ਕੰਵਲਜੀਤ ਖੰਨਾ
ਮੁਲਕ ਦੀ ਜੰਗੇ-ਆਜ਼ਾਦੀ ਵਿਚ ਗ਼ਦਰ ਲਹਿਰ ਦੀ ਭੂਮਿਕਾ, ਦਿੱਤੀਆਂ ਕੁਰਬਾਨੀਆਂ, ਸਿਰਜਿਆ ਇਤਿਹਾਸ ਭਾਰਤੀ ਲੋਕਾਂ ਦਾ ਵਡਮੁੱਲਾ ਸਰਮਾਇਆ ਹੈ। ਅੰਗਰੇਜ਼ੀ ਰਾਜ ਨਾਲ ਟੱਕਰ ਦੀ ਅਮਰ ਗਾਥਾ ਹਰ ਜਿਊਂਦੇ ਦਿਲ ਵਿਚ ਡੂੰਘੀ ਉੱਕਰੀ ਹੋਈ ਹੈ। ਅੰਗਰੇਜ਼ੀ ਰਾਜ ਦੀ ਲੁੱਟ ਤੇ ਜਬਰ ਦੇ ਸਤਾਏ ਲੋਕ, ਸੋਕੇ ਤੇ ਕਾਲ ਦੇ ਮਾਰੇ ਭਾਰਤੀ, ਜਬਰੀ ਟੈਕਸ ਉਗਰਾਹੀ ਤੇ ਜਜ਼ੀਏ-ਮਾਲੀਏ ਦੇ ਭੰਨੇ ਕਿਸਾਨੀ ਦੇ ਜਾਏ ਅਪਣੀ ਜੂਨ ਸਵਾਰਨ ਲਈ ਅੱਜ ਵਾਂਗ ਹੀ ਜਹਾਜ਼ੀਂ ਚੜ੍ਹ ਹਜ਼ਾਰਾਂ ਦੀ ਗਿਣਤੀ ਵਿਚ ਵਤਨੋਂ ਬੇਵਤਨ ਹੋਏ। ਰੁਜ਼ਗਾਰ ਦੀ ਭਾਲ ਵਿਚ ਜਾਂ ਤਾਂ ਉਹ ਅੰਗਰੇਜੀ ਫੌਜ ਵਿਚ ਭਰਤੀ ਹੋ ਜਿੱਥੇ ਜਿੱਥੇ ਵੀ ਅੰਗਰੇਜ਼ੀ ਰਾਜ ਸੀ, ਉਨ੍ਹਾਂ ਮੁਲਕਾਂ ਵਿਚ ਪਰਦੇਸੀ ਹੋਏ ਤੇ ਜਾਂ ਫਿਰ ਕੰਮ ਦੀ ਭਾਲ ਵਿਚ ਮਲਾਇਆ, ਫਿਲਪੀਨਜ਼, ਹਾਂਗਕਾਂਗ, ਫਿਜ਼ੀ, ਆਸਟਰੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਗਏ। ਵਿਦੇਸ਼ੀ ਧਰਤੀ ’ਤੇ ਨਾ-ਮਾਤਰ ਉਜਰਤਾਂ, ਨਸਲੀ ਨਫ਼ਰਤ ਉਨ੍ਹਾਂ ਦਾ ਨਿਤ ਦਿਨ ਦਾ ਜੀਵਨ ਸੀ। ਭਾਰਤੀ ਕੁੱਤੇ, ਕੁਲੀ, ਗੁਲਾਮ ਹਿੰਦੀ ਦੇ ਸੰਬੋਧਨ ਭਾਰਤੀਆਂ ਨੂੰ ਜਲੀਲ ਕਰਨ ਲਈ ਕਾਫੀ ਸਨ। ਅਜਿਹੀ ਤ੍ਰਾਸਦੀ ਵਿਚ ਭਾਰਤੀਆਂ ਵਿਸ਼ੇਸ਼ ਕਰ ਪੰਜਾਬੀਆਂ ਨੇ ਸਿਰ ਜੋੜਨੇ ਸ਼ੁਰੂ ਕੀਤੇ; ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਗੁਰਮੁਖ ਸਿੰਘ ਲਲਤੋਂ ਜਿਹੇ ਦਰਜਨਾਂ ਭਾਰਤੀਆਂ ਨੇ ਇਸ ਹਾਲਤ ਦੀ ਡੂੰਘਾਈ ਵਿਚ ਚਰਚਾ ਕਰਦਿਆਂ ਮਿਥ ਲਿਆ ਕਿ ਸਾਨੂੰ ਜਥੇਬੰਦ ਹੋਣਾ ਹੀ ਪਵੇਗਾ।
ਦੇਸੋਂ ਪੈਣ ਧੱਕੇ ਬਾਹਰ ਮਿਲੇ ਢਾਈ ਨਾ
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ
ਅਜਿਹੀ ਹਾਲਤ ਵਿਚ ਸਭ ਤੋਂ ਪਹਿਲਾਂ ਅਮਰੀਕਾ ਵਸੇ ਭਾਰਤੀਆਂ ਨੇ ਆਪਣੀ ਜੱਥੇਬੰਦੀ ਬਣਾਉਣ ਦਾ ਫੈਸਲਾ ਕੀਤਾ। 21 ਅਪਰੈਲ 1913 ਨੂੰ ਅਸਟੋਰੀਆ ਦੀ ਆਰਾ ਮਿਲ ਵਿਚ ਇਕੱਤਰਤਾ ਹੋਈ ਤਾਂ ਵਿਚਾਰ-ਵਟਾਂਦਰੇ ਉਪਰੰਤ ਹਿੰਦੀ ਪੈਸੇਫਿਕ ਐਸੋਸੀਏਸ਼ਨ ਦੀ ਨੀਂਹ ਰੱਖੀ।
ਅੰਗਰੇਜ਼ੀ ਹਕੂਮਤ ਖਿਲਾਫ਼ ਪਹਿਲੀ ਫੌਜੀ ਬਗਾਵਤ ਨੂੰ 1857 ਦੇ ਗਦਰ ਦਾ ਨਾਂ ਦਿੱਤਾ ਗਿਆ ਸੀ। ਪਹਿਲੇ ਹਥਿਆਰਬੰਦ ਸੁਤੰਤਰਤਾ ਸੰਗਰਾਮ ਨੇ ਇੱਕ ਵਾਰ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਗ਼ਦਰ ਦਾ ਅਰਥ ਬਗਾਵਤ, ਭਾਵ ਇਨਕਲਾਬ। ਉਸ ਗ਼ਦਰ ਤੋਂ ਪ੍ਰੇਰਨਾ ਲੈਂਦਿਆਂ ਦੇਸ਼ ਨੂੰ ਆਜ਼ਾਦ ਕਰਵਾਉਣ, ਲੋਕਾਂ ਨੂੰ ਜਾਗਰੂਕ ਕਰਨ ਲਈ ਹਿੰਦੀ ਪੈਸੇਫਿਕ ਐਸੋਸੀਏਸ਼ਨ ਨੇ ‘ਗਦਰ ਦੀ ਗੂੰਜ’ ਅਖਬਾਰ ਕੱਢਣਾ ਸ਼ੁਰੂ ਕੀਤਾ। ਇਸ ਅਖਬਾਰ ਦੇ ਨਾਮ ਤੋਂ ਇਸ ਜਥੇਬੰਦੀ ਦਾ ਨਾਂ ਗਦਰ ਪਾਰਟੀ ਮਸ਼ਹੂਰ ਹੋ ਗਿਆ। ਗਦਰ ਦੀ ਗੂੰਜ ਅਖਬਾਰ ਨੇ ਵੱਖ ਵੱਖ ਭਾਸ਼ਾਵਾਂ ਵਿਚ ਪੂਰੀ ਦੁਨੀਆ ਵਿਚ ਜਿੱਥੇ ਵੀ ਭਾਰਤੀ ਵਸਦੇ ਸਨ, ਗੁਲਾਮੀ ਖਿਲਾਫ ਆਜ਼ਾਦੀ ਦਾ ਛੱਟਾ ਦਿੱਤਾ। ਵੱਖ ਵੱਖ ਮੁਲਕਾਂ ਵਿਚ ਗਦਰ ਪਾਰਟੀ ਨੇ ਅਪਣੀਆਂ ਇਕਾਈਆਂ ਕਾਇਮ ਕੀਤੀਆਂ। ਗਦਰ ਪਾਰਟੀ ਨੇ ਵਿਦੇਸ਼ੀ ਜ਼ਿੰਦਗੀ ਨੂੰ ਠੋਕਰ ਮਾਰ ਦੇਸ਼ ਦੀ ਆਜ਼ਾਦੀ ਲਈ ਵਤਨ ਨੂੰ ਚਾਲੇ ਪਾਉਣ ਦਾ ਸੱਦਾ ਦਿੰਦਿਆਂ ਹੋਕਾ ਦਿੱਤਾ ਕਿ ਸਾਡਾ ਦੇਸ਼ ਵੀ ਗੁਲਾਮ ਤੇ ਅਸੀਂ ਇੱਥੇ ਵੀ ਗੁਲਾਮ। ਕਰਤਾਰ ਸਿੰਘ ਸਰਾਭਾ ਇਸ ਗਦਰ ਅੰਦੋਲਨ ਦਾ ਸਭਨਾਂ ਵਿਚ ਹਰਮਨ ਪਿਆਰਾ ਬਾਲ ਜਰਨੈਲ ਸੀ; ਜਿਸ ਨੇ ਕਿਹਾ ਸੀ- ‘ਸਾਡਾ ਤਨ ਗਦਰ ਸਾਡਾ ਮਨ ਗਦਰ ਸਾਡਾ ਧਨ ਗਦਰ।’ ਗਦਰ ਪਾਰਟੀ ਦੇ ਮੈਂਬਰਾਂ ਨੇ ਦੇਸ਼ ਦੀਵਾਲੀ ਲਈ ਅਪਣੀਆਂ ਨੌਕਰੀਆਂ, ਪੜ੍ਹਾਈਆਂ, ਜ਼ਮੀਨਾਂ, ਕਾਰੋਬਾਰਾਂ ਤੇ ਕਈਆਂ ਨੇ ਬਾਲ ਬੱਚਿਆਂ ਨੂੰ ਤਿਆਗ ਵਤਨ ਨੂੰ ਆਜ਼ਾਦ ਕਰਾਉਣ ਲਈ ਦੇਸ਼ ਵੱਲ ਵਹੀਰਾਂ ਘੱਤ ਦਿੱਤੀਆਂ। ਦੇਸ਼ ਦੀ ਆਜ਼ਾਦੀ ਲਈ ਬਜ-ਬਜ ਦੇ ਘਾਟ ਤੇ ਪੁਲੀਸ ਗੋਲੀਆਂ ਨਾਲ ਟੱਕਰ ਲੈਂਦੇ, ਰਸਤੇ ਵਿਚ ਗ੍ਰਿਫਤਾਰ ਹੁੰਦੇ, ਅੰਗਰੇਜ਼ ਪੁਲੀਸ ਤੋਂ ਬਚਦੇ-ਬਚਾਉਂਦੇ ਉਹ ਗਦਰੀ ਪੂਰੇ ਦੇਸ਼ ਵਿਚ ਫੈਲ ਗਏ। ਫੌਜੀ ਛਾਉਣੀਆਂ ਵਿਚ ਮੀਟਿੰਗਾਂ ਕਰ, ਪਿੰਡਾਂ ਵਿਚ ਸੰਪਰਕ ਕਰ ਕੇ ਲੋਕਾਂ ਨੂੰ ਗਦਰ ਲਈ ਪ੍ਰੇਰਿਆ। ਅੰਗਰੇਜ਼ ਫੌਜ ਵਿਚ ਭਰਤੀ ਫੌਜੀਆਂ ਨੂੰ ਅਪਣੀਆਂ ਬੰਦੂਕਾਂ ਦਾ ਮੂੰਹ ਅੰਗਰੇਜ਼ਾਂ ਵੱਲ ਮੋੜ ਕੇ ਗੋਰਾਸ਼ਾਹੀ ਦਾ ਖਾਤਮਾ ਕਰ ਕੇ ਲਾਲ ਕਿਲ੍ਹੇ ਤੋਂ ਯੂਨੀਅਨ ਜੈਕ ਲਾਹ ਕੇ ਗਦਰ ਪਾਰਟੀ ਦਾ ਝੰਡਾ ਲਹਿਰਾਉਣ ਦਾ ਸੁਪਨਾ ਲੈ ਗਦਰ ਦੇ ਦਿਨ ਦਾ ਐਲਾਨ ਦਿੱਤਾ। ਗਦਰ ਪਾਰਟੀ ਵਿਚ ਘੁਸਪੈਠ ਕਰ ਗਏ ਪੁਲੀਸ ਮੁਖਬਰ ਕਿਰਪਾਲੇ ਦੀ ਸੂਹ ਨਾਲ ਅੰਗਰੇਜ਼ ਹਕੂਮਤ ਨੇ ਰਾਤੋ-ਰਾਤ ਭਾਰਤੀ ਫੌਜੀਆਂ ਤੋਂ ਹਥਿਆਰ ਖੋਹ ਲਏ। ਸਿੱਟੇ ਵਜੋਂ ਦੇਸ਼ ’ਚੋਂ ਬਸਤੀਵਾਦੀ ਰਾਜ ਨੂੰ ਹਥਿਆਰਬੰਦ ਇਨਕਲਾਬ ਰਾਹੀਂ ਉਲਟਾਉਣ ਦਾ ਸੁਪਨਾ ਕਾਮਯਾਬ ਨਾ ਹੋ ਸਕਿਆ। ਕਿੰਨੇ ਹੀ ਗਦਰੀ ਜੇਲਾਂ ਵਿਚ ਬੰਦ ਕਰ ਫਾਂਸੀਆਂ ਤੇ ਲਟਕਾ ਦਿੱਤੇ ਗਏ। ਕਾਲੇ ਪਾਣੀਆਂ ਵਿਚ ਭੇਜ ਤਸੀਹੇ ਸਹਿਣ ਤੇ ਭੁੱਖ ਜਰਨ ਲਈ ਮਜਬੂਰ ਕੀਤੇ ਗਏ। ਗਦਰ ਲਹਿਰ ਦਾ ਵੱਖ ਵੱਖ ਵਿਦਵਾਨਾਂ ਨੇ ਇਤਿਹਾਸ ਲਿਖਿਆ, ਗਦਰ ਪਾਰਟੀ ਵੱਲੋਂ ਸਥਾਪਿਤ ਕੀਤੇ ਮਨੁੱਖੀ ਆਜ਼ਾਦੀ ਦੇ ਮਾਨਦੰਡ, ਅਸਹਿ ਤੇ ਅਕਹਿ ਕੁਰਬਾਨੀਆਂ ਅਜੋਕੇ ਦੌਰ ਵਿਚ ਆਜ਼ਾਦੀ ਦੇ ਪਝੰਤਰ ਵਰ੍ਹਿਆਂ ਬਾਅਦ ਕਾਰਪੋਰੇਟੀ ਜੰਜਾਲ ਤੇ ਫਿਰਕੂ ਫਾਸ਼ੀਵਾਦ ਦੇ ਜਬਾੜਿਆਂ ਛਟਪਟਾ ਰਹੇ ਮੁਲਕ ਨੂੰ ਆਜ਼ਾਦੀ ਦੀ ਹਕੀਕੀ ਲੜਾਈ ਲਈ ਮਾਰਗ ਦਰਸ਼ਨ ਕਰ ਰਹੇ ਹਨ।
ਪਰ ਗਦਰ ਲਹਿਰ ਨੇ ਗਦਰ-ਕਾਵਿ ਤੇ ਸਮੁੱਚੇ ਅਮਲ ਰਾਹੀਂ ਜਿਨ੍ਹਾਂ ਪਵਿੱਤਰ ਕਦਰਾਂ-ਕੀਮਤਾਂ, ਮਨੁੱਖੀ ਸਵੈ-ਮਾਣ ਦੀ ਬਹਾਲੀ, ਫਿਰਕੂ ਇਕਸੁਰਤਾ, ਧਰਮ ਨਿਰਪੱਖਤਾ ਤੇ ਸਮਾਜਵਾਦੀ ਪ੍ਰਬੰਧ ਲਈ ਜੀਅ ਜਾਨ ਲਾਈ ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਗਦਰ ਪਾਰਟੀ ਦਾ ਮਕਸਦ ਸਭਨਾਂ ਦੇਸ਼ ਭਗਤ ਜਥੇਬੰਦਆਂ ਨੂੰ ਇੱਕ ਮੰਚ ’ਤੇ ਇਕੱਤਰ ਕਰਨ ਦਾ ਸੀ। ਗਦਰ ਪਾਰਟੀ ਨੇ ਆਜ਼ਾਦੀ ਅੰਦੋਲਨ ਦੌਰਾਨ ਧਰਮ ਨਿਰਪੱਖਤਾ ਤੇ ਫਿਰਕੂ ਇਕਸੁਰਤਾ ਤੇ ਡਟ ਕੇ ਪਹਿਰਾ ਦਿੱਤਾ। ਕਿਉਂਕਿ ਗਦਰ ਪਾਰਟੀ ਦੀ ਸਮਝ ਸੀ ਕਿ ਅੰਗਰੇਜ਼ ਇਕੱਲੇ ਇੱਕ ਧਰਮ ਦੀ ਲੁੱਟ ਨਹੀਂ ਕਰਦਾ, ਇਕੱਲੇ ਇੱਕ ਧਰਮ ਦੇ ਲੋਕਾਂ ਤੇ ਜਬਰ ਨਹੀਂ ਢਾਹੁੰਦਾ ਸਗੋਂ ਉਹ ਭਾਰਤ ਦੇ ਸਾਰੇ ਕਿਰਤੀਆਂ ਦਾ ਸਾਂਝਾ ਦੁਸ਼ਮਣ ਹੈ। ਗਦਰ ਪਾਰਟੀ ਲਈ ਧਰਮ ਨਿੱਜੀ ਮਾਮਲਾ ਸੀ। ਕੋਈ ਕਿਸ ਨੂੰ ਮੰਨੇ ਕੌਣ ਕਿਸ ਨੂੰ ਨਾ ਮੰਨੇ ਇਸ ਵਿਚ ਕਿਸੇ ਦੀ ਦਖ਼ਲਅੰਦਾਜ਼ੀ ਕਿਉਂ ਹੋਵੇ। ਗਦਰੀਆਂ ਵੱਲੋਂ ਲਿਖੀਆਂ ਕਵਿਤਾਵਾਂ ਹਿੰਦ ਆਜ਼ਾਦ ਕਰਾਉਣ ਦੀ ਸੋਚ ਨੂੰ ਪ੍ਰਣਾਈਆਂ ਸਨ। ਗਦਰ ਕਵਿਤਾ ਸਮੁੱਚੀ ਮਨੁੱਖੀ ਆਜ਼ਾਦੀ, ਬਰਾਬਰੀ ਆਪਸੀ ਸਨੇਹ ਮੁਹੱਬਤ ਦੀ ਤਰਜਮਾਨੀ ਕਰਦੀ ਹੈ।
ਹਿੰਦੂ ਮੁਸਲਿਮ ਸਿੱਖ ਹਾਂ ਇੱਕੋ ਇਕੋ ਜਾਤ ਅਸਾਡੀ ਏ
ਇਹ ਬਦਮਾਸ਼ ਚਾਲਾਕ ਫਿਰੰਗੀ ਸਭ ਨੂੰ ਕੀਤਾ ਫਾਡੀ ਏ
ਆਓ, ਇਕੱਠੇ ਹੋ ਕੇ ਲੜੀਏ ਵੇਲਾ ਹੈ ਮਿਲ ਜਾਵਣ ਦਾ
ਆਓ ਸ਼ੇਰੋ, ਗਦਰ ਮਨਾਈਏ ਵੇਲਾ ਨਹੀਂ ਖੁੰਝਾਵਣ ਦਾ।
ਗਦਰ ਅਖਬਾਰ ਨੇ ਪਾਠਕਾਂ ਨੂੰ ਬੇਨਤੀ ਕੀਤੀ ਕਿ ਇਸ ਅਖਬਾਰ ਦਾ ਕੰਮ ਹਿੰਦੁਸਤਾਨ ਵਿਚੋਂ ਗਦਰ ਕਰਕੇ ਅੰਗਰੇਜ਼ਾਂ ਦਾ ਰਾਜ ਖਤਮ ਕਰਨਾ ਹੈ। ਇਹ ਅਖਬਾਰ ਨਿਰਪੱਖ ਹੈ। ਇਸ ਦਾ ਕਿਸੇ ਮਜ਼ਹਬ ਜਾਂ ਫਿਰਕੇ ਨਾਲ ਕੋਈ ਸਬੰਧ ਨਹੀਂ। ਜੋ ਭਾਈ ਲੇਖ ਜਾਂ ਬੈਂਤ ਲਿਖ ਕੇ ਭੇਜਣ ਕਿਰਪਾ ਕਰ ਕੇ ਮਜ਼ਹਬ ਜਾਂ ਫਿਰਕੇ ਤੋਂ ਨਿਰਪੱਖ ਹੋ ਕੇ ਭੇਜਣ।
ਹਿੰਦ ਦੇ ਸਪੁੱਤਰੋ ਕਰੋ ਬਿਆਨ ਜੀ
ਲੁੱਟ ਕੇ ਹਿੰਦ ਕੀਤਾ ਹੈ ਵੈਰਾਨ ਜੀ
ਤੁਸਾਂ ਵਿਚ ਪਾ ਕੇ ਵੀਰੋ ਖਾਨਾ ਜੰਗੀਆਂ
ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ
ਹਿੰਦੂ ਮੁਸਲਿਮ ਅਤੇ ਸਿੰਘ ਸੂਰਮੇ
ਕੁੱਟ ਕੇ ਬਣਾਓ ਵੈਰੀਆਂ ਦੇ ਚੂਰਮੇ
ਫੜ ਲੳ ਸ਼ਤਾਬੀ ਹੱਥੀਂ ਨੰਗੀਆਂ
ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ
ਦੇਸ਼ ਦੀ ਆਜ਼ਾਦੀ ਲਈ ਹਰ ਧਰਮ ਦੇ ਗਦਰੀਆਂ ਨੇ ਕੁਰਬਾਨੀਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਕਾਂਸੀ ਰਾਮ ਮੜੌਲੀ, ਰਹਿਮਤ ਅਲੀ ਵਜੀਦਕੇ, ਹਾਫਿਜ਼ ਅੱਬਦੁਲਾ ਜਗਰਾਓਂ ਜਿਹੇ ਗਦਰੀਆਂ ਦੀ ਸੂਚੀ ਲੰਮੀ ਹੈ।
ਸੰਪਰਕ: 94170-67344