ਪ੍ਰਿੰ. ਸਰਵਣ ਸਿੰਘ
ਪੂਰਬ ਈਸਾ 776 ਵਿਚ ਜੂਨ ਜੁਲਾਈ ਦੀ ਪੂਰਨਮਾਸ਼ੀ ਨੂੰ ਯੂਨਾਨ ਦੇ ਓਲੰਪੀਆ ਸ਼ਹਿਰ ਵਿਚ ਸਟੇਡੀਅਮ ਦੀ ਲੰਬਾਈ ਜਿੰਨੀ ਦੌੜ ਲੱਗੀ ਸੀ ਜੋ ਐਲਿਸ ਦੇ ਲਾਂਗਰੀ ਕੋਰੋਬਸ ਨੇ ਜਿੱਤੀ। ਉਸ ਨੂੰ ਓਲੰਪਿਕ ਖੇਡਾਂ ਦਾ ਪ੍ਰਥਮ ਓਲੰਪਿਕ ਚੈਂਪੀਅਨ ਮੰਨਿਆ ਜਾਂਦਾ ਹੈ। ਉਦੋਂ ਨਾ ਦੌੜ ਦੇ ਫਾਸਲੇ ਦੀ ਮਿਣਤੀ ਕੀਤੀ ਗਈ ਸੀ ਤੇ ਨਾ ਟਾਈਮ ਦੀ ਕਿ ਕਿੰਨੇ ਸਮੇਂ ਵਿਚ ਦੌੜ ਪੂਰੀ ਹੋਈ। ਪੁਰਾਤਨ ਓਲੰਪਿਕ ਖੇਡਾਂ ਦੀ ਪ੍ਰਥਮ ਦੌੜ ਹੁਣ ਦੀ 100 ਮੀਟਰ ਦੌੜ ਹੈ। 2672 ਸਾਲਾਂ ਬਾਅਦ 1896 ਵਿਚ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਸਮੇਂ ਇਹ ਦੌੜ 12 ਸੈਕੰਡ ਵਿਚ ਅਮਰੀਕਾ ਦੇ ਥਾਮਸ ਬਰਕ ਨੇ ਜਿੱਤੀ। ਥਾਮਸ ਬਰਕ ਤੋਂ ਉਸੈਨ ਬੋਲਟ ਤਕ ਸੌ ਮੀਟਰ ਦੀ ਦੌੜ ਦਾ ਸਮਾਂ 12 ਸੈਕੰਡ ਤੋਂ ਘਟਦਾ 9.58 ਸੈਕੰਡ ਦੇ ਸੰਸਾਰ ਰਿਕਾਰਡ ਤਕ ਆ ਗਿਆ ਹੈ।
ਵੀਹਵੀਂ ਸਦੀ ਦੇ ਸ਼ੁਰੂ ਵਿਚ ਖੇਡ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਧਰਤੀ ਦਾ ਕੋਈ ਬੰਦਾ 100 ਮੀਟਰ ਦੀ ਦੌੜ ਕਦੇ ਵੀ 10 ਸੈਕੰਡ ਤੋਂ ਘੱਟ ਸਮੇਂ ਵਿਚ ਨਹੀਂ ਦੌੜ ਸਕੇਗਾ ਪਰ ਇਹ ਸੀਮਾ ਮੈਕਸੀਕੋ ਦੀਆਂ ਓਲੰਪਿਕ ਖੇਡਾਂ (1968) ਵਿਚ ਹੀ ਟੁੱਟ ਗਈ। ਫਿਰ ਭਵਿੱਖਬਾਣੀ ਕੀਤੀ ਗਈ ਕਿ 9.50 ਸੈਕੰਡ ਦੀ ਹੱਦ 2060 ਤਕ ਨਹੀਂ ਟੁੱਟੇਗੀ। 2009 ਵਿਚ ਜਮਾਇਕਾ ਦਾ ਉਸੈਨ ਬੋਲਟ 9.58 ਸੈਕੰਡ ਦਾ ਸੰਸਾਰ ਰਿਕਾਰਡ ਰੱਖ ਕੇ ਇਸ ਹੱਦ ਦੇ ਨੇੜੇ ਪਹੁੰਚ ਗਿਆ। ਇਸ ਤੋਂ ਜਾਪਦੈ ਕਿ ਇੱਕੀਵੀਂ ਸਦੀ ਦੇ ਅੰਤ ਤਕ 9 ਸੈਕੰਡ ਦੀ ਵੀ ਖ਼ੈਰ ਨਹੀਂ। ਮਨੁੱਖੀ ਸ਼ਕਤੀ ਦੀ ਕੋਈ ਸੀਮਾ ਨਹੀਂ ਜਿਸ ਕਰਕੇ ਅੰਤਲੀ ਹੱਦ ਮਿਥਣੀ ਵਾਜਬ ਨਹੀਂ। ਓਲੰਪਿਕ ਖੇਡਾਂ ਦਾ ਮਾਟੋ ਹੈ: ਹੋਰ ਅੱਗੇ, ਹੋਰ ਉੱਚਾ, ਹੋਰ ਤੇਜ਼!
ਮਨੁੱਖ ਜਦੋਂ ਪੈਰਾਂ ’ਤੇ ਖੜ੍ਹਨ ਜੋਗਾ ਹੋਇਆ ਤਾਂ ਇਹ ਵੀ ਮੁਸ਼ਕਿਲ ਲੱਗਦਾ ਸੀ ਕਿ ਉਹ ਕਦੇ ਦੌੜ ਵੀ ਸਕੇਗਾ। ਉਹ ਡੋਲਦਾ ਜਿਹਾ ਤੁਰਨ ਲੱਗਾ ਸੀ। ਉਸ ਨੂੰ ਇਕ ਮੀਲ ਦੀ ਦੌੜ 4 ਮਿੰਟ ਤੋਂ ਘੱਟ ਸਮੇਂ ਵਿਚ ਪੂਰੀ ਕਰਨ ਲਈ 190,000 ਸਾਲ ਵਿਕਸਤ ਹੋਣਾ ਪਿਆ। ਆਖ਼ਰ 6 ਮਈ 1954 ਨੂੰ 4 ਮਿੰਟ ਦੀ ਹੱਦ ਟੁੱਟੀ ਤਾਂ ਫਿਰ ਟੁੱਟਦੀ ਹੀ ਚਲੀ ਗਈ। ਮੀਲ ਦੀ ਦੌੜ ਦਾ ਸਮਾਂ 4:1.6 ਸੈਕੰਡ ਤੋਂ ਘਟਾ ਕੇ 3:59.4 ਸੈਕੰਡ ਤਕ ਲਿਆਉਣ ਲਈ ਦਸ ਵਰ੍ਹੇ ਲੱਗੇ ਸਨ ਪਰ ਇਸ ਸਮੇਂ ਨੂੰ 3:57.9 ਸੈਕੰਡ ਤਕ ਲਿਆਉਣ ਲਈ ਸਿਰਫ਼ 46 ਦਿਨ ਹੀ ਲੱਗੇ। ਅਗਲੇ ਦਸਾਂ ਸਾਲਾਂ ਵਿਚ 366 ਦੌੜਾਕ ਮੀਲ ਦੀ ਦੌੜ ਚਾਰ ਮਿੰਟ ਤੋਂ ਥੱਲੇ ਦੌੜੇ! 7 ਜੁਲਾਈ 1999 ਦੇ ਦਿਨ ਰੋਮ ਵਿਚ ਮੋਰਾਕੋ ਦਾ ਇਕ ਦੌੜਾਕ ਮੀਲ ਦੀ ਦੌੜ 3:43.13 ਸੈਕੰਡ ਵਿਚ ਦੌੜ ਗਿਆ!!
ਮਨੁੱਖ ਦੇ ਸਰੀਰ ਤੇ ਅੰਗਾਂ ਪੈਰਾਂ ਦੀ ਬਣਤਰ ਨੂੰ ਨਿਹਾਰਦਿਆਂ 1920 ਦੇ ਆਸ ਪਾਸ ਖੇਡ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਕਿ ਉਹ ਕਦੇ ਵੀ ਇਹ ਦੌੜ 10 ਸੈਕੰਡ ਤੋਂ ਘੱਟ ਸਮੇਂ ਵਿਚ ਨਹੀਂ ਦੌੜ ਸਕੇਗਾ ਪਰ 14 ਅਕਤੂਬਰ 1968 ਨੂੰ ਅਮਰੀਕਾ ਦੇ ਜਿਮ ਹਾਈਨਜ਼ ਨੇ ਇਹ ਦੌੜ 9.95 ਸੈਕੰਡ ਵਿਚ ਲਾ ਦਿਖਾਈ। ਉਦੋਂ ਇਹ ਕਿਹਾ ਗਿਆ ਕਿ ਮੈਕਸੀਕੋ ਸਿਟੀ ਸਮੁੰਦਰੀ ਸਤ੍ਵਾ ਤੋਂ ਕਾਫੀ ਉਚਾਈ ਉਤੇ ਹੋਣ ਕਾਰਨ ਹਵਾ ਹਲਕੀ ਸੀ ਜਿਸ ਕਰਕੇ 10 ਸੈਕੰਡ ਦੀ ਹੱਦ ਟੁੱਟ ਗਈ ਪਰ 3 ਜੁਲਾਈ 1983 ਨੂੰ ਅਮਰੀਕਾ ਦੇ ਸ਼ਹਿਰ ਕਲੋਰਾਡੋ ਸਪਰਿੰਗਜ਼ ਵਿਚ ਕੈਲਵਿਨ ਸਮਿੱਥ ਨੇ ਉਹਦਾ ਰਿਕਾਰਡ ਵੀ 9.93 ਸੈਕੰਡ ਨਾਲ ਤੋੜ ਦਿੱਤਾ।
ਕੈਨੇਡਾ ਦਾ ਬੈੱਨ ਜੌਨਸਨ 30 ਅਗਸਤ 1987 ਨੂੰ ਰੋਮ ਵਿਖੇ 100 ਮੀਟਰ 9.83 ਸੈਕੰਡ ਵਿਚ ਦੌੜ ਗਿਆ ਪਰ ਪਿੱਛੋਂ ਡੋਪ ਟੈਸਟ ਵਿਚ ਦਾਗੀ ਹੋ ਜਾਣ ਕਾਰਨ ਉਹਦਾ ਰਿਕਾਰਡ ਰੱਦ ਕਰਨਾ ਪਿਆ। ਫਿਰ ਅਮਰੀਕਾ ਦੇ ਕਾਰਲ ਲੇਵਿਸ ਨੇ 24 ਸਤੰਬਰ 1988 ਨੂੰ ਸਿਓਲ ਦੀਆਂ ਓਲੰਪਿਕ ਖੇਡਾਂ ਵਿਚ 9.92 ਸੈਕੰਡ ਦਾ ਨਵਾਂ ਰਿਕਾਰਡ ਰੱਖਿਆ। ਉਥੇ ਬੈੱਨ ਜੌਨਸਨ ਦਾ ਟਾਈਮ 9.79 ਸੈਕੰਡ ਸੀ ਪਰ ਡੋਪ ਟੈਸਟ ਵਿਚ ਫੇਲ੍ਹ ਹੋਣ ਕਾਰਨ ਮੰਨਿਆ ਨਾ ਗਿਆ। 14 ਜੂਨ 1991 ਨੂੰ ਲਰੋਏ ਬੁੱਰਲ ਨਿਊ ਯਾਰਕ ਵਿਚ ਇਹ ਦੌੜ 9.90 ਸੈਕੰਡ ਵਿਚ ਦੌੜਿਆ। 25 ਅਗਸਤ 1991 ਨੂੰ ਕਾਰਲ ਲੇਵਿਸ ਨੇ ਟੋਕੀਓ ਵਿਚ 100 ਮੀਟਰ ਦੌੜ 9.86 ਸੈਕੰਡ ਵਿਚ ਦੌੜ ਕੇ ਸੰਸਾਰ ਰਿਕਾਰਡ ਫਿਰ ਆਪਣੇ ਨਾਂ ਕਰ ਲਿਆ। 6 ਜੁਲਾਈ 1994 ਨੂੰ ਲਰੋਏ ਬੁੱਰਲ ਸਵਿਟਰਜ਼ਰਲੈਂਡ ਦੇ ਸ਼ਹਿਰ ਲੁਸਾਨੇ ਵਿਚ ਇਹ ਦੌੜ 9.85 ਸੈਕੰਡ ਵਿਚ ਦੌੜ ਗਿਆ।
27 ਜੁਲਾਈ 1996 ਨੂੰ ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਕੈਨੇਡਾ ਦਾ ਡੋਨੋਵਨ ਬੈਲੀ 9.84 ਸੈਕੰਡ ਵਿਚ ਦੌੜਿਆ। 16 ਜੂਨ 1999 ਨੂੰ ਏਥਨਜ਼ ਵਿਚ ਮੌਰਿਸ ਗਰੀਨ ਨੇ 9.79 ਸੈਕੰਡ ਦਾ ਨਵਾਂ ਸੰਸਾਰ ਰਿਕਾਰਡ ਰੱਖਿਆ। 14 ਸਤੰਬਰ 2002 ਨੂੰ ਪੈਰਿਸ ਵਿਚ ਟਿਮ ਮੌਂਟਗੁਮਰੀ ਨੇ ਇਹ ਦੌੜ 9.78 ਸੈਕੰਡ ਵਿਚ ਲਾਈ। 14 ਜੂਨ 2005 ਨੂੰ ਏਥਨਜ਼ ਵਿਖੇ ਆਸਫਾ ਪਾਵਲ 9.77 ਸੈਕੰਡ ਵਿਚ ਦੌੜਿਆ। 9 ਸਤੰਬਰ 2007 ਨੂੰ ਇਟਲੀ ਵਿਚ ਦੌੜਦਿਆਂ ਉਸ ਨੇ 9.74 ਸੈਕੰਡ ਦਾ ਨਵਾਂ ਸੰਸਾਰ ਰਿਕਾਰਡ ਰੱਖਿਆ।
ਫਿਰ ਜਮਾਇਕਾ ਦੇ ਤੂਫ਼ਾਨ ਮੇਲ ਦੌੜਾਕ ਉਸੈਨ ਬੋਲਟ ਦੀ ਗੁੱਡੀ ਚੜ੍ਹੀ। 31 ਮਈ 2008 ਦੇ ਦਿਨ ਨਿਊ ਯਾਰਕ ਵਿਚ ਦੌੜਦਿਆਂ ਉਹ ਸੰਸਾਰ ਰਿਕਾਰਡ 9.72 ਸੈਕੰਡ ’ਤੇ ਲੈ ਆਇਆ ਅਤੇ ਢਾਈ ਮਹੀਨੇ ਬਾਅਦ 16 ਅਗਸਤ ਨੂੰ ਪੇਈਚਿੰਗ ਦੀਆਂ ਓਲੰਪਿਕ ਖੇਡਾਂ ਵਿਚ 9.69 ਸੈਕੰਡ ਸਮਾਂ ਕੱਢ ਗਿਆ। ਇਕ ਸਾਲ ਬਾਅਦ 16 ਅਗਸਤ ਨੂੰ ਹੀ ਬਰਲਿਨ ਵਿਚ ਦੌੜਦਿਆਂ ਉਸ ਨੇ ਕਮਾਲ ਕਰ ਦਿੱਤੀ। ਉਥੇ ਉਸ ਨੇ 100 ਮੀਟਰ ਦੌੜ 9.58 ਸੈਕੰਡ ਵਿਚ ਕੱਢ ਦਿਖਾਈ!
ਹੁਣ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਬੰਦਾ ਹੋਰ ਕਿੰਨਾ ਤੇਜ਼ ਦੌੜ ਸਕੇਗਾ? ਕੀ ਕਦੇ 9 ਸੈਕੰਡ ਦੀ ਹੱਦ ਵੀ ਟੁੱਟ ਸਕੇਗੀ? ਖੇਡ ਵਿਗਿਆਨੀਆਂ ਨੇ ਇਸ ਬਾਰੇ ਜੋ ਹਿਸਾਬ ਲਾਇਆ ਹੈ, ਉਸ ਮੁਤਾਬਿਕ 2060 ਤਕ ਉਸੈਨ ਬੋਲਟ ਦਾ ਹੀ ਰਿਕਾਰਡ ਕਾਇਮ ਰਹਿ ਜਾਣ ਦੀ ਸੰਭਾਵਨਾ ਹੈ। ਉਸੈਨ ਬੋਲਟ ਇਹ ਰਿਕਾਰਡ ਬਿਹਤਰ ਕਰ ਸਕਦਾ ਸੀ ਜੇਕਰ ਸਟਾਰਟ ਦੀ ਆਵਾਜ਼ ਉਤੇ ਉਹਦਾ ਕਦਮ ਬਲਾਕ ਤੋਂ ਹੋਰ ਤੇਜ਼ ਉਠਦਾ, ਆਪਣੀ ਪੂਰੀ ਸਪੀਡ ਹੋਰ ਤੇਜ਼ੀ ਨਾਲ ਫੜਦਾ ਤੇ ਦੌੜ ਦਾ ਅੰਤ ਵੱਧ ਰਫ਼ਤਾਰ ਨਾਲ ਕਰਦਾ। 2009 ਵਿਚ ਜੇ ਉਸ ਨੇ ਸਟਾਰਟ ਸਮੇਂ ਸੈਕੰਡ ਦਾ ਦਸਵਾਂ ਹਿੱਸਾ ਨਾ ਗੁਆਇਆ ਹੁੰਦਾ ਤਾਂ ਉਸ ਦਾ ਰਿਕਾਰਡ 9.51 ਸੈਕੰਡ ਹੋਣਾ ਸੀ!
ਸੰਪਰਕ: principalsarwansingh@gmail.com