ਗੁਰਦੀਪ ਸਿੰਘ ਢੁੱਡੀ
2020 ਦੀਆਂ ਓਲੰਪਿਕ ਖੇਡਾਂ (ਜੋ ਅਗਸਤ 2021 ਵਿਚ ਟੋਕੀਓ ਵਿਚ ਖੇਡੀਆਂ ਗਈਆਂ) ਨੇ ਜਿੱਥੇ ਕੁਝ ਮਿੱਠੇ ਪਲ ਯਾਦਗਾਰੀ ਬਣਾਏ, ਉੱਥੇ ਬੜਾ ਕੁਝ ਕੌੜਾ ਵੀ ਸਾਹਮਣੇ ਲਿਆਂਦਾ ਸੀ। ਬੜੇ ਲੰਮੇ ਵਕਫ਼ੇ ਬਾਅਦ ਭਾਰਤ ਦੀਆਂ ਮਰਦਾਂ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ। ਮਰਦਾਂ ਦੀ ਟੀਮ ਨੇ ਤਾਂ ਕਾਂਸੀ ਦਾ ਤਮਗਾ ਜਿੱਤ ਕੇ ਓਲੰਪਿਕ ਵਿਚ ਹਾਕੀ ਦੇ ਪਏ ਸੋਕੇ ਨੂੰ ਤੋੜਿਆ ਜਦੋਂ ਕਿ ਔਰਤਾਂ ਦੀ ਟੀਮ ਭਾਵੇਂ ਤਮਗੇ ਤੋਂ ਤਾਂ ਖੁੰਝ ਗਈ ਪਰ ਇਸ ਨੇ ਦਰਸ਼ਕਾਂ ਦੇ ਦਿਲ ਜ਼ਰੂਰ ਜਿੱਤ ਲਏ। ਮੁਲਕ ਦੇ ਲੋਕਾਂ ਨੇ ਹਾਕੀ ਸਮੇਤ ਦੂਸਰੇ ਖਿਡਾਰੀਆਂ ਨੂੰ ਅੱਖਾਂ ਤੇ ਬਿਠਾ ਲਿਆ ਪਰ ਇਸੇ ਸਮੇਂ ਮਾੜੀ ਗੱਲ ਇਹ ਵਾਪਰੀ ਕਿ ਕੁਝ ਬਹੁਤ ਹੀ ਮਾੜੀ ਸੋਚ ਵਾਲੇ ਲੋਕਾਂ ਨੇ ਔਰਤ ਖਿਡਾਰਨਾਂ ਦੀ ਜਾਤ ਪਰਖਦਿਆਂ ਉਨ੍ਹਾਂ ਬਾਰੇ ਮੰਦਾ ਵੀ ਬੋਲਿਆ ਅਤੇ ਖ਼ਰਮਸਤੀ ਵੀ ਕੀਤੀ; ਹਾਲਾਂਕਿ ਖਿਡਾਰੀਆਂ, ਕਲਾਕਾਰਾਂ, ਸਾਹਿਤਕਾਰਾਂ, ਵਿਦਵਾਨਾਂ ਦੀ ਕੋਈ ਜਾਤ, ਧਰਮ ਨਹੀਂ ਹੁੰਦਾ ਸਗੋਂ ਉਹ ਆਪੋ-ਆਪਣੇ ਥਾਂ ਤੇ ਸਿਰਜਣਾ ਕਰਦੇ ਹੋਏ ਜਿੱਥੇ ਆਪਣੇ ਇਲਾਕੇ ਦਾ ਮਾਣ ਵਧਾਉਂਦੇ ਹਨ, ਉੱਥੇ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਹਨ। ਇਸੇ ਤਰ੍ਹਾਂ ਖਿਡਾਰੀਆਂ ਨੇ ਮੁਲਕ ਦਾ ਨਾਮ ਦੁਨੀਆ ਭਰ ਵਿਚ ਲਿਆਉਣ ਲਈ ਖੇਡ ਦੇ ਮੈਦਾਨਾਂ ਵਿਚ ਆਪਣਾ ਪਸੀਨਾ ਵਹਾਇਆ ਸੀ। ਉਨ੍ਹਾਂ ਨੇ ਆਪਾ ਤਿਆਗ ਦੇ ਮੁਲਕ ਦਾ ਝੰਡਾ ਉੱਚਾ ਕਰਨ ਲਈ ਯਤਨ ਕੀਤੇ। ਇਸੇ ਹੀ ਸਮੇਂ ਹਾਕੀ ਓਲੰਪੀਅਨ ਪ੍ਰਗਟ ਸਿੰਘ ਦੀ ਸੋਸ਼ਲ ਮੀਡੀਆ ਸਮੇਤ ਮੀਡੀਆ ਵਿਚ ਮਾੜੀ ਆਰਥਿਕਤਾ ਵਾਲੇ ਖਿਡਾਰੀਆਂ ਦੁਆਰਾ ਪ੍ਰਾਪਤੀਆਂ ਕਰਨ ਵਾਲੀ ਗੱਲ ਨੇ ਸੰਤੁਸ਼ਟੀ ਦਿੱਤੀ। ਉਸ ਵਕਤ ਸੱਤ ਅੱਠ ਸਾਲ ਪੁਰਾਣੀ ਗੱਲ ਬੜੀ ਸਿ਼ੱਦਤ ਨਾਲ ਚੇਤੇ ਆਈ।
ਸਕੂਲ ਦੀ ਕਬੱਡੀ ਦੀ ਟੀਮ ਦੀ ਇੰਚਾਰਜ ਅਧਿਆਪਕਾ ਨੇ ਇਕ ਦਿਨ ਆਣ ਕੇ ਦੱਸਿਆ, “ਆਪਣੀ ਸਟੇਟ ਪੱਧਰ ਦੀ ਖਿਡਾਰਨ ਲੜਕੀ ਉਦੋਂ ਤੋਂ ਸਕੂਲ ਨਹੀਂ ਆ ਰਹੀ ਜਦੋਂ ਤੋਂ ਉਸ ਦੇ ਮੋਢੇ ਤੇ ਸੱਟ ਲੱਗੀ ਸੀ।”
“ਤੁਸੀਂ ਪਤਾ ਨਹੀਂ ਕੀਤਾ? ਉਨ੍ਹਾਂ ਦਾ ਘਰ ਕਿੱਥੇ ਹੈ?” ਇੱਕੋ ਸਾਹੇ ਪੁੱਛੇ ਸਵਾਲਾਂ ਦੇ ਜਵਾਬ ਵਿਚ ਅਧਿਆਪਕਾ ਨੇ ਦੱਸਿਆ, “ਘਰ ਬਾਰੇ ਪੱਕਾ ਤਾਂ ਪਤਾ ਨਹੀਂ ਹੈ ਪਰ ਅੰਦਾਜ਼ਾ ਹੈ। ਉਸ ਦੀ ਘਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਆਪਾਂ ਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ।” ਅਧਿਆਪਕਾ ਦੇ ਦਿੱਤੇ ਸੁਝਾਅ ਸੁਣ ਕੇ ਮੈਂ ਇਸ ਸਿੱਟੇ ਤੇ ਪਹੁੰਚਿਆ ਕਿ ਮੈਨੂੰ ਆਪ ਉਸ ਦੇ ਘਰੇ ਜਾਣਾ ਚਾਹੀਦਾ ਹੈ ਅਤੇ ਉਸ ਦੀ ਮਦਦ ਕਰਕੇ ਉਸ ਨੂੰ ਸਕੂਲ ਲਿਆਉਣਾ ਚਾਹੀਦਾ ਹੈ। ਲੜਕੀ ਪਹਿਲਾਂ ਹੀ ਅੰਡਰ-14 ਵਿਚ ਸਟੇਟ ਖੇਡ ਚੁੱਕੀ ਸੀ। ਜੇਕਰ ਉਹ ਸਕੂਲੋਂ ਹਟ ਗਈ ਤਾਂ ਘਰਾਂ ਵਿਚ ਮਜ਼ਦੂਰੀ ਕਰਨ ਜੋਗੀ ਰਹਿ ਜਾਵੇਗੀ। ਆਪਣੇ ਦੋ ਅਧਿਆਪਕਾਂ ਬਾਇਓ ਦੇ ਲੈਕਚਰਾਰ ਗੁਰਜਿੰਦਰ ਸਿੰਘ ਅਤੇ ਭੂਗੋਲ ਦੇ ਲੈਕਚਰਾਰ ਪ੍ਰੇਮ ਕੁਮਾਰ ਨੂੰ ਨਾਲ ਲੈ ਉਸ ਲੜਕੀ ਦੇ ਘਰ ਚੱਲ ਪਿਆ। ਰਸਤੇ ਵਿਚੋਂ ਦੇਸੀ ਘਿਓ ਦੇ ਕਿੱਲੋ ਕਿੱਲੋ ਦੇ ਦੋ ਡੱਬੇ ਲੈ ਲਏ ਅਤੇ ਕੁਝ ਨਕਦੀ ਲੈ ਕੇ ਬੜੀ ਮੁਸ਼ਕਿਲ ਨਾਲ ਉਸ ਲੜਕੀ ਦਾ ਘਰ ਭਾਲ਼ਿਆ। ਘਰ ਦੇ ਨਾਮ ਤੇ ਇਕ ਕੱਚਾ ਕੋਠਾ ਸੀ ਅਤੇ ਅੰਤਾਂ ਦੀ ਸਲ੍ਹਾਬ ਮਾੜੀ ਥਾਂ ਦੀ ਬਾਤ ਪਾ ਰਹੀ ਸੀ। ਘਰ ਵਿਚ ਕੋਈ ਮੰਜਾ ਨਹੀਂ ਸੀ ਅਤੇ ਹੇਠਾਂ ਜ਼ਮੀਨ ਤੇ ਹੀ ਪਰਿਵਾਰ ਬੈਠਦਾ, ਉੱਠਦਾ ਅਤੇ ਪੈਂਦਾ ਸੀ। ਸਾਡੇ ਬੈਠਣ ਵਾਸਤੇ ਗੁਆਂਢ ਵਿਚੋਂ ਮੰਜਾ ਲੈਣ ਜਾਂਦੀ ਉਸ ਦੀ ਮਾਂ ਨੂੰ ਅਸੀਂ ਰੋਕ ਲਿਆ ਅਤੇ ਖੜ੍ਹਿਆਂ ਨੇ ਹੀ ਉਸ ਨੂੰ ਲੜਕੀ ਵਾਸਤੇ ਘਿਓ ਦੇ ਦੋਨੇ ਡੱਬੇ ਅਤੇ ਨਕਦੀ ਪੈਸੇ ਫੜਾਉਂਦਿਆਂ ਲੜਕੀ ਨੂੰ ਸਕੂਲ ਭੇਜਣ ਲਈ ਮਾਂ ਨੂੰ ਤਾਕੀਦ ਕੀਤੀ।
ਅਜਿਹੀ ਸਮਾਜਿਕ ਆਰਥਿਕ ਹਾਲਤ ਵਿਚ ਪਲ਼ਦੀ ਕੁੜੀ ਸਕੂਲ ਵਾਸਤੇ ਸਟੇਟ ਪੱਧਰ ਤੱਕ ਖੇਡੀ ਸੀ। ਆਪਣੇ ਲੰਮੇ ਤਜਰਬੇ ਸਮੇਂ ਇਹ ਦੇਖਿਆ ਹੈ ਕਿ ਖਿਡਾਰੀਆਂ ਨੂੰ ਸਰਕਾਰਾਂ ਆਮ ਤੌਰ ’ਤੇ ਪਹਿਲੀਆਂ ਵਿਚ ਹੀ ਅਣਗੌਲ਼ਿਆਂ ਕਰ ਦਿੰਦੀਆਂ ਹਨ। ਅਜਿਹੇ ਕਾਰਨਾਂ ਕਰਕੇ ਖਿਡਾਰੀਆਂ ਦਾ ਹੁਨਰ ਰੁਲ਼ ਜਾਂਦਾ ਹੈ। ਇਹ ਕੇਵਲ ਖਿਡਾਰੀਆਂ ਨਾਲ ਹੀ ਨਹੀਂ ਹੁੰਦਾ ਸਗੋਂ ਕਲਾਕਾਰਾਂ, ਸਾਹਿਤਕਾਰਾਂ ਅਤੇ ਵਿਗਿਆਨੀਆਂ ਨਾਲ ਵੀ ਹੁੰਦਾ ਹੈ। ਇਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਵੇਲੇ ਤਾਂ ਅਸੀਂ ਬੜਾ ਹੁੱਬ ਕੇ ‘ਭਾਰਤੀ ਮੂਲ ਦੇ ਕਲਾਕਾਰ, ਸਾਹਿਤਕਾਰ, ਵਿਗਿਆਨੀ’ ਵਾਲੇ ਵਿਸ਼ੇਸ਼ਣ ਇਨ੍ਹਾ ਦੇ ਨਾਂ ਨਾਲ ਲਾਉਂਦੇ ਹਾਂ ਪਰ ਪਹਿਲੀਆਂ ਵਿਚ ਉਨ੍ਹਾਂ ਨੂੰ ‘ਨੰਦ ਲਾਲ ਨੂਰਪੁਰੀ ਤੇ ਹਰਗੋਬਿੰਦ ਖੁਰਾਣਾ’ ਵਾਲੇ ਹਾਲਾਤ ਵਿਚ ਛੱਡ ਦਿੱਤਾ ਜਾਂਦਾ ਹੈ। ਕਾਸ਼! ਕਿਤੇ ਸਾਡੀਆਂ ਸਰਕਾਰਾਂ ਇਨ੍ਹਾਂ ਹੀਰਿਆਂ ਦੇ ‘ਜੰਮਦੀਆਂ ਸੂਲ਼ਾਂ ਦੇ ਤਿੱਖੇ ਮੂੰਹ’ ਪਛਾਣ ਕੇ ਸੰਭਾਲ ਲੈਣ ਅਤੇ ਉਨ੍ਹਾਂ ਨੂੰ ਅੱਗੇ ਵਧਣ ਫੁੱਲਣ ਦਾ ਮੌਕਾ ਦੇਣ। ਦੁੱਖ ਹੈ ਕਿ ਉਨ੍ਹਾਂ ਨੂੰ ਤਾਂ ਸ਼ਿਵ ਦੇ ਗੀਤ ‘ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ’ ਸਮਝਦਿਆਂ ਕੰਡਿਆਰੇ ਬਣਨ ਵਾਸਤੇ ਛੱਡ ਦਿੱਤਾ ਜਾਂਦਾ ਹੈ।
ਸੰਪਰਕ: 95010-20731