸਲਾ ਦੇਣ ਦੀ ਕੋਸਿ਼ਸ਼ ਕੀਤੀ। ਮੁੰਡਾ ਸੱਚਮੁੱਚ ਬਹੁਤਾ ਹੀ ਉਦਰਿਆ ਹੋਇਆ ਸੀ। ਥੋੜ੍ਹਾ ਸੰਭਲ ਕੇ ਬੋਲਿਆ, “ਗੱਲ ਤਾਂ ਤੁਹਾਡੀ ਠੀਕ ਐ, ਫਿ਼ਕਰ ਕੀਤਿਆਂ ਬਣਦਾ ਤਾਂ ਕੁਝ ਨਹੀਂ ਪਰ ਕੀ ਕਰੀਏ! ਮੂੰਹ ਅੱਡੀ ਖੜ੍ਹੀਆਂ ਘਰ ਦੀਆਂ ਲੋੜਾਂ ਬਦੋ-ਬਦੀ ਮਨ ਨੂੰ ਫਿਕਰਾਂ ਵਿਚ ਪਾ ਦਿੰਦੀਆਂ। ਚਾਰ ਪੰਜ ਕਿੱਲਿਆਂ ਵਾਲਿਆਂ ਦੀ ਵੀ ਕੋਈ ਜੂਨ ਐ! ਖਰਚੇ ਤਾਂ ਪਹਿਲਾਂ ਹੀ ਪੂਰੇ ਨਹੀਂ ਹੁੰਦੇ, ਉਤੋਂ ਕੁਦਰਤ ਦੀ ਇਹੋ ਜਿਹੀ ਕੁਪੱਤ ਕਹਾਣੀ ਸਿਰੇ ਲਾ ਦਿੰਦੀ ਐ। ਦੇਖੋ ਨਾ, ਪਹਿਲਾਂ ਆੜ੍ਹਤੀਏ ਦਾ ਹਿਸਾਬ ਕਿਤਾਬ ਕਰਕੇ ਘਰੇਲੂ ਖਰਚਿਆਂ ਵਾਸਤੇ ਥੋੜ੍ਹੇ ਬਹੁਤੇ ਪੈਸੇ ਬਚ ਜਾਂਦੇ ਸੀ ਪਰ ਐਤਕੀਂ ਪਹਿਲੀ ਵਾਰ ਹੈ ਕਿ ਸਿੱਧਾ ਈ ਘਾਟਾ ਪੈ ਗਿਆ, ਜਿੰਨੇ ਕੁ ਵਧੇ, ਓਨੇ ਕੁ ਆੜ੍ਹਤੀਏ ਤੋਂ ਪਹਿਲਾਂ ਈ ਲੈ ਕੇ ਵਰਤੇ ਹੋਏ ਸੀ। ਬੱਸ ਦਿਲ ਈ ਪੁੱਛਿਆ ਜਾਣਦੈ, ਜਦੋਂ ਕਣਕ ਵੇਚ ਕੇ ਖਾਲੀ ਹੱਥ ਘਰ ਵੜਿਆਂ।”
ਸੁਣ ਕੇ ਸੁੰਨ ਹੋ ਗਈ ਸਾਂ ਕਿ ਕਿਵੇਂ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਖੇਤੀ ਖਰਚੇ ਇੰਨੇ ਵਧ ਗਏ ਕਿ ਕਿਸਾਨ ਵਾਸਤੇ ਖੇਤੀ ਘਾਟੇਵੰਦਾ ਕਿੱਤਾ ਬਣ ਗਈ ਹੈ। ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਚਾਂਦੀ ਹੋ ਰਹੀ ਹੈ। ਮਨੁੱਖ ਦੀਆਂ ਮੁਨਾਫ਼ਾਖੋਰ ਬਿਰਤੀਆਂ ਦੀ ਸਜ਼ਾ ਕੁਦਰਤ ਨੇ ਵੀ ਧਰਤੀ ਆਕਾਸ਼ ਨੂੰ ਹੀ ਦੇਣੀ ਹੁੰਦੀ ਹੈ। ਮੌਸਮ ਦੀਆਂ ਬੇਤਰਤੀਬ ਤਬਦੀਲੀਆਂ ਦਾ ਕਾਰਨ ਵੀ ਇਹੀ ਹੈ ਜਿਸ ਦੀ ਸਭ ਤੋਂ ਵੱਧ ਮਾਰ ਕਿਸਾਨ ਨੂੰ ਹੀ ਝੱਲਣੀ ਪੈਂਦੀ ਹੈ। ਅਜੇ ਤਾਂ ਸਾਲ ਭਰ ਦੇ ਖਰਚੇ ਸਿਰ ਤੇ ਖੜ੍ਹੇ ਨੇ, ਝੋਨੇ ਦੀ ਲਵਾਈ ਤੇ ਘਰ ਦੇ ਖਰਚੇ! ਇਹ ਜਵਾਕ ਕਿਥੋਂ ਤੇ ਕਿਵੇਂ ਪੂਰੇ ਕਰੇਗਾ? ਕਦੇ ਉਹ ਸੁਲੱਖਣੇ ਦਿਨ ਵੀ ਆਉਣਗੇ ਜਦੋਂ ਪੂਰੀ ਦੁਨੀਆ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਰਥਿਕ ਪੱਖੋਂ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਕਰੇਗਾ!
ਗੇਟ ਬੰਦ ਕਰਕੇ ਉਸ ਲੜਕੇ ਬਾਰੇ ਸੋਚਦੀ ਮੈਂ ਅੰਦਰ ਚਲੀ ਗਈ। ਉਦਾਸ ਨਿਰਾਸ਼ ਫਿਕਰਾਂ ਵਿਚ ਡੁੱਬਿਆ ਮੁੰਡਾ ਅਗਲੇ ਘਰ ਦੁੱਧ ਪਾਉਣ ਚਲਾ ਗਿਆ। ਇਸ ਗੱਲ ਨੂੰ ਕਈ ਦਿਨ ਹੋ ਗਏ ਪਰ ਉਸ ਦੇ ਚਿਹਰੇ ਤੇ ਦੇਖੀ ਉਸ ਦਿਨ ਵਾਲੀ ਉਦਾਸੀ ਭੁੱਲ ਨਹੀਂ ਰਹੀ।
ਸੰਪਰਕ: 78146-98117