ਬਲਜੀਤ ਪਰਮਾਰ
ਦਾਦੀ ਦਾ ਨਾਂ ਤਾਂ ਕਰਤਾਰ ਕੌਰ ਸੀ ਪਰ ਸਾਰਾ ਪਿੰਡ ਤੇ ਆਲੇ ਦੁਆਲੇ ਦਾ ਇਲਾਕਾ ਉਹਨੂੰ ਜਥੇਦਾਰਨੀ ਕਰਤਾਰ ਕੌਰ ਵਜੋਂ ਜਾਣਦਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਛੋਟੇ ਆਗੂ ਵੀ ਉਹਨੂੰ ਪਛਾਣਦੇ ਸੀ। ਤੀਵੀਆਂ ਦੇ ਜਥਿਆਂ ਦੀ ਉਹ ਸਿਰਕੱਢ ਆਗੂ ਸੀ ਤੇ ਮੋਰਚਿਆਂ ਵੇਲੇ ਕਈ ਵਾਰ ਜੇਲ੍ਹ ਦਾ ਦੌਰਾ ਵੀ ਕਰ ਆਈ ਸੀ। ਸਿਰ ਤੇ ਛੋਟੀ ਜਿਹੀ ਨੀਲੀ ਦਸਤਾਰ ਬੰਨ੍ਹਦੀ ਸੀ, ਉੱਪਰ ਕਾਲੀ ਚੁੰਨੀ ਤੇ ਗਲ ਗਾਤਰਾ ਉਹਦੀ ਵੱਖਰੀ ਪਛਾਣ ਸੀ। ਸੰਤ ਫਤਹਿ ਸਿੰਘ ਸਾਡੇ ਪਿੰਡ ਢੋਲਣ ਰਿਹਾ ਕਰਦੇ ਸਨ ਤੇ ਅਕਸਰ ਦਾਦੀ ਦੇ ਘਰ ਲੰਗਰ ਪਾਣੀ ਲਈ ਆ ਜਾਂਦੇ ਸਨ। ਲੈ ਦੇ ਕੇ ਵਾਹਵਾ ਟੌਹਰ ਸੀ ਮੇਰੀ ਦਾਦੀ ਦੀ।
ਉਹ ਮੇਰੀ ਸਕੀ ਦਾਦੀ ਤਾਂ ਨਹੀਂ ਸੀ ਪਰ ਸੀ ਸਕਿਆਂ ਤੋਂ ਵੀ ਵੱਧ। ਰਿਸ਼ਤੇ ਵਿਚ ਉਹ ਮੇਰੇ ਪਿਓ ਦੀ ਭੂਆ ਲਗਦੀ ਸੀ, ਉਹ ਵੀ ਸਕੀ ਨਹੀਂ। ਦੂਰੋਂ ਨੇੜਿਓਂ ਉਹ ਮੇਰੇ ਬਾਬੇ ਦੀ ਭੈਣ ਲਗਦੀ ਸੀ। ਬਾਬੇ ਦੀ ਅਪਣੀ ਕੋਈ ਭੈਣ ਨਹੀਂ ਸੀ। ਸਾਰੀਆਂ ਰਸਮਾਂ ਰਿਸ਼ਤੇ ਦਾਦੀ ਕਰਤਾਰ ਕੌਰ ਨੇ ਹੀ ਨਿਭਾਉਣੇ। ਕੁਦਰਤ ਨੇ ਵੀ ਬੜੇ ਅਜੀਬ ਇਮਤਿਹਾਨ ਲਏ ਸੀ ਦਾਦੀ ਦੇ। ਵਿਆਹ ਤੋਂ ਕੁਝ ਵਰ੍ਹੇ ਬਾਅਦ ਹੀ ਉਹ ਵਿਧਵਾ ਹੋ ਗਈ। ਨਿੱਕਾ ਜਿਹਾ ਜੁਆਕ ਸੀ ਉਹਦਾ। ਅਮਰ ਸਿਓਂ। ਮੇਰਾ ਅਮਰ ਚਾਚਾ।
ਦਾਦੀ ਕੋਲੇ ਜ਼ਮੀਨ ਚੰਗੀ ਸੀ। ਉਹਨੇ ਸੀਰੀ ਰੱਖ ਲਿਆ ਤੇ ਖੱਤੇ ਖੁਦ ਵਾਹੁਣ ਲੱਗ ਪਈ। ਦਾਦੀ ਸੀ ਵੀ ਛੋਟੇ ਕੱਦ ਦੀ ਤੇ ਉਂਜ ਵੀ ਮਾੜੀ ਜਿਹੀ। ਬਹੁਤਾ ਭਾਰ ਸਿਰ ਤੇ ਨਹੀਂ ਸੀ ਚੁੱਕ ਸਕਦੀ- ਪੱਠਿਆਂ ਦੀਆਂ ਪੰਡਾਂ, ਪਾਥੀਆਂ ਦੇ ਟੋਕਰੇ ਜਾਂ ਅਨਾਜ ਦੀਆਂ ਬੋਰੀਆਂ। ਘਰੇ ਨੌਕਰ ਰੱਖਣ ਦਾ ਉਦੋਂ ਰਿਵਾਜ਼ ਨਹੀਂ ਸੀ ਹੁੰਦਾ। ਬੜਾ ਸੋਚ ਵਿਚਾਰ ਕੇ ਦਾਦੀ ਨੇ ਗੁਆਂਢੀ ਪਿੰਡ ਦੇ ਘੁਮਾਰਾਂ ਤੋਂ ਇੱਕ ਗਧੀ ਖਰੀਦ ਲਿਆਂਦੀ। ਪਿੰਡੋਂ ਤਾਂ ਨੀ ਖਰੀਦੀ, ਬਈ ਰੋਜ਼ ਪੁਰਾਣੇ ਘਰ ਭੱਜ ਜਾਇਆ ਕਰੂ। ਹੌਲੀ ਹੌਲੀ ਗਧੀ ਦਾਦੀ ਦਾ ਕਾਮਾ ਅੱਧ ਬਣ ਗਈ।
ਦਾਦੀ ਦਾ ਇਕੱਲਪਣ ਕੁਝ ਸੌਖਾ ਕੱਟਣ ਲੱਗ ਪਿਆ। ਪੁੱਤ ਦੀ ਦੇਖ ਭਾਲ ਵੀ ਬਰਾਬਰ ਹੋਣ ਲੱਗ ਪਈ। ਦਾਦੀ ਨੇ ਖੇਤਾਂ ਵਿਚ ਜਾਣਾ। ਪੱਠਿਆਂ ਦੀ ਪੰਡ, ਕੁਝ ਸਬਜ਼ੀ ਭਾਜੀ, ਗੰਨੇ, ਖਰਬੂਜ਼ੇ, ਮਤੀਰੇ ਬੰਨ੍ਹ ਕੇ ਗਧੀ ਤੇ ਲੱਦ ਦੇਣੇ। ਕਣਕ ਜਾਂ ਮੱਕੀ ਦੀ ਬੋਰੀ ਨਹਿਰ ਅਸਲੇ ਘਰਾਟਾਂ ਤੇ ਲੈ ਜਾਣਾ ਤੇ ਆਟਾ ਪਿਹਾ ਲਿਆਉਣਾ। ਨੇੜਲੇ ਸ਼ਹਿਰ ਜਾ ਕੇ ਘਰ ਦਾ ਸਮਾਨ ਲੈ ਆਉਣਾ। ਮੁੱਕਦੀ ਗੱਲ, ਗਧੀ ਦਾਦੀ ਦੀ ਦੁੱਖ ਸੁੱਖ ਦੀ ਸਾਥਣ ਹੋ ਨਿੱਬੜੀ। ਦਾਦੀ ਨੇ ਵੀ ਗਧੀ ਨੂੰ ਧੀਆਂ ਵਾਂਗ ਰੱਖਿਆ। ਉਹਨੂੰ ਨੁਹਾਉਣਾ, ਖਰਖਰਾ ਕਰਨਾ, ਚੰਗੇ ਛੋਲੇ ਖੁਆਉਣੇ, ਖੁਰਾਂ ਵਿਚੋਂ ਕੰਡੇ ਕੰਕਰ ਕੱਢਣੇ, ਕੰਨਾਂ ਦੇ ਪਿਸੂ ਮਾਰਨੇ, ਮਾੜੇ ਮੋਟੇ ਜ਼ਖਮਾਂ ਤੇ ਹਲਦੀ ਲਾਉਣੀ ਪਰ ਦਾਦੀ ਆਪ ਕਦੇ ਭੁੱਲ ਕੇ ਵੀ ਗਧੀ ਤੇ ਨਹੀਂ ਸੀ ਬਹਿੰਦੀ। ਹਮੇਸ਼ਾ ਕਹਿੰਦੀ, ਬਈ ਗਧੀ ਵੀ ਤਾਂ ਬੰਦਾ ਹੀ ਹੁੰਦੈ। ਇਹਦੇ ਵਿਚ ਵੀ ਤਾਂ ਮੇਰੇ ਵਰਗੀ ਜਿੰਦ ਜਾਨ ਆ।
ਦਾਦੀ ਗਧੀ ਦੀ ਰਗ ਰਗ ਤੋਂ ਵਾਕਿਫ਼ ਸੀ ਤੇ ਗਧੀ ਦਾਦੀ ਦੀ ਤੋਂ। ਦਾਦੀ ਨੇ ਢਿੱਲੀ ਮੱਠੀ ਹੋਣਾ ਤਾਂ ਗਧੀ ਨੇ ਮਸੋਸੀ ਜਿਹੀ ਖੜ੍ਹੀ ਰਹਿਣਾ। ਦਾਦੀ ਨੇ ਕਦੇ ਰੋ ਪੈਣਾ ਤਾਂ ਗਧੀ ਦੇ ਅੱਖੀਂ ਪਾਣੀ ਆ ਜਾਣਾ। ਦਾਦੀ ਨੇ ਹੱਸਣਾ ਤਾਂ ਗਧੀ ਨੇ ਵੀ ਦੰਦ ਦਿਖਾਉਣੇ। ਦਾਦੀ ਨੇ ਥੱਕ ਟੁੱਟ ਕੇ ਚੌਕੜੀ ਮਾਰ ਲੈਣੀ ਤਾਂ ਗਧੀ ਨੇ ਵੀ ਬੈਠ ਜਾਣਾ।
ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਪਿੰਡ ਜਾਣਾ ਤਾਂ ਸਭ ਤੋਂ ਪਹਿਲਾਂ ਗਧੀ ਵਾਲੀ ਦਾਦੀ ਦੇ ਘਰ ਵੱਲ ਭੱਜਣਾ। ਦਾਦੀ ਨੇ ਚੁੰਮ ਚੁੰਮ ਮੱਥਾ ਧੋ ਦੇਣਾ। ਗਧੀ ਨੇ ਦੁਲੱਤੀਆਂ ਮਾਰਨ ਲੱਗ ਪੈਣਾ। ਦਾਦੀ ਦਾ ਕਿਸੇ ਹੋਰ ਨੂੰ ਪਿਆਰ ਕਰਨਾ ਸ਼ਾਇਦ ਉਹਨੂੰ ਚੰਗਾ ਨਹੀਂ ਸੀ ਲਗਦਾ। ਦਾਦੀ ਨੇ ਦੁੱਧ ਦਾ ਗਿਲਾਸ ਮੇਰੇ ਮੂੰਹ ਲਾਉਣਾ ਤਾਂ ਗਧੀ ਨੇ ਨਿੱਕੀ ਜਿਹੀ ਹਿਣਕਣੀ ਕੱਢਣੀ। ਮੂੰਹ ਦੂਜੇ ਪਾਸੇ ਫੇਰ ਲੈਣਾ, ਰੁੱਸ ਜਾਂਦੀ ਸੀ। ਮੈਂ ਗਧੀ ਤੇ ਬੈਠਣ ਦੀ ਜ਼ਿਦ ਕਰਨੀ ਪਰ ਦਾਦੀ ਅਸੂਲਾਂ ਦੀ ਪੱਕੀ, ਕਦੇ ਨਾ ਮੰਨਦੀ। ਮੈਂ ਕਿਹੜਾ ਘੱਟ ਸੀ। ਇਕ ਦਿਨ ਅੱਖ ਬਚਾ ਕੇ ਪਲਾਕੀ ਮਾਰ ਕੇ ਗਧੀ ਤੇ ਬੈਠ ਗਿਆ। ਬਿੰਦ ਕੁ ਤਾਂ ਉਹ ਖੜ੍ਹੀ ਰਹੀ, ਫਿਰ ਪਤਾ ਨਹੀਂ ਕੀ ਹੋਇਆ, ਉਹਨੇ ਛਾਲ ਜਿਹੀ ਮਾਰੀ ਤੇ ਅਹੁ ਮਾਰਿਆ ਮੈਨੂੰ ਬੁੜਕਾ ਕੇ। ਖੜਕਾ ਤੇ ਚੀਕ ਸੁਣ ਕੇ ਦਾਦੀ ਭੱਜੀ ਆਈ। ਮੈਨੂੰ ਚੁੱਕ ਕੇ ਖੜ੍ਹਾ ਕੀਤਾ। ਮੈ ਲੇਰਾਂ ਮਾਰਾਂ। ਮੇਰੀ ਖੱਬੀ ਬਾਂਹ ਸਿੱਧੀ ਨਾ ਹੋਵੇ। ਕੂਹਣੀ ਹਿੱਲ ਗਈ ਸੀ। ਹੱਡੀ ਟੁੱਟਣੋਂ ਬਚ ਗਈ। ਅਮਰ ਚਾਚਾ ਭੱਜ ਕੇ ਹੱਡ ਸਿੱਧੇ ਕਰਨ ਵਾਲੇ ਨੂੰ ਬੁਲਾ ਲਿਆਇਆ। ਉਹਨੇ ਝਟਕਾ ਜਿਹਾ ਮਾਰ ਕੇ ਕੂਹਣੀ ਸਿੱਧੀ ਕਰ ਦਿੱਤੀ। ਦਾਦੀ ਨੇ ਤੇਲ ਵਿਚ ਹਲਦੀ ਮਿਲਾਈ ਤੇ ਮਲ ਦਿੱਤੀ। ਉੱਤੋਂ ਨਿੰਮ ਦੇ ਪੱਤੇ ਟਿਕਾ ਕੇ ਪੱਟੀ ਬੰਨ੍ਹ ਦਿੱਤੀ।
ਦਸਾਂ ਕੁ ਦਿਨਾਂ ਬਾਅਦ ਦਰਦ ਹਟਿਆ। ਮੈਂ ਫਿਰ ਦਾਦੀ ਦੇ ਦੁਆਰੇ। ਕਹਿਣ ਲਗੀ- ਪਹਿਲਾਂ ਜਾਨਵਰ ਨਾਲ ਰਿਸ਼ਤਾ ਬਣਾਓ, ਫਿਰ ਇਹਤੋਂ ਕੁਝ ਭਾਲੋ। ਦਾਦੀ ਨੇ ਮੈਨੂੰ ਖਰਖਰਾ ਫੜਾਇਆ ਤੇ ਗਧੀ ਦੀ ਕੰਡ ਤੇ ਫੇਰਨਾ ਸਿਖਾਇਆ। ਰੋਜ਼ ਦਾਦੀ ਦੇ ਘਰ ਜਾਣਾ ਤੇ ਗਧੀ ਦੇ ਖਰਖਰਾ ਕਰਨਾ। ਸਾਡੀ ਦੋਸਤੀ ਹੋ ਗਈ। ਦਾਦੀ ਪੱਠੇ ਲੈਣ ਚੱਲੀ ਤਾਂ ਮੈਨੂੰ ਹੌਲੀ ਦੇਣੀ ਚੁੱਕ ਕੇ ਗਧੀ ਤੇ ਬਿਠਾ ਦਿੱਤਾ। ਐਤਕੀਂ ਉਹ ਕੁਸਕੀ ਵੀ ਨਾ। ਰਾਹ ਵਿਚ ਸਾਡਾ ਘਰ ਪੈਂਦਾ ਸੀ। ਦਾਦੀ ਮੈਨੂੰ ਘਰ ਲਾਹ ਗਈ।
ਸਾਲ ਬੀਤਦੇ ਗਏ। ਅਮਰ ਚਾਚਾ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਜਾ ਲੱਗਾ। ਚਾਚੀ ਘਰੇ ਦਾਦੀ ਕੋਲ ਨਿਆਣਿਆਂ ਨਾਲ। … ਉਮਰ ਦੇ ਨਾਲ ਨਾਲ ਦਾਦੀ ਢਿੱਲੀ ਰਹਿਣ ਲਗ ਪਈ। ਗਧੀ ਸਾਰਾ ਦਿਨ ਬੈਠੀ ਰਹਿੰਦੀ। ਉੱਠਣਾ ਵੀ ਔਖਾ। ਇਕ ਦਿਨ ਉਹ ਚੱਲ ਵਸੀ। ਦਾਦੀ ਦਾ ਬੁਰਾ ਹਾਲ। ਉਹਨੇ ਗਧੀ ਦਾ ਸਸਕਾਰ ਕਰਾਇਆ। ਫਿਰ ਗੁਰਦੁਆਰੇ ਪਾਠ ਰਖਵਾਇਆ। ਅਰਦਾਸ ਕਰਾਈ। ਹੁਣ ਦਾਦੀ ਇਕ ਵਾਰੀ ਫਿਰ ਇਕੱਲੀ ਹੋ ਗਈ। ਉਹਦਾ ਜੀ ਨਾ ਲਗਦਾ। ਪੋਤੇ ਪੋਤੀਆਂ ਨਾਲ ਖੇਡਦੀ ਜ਼ਰੂਰ ਪਰ ਦੇਖਦੀ ਗਧੀ ਦੇ ਕਿੱਲੇ ਵੱਲ ਰਹਿੰਦੀ। ਘਰਦਿਆਂ ਨੇ ਬਥੇਰਾ ਕਿਹਾ- ਦੂਜੀ ਗਧੀ ਖਰੀਦ ਲੈ। ਉਹ ਨਾ ਮੰਨੀ। ਕਹਿੰਦੀ- ਧੀ ਪੁੱਤ ਬਾਜ਼ਾਰੀ ਨਹੀਂ ਵਿਕਦੇ।
ਥੋੜ੍ਹੇ ਜਿਹੇ ਸ਼ਬਦਾਂ ਵਿਚ ਬਹੁਤ ਕੁਝ ਕਹਿ ਜਾਂਦੀ ਸੀ ਮੇਰੀ ਗਧੀ ਆਲੀ ਦਾਦੀ।
ਸੰਪਰਕ: 98701-31868