ਵਿਕਾਸ ਕਪਿਲਾ
ਗੱਲ ਸਕੂਲ ਪੜ੍ਹਨ ਸਮੇਂ ਦੀ ਹੈ। ਜਦ ਤੱਕ ਅਸੀਂ ਪੜ੍ਹਨ ਜੋਗੇ ਹੋਏ, ਮਾਡਲ ਸਕੂਲ ਹੋਂਦ ਵਿਚ ਆ ਚੁੱਕੇ ਸਨ। ਸਾਡੇ ਮਾਪਿਆਂ ਨੇ ਵੀ ਸਾਡੇ ਭਵਿੱਖ ਦੇ ਸੁਫ਼ਨੇ ਦੇਖੇ ਹੋਣਗੇ, ਤਾਂ ਹੀ ਤਾਂ ਉਨ੍ਹਾਂ ਆਪਣੀ ਹੈਸੀਅਤ ਮੁਤਾਬਿਕ ਮਾਡਲ ਸਕੂਲ ਵਿਚ ਦਾਖਲਾ ਕਰਵਾ ਦਿੱਤਾ। ਉਦੋਂ ਵਰਦੀਆਂ ਦਾ ਰੁਝਾਨ ਅਜਿਹੇ ਸਕੂਲਾਂ ਵਿਚ ਹੀ ਹੁੰਦਾ ਸੀ। ਸਰਕਾਰੀ ਸਕੂਲਾਂ ਨਾਲੋਂ ਤੁਹਾਡੀ ਵੱਖਰੀ ਪਛਾਣ ਇਹੀ ਹੁੰਦੀ ਸੀ ਕਿ ਗਲ ਵਿਚ ਟਾਈ ਅਤੇ ਨਿੱਕਰ ਤੇ ਬੈਲਟ ਲੱਗੀ ਹੁੰਦੀ। ਥੋੜ੍ਹਾ ਹੋਰ ਫਰਕ ਕਮੀਜ਼ ਨਾਲ ਬਕਸੂਆ ਲਾ ਕੇ ਟੰਗੇ ਰੁਮਾਲ ਨਾਲ ਪੈ ਜਾਂਦਾ। ਅੱਜ ਤੱਕ ਸਮਝ ਨਹੀਂ ਆਇਆ ਕਿ ਇਉਂ ਟੰਗੇ ਰੁਮਾਲ ਦਾ ਆਖਿ਼ਰ ਕੰਮ ਕੀ ਸੀ! ਘਰੋਂ ਰੋਟੀ ਡੱਬਿਆਂ ਵਿਚ ਪਾ ਕੇ ਲੈ ਜਾਣੀ ਜੋ ਅੱਧੀ ਛੁੱਟੀ ਵੇਲੇ ਮਿੱਤਰਾਂ ਨਾਲ ਬੈਠ ਕੇ ਖਾਣੀ। ਉਸ ਸਮੇਂ ਸਕੂਲ ਦੀ ਕੈਂਟੀਨ ਵਿਚ ਜਾ ਕੇ ਸਮੋਸੇ ਖਾਣ ਵਾਲਿਆਂ ਦਾ ਅਲੱਗ ਹੀ ਰੁਤਬਾ ਹੁੰਦਾ ਸੀ। ਹਰ ਕੋਈ ਪੈਸੇ ਖਰਚਣ ਲਈ ਨਹੀਂ ਸੀ ਲਿਆਉਂਦਾ ਪਰ ਹਰ ਬੱਚੇ ਦੇ ਦਿਲ ਵਿਚ ਰੀਝ ਹੁੰਦੀ ਕਿ ਉਹ ਵੀ ਇਹ ਰੁਤਬਾ ਹਾਸਲ ਕਰੇ। ਮੈਂ ਮੱਧ ਵਰਗੀ ਪਰਿਵਾਰ ਤੋਂ ਸੀ, ਇਹ ਵੀ ਨਹੀ ਸੀ ਕਿ ਕੋਈ ਘਾਟ ਸੀ ਪਰ ਫਜ਼ੂਲ ਖਰਚੀ ਦੀ ਇਜਾਜ਼ਤ ਨਹੀਂ ਸੀ।
ਇੱਕ ਦਿਨ ਮੈਨੂੰ ਵੀ ਉਹ ਖਾਸ ਰੁਤਬਾ ਹੰਢਾਉਣ ਦਾ ਮੌਕਾ ਮਿਲਿਆ। ਮੇਰੇ ਮਾਸੀ ਜੀ ਘਰੇ ਆਏ ਹੋਏ ਸੀ ਤੇ ਮੇਰੇ ਸਕੂਲ ਜਾਣ ਲੱਗਿਆਂ ਉਨ੍ਹਾਂ ਮੈਨੂੰ ਦੋ ਰੁਪਏ ਦਾ ਨੋਟ ਇਹ ਕਹਿ ਕੇ ਦੇ ਦਿੱਤਾ ਕਿ ਸਕੂਲ ਵਿਚ ਕੁਝ ਲੈ ਕੇ ਖਾ ਲਵੀਂ। ਮੈਂ ਬੜੀ ਸ਼ਾਨ ਨਾਲ ਪੈਸੇ ਜੇਬ ਵਿਚ ਰੱਖੇ ਤੇ ਸਕੂਲ ਵੱਲ ਤੁਰ ਪਿਆ। ਰਸਤੇ ਵਿਚ ਜੋ ਵੀ ਮਿਲਿਆ, ਉਹਨੂੰ ਇਹ ਦੱਸਣਾ ਨਹੀਂ ਭੁੱਲਿਆ ਕਿ ਅੱਜ ਮੈਂ ਵੀ ਸਕੂਲੇ ਚੀਜ਼ ਲੈ ਕੇ ਖਾਣੀ ਹੈ। ਉਸ ਦਿਨ ਪੜ੍ਹਾਈ ਵਿਚ ਵੀ ਧਿਆਨ ਘੱਟ ਹੀ ਲੱਗਿਆ। ਬੱਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਜੇਬ ਵਿਚੋਂ ਕੱਢ ਕੇ ਉਹ ਨੋਟ ਦੇਖ ਲੈਂਦਾ। ਹੁਣ ਇੰਤਜ਼ਾਰ ਸੀ ਤਾਂ ਅੱਧੀ ਛੁੱਟੀ ਵਾਲੀ ਘੰਟੀ ਦਾ! ਇਨ੍ਹਾਂ ਸਕੂਲ ਘੰਟੀਆਂ ਦਾ ਰਸ ਕੰਨਾ ਵਿਚ ਅਜੇ ਵੀ ਘੁਲਿਆ ਲਗਦਾ ਹੈ।
ਆਖਿ਼ਰ ਅੱਧੀ ਛੁੱਟੀ ਦੀ ਘੰਟੀ ਵੱਜ ਗਈ। ਮੈਂ ਭੱਜ ਕੇ ਕੈਂਟੀਨ ਵੱਲ ਗਿਆ। ਚੀਜ਼ਾਂ ਵਾਲੀ ਮਾਸੀ ਅਜੇ ਆਪਣਾ ਪਿਟਾਰਾ ਖੋਲ੍ਹ ਕੇ ਤਰਤੀਬ ਨਾਲ ਸਜਾ ਰਹੀ ਸੀ। ਜਿਵੇਂ ਜਿਵੇਂ ਉਹ ਲਿਫਾਫੇ ਖੋਲ੍ਹੀ ਜਾਵੇ, ਉਵੇਂ ਹੀ ਮੈਂ ਆਪਣੀ ਵਿਉਂਤ ਬਣਾਈ ਜਾਵਾਂ। ਮਸਲਾ ਇਹ ਖੜ੍ਹਾ ਹੋ ਗਿਆ ਸੀ ਕਿ ਦਸ ਪੈਸੇ ਤਾਂ ਕਈ ਵਾਰ ਖਰਚੇ ਸੀ ਪਰ ਦੋ ਰੁਪਏ ਇਕੱਠੇ ਕਿਵੇਂ ਖਰਚਣੇ ਨੇ, ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਹੁਣ ਚੀਜ਼ਾਂ ਵਾਲੀ ਮਾਸੀ ਨੇ ਸਾਰੀ ਦੁਕਾਨ ਸਜਾ ਲਈ ਸੀ ਪਰ ਮੈਂ ਅਜੇ ਤੱਕ ਕਿਸੇ ਸਿੱਟੇ ’ਤੇ ਨਹੀਂ ਸੀ ਪੁੱਜ ਸਕਿਆ। ਬਾਲ ਮਨ ਇਸ ਉਧੇੜ-ਬੁਣ ਵਿਚ ਸੀ ਕਿ ਇੰਨੇ ਪੈਸੇ ਖਰਚਣ ਦਾ ਮੌਕਾ ਫੇਰ ਕਦੀ ਨਹੀਂ ਮਿਲਣਾ। ਉਸ ਸਮੇਂ ਮੈਨੂੰ ਆਪਣਾ ਰੁਤਬਾ ਕਿਸੇ ਧਨਾਢ ਵਰਗਾ ਜਾਪ ਰਿਹਾ ਸੀ ਜੋ ਆਪਣੇ ਖੀਸੇ ਭਰ ਕੇ ਬਾਜ਼ਾਰ ਤੁਰਿਆ ਹੋਵੇ। ਬਹੁਤ ਚੀਜ਼ਾਂ ਬਾਰੇ ਸੋਚਿਆ- ਆਹ ਖਰੀਦਾਂ, ਅਹੁ ਖਰੀਦਾਂ! ਇੰਨੇ ਨੂੰ ਅੱਧੀ ਛੁੱਟੀ ਖਤਮ ਹੋਣ ਦੀ ਘੰਟੀ ਵੱਜ ਗਈ ਤੇ ਮੈਂ ਬਿਨਾ ਕੋਈ ਚੀਜ਼ ਖਰੀਦੇ ਮਸੋਸੇ ਮਨ ਨਾਲ ਵਾਪਸ ਕਲਾਸ ਵੱਲ ਤੁਰ ਪਿਆ। ਸ਼ਾਇਦ ਇਸ ਮੌਕੇ ਨੂੰ ਵੀ ਮੈਂ ਇੰਨਾ ਯਾਦਗਾਰੀ ਬਣਾ ਲਿਆ ਕਿ ਅੱਜ ਤੱਕ ਇਹ ਯਾਦ ਮਨ ਅੰਦਰ ਤਾਜ਼ਾ ਹੈ।
ਸੰਪਰਕ: 98155-19519