ਸ਼ਵਿੰਦਰ ਕੌਰ
ਅੱਜ ਵਰ੍ਹਿਆਂ ਬਾਅਦ ਉਸ ਦਾ ਫੋਨ ਆਇਆ ਸੀ। ਅਚਾਨਕ ਆਪਣੀ ਇਸ ਕੁਲੀਗ ਦਾ ਫੋਨ ’ਤੇ ਨਾਂ ਸੁਣ ਕੇ ਹੈਰਾਨੀ ਦੇ ਨਾਲ ਖੁਸ਼ੀ ਵੀ ਹੋਈ। ਉਹਨੇ ਪਹਿਲਾਂ ਵਾਂਗ ਹੀ ਬੜੇ ਠਰੰਮੇ ਨਾਲ ਗੱਲ ਕਰਦੀ ਨੇ ਦੱਸਿਆ ਕਿ ਉਹ ਅੱਜ ਕੱਲ੍ਹ ਕੈਨੇਡਾ ਵਿਚ ਆਪਣੀਆਂ ਦੋਹਾਂ ਧੀਆਂ ਕੋਲ ਰਹਿ ਰਹੀ ਹੈ, ਜਿ਼ੰਦਗੀ ਦੇ ਪਿਛਲੇ ਪਹਿਰ ਪੂਰੀ ਖੁਸ਼ ਹੈ। ਉਸ ਦੇ ਮੂੰਹੋਂ ਇਹ ਸੁਣ ਕੇ ਮਨ ਨੂੰ ਤਸੱਲੀ ਹੋਈ।
“ਪਹਿਲਾਂ ਇਉਂ ਦੱਸ, ਕਨੇਡਾ ਕਦੋਂ ਪਹੁੰਚ ਗਈ?”
“ਤੁਹਾਨੂੰ ਤਾਂ ਪਤਾ ਈ ਆ ਮੇਰੀ ਜਿ਼ੰਦਗੀ ਬਾਰੇ, ਤੇ ਇਹ ਵੀ ਪਤਾ ਕਿ ਬੱਚਿਆਂ ਦੇ ਪਾਪਾ ਦੇ ਗੁਜ਼ਰ ਜਾਣ ਬਾਅਦ ਮੈਂ ਆਪਣੀ ਬਦਲੀ ਪੇਕੇ ਪਿੰਡ ਕੋਲ ਕਰਵਾ ਲਈ ਸੀ।”
“ਹਾਂ ਇਥੋਂ ਤੱਕ ਤਾਂ ਪਤਾ ਹੈ, ਫਿਰ ਆਪਣਾ ਸੰਪਰਕ ਟੁੱਟ ਗਿਆ ਸੀ।”
… ਤੇ ਉਹ ਸ਼ੁਰੂ ਹੋ ਗਈ: ਪੇਕੇ ਘਰ ਰਹਿਣ ਦੀ ਥਾਂ ਮੈਂ ਉਨ੍ਹਾਂ ਦੇ ਨੇੜੇ ਘਰ ਲੈ ਕੇ ਆਪਣੀ ਮਾਂ ਨੂੰ ਕੋਲ ਲੈ ਆਈ ਸੀ। ਇਹ ਫੈਸਲਾ ਮੈਂ ਸੋਚ ਸਮਝ ਕੇ ਕੀਤਾ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਬੱਚਿਆਂ ਨੂੰ ਸਿਰਫ਼ ਮਹਿੰਗੀ ਸਿੱਖਿਆ ਦਿਵਾ ਕੇ ਮਾਪਿਆਂ ਦੀ ਜਿ਼ੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ, ਬੱਚਿਆਂ ਪ੍ਰਤੀ ਆਪਣੀਆਂ ਜਿ਼ੰਮੇਵਾਰੀਆਂ ਨਿਭਾਉਣ ਵਿਚ ਸਿਰਫ ਆਰਥਿਕ ਹੀ ਨਹੀਂ ਸਗੋਂ ਹੋਰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ; ਖਾਸ ਕਰ ਕੇ ਕਿਸ਼ੋਰ ਅਵਸਥਾ ਵਿਚ ਬੱਚਿਆਂ ਨੂੰ ਸਹੀ ਅਗਵਾਈ ਨਾ ਮਿਲਣ ਕਰ ਕੇ ਉਹ ਕਈ ਤਰ੍ਹਾਂ ਦੀਆਂ ਕੁਸੰਗਤੀਆਂ ਦੇ ਸ਼ਿਕਾਰ ਹੋ ਜਾਂਦੇ। ਇਸ ਉਮਰ ਵਿਚ ਬਹੁਤੀਆਂ ਸਮੱਸਿਆਵਾਂ ਸਮਾਜਿਕ, ਮਾਨਸਿਕ ਅਤੇ ਸੈਕਸ ਨਾਲ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸਹੀ ਸਮਝ ਨਹੀਂ ਹੁੰਦੀ। ਇਹ ਸਮਾਂ ਵਿਸ਼ੇਸ਼ ਤਵੱਜੋ ਦੀ ਮੰਗ ਕਰਦਾ ਹੈ। ਇਹੀ ਸਮਾਂ ਹੁੰਦਾ ਜਦੋਂ ਅਸੀਂ ਦੇਖਣਾ ਹੁੰਦਾ ਕਿ ਬੱਚਾ ਕੀ ਪੜ੍ਹਦਾ ਹੈ, ਕਿਹੋ ਜਿਹੇ ਸੀਰੀਅਲ ਅਤੇ ਫਿਲਮਾਂ ਦੇਖਦਾ ਹੈ। ਫੋਨ ਦੀ ਕੁਵਰਤੋਂ ਤਾਂ ਨਹੀਂ ਕਰ ਰਿਹਾ। ਉਸ ਦੇ ਦੋਸਤ ਕਿਹੋ ਜਿਹੇ ਹਨ? ਮੈਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਿਆ। ਆਪਣੀਆਂ ਬੱਚੀਆਂ ਨਾਲ ਦੋਸਤ ਵਰਗਾ ਰਿਸ਼ਤਾ ਬਣਾਇਆ ਤਾਂ ਜੋ ਉਹ ਬਿਨਾ ਝਿਜਕ ਆਪਣੀ ਹਰ ਸਮੱਸਿਆ ਮੈਨੂੰ ਦੱਸ ਸਕਣ।
ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਡੇ ਸਮਾਜ ਵਿਚ ਅਜੇ ਤਾਂ ਸਰੀਰਕ ਬਿਮਾਰੀਆਂ ਨੂੰ ਵੀ ਪਹਿਲ ਦੇ ਆਧਾਰ ’ਤੇ ਨਹੀਂ ਨਜਿੱਠਿਆ ਜਾਂਦਾ, ਮਾਨਸਿਕ ਤੇ ਸਮਾਜਿਕ ਪ੍ਰੇਸ਼ਾਨੀਆਂ ਵੱਲ ਧਿਆਨ ਤਾਂ ਵਿਰਲੇ ਮਾਂ-ਪਿਓ ਹੀ ਦਿੰਦੇ ਹਨ। ਮਾਨਸਿਕ ਅਤੇ ਸਮਾਜਿਕ ਪ੍ਰੇਸ਼ਾਨੀਆਂ ਸਾਂਝੇ ਪਰਿਵਾਰਾਂ ਵਿਚ ਉਸ ਤਰ੍ਹਾਂ ਉਭਰ ਕੇ ਸਾਹਮਣੇ ਨਹੀਂ ਆਈਆਂ ਸਨ ਜਿਵੇਂ ਹੁਣ ਇਕਾਕੀ ਪਰਿਵਾਰਾਂ ਵਿਚ ਬੱਚੇ ਇਕੱਲੇ ਰਹਿੰਦੇ ਹੋਣ ਕਰ ਕੇ ਜਿ਼ਆਦਾ ਉਭਰ ਕੇ ਸਾਹਮਣੇ ਆ ਰਹੀਆਂ ਹਨ।
ਇਨ੍ਹਾਂ ਸਮੱਸਿਆਵਾਂ ਦੇ ਨਾਲ ਨਾਲ ਮੈਂ ਇਸ ਗੱਲ ਦਾ ਵੀ ਖਿਆਲ ਰੱਖਿਆ ਕਿ ਇਹੋ ਸਮਾਂ ਹੈ ਜੋ ਬੱਚਿਆਂ ਦੇ ਭਵਿੱਖ ਦੀ ਬੁਨਿਆਦ ਰੱਖਦਾ ਹੈ। ਮੇਰੀ ਮਾਂ ਦੀ ਸੁਚੱਜੀ ਦੇਖ-ਰੇਖ ਵੀ ਬੱਚੀਆਂ ਨੂੰ ਸਮਝਦਾਰ ਬਣਨ ਵਿਚ ਸਹਾਈ ਹੋਈ। ਫਿਰ ਜਦੋਂ ਦੋਵੇਂ ਧੀਆਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਗਈਆਂ ਤਾਂ ਸਹੀ ਵਰ ਮਿਲਣ ’ਤੇ ਸ਼ਾਦੀ ਕਰ ਦਿੱਤੀ। ਮੁੰਡੇ ਕੁਦਰਤੀ ਦੋਵੇਂ ਕੈਨੇਡਾ ’ਚ ਰਹਿੰਦੇ ਮਿਲੇ, ਫਿਰ ਕੁੜੀਆਂ ਵੀ ਕੈਨੇਡਾ ਚਲੀਆਂ ਗਈਆਂ। ਉਨ੍ਹਾਂ ਨੇ ਮੈਨੂੰ ਵੀ ਇਹ ਕਹਿ ਕੇ ਸੱਦ ਲਿਆ- ‘ਲੈ ਵਈ ਮੰਮੀ, ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸੰਸਕਾਰ ਦਿੱਤੇ, ਉਸੇ ਤਰ੍ਹਾਂ ਸਾਡੇ ਬੱਚਿਆਂ ਵਿਚ ਰਹਿ ਕੇ ਇਨ੍ਹਾਂ ਨੂੰ ਵੀ ਦਿਓ’।…
ਕਾਫ਼ੀ ਦੇਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਅਸੀਂ ਇਕ ਦੂਜੇ ਤੋਂ ਵਿਦਾ ਲਈ। ਫੋਨ ਤਾਂ ਕੱਟ ਗਿਆ ਪਰ ਇਸ ਸਹੇਲੀ ਦੀ ਵਿਆਹ ਤੋਂ ਬਾਅਦ ਵਾਲੀ ਜਿ਼ੰਦਗੀ ਦੀ ਲੜੀ ਮੇਰੀਆਂ ਅੱਖਾਂ ਮੂਹਰੇ ਘੁੰਮਦੀ ਰਹੀ। ਵਿਆਹ ਤੋਂ ਬਾਅਦ ਉਪਰਥਲੀ ਹੋਈਆਂ ਦੋ ਕੁੜੀਆਂ ਤੋਂ ਬਾਅਦ ਇਸ ਨੇ ਆਪਣੇ ਪਰਿਵਾਰ ਨੂੰ ਪੂਰਾ ਮੰਨ, ਕੁੜੀਆਂ ਦੀ ਹੋਂਦ ਨੂੰ ਅਣਮੁੱਲੇ ਤੋਹਫੇ ਵਾਂਗ ਕਬੂਲ ਕਰ ਕੇ ਪਾਲਣਾ ਸ਼ੁਰੂ ਕਰ ਦਿੱਤਾ। ਇਸ ਦਾ ਹਮਸਫਰ ਜੋ ਕਦੇ ਇਸ ਦੀ ਜਿ਼ੰਦਗੀ ਦੇ ਸਫ਼ਰ ਦਾ ਹਿੱਸਾ ਬਣਨ ’ਤੇ ਮਾਣ ਕਰਦਾ ਸੀ, ਦੋ ਕੁੜੀਆਂ ਦਾ ਬਾਪ ਬਣਨ ’ਤੇ ਉਹਨੇ ਅਜਿਹੀ ਸ਼ਰਾਬ ਪੀਣ ਦੀ ਲਤ ਲਾਈ ਕਿ ਹੱਸਦਾ ਵੱਸਦਾ ਘਰ ਨਰਕ ਬਣਾ ਦਿੱਤਾ। ਸ਼ਰਾਬ ਨਾਲ ਰੱਜ ਕੇ ਉਹ ਯੁੱਧ ਕਰਦਾ ਕਿ ਰਹੇ ਰੱਬ ਦਾ ਨਾਂ! ਉਸ ਨੂੰ ਗਾਲ਼ਾਂ ਕੱਢਦਾ, ਕੁੱਟਦਾ ਮਾਰਦਾ। ਹਮੇਸ਼ਾ ਇਕ ਗੱਲ ਦੀ ਰੱਟ ਲਾਈ ਰੱਖਦਾ- ਤੂੰ ਮੈਨੂੰ ਇਕ ਵਾਰਸ ਨਹੀਂ ਦੇ ਸਕੀ। ਕਈ ਵਾਰ ਤਾਂ ਘਰੋਂ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦਿੰਦਾ। ਹਰ ਤਰ੍ਹਾਂ ਦਾ ਜ਼ੁਲਮ ਸਹਿ ਕੇ ਵੀ ਇਹ ਬੱਚੀਆਂ ਨੂੰ ਪੂਰੇ ਸਵੈ-ਵਿਸ਼ਵਾਸ ਨਾਲ ਪਾਲਦੀ ਰਹੀ। ਬਹੁਤੀ ਦਾਰੂ ਦਾ ਸੇਵਨ ਕਰਨ ਕਰ ਕੇ ਵਾਰਸ ਭਾਲਦਾ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਪਰ ਇਹਨੇ ਹਾਰ ਨਹੀਂ ਮੰਨੀ। ਪੇਕੇ ਪਿੰਡ ਨੇੜੇ ਬਦਲੀ ਕਰਵਾ ਲਈ, ਧੀਆਂ ਲਈ ਮਾਂ ਬਾਪ ਦੋਨੋਂ ਬਣ ਗਈ। ਅੱਜ ਉਹ ਧੀਆਂ ਦੀ ਰਾਣੀ ਮਾਂ ਬਣੀ ਪੂਰੀ ਖੁਸ਼ ਹੈ।
ਉਹਦੀ ਖੁਸ਼ਹਾਲ ਜਿ਼ੰਦਗੀ ਤੱਕ ਕੇ ਜਿੱਥੇ ਮੈਨੂੰ ਬੇਹੱਦ ਖੁਸ਼ੀ ਹੋਈ ਉੱਥੇ ਇਕ ਬਾਪ ਵਲੋਂ ਆਪਣੀ ਸੋਲਾਂ ਸਾਲ ਦੀ ਕਿਸ਼ੋਰ ਬੱਚੀ ਨੂੰ ਮਾਰ ਕੇ ਮੋਟਰਸਾਈਕਲ ਮਗਰ ਧੂਹਣ ਬਾਰੇ ਪੜ੍ਹ ਕੇ ਮਨ ਵਲੂੰਧਰਿਆ ਗਿਆ। ਫਿਰ ਉਸ ਬਾਪ ਵਲੋਂ ਅਖੌਤੀ ਮਰਦਾਵੀਂ ਮਾਨਸਿਕਤਾ ਤਹਿਤ ਇਸ ਕਤਲ ਨੂੰ ਜਾਇਜ਼ ਠਹਿਰਾਉਣ ਲਈ ਆਪਣੇ ਕੀਤੇ ’ਤੇ ਮਾਣ ਮਹਿਸੂਸ ਕਰਨਾ ਸੁਣ ਕੇ ਤਾਂ ਮਨ ਤੜਫ ਕੇ ਰਹਿ ਗਿਆ। ਉਸ ਤੋਂ ਵੀ ਅਗਲਾ ਘਿਨਾਉਣਾ ਪੱਖ ਇਹ ਕਿ ਔਰਤਾਂ ਪ੍ਰਤੀ ਮਾੜੀ ਸੋਚ ਕਾਰਨ ਮੀਡੀਆ ’ਤੇ ਮਾਸੂਮ ਦੇ ਇਸ ਦਰਦਨਾਕ ਕਤਲ ਨੂੰ ਬਹੁਤ ਸਾਰੇ ਲੋਕ ਸਹੀ ਕਦਮ ਆਖ ਰਹੇ ਹਨ। ਸੱਚ ਹੈ ਕਿ ਪੜ੍ਹਾਈ ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਇਸ ਪੱਧਰ ’ਤੇ ਨਹੀਂ ਲਿਆ ਸਕੀ ਕਿ ਉਹ ਸਮਝ ਸਕਣ ਕਿ ਕੁੜੀਆਂ ਤੇ ਮੁੰਡਿਆਂ ਦੇ ਬਰਾਬਰ ਦੇ ਹਕੂਕ ਹੁੰਦੇ ਪਰ ਇਹ ਸਜ਼ਾ ਹਮੇਸ਼ਾ ਧੀਆਂ ਨੂੰ ਹੀ ਮਿਲਦੀ ਹੈ। ਮੰਨਦੇ ਹਾਂ ਕਿ ਘਰਦਿਆਂ ਨੂੰ ਬਿਨਾ ਦੱਸੇ ਲੜਕੀ ਦਾ ਰਾਤ ਬਾਹਰ ਗੁਜ਼ਾਰਨਾ ਗ਼ਲਤ ਸੀ ਪਰ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਕਿ ਲੜਕੀ ਇਕ ਦਿਨ ਵਿਚ ਤਾਂ ਕੁਰਾਹੇ ਨਹੀਂ ਪੈ ਗਈ। ਬੱਚਿਆਂ ਪ੍ਰਤੀ ਜਿ਼ੰਮੇਵਾਰੀ ਨਿਭਾਉਣੀ ਹਰ ਮਾਂ-ਬਾਪ ਦਾ ਫ਼ਰਜ਼ ਹੁੰਦਾ ਹੈ। ਕਤਲ ਤੋਂ ਪਹਿਲਾਂ ਬਾਪ ਨੇ ਇਕ ਪਲ ਵੀ ਇਹ ਨਹੀਂ ਸੋਚਿਆ ਹੋਣਾ ਕਿ ਉਨ੍ਹਾਂ ਨੇ ਆਪਣੀ ਜਿ਼ੰਮੇਵਾਰੀ ਸਹੀ ਢੰਗ ਨਾਲ ਨਿਭਾਈ ਜਾਂ ਨਹੀਂ। ਇਸ ਅਮਾਨਵੀ ਕਤਲ ਨੂੰ ਅਣਖ ਦਾ ਮਸਲਾ ਦੱਸਿਆ ਜਾ ਰਿਹਾ ਹੈ। ਅਸਲ ਵਿਚ ਮਸਲਾ ਮੱਧਯੁੱਗੀ ਸਾਮੰਤਵਾਦੀ ਸੋਚ ਦਾ ਹੈ ਜਿਸ ਦੇ ਪੈਰੋਕਾਰ, ਮਨੂ ਦੇ ਔਰਤ ਵਿਰੋਧੀ ਫਰਮਾਨਾਂ ਦੇ ਝੰਡਾਬਰਦਾਰ ਹਨ।
ਚੰਗਾ ਹੋਵੇ ਜੇ ਅਸੀਂ ਬੱਚਿਆਂ ਨੂੰ ਸਜ਼ਾ ਦੇਣ ਦੀ ਥਾਂ ਕਿਸ਼ੋਰ ਅਵਸਥਾ ਦੌਰਾਨ ਹੋ ਰਹੇ ਮਾਨਸਿਕ ਬਦਲਾਓ ਬਾਰੇ ਸਮਝੀਏ ਅਤੇ ਇਸ ਸਮੇਂ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਵਧੀਆ ਢੰਗ ਨਾਲ ਨਜਿੱਠ ਸਕਣ ਦੇ ਕਾਬਲ ਬਣੀਏ। ਅਜਿਹਾ ਮਾਹੌਲ ਸਿਰਜਣ ਦਾ ਯਤਨ ਕਰੀਏ ਜਿੱਥੇ ਸਾਡੇ ਧੀਆਂ ਪੁੱਤਾਂ ਲਈ ਇਹ ਸਮੱਸਿਆਵਾਂ ਪੈਦਾ ਹੀ ਨਾ ਹੋਣ ਤੇ ਉਨ੍ਹਾਂ ਦਾ ਇਹ ਸਮਾਂ ਸਹਿਜ ਅਵਸਥਾ ਵਿਚ ਕੁਦਰਤੀ ਪੜਾਅ ਵਾਂਗ ਲੰਘ ਸਕੇ।
ਸੰਪਰਕ: 76260-63596