ਭੱਕਰ ਸਿੰਘ
1971-72 ਦੇ ਵਿੱਦਿਅਕ ਸੈਸ਼ਨ ਵਿਚ ਮੈਂ ਐੱਨਸੀਸੀ ਕੈਡਿਟ ਸਾਂ। ਜੂਨ 1971 ਨੂੰ ਮੈਨੂੰ ਮੇਰੇ ਚਾਰ ਸਾਥੀਆਂ ਸਮੇਤ ਰੈਗੂਲਰ ਆਰਮੀ ਅਟੈਚਮੈਂਟ ਕੋਰਸ ਲਈ 8 ਗੜ੍ਹਵਾਲ ਰਜਮੈਂਟ ਵਿਚ ਅਟੈਚ ਕੀਤਾ ਗਿਆ। ਤਿੰਨ ਦਸੰਬਰ ਸ਼ਾਮੀਂ ਸੂਰਜ ਡੁੱਬਣ ਸਾਰ ਪਾਕਿਸਤਾਨ ਦੇ ਕੁਝ ਸਟਾਰ ਫਾਈਟਰ ਜਹਾਜ਼ਾਂ ਨੇ ਫਰੀਦਕੋਟ ਛਾਉਣੀ ਤੇ ਹਮਲਾ ਕਰ ਦਿੱਤਾ। ਉਹ ਤਲਵੰਡੀ ਵਾਲੇ ਪੁਲ ਤੋਂ ਕਿਲ੍ਹੇ ਦੀ ਸੇਧ ਲੈ ਕੇ ਵਾਰ ਵਾਰ ਆਉਂਦੇ, ਫਿਰ ਮਚਾਕੀ ਰੱਤੀ ਰੋੜੀ ਤੋਂ ਹੁੰਦੇ ਕਈ ਵਾਰ ਇਸੇ ਰਾਹ ਤੋਂ ਗੋਲਾਬਾਰੀ ਕਰਦੇ ਰਹੇ। ਉਹ ਜਦ ਵੀ ਨੀਵੇਂ ਹੁੰਦੇ, ਉਨ੍ਹਾਂ ਉੱਤੇ ਚੰਦ ਤਾਰੇ ਦੇ ਨਿਸ਼ਾਨ ਸਾਫ਼ ਨਜ਼ਰ ਆਉਂਦੇ ਸਨ।
ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਘੇਰਨ ਲਈ ਸਾਡਾ ਕੋਈ ਜਹਾਜ਼ ਅਸਮਾਨ ਵਿਚ ਨਜ਼ਰੀਂ ਨਹੀਂ ਪਿਆ, ਨਾ ਹੀ ਜ਼ਮੀਨ ਤੋਂ ਕਿਸੇ ਜਹਾਜ਼ ਤੋੜੂ ਤੋਪ ਨੇ ਫਾਇਰ ਕੀਤਾ। ਇਸ ਲਈ ਲੋਕਾਂ ਅੰਦਰ ਚਰਚਾ ਸੀ ਕਿ ਆਪਣੇ ਜਹਾਜ਼ ਹੀ ਪਾਕਿਸਤਾਨ ਦੇ ਨਿਸ਼ਾਨ ਲਾ ਕੇ ਮਸ਼ਕਾਂ ਕਰ ਰਹੇ ਹਨ ਪਰ ਮੈਨੂੰ ਸਟਾਰ ਫਾਈਟਰ ਦੇ ਚਾਰੇ ਪਾਸੇ ਦੇ ਸਿਲਹਟ ਪਤਾ ਸਨ ਸੋ ਮੈਂ ਜਿ਼ੱਦ ਕਰਦਾ ਕਿ ਇਹ ਪਾਕਿਸਤਾਨੀ ਹਨ।
ਆਖਿ਼ਰੀ ਹਮਲੇ ਵੇਲੇ ਉਨ੍ਹਾਂ ਨੇ ਰਾਕਟ ਦਾਗੇ ਤਾਂ ਸਾਰੇ ਮੰਨ ਗਏ। ਉੱਥੇ 7 ਫਲਾਈਟ ਦੇ ਏਅਰ ਓ ਪੀ ਦੇ ਪੁਸ਼ਪਕ ਜਹਾਜ਼ ਖੜ੍ਹੇ ਸਨ। ਅਸੀਂ ਸਾਈਕਲਾਂ ਤੇ ਦੇਖਣ ਪਹੁੰਚੇ ਤਾਂ ਇੱਕ ਜਾਲ ਜੋ ਕਿਸੇ ਜਹਾਜ਼ ਜਾਂ ਟਰੱਕ ਉੱਪਰ ਪਾਉਣ ਵਾਲਾ ਹੁੰਦਾ ਹੈ, ਨੂੰ ਅੱਗ ਲੱਗੀ ਹੋਈ ਸੀ। ਉਸ ਵੇਲੇ ਹੀ ਘੁੱਗੂ ਬੋਲਿਆ ਅਤੇ ਬਲੈਕ ਆਊਟ ਕਰ ਦਿੱਤਾ ਗਿਆ। ਉੱਤਰ ਪੱਛਮ ਦੀ ਦਿਸ਼ਾ ਤੋਂ ਤੋਪਾਂ ਗਰਜਣ ਦੀ ਆਵਾਜ਼ ਅਤੇ ਅਸਮਾਨ ਵਿਚ ਫਲੈਸ਼ ਨਜ਼ਰ ਆਉਣ ਲੱਗ ਪਏ। ਅਸੀਂ ਵਰਦੀਆਂ ਪਾ ਕੇ ਆਪਣੇ ਐੱਨਸੀਸੀ ਕਮਾਂਡਰ ਕੋਲ ਪਹੁੰਚ ਗਏ। ਸਾਨੂੰ ਅਗਲਾ ਹੁਕਮ ਉਡੀਕਣ ਲਈ ਕਾਲਜ ਭੇਜ ਦਿੱਤਾ ਗਿਆ। ਸਾਨੂੰ ਲੱਗਦਾ ਸੀ ਕਿ 8 ਗੜ੍ਹਵਾਲ ਰਜਮੈਂਟ ਨੇ ਸਾਡੀ ਟ੍ਰੇਨਿੰਗ ਉੱਪਰ ਖਰਚਾ ਕੀਤਾ ਹੈ, ਉਹ ਕਿਸੇ ਨਾ ਕਿਸੇ ਸੇਵਾ ਦਾ ਮੌਕਾ ਸਾਨੂੰ ਜ਼ਰੂਰ ਦੇਣਗੇ ਪਰ ਅਜਿਹਾ ਨਹੀਂ ਹੋਇਆ। ਅਸੀਂ ਜੰਗ ਦੀਆਂ ਚੌਦਾਂ ਰਾਤਾਂ ਕਾਲਜ ਵਿਚ ਹੀ ਰਹੇ।
ਜੰਗ ਦੌਰਾਨ ਸਾਨੂੰ ਟੈਂਟਾਂ ਵਿਚ ਬਣੇ ਮਿਲਟਰੀ ਹਸਪਤਾਲ ਭੇਜਿਆ ਗਿਆ ਜਿੱਥੇ ਸ਼ਾਇਦ ਫਾਜ਼ਿਲਕਾ ਸੈਕਟਰ ਦੇ ਜ਼ਖ਼ਮੀ ਫੌਜੀ ਲਿਆਂਦੇ ਗਏ ਸਨ। ਅਸੀਂ ਹਸਪਤਾਲ ਦੇ ਬੈੱਡਾਂ ਤੋਂ ਦੋ ਦੋ ਫੁੱਟ ਭੁੜਕਦੇ ਤੜਫਦੇ ਅਤੇ ਸ਼ਹੀਦ ਹੁੰਦੇ ਜ਼ਖ਼ਮੀ ਫ਼ੌਜੀ ਦੇਖੇ। ਕਿਸੇ ਦਾ ਕੋਈ ਅੰਗ ਨਹੀਂ ਸੀ, ਕਿਸੇ ਦਾ ਕੋਈ; ਇੱਕ ਦਾ ਤਾਂ ਸਿਰ ਹੀ ਅੱਧਾ ਉੱਡਿਆ ਹੋਇਆ ਸੀ। ਅਚਾਨਕ ਉਸ ਨੂੰ ਸੰਭਾਲ ਰਹੇ ਡਾਕਟਰਾਂ ਨਰਸਾਂ ਨੇ ਸਲੂਟ ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਪ੍ਰਾਣ ਨਿੱਕਲ ਗਏ ਹਨ। ਜ਼ਖ਼ਮੀਆਂ ਦੀ ਕੁਰਲਾਹਟ ਸੁਣੀ ਨਹੀਂ ਗਈ। ਆਹ ਜਿਹੜੇ ਨਿੱਤ ਟਾਹਰਾਂ ਮਾਰਦੇ ਨੇ ਕਿ ਅਸੀਂ ਦੁਸ਼ਮਣ ਨੂੰ ਮਜ਼ਾ ਚਖਾ ਦਿਆਂਗੇ, ਜੋ ਮੰਜ਼ਰ ਅਸੀਂ ਮਿਲਟਰੀ ਹਸਪਤਾਲ ਵਿਚ ਦੇਖਿਆ, ਸ਼ਾਇਦ ਉਹ ਦੇਖ ਨਾ ਸਕਣ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ, ਜਦੋਂ ਹਰ ਪੰਜ ਚਾਰ ਮਿੰਟ ਵਿਚ ਅੱਖਾਂ ਸਾਹਮਣੇ ਕਿਸੇ ਮਾਂ ਦਾ ਪੁੱਤ ਤੜਫਦਾ ਹੋਇਆ ਸ਼ਹੀਦ ਹੁੰਦਾ ਹੈ ਤਾਂ ਲੜਾਈ ਦਾ ਨਾਮ ਹੀ ਭੈੜਾ ਲੱਗਣ ਲੱਗ ਜਾਂਦਾ ਹੈ। ਹਰ ਰੋਜ਼ ਸ਼ਹੀਦਾਂ ਤੇ ਚੜ੍ਹਾਉਣ ਲਈ ਹਾਰ ਬਣਾ ਬਣਾ ਸਾਡੇ ਕਾਲਜ ਦੀਆਂ ਬੁਗਨੀਆ ਵੇਲਾਂ ਸੁੰਨੀਆਂ ਹੋ ਗਈਆਂ।
ਇੱਕ ਫੌਜੀ ਦੇ ਹੱਥ ਵਿਚ ਗੋਲੀ ਲੱਗੀ ਹੋਈ ਸੀ, ਉਹ ਗਾਲਾਂ ਕੱਢੀ ਜਾਂਦਾ ਸੀ- “ਮੈਨੂੰ ਐਵੇਂ ਹੀ ਚੁੱਕ ਲਿਆਏ ਐ। ਮੈਨੂੰ ਵਾਪਸ ਬਾਰਡਰ ਤੇ ਭੇਜੋ।” ਨਰਸ ਕਹਿ ਰਹੀ ਸੀ- “ਵੱਡਿਆ ਕਾਹਲਿਆ, ਪੱਟੀ ਤਾਂ ਕਰਾ ਲੈ, ਭੇਜ ਦਿੰਨੇ ਐਂ।” ਨਾਲ ਹੱਸ ਰਹੀ ਸੀ। ਸਾਨੂੰ ਉਸ ਨੇ ਦੱਸਿਆ, “ਜਦ ਉਹ ਪਾਕਿਸਤਾਨੀਆਂ ਨਾਲ ਗੁੱਥਮ ਗੁੱਥਾ ਹੋ ਗਏ ਤਾਂ ਇੱਕ ਪਠਾਣ ਨੇ ਰਾਈਫ਼ਲ ਸੁੱਟ ਕੇ ਮੈਨੂੰ ਲਲਕਾਰਿਆ। ਮੈਂ ਵੀ ਆਪਣੀ ਰਾਈਫਲ ਸੁੱਟ ਦਿੱਤੀ ਤੇ ਉਸ ਨੂੰ ਢਾਹ ਲਿਆ। ਉਸ ਨੇ ਬੈਲਟ ਵਿਚੋਂ ਪਿਸਟਲ ਕੱਢ ਕੇ ਮੇਰੇ ਹੱਥ ਦੀ ਤਲੀ ਚੋਂ ਗੋਲੀ ਕੱਢ ਦਿੱਤੀ। ਫਿਰ ਮੇਰੇ ਹੱਥ ਵਿਚ ਸੰਗੀਨ ਆ ਗਈ ਜੋ ਮੈਂ ਉਸ ਦੇ ਗਲ ਚ ਧੱਕ ਦਿੱਤੀ। ਮੁੰਡਿਓ, ਤੁਹਾਡੇ ਕਾਲਜ ਵਿਚ ਫਲਾਨਾ ਸਿਹੁੰ ਐਂ” (ਜੋ ਸਾਡੇ ਨਾਲ ਹੀ ਪੜ੍ਹਦਾ ਸੀ, ਉਸ ਦਾ ਨਾਮ ਭੁੱਲ ਗਿਆ)। ਅਸੀਂ ਆਖਿਆ, “ਆਹੋ ਹੈਗਾ।” “ਫੇਰ ਉਹਨੂੰ ਦੱਸ ਦਿਓ, ਮੈਂ ਅਗਲਿਆਂ ਦੀ ਇੱਕ ਗੋਲੀ ਠੰਢੀ ਕਰ ਦਿੱਤੀ ਐ।”
ਉੱਥੇ ਸਾਨੂੰ ਇੱਕ ਪਾਕਿਸਤਾਨੀ ਜੰਗੀ ਕੈਦੀ ਨਾਲ ਵੀ ਮਿਲਵਾਇਆ ਗਿਆ। ਫਿਰ ਹੋਇਆ ਮਹਾਂ ਖੂਨਦਾਨ, ਸਾਰੇ ਵਿਦਿਆਰਥੀਆਂ, ਅਧਿਆਪਕਾਂ, ਜੇਲ੍ਹ ਦੇ ਸਾਰੇ ਕੈਦੀਆਂ ਤੇ ਸ਼ਹਿਰੀਆਂ ਦਾ। ਇੰਨਾ ਜੋਸ਼ ਸੀ ਕਿ ਕਈ ਖੂਨਦਾਨੀ ਕਹਿ ਰਹੇ ਸਨ ਕਿ ਸਾਡਾ ਭਾਵੇਂ ਸਾਰਾ ਖੂਨ ਕੱਢ ਲਓ, ਫੌਜੀ ਜਵਾਨ ਨਹੀਂ ਮਰਨੇ ਚਾਹੀਦੇ। 13 ਜਾਂ 14 ਦਸੰਬਰ ਨੂੰ ਫਿਰ ਕਿਲ੍ਹੇ ਤੋਂ ਬਰਜਿੰਦਰਾ ਕਾਲਜ ਦੀਿ ਸੇਧ ਵਿਚ ਪਾਕਿਸਤਾਨ ਦੇ ਦੋ ਮਿਰਾਜ ਫਾਈਟਰ ਨੀਵੇਂ ਹੋਏ। ਸਾਡਾ ਖ਼ਿਆਲ ਸੀ, ਉਹ ਨਹਿਰਾਂ ਦਾ ਕੋਟਕਪੂਰੇ ਵਾਲਾ ਪੁਲ ਉਡਾਉਣਗੇ ਪਰ ਬੀੜ ਸਿੱਖਾਂ ਵਾਲਾ ਵਿਚ ਝਾਂਸੀ ਬ੍ਰਿਗੇਡ ਉੱਤਰਿਆ ਹੋਇਆ ਸੀ। ਇਹ ਉਸ ਤੇ ਹਮਲਾ ਕਰਨ ਹੀ ਲੱਗੇ ਸਨ ਕਿ ਹੇਠੋਂ ਜਹਾਜ਼ ਡੇਗਣ ਵਾਲੀਆਂ ਤੋਪਾਂ ਗਰਜ ਉੱਠੀਆਂ। ਉਹ ਜਹਾਜ਼ ਸਿੱਧੇ ਅਸਮਾਨ ਵੱਲ ਚੀਕਾਂ ਮਾਰਦੇ ਜਦੋਂ ਚੜ੍ਹੇ ਤਾਂ ਦੋ ਧਮਾਕਿਆਂ ਨੇ ਸ਼ਹਿਰ ਹਿਲਾ ਦਿੱਤਾ। ਵਿਦਿਆਰਥੀ ਇਧਰ ਉਧਰ ਲੁਕਣ ਲੱਗ ਗਏ ਪਰ ਉਹ ਬੰਬ ਨਹੀਂ ਸਨ, ਮਿਰਾਜ ਜਹਾਜ਼ਾਂ ਨੇ ਸਾਊਂਡ ਬੈਰੀਅਰ ਤੋੜਿਆ ਸੀ।
ਉਂਜ, ਲੋਕਾਂ ਦਾ ਜੋਸ਼ ਕਮਾਲ ਸੀ। ਲੜਾਈ ਬੰਦ ਹੋਈ ਤਾਂ ਫੌਜ ਨੇ ਫਰੀਦਕੋਟ ਦੇ ਕਿਲ੍ਹੇ ਵਿਚ ਜਸ਼ਨ ਮਨਾਏ। ਰਾਤ ਨੂੰ ਰੰਗ ਬਰੰਗੀਆਂ ਲਾਈਟਾਂ ਉੱਡ ਰਹੀਆਂ ਸਨ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ। ਫੌਜ ਨੇ ਦਰਬਾਰ ਗੰਜ ਵਿਚ ਸਾਰੇ ਸ਼ਹਿਰ ਨੂੰ ਬੁਲਾਇਆ। ਜੰਗ ਜਿੱਤਣ ਦੀ ਖੁਸ਼ੀ ਮਨਾਈ। ਜਨਰਲ ਓਂਕਾਰ ਸਿੰਘ ਕਲਕਟ ਸਟੇਜ ਤੇ ਬੋਲ ਰਹੇ ਸਨ। ਜਦ ਉਨ੍ਹਾਂ ਕਿਹਾ ਕਿ ਲੜਾਈ ਫਿਰ ਲੱਗੇਗੀ, ਉਸੇ ਸਮੇਂ ਛਾਉਣੀ ਵਿਚ ਤੋਪ ਦਾਗੀ ਗਈ ਜਿਸ ਦੀ ਗਰਜ ਦੂਰ ਤੱਕ ਸੁਣੀ।
ਸੰਪਰਕ: 82648-83927