ਮੇਰੇ ਦੋਸਤ ਮੰਗਲ ਸਿੰਘ ਭੰਡਾਲ ਦੀ ਸੱਜੀ ਲੱਤ ਨਿੱਕੇ ਹੁੰਦਿਆਂ ਧੁਰ ਉਪਰੋਂ ਕੱਟੀ ਗਈ। ਨਿੱਕੀ ਤੋਂ ਨਿੱਕੀ ਕਿਰਸਾਨੀ ਦੀ ਮੁਸ਼ੱਕਤ ਤੇ ਮੰਦਹਾਲੀ ਨਾਲ ਜੂਝਦਿਆਂ ਇਸ ਵੱਡੇ ਮਨੁੱਖ ਨੇ ਕਾਲਜ ਤੱਕ ਦੀ ਪੜ੍ਹਾਈ ਇਕ ਲੱਤ ਨਾਲ ਕੀਤੀ। ਘਰ ਤੋਂ ਸਕੂਲ ਦਾ ਫ਼ਾਸਲਾ ਕਿਲੋਮੀਟਰ ਸੀ ਅਤੇ ਘਰ ਤੋਂ ਖੂਹ ਦਾ ਫ਼ਾਸਲਾ ਤਿੰਨ ਕਿਲੋਮੀਟਰ। ਪੜ੍ਹਨ ਅਤੇ ਖੇਤੀ ਦੇ ਕੰਮਾਂ ਲਈ ਇਹ ਸਭ ਫ਼ਾਸਲੇ ਉਸ ਨੇ ਤੇਨ ਜਿੰਗੀ ਹਿੰਮਤ ਵਾਂਗ ਫ਼ਤਹਿ ਕੀਤੇ। ਹੱਥ ਵਿਚ ਫੜਿਆ ਟਾਹਲੀ ਦਾ ਚਾਰ-ਪੰਜ ਫੁੱਟ ਦਾ ਅਣਘੜ ਜਿਹਾ ਸੋਟਾ ਉਸ ਦਾ ਸਹਾਰਾ ਬਣਿਆ। ਇਸ ਸੋਟੇ ਦੇ ਸਰਵਣੀ ਸਾਥ ਅਤੇ ਸਹਿਯੋਗ ਨੂੰ ਉਹ ਆਪਣੀ ਪਹਿਲੀ ਅਤੇ ਪਾਕ ਮੁਹੱਬਤ ਆਖਦਾ ਹੈ। ਅੱਜ ਵੀ ਇਹ ਸੋਟਾ ਉਸ ਦੀ ਜ਼ਰੂਰੀ ਜਾਇਦਾਦ ਅਤੇ ਜਾਨ ਹੈ। ਇਸ ਸੋਟੇ ਦੇ ਸਹਾਰੇ ਬਿਨਾਂ ਉਹ ਅਧੂਰਾ ਹੈ।
ਇਸ ਸਰਵਣੀ ਸੋਟੇ ਨਾਲ ਮੰਗਲ ਸਿੰਘ ਭੰਡਾਲ ਨੇ ਤਿੰਨ ਸਾਲ ਕਾਲਜ ਦੀ ਪੜ੍ਹਾਈ ਵੀ ਕੀਤੀ। ਘਰ ਤੋਂ ਪਿੰਡ ਦੇ ਬੱਸ ਅੱਡੇ ਅਤੇ ਸ਼ਹਿਰ ਦੇ ਬੱਸ ਅੱਡੇ ਤੋਂ ਕਾਲਜ ਦਾ ਲਗਭਗ ਚਾਰ ਕਿਲੋਮੀਟਰ ਦਾ ਪੈਂਡਾ ਉਹ ਸੋਟੇ ਦੀ ਠੱਕ ਠੱਕ ਨਾਲ ਤੈਅ ਕਰਦਾ। ਸਿਆਲਾਂ ਦੀ ਧੁੰਦ ਤੇ ਗਰਮੀਆਂ ਦੀਆਂ ਤਿੱਖੜ ਦੁਪਹਿਰਾਂ ਵੀ ਉਸ ਦਾ ਹੌਸਲਾ ਪਸਤ ਨਾ ਕਰ ਸਕੀਆਂ। ਗ਼ਰੀਬੀ ਦੀ ਜਿੱਲਣ ਵਿਚੋਂ ਨਿਕਲਣਾ ਉਸ ਦਾ ਜੀਵਨ-ਮਕਸਦ ਸੀ। ਇਕ ਲੱਤ ਨਾਲ ਦੁੱਖਾਂ ਦੀ ਧਰਤੀ ਦਾ ਭਾਰ ਉਠਾਉਣ ਵਾਲੇ ਇਸ ਧੌਲ ਬਲਦ ਦੀ ਜੀਵਨ-ਕਥਾ ਗਲਪ ਦਾ ਵਿਸ਼ਾ ਹੈ; ਅਜਿਹੀ ਕਥਾ ਜੋ ਜੱਦੋਜਹਿਦ ਕਰਨ ਲਈ ਪ੍ਰੇਰਨਾ ਤੇ ਪਕਿਆਈ ਊਰਜਿਤ ਕਰਦੀ ਹੈ। ਸੋਟੇ ਦੀ ਠੱਕ ਠੱਕ ਵਿਚੋਂ ਸਿੰਮਦਾ ਜੱਦੋਜਹਿਦ ਦਾ ਲੈਆਤਮਕ ਗੀਤ ਜੂਝਣ ਵਾਸਤੇ ਸਾਹ-ਵਰਧਕ ਸੰਦੇਸ਼ ਅਤੇ ਸਬਕ ਵੰਡਦਾ ਹੈ। ਮੰਗਲ ਸਿੰਘ ਭੰਡਾਲ ਦੇ ਇਸ ਸਾਹ-ਵਰਧਕ ਸਫ਼ਰ ਤੇ ਸੰਘਰਸ਼ ਦਾ ਮੈਂ ਚਸ਼ਮਦੀਦ ਗਵਾਹ ਹਾਂ। ਉਸ ਦੇ ਇਸ ਸਾਹਸ ਅਤੇ ਸੰਵੇਦਨਾ ਨੂੰ ਸਲਾਮ ਤੇ ਸਤਿਕਾਰ ਕਹਿਣ ਹਿਤ ਲਿਖੀ ਕਵਿਤਾ ਸੁੰਦਰ ਅੱਖਰਾਂ ਵਿਚ ਲਿਖ ਕੇ ਅਤੇ ਫਰੇਮ ਵਿਚ ਜੜ ਕੇ ਲਗਭਗ 20 ਸਾਲ ਪਹਿਲਾਂ ਅੰਗਹੀਣ ਦਿਵਸ ਮੌਕੇ ਦੋਸਤਾਂ ਮਿੱਤਰਾਂ ਨੇ ਰਲ ਕੇ ਇਸ ਸਿਰੜੀ ਮਨੁੱਖ ਨੂੰ ਦਿੱਤੀ ਸੀ:
ਅੰਗਹੀਣ ਹਾਂ ਪਰ ਅੰਗਾਂ ਵਾਲਿਆਂ ਲਈ ਰਾਹ ਦਸੇਰਾ ਹਾਂ।
ਲੱਕੜ ਦੀ ਲੱਤ ਨਾਲ ਤੁਰ ਕੇ ਵੀ ਰਹਿੰਦਾ ਸਭਨਾਂ ਤੋਂ ਅਗੇਰਾ ਹਾਂ।
ਕਈ ਰਸਾਲਿਆਂ ਵਿਚ ਪ੍ਰਕਾਸ਼ਿਤ ਮੇਰੀ ਇਹ ਕਵਿਤਾ ਮੰਗਲ ਸਿੰਘ ਭੰਡਾਲ ਦੇ ਘਰ ਵਿਚ ਟੰਗੀ ਹੋਈ ਹੈ। ਇਸ ਕਵਿਤਾ ਨੂੰ ਵਾਰ ਵਾਰ ਪੜ੍ਹਨ ਨਾਲ ਅੰਦਰੂਨੀ ਊਰਜਾ ਤੇ ਉਤਸ਼ਾਹ ਉਤੇਜਿਤ ਹੁੰਦੇ ਹਨ। ਇਸ ਰਾਹ ਦਸੇਰੇ ਦਾ ਮਾਨਵੀ ਘੋਲ ਇੱਥੇ ਨਹੀਂ ਮੁੱਕਦਾ। ਰਿੜ੍ਹ ਖੁੜ੍ਹ ਕੇ ਕਾਲਜ ਪੜ੍ਹਦਿਆਂ ਇਸ ਚਾਨਣ-ਬਖ਼ੇਰੇ ਨੂੰ ਕਾਲਜਾਂ ਦੇ ਲੈਬਾਰਟਰੀ ਸਟਾਫ਼ ਵਿਚ ਅੰਗਹੀਣ ਕੋਟੇ ਵਿਚ ਸਹਾਇਕ ਦੀ ਨੌਕਰੀ ਮਿਲ ਗਈ। ਕਾਲਜ ਦੀ ਇਹ ਨੌਕਰੀ ਉਸ ਲਈ ਰੋਟੀ-ਪਾਣੀ ਦਾ ਆਸਰਾ ਅਤੇ ਆਸ ਬਣੀ। ਉਸ ਨੇ ਸਭ ਤੋਂ ਪਹਿਲਾਂ ਲੱਕੜ ਦੀ ਲੱਤ ਬਣਾਉਣ ਦਾ ਹੀਲਾ ਵਸੀਲਾ ਕੀਤਾ। ਲੱਕੜ ਦੀ ਲੱਤ ਲਵਾਉਣ ਨਾਲ ਉਸ ਦਾ ਨੌਕਰੀ ਦਾ ਕਾਰ-ਵਿਹਾਰ ਥੋੜ੍ਹਾ ਸੌਖਾ ਹੋ ਗਿਆ ਪਰ ਘਰ ਆ ਕੇ ਲੱਤ ਲਾਹੁਣ ਤੋਂ ਬਾਅਦ ਬਚਪਨ ਵਾਲਾ ਸੋਟਾ ਹੀ ਉਸ ਦਾ ਸਾਥ ਨਿਭਾਉਂਦਾ। ਹੌਲੀ ਹੌਲੀ ਉਸ ਨੇ ਇਕ ਲੱਤ ਨਾਲ ਸਾਈਕਲ ਚਲਾਉਣਾ ਵੀ ਸਿੱਖ ਲਿਆ। ਕੈਸੇ ਦਿਨ ਸਨ ਜਦੋਂ ਅਸੀਂ ਸਾਰੇ ਸਾਈਕਲਾਂ ਲਈ ਤਰਸਦੇ ਹੁੰਦੇ ਸਾਂ। ਸਾਈਕਲ ਖਰੀਦਣਾ ਤੇ ਚਲਾਉਣਾ ਵੱਡੇ ਮਾਨਵੀ ਯੁੱਧ ਵਰਗਾ ਕਾਰਜ ਸੀ। ਪੈਂਚਰ ਲਈ ਪੈਸੇ ਨਾ ਲੱਭਦੇ। ਹਵਾ ਭਰਨ ਲਈ ਪੰਪ ਨਾ ਮਿਲਦਾ। ਪੈਂਚਰ ਸਾਈਕਲ ਨੂੰ ਰੇੜ੍ਹ ਕੇ ਲਿਜਾਂਦਿਆਂ ਮੂੰਹ ਲਾਲੋ-ਲਾਲ ਹੋ ਜਾਂਦੇ। ਵੱਡੇ ਲੇਖਕ ਸੰਤੋਖ ਸਿੰਘ ਧੀਰ ਨੇ ‘ਮੇਰਾ ਟੁੱਂਟਾ ਜਿਹਾ ਸਾਈਕਲ’ ਕਵਿਤਾ ਲਿਖੀ। ਟੁੱਟੇ ਜਿਹੇ ਸਾਈਕਲਾਂ ਵਾਲੇ ਲੇਖਕ ਅਤੇ ਅਧਿਆਪਕ ਮਨੁੱਖੀ ਸੰਘਰਸ਼ ਤੇ ਸਾਧਨਾ ਦੇ ਮਹਾਂਨਾਇਕ ਬਣੇ।
ਮੰਗਲ ਸਿੰਘ ਨੇ ਔਖੇ-ਸੌਖੇ ਸਾਈਕਲ ਖ਼ਰੀਦ ਲਿਆ ਪਰ ਉਸ ਦੇ ਸੁਪਨੇ ਤੇ ਸੰਘਰਸ਼ ਮੁੱਕੇ ਨਹੀਂ। ਕਾਲਜ ਵਿਚ ਉਸ ਨੂੰ ਸੰਵੇਦਨਸ਼ੀਲ ਇਨਸਾਨ ਪ੍ਰੋਫੈਸਰ ਪ੍ਰਿਤਪਾਲ ਸਿੰਘ ਦਾ ਸਾਥ ਮਿਲਿਆ ਜਿਸ ਨੇ ਉਸ ਨੂੰ ਬੋਰਿਸ ਪੋਲੇਵੋਈ ਦੀ ਸ਼ਾਹਕਾਰ ਕਿਤਾਬ ‘ਅਸਲੀ ਇਨਸਾਨ ਦੀ ਕਹਾਣੀ’ ਭੇਟ ਕੀਤੀ। ਕਿਤਾਬ ਪੜ੍ਹ ਕੇ ਮੰਗਲ ਸਿੰਘ ਨੂੰ ਅਸਲੀ ਇਨਸਾਨ ਹੋਣ ਅਤੇ ਬਣਨ ਦੀ ਸੋਝੀ ਮਿਲੀ। ਪੜ੍ਹਨ ਵੇਲੇ ਪੰਜਾਬ ਸਟੂਡੈਂਟਸ ਯੂਨੀਅਨ ਸੰਗ ਕੀਤੇ ਅੰਦੋਲਨ ਦਾ ਅਨੁਭਵ ਉਸ ਕੋਲ ਧੜਕਦਾ ਸੀ। ਸਿੱਟੇ ਵਜੋਂ ਉਸ ਨੇ ਅੰਗਹੀਣ ਸਾਥੀਆਂ ਦੀ ਜਥੇਬੰਦੀ ਲਈ ਕੰਮ ਕਰਨ ਨੂੰ ਆਪਣਾ ਜੀਵਨ ਮਨੋਰਥ ਬਣਾ ਲਿਆ ਅਤੇ ਜਾਨ ਮਾਰ ਕੇ ਕੰਮ ਕੀਤਾ। ਲੱਕੜ ਦੀ ਲੱਤ ਵਾਲੇ ਇਸ ਅਸਲੀ ਇਨਸਾਨ ਨੇ ਜਥੇਬੰਦੀ ਦੇ ਸੰਘਰਸ਼ ਲਈ ਪੂਰਾ ਪੰਜਾਬ ਗਾਹ ਮਾਰਿਆ। ਲਗਾਤਾਰ ਤੁਰੇ ਰਹਿਣਾ ਉਸ ਦੀ ਆਦਤ ਅਤੇ ਅਕੀਦਾ ਹੈ। ਅੰਗਹੀਣਾਂ ਦੀ ਭਲਾਈ ਅਤੇ ਸਮਾਜ ਸੇਵੀ ਹੰਭਲਿਆਂ ਲਈ ਪੰਜਾਬ ਸਰਕਾਰ ਨੇ 2008 ਵਿਚ ਉਸ ਨੂੰ ਸਟੇਟ ਐਵਾਰਡ ਦਿੱਤਾ।
ਸ਼ਹਿਰ ਦੀਆਂ ਸਾਹਿਤਕ ਤੇ ਸਮਾਜਿਕ ਸਰਗਰਮੀਆਂ ਦਾ ਉਹ ਕਰਮਸ਼ੀਲ ਕਾਮਾ ਅਤੇ ਯੋਧਾ ਹੈ। ਦੁੱਖ-ਸੁੱਖ ਵਿਚ ਹਰ ਹਾਲਤ ਸ਼ਰੀਕ ਹੋਣਾ ਉਸ ਦਾ ਦੀਨ ਹੈ। ਸਾਡਾ ਇਕ ਪ੍ਰਿੰਸੀਪਲ ਤਨਜ਼ ਵਿਚ ਕਹਿੰਦਾ ਹੁੰਦਾ ਸੀ ਕਿ ਲੱਕੜ ਦੀ ਲੱਤ ਵਾਲਾ ਖ਼ੌਰੇ ਟਿਕਦਾ ਕਦੋਂ ਹੈ? ਮੰਗਲ ਸਿੰਘ ਦੀ ਸਦ-ਗਤੀ ਉਸ ਦੀ ਤਾਕਤ ਅਤੇ ਤਿਹੁ ਹੈ। ਉਸ ਦਾ ਆਖਣਾ ਹੈ ਕਿ ਜੇ ਉਹਦੇ ਕੋਲ ਸਮਾਜਿਕ ਮਨੋਰਥ ਨਾ ਹੁੰਦੇ ਤਾਂ ਦੁੱਖਾਂ ਮੁਸੀਬਤਾਂ ਦੀਆਂ ਮਹਾਮਾਰੀਆਂ ਨਾਲ ਕਦੋਂ ਦਾ ਖ਼ਤਮ ਹੋ ਜਾਂਦਾ। ਕਦੇ ਸਾਹਿਤ ਸਭਾ, ਕਦੇ ਪੋਲੀਓ ਮੁਹਿੰਮ, ਕਦੇ ਸਾਬਕਾ ਸੈਨਿਕਾਂ ਦੀ ਭਲਾਈ, ਕਦੇ ਗ਼ਰੀਬਾਂ ਲਈ ਦਵਾਈਆਂ ਤੇ ਕਦੇ ਨਸ਼ਿਆਂ ਵਿਰੁੱਧ ਜਾਗਰੂਕਤਾ। ਇਨ੍ਹਾਂ ਨਿਰਸਵਾਰਥ ਕਾਰਜਾਂ ਲਈ 2019 ਵਿਚ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ‘ਕੌਮੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਜ਼ਿਲ੍ਹਾ ਪੱਧਰ ਦੇ ਪਤਾ ਨਹੀਂ ਕਿੰਨੇ ਸਨਮਾਨ ਉਸ ਦਾ ਮਾਣ ਬਣੇ। ਇੰਨੇ ਮਾਣ ਤੇ ਸਨਮਾਨ ਮਿਲਣ ਦੇ ਬਾਵਜੂਦ ਉਹ ਆਪਣਾ ਕਠੋਰ ਅਤੀਤ ਨਹੀਂ ਭੁੱਲਦਾ। ਆਪਣੇ ਪਿੰਡ, ਮਾਂ ਬਾਪ ਤੇ ਤਮਾਮ ਭਾਵੁਕ ਰਿਸ਼ਤਿਆਂ ਨੂੰ ਯਾਦ ਕਰ ਕੇ ਕਦੇ ਕਦੇ ਵੈਰਾਗ ਵਿਚ ਆ ਜਾਂਦਾ ਹੈ। ਉਸ ਦੀ ਜੀਵਨ ਕਹਾਣੀ ਮਹਾਕਾਵਿਕ ਨਾਵਲ ਦੇ ਬਿਰਤਾਂਤ ਵਰਗੀ ਹੈ।
ਪ੍ਰੋæ ਪ੍ਰਿਤਪਾਲ ਸਿੰਘ ਨੇ ਮੰਗਲ ਸਿੰਘ ਭੰਡਾਲ ਨੂੰ ਗ੍ਰਹਿਸਤ ਵਿਚ ਬੰਨ੍ਹ ਦਿੱਤਾ। ਸਾਊ ਪਤਨੀ ਅਤੇ ਦੋ ਬੱਚੇ ਹਨ। ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਈ। ਵਿਆਹ ਕੀਤੇ। ਦੋਵੇਂ ਵਿਦੇਸ਼ ਵੱਸਦੇ ਹਨ। ਉਸ ਦੀ ਧੀ ਦਮਨ ਧੀਆਂ ਬਾਰੇ ਲਿਖੀਆਂ ਮੇਰੀਆਂ ਕਵਿਤਾਵਾਂ ਦੀ ਸਰਵਣ ਪੁੱਤਰ ਹੈ ਜਿਸ ਨੇ ਉਚੇਰੀ ਪੜ੍ਹਾਈ ਕਰਦਿਆਂ ਬਿਮਾਰ ਮਾਂ ਨੂੰ ਮਿਸਾਲੀ ਤਰੀਕੇ ਨਾਲ ਸਾਂਭਿਆ ਅਤੇ ਪੁੱਤਰਾਂ ਵਾਂਗ ਬਾਪ ਦਾ ਅੰਗ ਰੱਖਿਅਕ ਬਣੀ ਰਹੀ। ਇਕੱਲਾ ਆਪਣੀ ਬਿਮਾਰ ਪਤਨੀ ਦੀ ਸੇਵਾ ਸੰਭਾਲ ਕਰਦਾ ਹੈ। ਰੋਟੀ ਪਕਾਉਣੀ, ਕੱਪੜੇ ਧੋਣੇ ਤੇ ਹੋਰ ਨਿੱਕੇ-ਮੋਟੇ ਕੰਮ ਕਰਦਾ ਕਦੇ ਕਦੇ ਇਕੱਲਤਾ ਮਹਿਸੂਸ ਕਰਦਾ ਹੈ। ਹਫ਼ਤੇ ਵਿਚ ਦੋ ਵਾਰ ਜਲੰਧਰੋਂ ਪਤਨੀ ਦਾ ਡਾਇਲਸਿਸ ਕਰਵਾਉਣਾ ਪਿਛਲੇ ਦਸਾਂ ਸਾਲਾਂ ਤੋਂ ਉਸ ਦੇ ਹਿੱਸੇ ਆਇਆ ਹੈ। ਮਾਂ ਬਾਪ ਦੀ ਸੇਵਾ ਵਾਂਗ ਪਤਨੀ ਦੀ ਸੇਵਾ ਕਰਦਾ ਹੋਇਆ ਸਮਾਜਿਕ ਤੇ ਜਥੇਬੰਦਕ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ। ਇੰਨੇ ਰੁਝੇਵਿਆਂ ਤੇ ਥਕੇਵਿਆਂ ਦੇ ਬਾਵਜੂਦ ਉਸ ਦੀ ਜੱਦੋਜਹਿਦ ਜਾਰੀ ਹੈ। ਜੇ ਬੋਰਿਸ ਪੋਲੇਵੋਈ ਹੁੰਦਾ ਤਾਂ ਉਹ ਜ਼ਰੂਰ ਇਸ ਅਸਲੀ ਇਨਸਾਨ ਦੀ ਕਹਾਣੀ ਨੂੰ ਪੁਨਰ ਸੁਰਜੀਤ ਕਰਦਾ। ਇਕੱਲਾ ਇਕ ਲੱਤ ਨਾਲ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਮੰਗਲ ਸਿੰਘ ਅੰਗਾਂ ਵਾਲਿਆਂ ਲਈ ਰਾਹ ਦਸੇਰਾ ਹੈ।
ਮਾਨਵੀ ਸਿੱਖਿਆਵਾਂ ਦਿੰਦੀਆਂ ਲੋਕ ਕਹਾਣੀਆਂ ਦੇ ਅਮਰ ਤੇ ਆਦਰਸ਼ਕ ਪਾਤਰਾਂ ਵਰਗੇ ਇਸ ਮਨੁੱਖ ਨੂੰ ਕਵਿਤਾ ਵਿਚ ਢਾਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਪਰ ਉਸ ਦੀ ਲੰਮੀ ਤੇ ਲਾਮਿਸਾਲ ਜੱਦੋਜਹਿਦ ਮੇਰੀ ਕਾਵਿਕ-ਪਕੜ ਵਿਚ ਨਹੀਂ ਆਉਂਦੀ। ਉਦਾਸੀ ਵਿਚ ਆਪੇ ਅੱਥਰੂ ਕੇਰ ਕੇ ਆਪੇ ਪੂੰਝ ਲੈਣ ਵਾਲਾ ਇਹ ਮੁਹੱਬਤੀ ਦੋਸਤ ਕਦੇ ਕਦੇ ਕੋਈ ਮਨਪਸੰਦ ਸਬਜ਼ੀ ਬਣਾ ਕੇ ਸਾਨੂੰ ਦੋਵਾਂ ਜੀਆਂ ਨੂੰ ਵੀ ਦੇ ਜਾਂਦਾ ਹੈ। ਉਸ ਦੇ ਮੇਚ ਦਾ ਹੋਣਾ ਸਾਡੇ ਲਈ ਔਖਾ ਹੈ।
ਸੁਪਨੇ ਸੰਘਰਸ਼ ਰਹਿੰਦਾ ਹਰ ਵੇਲੇ ਵੰਡਦਾ।
ਮੰਗਲ ਸਿੰਘ ਬੰਦਾ ਖ਼ੌਰੇ ਕਿਹੜੇ ਬ੍ਰਹਿਮੰਡ ਦਾ।
ਸੰਪਰਕ: 84377-88856