ਅੰਦੋਲਨਕਾਰੀ ਕਿਸਾਨ ਪਿਛਲੇ ਤਕਰੀਬਨ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਡੇਰੇ ਲਾਈ ਬੈਠੇ ਹਨ। ਹਰ ਤਰ੍ਹਾਂ ਦੇ ਮੀਡੀਆ, ਚਾਹੇ ਪ੍ਰਿੰਟ ਹੋਵੇ ਜਾਂ ਸੋਸ਼ਲ ਮੀਡੀਆ, ਰਾਹੀਂ ਪਤਾ ਲੱਗਦਾ ਰਹਿੰਦਾ ਹੈ ਕਿ ਦਿੱਲੀ ਵਿਚ ਨਵੰਬਰ 2020 ਤੋਂ ਲੱਗੇ ਇਸ ਮੋਰਚੇ ਵਿਚ ਹਰ ਵਰਗ ਦੇ ਲੋਕ ਸ਼ਾਮਿਲ ਹਨ, ਭਾਵ ਕਿਸਾਨ ਮਰਦ ਔਰਤਾਂ ਦੇ ਨਾਲ ਨਾਲ ਹਰ ਪੇਸ਼ੇ ਤੇ ਵਿਚਾਰਧਾਰਾ ਨਾਲ ਜੁੜੇ ਲੋਕ ਇਸ ਲੋਕ-ਯੱਗ ਵਿਚ ਆਪੋ-ਆਪਣਾ ਹਿੱਸਾ ਪਾ ਰਹੇ ਹਨ। ਇਨ੍ਹਾਂ ਵਿਚ ਔਰਤਾਂ ਦਾ ਜਿ਼ਕਰ ਖ਼ਾਸ ਤੌਰ ਤੇ ਕਰਨਾ ਬਣਦਾ ਹੈ ਕਿਉਂਕਿ ਸਾਡੀਆਂ ਸੌੜੀਆਂ ਸਮਾਜਿਕ ਵਲਗਣਾਂ ਨੂੰ ਉਲੰਘਣਾ ਆਪਣੇ ਆਪ ਵਿਚ ਦਲੇਰੀ ਭਰਿਆ ਕਦਮ ਹੈ। ਸਕੂਲ ਪੜ੍ਹਦੀਆਂ ਬੱਚੀਆਂ ਤੋਂ ਲੈ ਕੇ ਅੱਸੀ ਨੱਬੇ ਸਾਲ ਦੀਆਂ ਦਾਦੀਆਂ ਤਕ ਸਭ ਆਪਣੀ ਸ਼ਮੂਲੀਅਤ ਸਦਕਾ ਇਸ ਮੋਰਚੇ ਨੂੰ ਵੱਖਰਾ ਜਲੌਅ ਬਖ਼ਸ਼ ਰਹੀਆਂ ਹਨ। ਸਮੇਂ ਸਮੇਂ ਸਾਹਮਣੇ ਆਉਂਦੀਆਂ ਵੀਡੀਓਜ਼ ਹਾਰੇ ਹੁੱਟੇ ਮਨਾਂ ਵਿਚ ਵੀ ਸੰਘਰਸ਼ ਦੇ ਪਾਂਧੀ ਹੋ ਨਿੱਬੜਨ ਦੀ ਚਿਣਗ ਜਗਾਉਂਦੀਆਂ ਹਨ ਤੇ ਕੁਝ ਭਾਵੁਕ ਵੀ ਕਰਦੀਆਂ ਹਨ।
ਮੋਰਚੇ ਦੇ ਸ਼ੁਰੂਆਤੀ ਦਿਨਾਂ ਵਿਚ ਆਈਆਂ ਵੀਡੀਓਜ਼ ਵਿਚੋਂ ਇਕ ਮੈਨੂੰ ਹਾਲੇ ਵੀ ਯਾਦ ਹੈ। ਇਕ ਔਰਤ ਆਪਣੇ ਗੋਦੀ ਚੁੱਕੇ ਬਾਲ ਸਮੇਤ ਮੋਰਚੇ ਵਿਚ ਸ਼ਾਮਲ ਹੋਈ। ਵੀਡੀਓ ਬਣਾਉਣ ਵਾਲੇ ਨੇ ਉਸ ਨੂੰ ਖੇਤੀ ਕਾਨੂੰਨਾਂ ਬਾਰੇ ਪੁੱਛਣ ਦੇ ਨਾਲ ਨਾਲ ਇਹ ਵੀ ਪੁੱਛਿਆ ਕਿ ਉਹ ਇੰਨੀ ਦੂਰੋਂ ਆਪਣੇ ਇੰਨੇ ਛੋਟੇ ਬਾਲ ਸਮੇਤ ਆਈ ਹੈ, ਕੋਈ ਗੜਬੜ ਹੋਣ ਦੀ ਸੂਰਤ ਵਿਚ ਉਸ ਦੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ…? ਉਸ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ, ‘‘ਮੈਂ ਸਮਝਾਂਗੀ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਵਿੱਢੇ ਸੰਘਰਸ਼ ਵਿਚ ਮੈਂ ਆਪਣੇ ਹਿੱਸੇ ਦੀ ਆਹੂਤੀ ਪਾ ਦਿੱਤੀ ਹੈ।’’ ਅੱਜ ਤੋਂ ਕਈ ਦਹਾਕੇ ਪਹਿਲਾਂ ਲਿਖੀ ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਮਾਂ ਦਾ ਦਿਲ’ ਵਿਚ ਮਾਂ ਦੀ ਮਮਤਾ ਦਾ ਖ਼ੂਬਸੂਰਤ ਵਰਣਨ ਹੈ। ਇਸ ਕਹਾਣੀ ਵਿਚ ਦੇਸ਼ ਵੰਡ ਵੇਲੇ ਹੋਏ ਫਿ਼ਰਕੂ ਫਸਾਦਾਂ ਵਿਚ ਮੁਸਲਮਾਨ ਦੋਸਤ ਦੀ ਅੰਮੀ ਮੈਂ ਪਾਤਰ ਨੂੰ ਆਪਣਾ ਹੀ ਬੱਚਾ ਜਾਣਦਿਆਂ ਆਪ ਹਿਫ਼ਾਜ਼ਤ ਨਾਲ ਉਸ ਦੇ ਪਿੰਡ ਛੱਡ ਕੇ ਜਾਂਦੀ ਹੈ। ਇਹ ਕਹਾਣੀ ਸਭ ਨੇ ਪੜ੍ਹੀ ਹੋਵੇ ਜਾਂ ਨਾ ਪਰ ਇਹ ਸਭ ਨੂੰ ਪਤਾ ਹੈ ਕਿ ਦੁਨੀਆ ਦੀ ਹਰ ਮਾਂ ਆਪਣੇ ਤਾਂ ਕੀ, ਕਿਸੇ ਹੋਰ ਦੇ ਬੱਚਿਆਂ ਦਾ ਦੁੱਖ ਵੀ ਨਹੀਂ ਦੇਖ ਸਕਦੀ। ਇਉਂ ਮੋਰਚੇ ਵਿਚ ਆਈ ਇਸ ਮਾਂ ਦਾ ਇਹ ਜਜ਼ਬਾ ਸੱਚਾ ਸੁੱਚਾ ਤੇ ਵੱਡੇ ਜੇਰੇ ਵਾਲਾ ਸੀ। ਉਂਜ ਇਹ ਮੋਰਚੇ ਵਿਚ ਡਟੀ ਇਕ ਮਾਂ ਦਾ ਨਹੀਂ ਸਗੋਂ ਕਿਸਾਨ ਅੰਦੋਲਨ ਅਤੇ ਹੁਣ ਤਕ ਵੱਖ ਵੱਖ ਸਮਿਆਂ ਵਿਚ ਹੁੰਦੇ ਆਏ ਸੰਘਰਸ਼ਾਂ ਦੀ ਹਮਾਇਤ ਵਿਚ ਨਿੱਤਰੀਆਂ ਸਾਰੀਆਂ ਮਾਵਾਂ ਅੰਦਰ ਇਹੀ ਜਜ਼ਬਾ ਹੈ।
ਅਜਿਹਾ ਹੀ ਜਜ਼ਬਾ ਮੈਨੂੰ ਆਪਣੇ ਪਰਿਵਾਰ ਵਿਚ ਵੀ ਦੇਖਣ ਨੂੰ ਮਿਲਿਆ। ਗੱਲ ਇਹ ਹੋਈ ਕਿ ਕੁਝ ਦਿਨ ਪਹਿਲਾਂ ਮੈਨੂੰ ਆਪਣੇ ਜੀਵਨ ਸਾਥੀ ਦੇ ਨਾਨਕੇ ਘਰ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆ। ਵਿਆਹ ਤੋਂ ਬਾਅਦ ਇਹ ਉੱਥੋਂ ਦੀ ਪਹਿਲੀ ਫੇਰੀ ਸੀ। ਉੱਥੇ ਜਾ ਕੇ ਸਾਡੇ ਨਾਨੀ ਜੀ ਜਿਨ੍ਹਾਂ ਨੂੰ ਸਾਰੇ ਬੀਜੀ ਸੱਦਦੇ ਹਨ, ਨਾਲ ਵੀ ਗੱਲਾਂ ਹੋਈਆਂ। ਉਨ੍ਹਾਂ ਨੇ ਗੱਲਾਂ ਗੱਲਾਂ ਵਿਚ ਦੱਸਿਆ ਕਿ ਪੰਜਾਬੀ ਸੂਬੇ ਦੀ ਕਾਇਮੀ ਲਈ ਲੱਗੇ ਇਕ ਮੋਰਚੇ ਵਿਚ ਉਹ ਵੀ ਸ਼ਾਮਲ ਹੋਏ। ਅੰਮ੍ਰਿਤਸਰ ਦੀ ਲੂਣ ਮੰਡੀ ਤੋਂ ਚੱਲੇ ਇਸ ਜਥੇ ਵਿਚ ਸ਼ਾਮਲ ਬੀਬੀਆਂ ਨੇ ‘ਪੰਜਾਬੀ ਸੂਬਾ ਜਿ਼ੰਦਾਬਾਦ’ ਦੇ ਨਾਅਰੇ ਗੂੰਜਾਉਂਦਿਆਂ ਗ੍ਰਿਫ਼ਤਾਰੀਆਂ ਦਿੱਤੀਆਂ। ਦੋ ਦਿਨ ਅੰਮ੍ਰਿਤਸਰ ਦੀ ਜੇਲ੍ਹ ਵਿਚ ਰੱਖਣ ਤੋਂ ਬਾਅਦ ਸਾਰੀਆਂ ਗ੍ਰਿਫ਼ਤਾਰ ਬੀਬੀਆਂ ਨੂੰ ਲੁਧਿਆਣਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉਸ ਗ੍ਰਿਫ਼ਤਾਰੀ ਸਮੇਂ ਬੀਜੀ ਨਾਲ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਸੀ ਜੋ ਉਸ ਸਮੇਂ ਢਾਈ ਸਾਲ ਦੀ ਸੀ। ਸਭ ਨੇ ਬੀਜੀ ਨੂੰ ਸਲਾਹ ਦਿੱਤੀ, ‘‘ਬੀਬੀ ਤੁਸੀਂ ਜ਼ਮਾਨਤ ਕਰਵਾ ਲਓ। ਇਸ ਬੱਚੀ ਨੂੰ ਕੁਝ ਹੋ ਨਾ ਜਾਵੇ।’’ ਇਸ ਤੇ ਬੀਜੀ ਨੇ ਕਿਹਾ, ‘‘ਭਾਵੇਂ ਕੁਝ ਵੀ ਹੋ ਜਾਵੇ, ਮੈਂ ਜ਼ਮਾਨਤ ਹਰਗਿਜ਼ ਨਹੀਂ ਕਰਵਾਉਣੀ।’’ ਹੋਰ ਤਾਂ ਹੋਰ, ਉਨ੍ਹਾਂ ਦੀ ਛੋਟੀ ਬੱਚੀ ਵੀ ਪੂਰੇ ਜੋਸ਼ ਨਾਲ ਹਿੱਕ ਥਾਪੜ ਕੇ ਆਖ ਰਹੀ ਸੀ, ‘‘ਪੰਜਾਬੀ ਸੂਬਾ ਜਿ਼ੰਦਾਬਾਦ! ਕੈਰੋਂ (ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ) ਦੀ ਗੋਲੀ ਖਾਣੀ ਐ।’’ ਖ਼ੈਰ! ਪੰਜ ਦਿਨਾਂ ਬਾਅਦ ਜਥੇ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਰੇਲ ਰਾਹੀਂ ਸਾਰੀਆਂ ਬੀਬੀਆਂ ਅੰਮ੍ਰਿਤਸਰ ਪਰਤੀਆਂ। ਉਮਰ ਦੇ ਨੌਂ ਦਹਾਕੇ ਪਾਰ ਕਰ ਚੁੱਕੇ ਬੀਜੀ ਜਦੋਂ ਇਸ ਬਾਬਤ ਦੱਸ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਅਨੋਖੀ ਚਮਕ ਸੀ ਅਤੇ ਚਿਹਰੇ ਉੱਤੇ ਵੱਖਰੀ ਤਰ੍ਹਾਂ ਦਾ ਨੂਰ ਸੀ।
ਅਜਿਹੀਆਂ ਲੱਖਾਂ ਆਮ ਔਰਤਾਂ ਨੇ ਆਪਣੇ ਵਿੱਤ ਮੂਜਬ ਵੱਖ ਵੱਖ ਅੰਦੋਲਨਾਂ ਵਿਚ ਹਿੱਸਾ ਪਾਇਆ, ਪਾ ਰਹੀਆਂ ਹਨ ਅਤੇ ਪਾਉਂਦੀਆਂ ਰਹਿਣਗੀਆਂ ਪਰ ਇਤਿਹਾਸ ਵਿਚ ਚੋਣਵੀਆਂ ਔਰਤਾਂ ਦੇ ਨਾਂ ਹੀ ਆਉਂਦੇ ਹਨ। ਕਈ ਵਾਰ ਅਸੀਂ ਭਾਵੇਂ ਸਹਿਜ ਭਾਅ ਇਨ੍ਹਾਂ ਨੂੰ ਆਮ ਔਰਤਾਂ ਕਹਿ ਦਿੰਦੇ ਹਾਂ ਪਰ ਇਹ ਔਰਤਾਂ ਮਨੁੱਖਤਾ ਦੇ ਬਰਾਬਰੀ ਵੱਲ ਵਧਦੇ ਕਦਮਾਂ ਦੀਆਂ ਪ੍ਰਤੀਕ ਹਨ। ਅਫ਼ਸੋਸ ਕਿ ਅੰਦੋਲਨਾਂ ਮਗਰੋਂ ਫਿਰ ਇਹ ਔਰਤਾਂ ਆਪਣੇ ਘਰਾਂ ਦੀ ਚਾਰਦੀਵਾਰੀ ਤਕ ਸਿਮਟ ਕੇ ਰਹਿ ਜਾਂਦੀਆਂ ਹਨ। ਕੁਝ ਅਪਵਾਦ ਭਾਵੇਂ ਹਨ ਪਰ ਸਮਾਜ ਵਿਚ ਵਿਆਪਕ ਪੱਧਰ ਤੇ ਕੋਈ ਸਿਫ਼ਤੀ ਤਬਦੀਲੀ ਨਹੀਂ ਆਉਂਦੀ ਜੋ ਇਨ੍ਹਾਂ ਨੂੰ ਘਰਾਂ ਦੇ ਅੰਦਰ ਤੇ ਸਮਾਜ ਵਿਚ ਹਰ ਪੱਖ ਤੋਂ ਸੁਰੱਖਿਅਤ ਤੇ ਮਰਦ ਦੀ ਬਰਾਬਰ ਦੀ ਧਿਰ ਮਹਿਸੂਸ ਕਰਦਿਆਂ ਮਾਣ ਨਾਲ ਵਿਚਰ ਸਕਣ ਤੇ ਖ਼ੁਦਮੁਖ਼ਤਾਰੀ ਨਾਲ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਬਣਾ ਸਕੇ।