ਸੁਪਿੰਦਰ ਸਿੰਘ ਰਾਣਾ
ਭਤੀਜੀ ਨੂੰ ਕੈਨੇਡਾ ਗਈ ਨੂੰ ਕਈ ਸਾਲ ਹੋ ਗਏ। ਰੋਜ਼ਾਨਾ ਫੋਨ ਕਰਨਾ ਨਾ ਭੁੱਲਦੀ। ‘ਬੜੇ ਪਾਪਾ ਕੀ ਖਾਧਾ ਅੱਜ?’ ਪੁੱਛਣ ਲੱਗਿਆਂ ਕਈ ਸਵਾਲ ਇੱਕੋ ਸਾਹੇ ਬੋਲੀ ਜਾਂਦੀ। ਮੈਂ ਉਸ ਦੀਆਂ ਗੱਲਾਂ ਸੁਣਨ ਨੂੰ ਤਰਸ ਜਾਂਦਾ। ਹਾਸਾ ਠੱਠਾ ਹੁੰਦਾ ਰਹਿੰਦਾ। ਪੁੱਤਰਾਂ ਤੇ ਭਤੀਜੇ ਨਾਲੋਂ ਉਹ ਮੇਰਾ ਤਿਹੁ ਕੁਝ ਜ਼ਿਆਦਾ ਹੀ ਕਰਦੀ ਜਾਪਦੀ। ਇਕ ਦਿਨ ਆਖਣ ਲੱਗੀ, ‘‘ਬੜੇ ਪਾਪਾ ਜਦੋਂ ਸਾਰੇ ਕੰਮ ’ਤੇ ਚਲੇ ਜਾਂਦੇ ਹਨ ਤਾਂ ਮੈਂ ਇਕੱਲੀ ਰਹਿ ਜਾਂਦੀ ਹਾਂ। ਕਈ ਵਾਰ ਤਾਂ ਪੜ੍ਹ ਲਿਖ ਕੇ ਸਮਾਂ ਨਿਕਲ ਜਾਂਦਾ ਹੈ। ਕਈ ਵਾਰ ਸਮਾਂ ਬਤੀਤ ਕਰਨਾ ਕਾਫ਼ੀ ਮੁਸ਼ਕਲ ਜਾਪਦਾ ਹੈ।’’ ਕੁਝ ਸੋਚਣ ਮਗਰੋਂ ਫੇਰ ਬੋਲਣ ਲੱਗੀ, ‘‘ਤੁਹਾਨੂੰ ਫੋਨ ਕਰ ਲੈਂਦੀ ਹਾਂ। ਸਮੇਂ ਦਾ ਤਾਲ-ਮੇਲ ਨਾ ਬਣਨ ਕਰਕੇ ਸੋਚਦੀ ਰਹਿੰਦੀ ਹਾਂ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਵਿਚ ਰੁੱਝੇ ਹੋਵੋਗੇ। ਮੈਂ ਖਾਹਮਖਾਹ ਤੁਹਾਨੂੰ ਤੰਗ ਕਰਦੀ ਹਾਂ। ਕਈ ਵਾਰ ਸਹੇਲੀਆਂ ਤੇ ਰਿਸ਼ਤੇਦਾਰਾਂ ਨਾਲ ਵੀ ਲੰਬੀ ਗੱਲਬਾਤ ਕਰਨੀ ਪੈ ਜਾਂਦੀ ਹੈ। ਹੁਣ ਮੈਂ ਸੋਚਦੀ ਹਾਂ ਕਿ ਕਿਉਂ ਨਾ ਇਕ ਬਿੱਲੀ ਪਾਲ ਲਵਾਂ। ਨਾਲੇ ਸਮਾਂ ਲੰਘ ਜਾਵੇਗਾ, ਨਾਲੇ ਮੇਰਾ ਜੀਅ ਲੱਗਿਆ ਰਹੇਗਾ।’’ ਮੈਂ ਕਹਿ ਦਿੱਤਾ ਕਿ ਜੇ ਭਾਈ ਮਨ ਕਰਦਾ ਤਾਂ ਰੱਖ ਲੈ। ਅੱਗੋਂ ਮੈਂ ਇਹ ਵੀ ਸੁਣਾ ਦਿੱਤਾ ਕਿ ਦੇਖ ਲੈ ਜਾਨਵਰ ਨਾਲ ਬੰਨ੍ਹਣ ਹੋ ਜਾਂਦਾ ਹੈ। ਹਰ ਸਮੇਂ ਖ਼ਿਆਲ ਉਸ ਦੇ ਰੱਖ ਰਖਾਅ ਦਾ ਹੀ ਰਹਿਣਾ ਹੈ।
ਮੈਂ ਆਪਣੇ ਮਨ ਵਿਚ ਸੋਚਿਆ ਕਿ ਮੱਝਾਂ ਰੱਖਣ ਕਾਰਨ ਮਾਂ ਨੂੰ ਬਾਹਰ ਅੰਦਰ ਜਾਣਾ ਬਹੁਤ ਔਖਾ ਹੋ ਜਾਂਦਾ ਸੀ। ਕਈ ਵਾਰ ਮਾਂ ਤੋਂ ਬਿਨਾਂ ਤਾਂ ਕੋਈ ਕੋਈ ਮੱਝ ਦੁੱਧ ਵੀ ਨਹੀਂ ਦਿੰਦੀ ਸੀ। ਭਤੀਜੀ ਦਾ ਬਿੱਲੀ ਰੱਖਣ ਨੂੰ ਜ਼ਿਆਦਾ ਹੀ ਮਨ ਕਰਦਾ ਸੀ। ਮੈਂ ਵੀ ਇਹ ਗੱਲ ਸਮਝ ਗਿਆ ਸੀ। ਇਸ ਲਈ ਨਾ ਰੱਖਣ ਬਾਰੇ ਬਹੁਤਾ ਜ਼ੋਰ ਨਾ ਪਾਇਆ। ਦੂਜੇ ਦਿਨ ਉਸ ਦਾ ਫੋਨ ਆ ਗਿਆ, ‘‘ਬੜੇ ਪਾਪਾ ਥੋੜ੍ਹੇ ਜਿਹੇ ਪੈਸੇ ਮੇਰੇ ਖਾਤੇ ਵਿਚ ਪਾ ਦਿਓ। ਮੈਂ ਬਿੱਲੀ ਲੈ ਕੇ ਆਉਣੀ ਹੈ।’’ ਮੈਂ ਕਿਹਾ, ‘‘ਕਿੰਨੇ ਕੁ ਪੈਸੇ ਪਾ ਦੇਵਾਂ।’’ ਉਹ ਆਖਣ ਲੱਗੀ, ‘‘ਪਾ ਦਿਓ ਹਜ਼ਾਰ ਕੁ ਡਾਲਰ।’’ ਮੇਰੇ ਮੂੰਹੋਂ ਸਹਿਜੇ ਹੀ ਨਿਕਲ ਗਿਆ, ‘‘ਇੰਨੀ ਮਹਿੰਗੀ ਬਿੱਲੀ!’’ ਉਹ ਆਖਣ ਲੱਗੀ, ‘‘ਬੜੇ ਪਾਪਾ ਮੈਂ ਨੈੱਟ ’ਤੇ ਦੇਖ ਲਿਆ ਹੈ। ਵਧੀਆ ਬਿੱਲੀ ਮਹਿੰਗੀ ਹੀ ਮਿਲਦੀ ਹੈ। ਜਿਹੜੀ ਮੈਨੂੰ ਪਸੰਦ ਹੈ, ਉਹ ਮਹਿੰਗੀ ਹੀ ਹੈ। ਜੇ ਪੈਸੇ ਬਚ ਗਏ ਤਾਂ ਮੈਂ ਉਸ ਦੇ ਖਾਣ-ਪੀਣ ਦਾ ਅਤੇ ਹੋਰ ਸਾਮਾਨ ਲੈ ਲਾਵਾਂਗੀ।’’ ਮੈਂ ਆਪਣੇ ਭਰਾ ਕੋਲ ਬਿੱਲੀ ਬਾਰੇ ਗੱਲ ਕੀਤੀ। ਉਹ ਆਖਣ ਲੱਗਿਆ, ‘‘ਵੀਰ, ਅਸੀਂ ਤਾਂ ਮਨ੍ਹਾਂ ਹੀ ਕੀਤਾ ਹੈ ਪਰ ਇਹ ਮੰਨਦੀ ਹੀ ਨਹੀਂ।’’ ਮੈਂ ਕਿਹਾ, ‘‘ਚੱਲ ਕੋਈ ਨਹੀਂ ਥੋੜ੍ਹੇ ਸਮੇਂ ਬਾਅਦ ਆਪਣੇ ਆਪ ਚਾਅ ਉਤਰ ਜੂਗਾ। ਤੂੰ ਕੁਝ ਨਾ ਕਹੀਂ ਇਸ ਨੂੰ।’’
ਉਹ ਆਖਣ ਲੱਗਿਆ ਕਿ ਵੀਰ ਰੋਣਾ ਤਾਂ ਇਸੇ ਗੱਲ ਦਾ ਇੱਥੇੇ ਬੱਚਿਆਂ ਦੀ ਕੁੱਟਮਾਰ ਵੀ ਨਹੀਂ ਕਰ ਸਕਦੇ। ਇੰਡੀਆ ਹੁੰਦਾ ਤਾਂ ਇਹਦੀ ਧੌੜੀ ਲਾਹੀ ਹੁੰਦੀ। ਮੈਂ ਉਸ ਨੂੰ ਮਨਾ ਲਿਆ, ‘‘ਚੱਲ ਕੋਈ ਗੱਲ ਨਹੀਂ। ਇਹ ਘਰੇ ਇਕੱਲੀ ਰਹਿ ਜਾਂਦੀ ਹੈ, ਜੀਅ ਲਾਉਣ ਨੂੰ ਬਿੱਲੀ ਰੱਖਣੀ ਚਾਹੁੰਦੀ ਹੈ।’’ ਮੈਂ ਬੈਂਕ ਜਾ ਕੇ ਭਤੀਜੀ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ। ਅਗਲੇ ਦਿਨ ਭਤੀਜੀ ਬਿੱਲੀ ਲੈ ਆਈ। ਮੈਨੂੰ ਉਸ ਦੀ ਵੀਡੀਓ ਪਾ ਦਿੱਤੀ। ਮੈਂ ਜਦੋਂ ਵੀਡੀਓ ਦੇਖੀ ਤਾਂ ਛੋਟੀ ਜਿਹੀ ਬਿੱਲੀ ਬਹੁਤ ਪਿਆਰੀ ਜਾਪਦੀ ਸੀ। ਮੈਂ ਫੋਨ ਕਰ ਕੇ ਕਿਹਾ, ‘‘ਭਾਈ ਬਹੁਤ ਸੋਹਣੀ ਐ।’’ ਐਨੇ ਨੂੰ ਉਹ ਉਸ ਨਾਲ ਲਾਡ ਲਡਾਉਣ ਲੱਗ ਪਈ। ਕਈ ਦਿਨ ਉਸ ਦਾ ਫੋਨ ਨਾ ਆਇਆ। ਸੋਚਦਾ ਰਹਿੰਦਾ ਸੀ ਕਿ ਬਿੱਲੀ ਕਾਰਨ ਉਹ ਫੋਨ ਕਰਨਾ ਭੁੱਲ ਗਈ। ਸੋਚਦਾ ਹਾਂ, ਚਲੋ ਚੰਗਾ ਹੋਇਆ ਕਿ ਉਹ ਹੁਣ ਆਪਣੇ ਆਪ ਵਿੱਚ ਰੁੱਝ ਗਈ ਹੈ। ਹਫ਼ਤੇ ਕੁ ਮਗਰੋਂ ਉਸ ਦਾ ਫੋਨ ਆ ਗਿਆ। ਗੱਲਾਂ ਬੇਸ਼ੱਕ ਉਹ ਮੇਰੇ ਨਾਲ ਕਰ ਰਹੀ ਸੀ ਪਰ ਉਸ ਦਾ ਧਿਆਨ ਬਿੱਲੀ ਵੱਲ ਹੀ ਸੀ। ਵੀਡੀਓ ਕਾਲ ਵਿੱਚ ਇਹ ਸਭ ਨਜ਼ਰ ਆ ਰਿਹਾ ਸੀ। ਉਹ ਕਈ ਵਾਰ ਗੱਲਾਂ ਦਾ ਜਵਾਬ ਦਿੰਦੀ ਦਿੰਦੀ ਬਿੱਲੀ ਨੂੰ ਚੁੱਕ ਕੇ ਪਲੋਸਣ ਲੱਗ ਜਾਂਦੀ। ਮੈਂ ਕਿਹਾ, ‘‘ਇਸ ਦੇ ਖਾਣ ਪੀਣ ਦਾ ਖ਼ਿਆਲ ਵੀ ਰੱਖਦੀ ਏ ਜਾਂ ਨਹੀਂ।’’ ਉਹ ਆਖਣ ਲੱਗੀ, ‘‘ਬੜੇ ਪਾਪਾ, ਮੈਂ ਕਈ ਵਾਰ ਇਸ ਨੂੰ ਖਿਲਾਉਣ ਪਿਲਾਉਣ ਦੇ ਚੱਕਰ ਵਿੱਚ ਆਪਣਾ ਖਾਣਾ ਵੀ ਭੁੱਲ ਜਾਂਦੀ ਹਾਂ।’’
ਇੱਧਰ ਉਧਰ ਦੀਆਂ ਗੱਲਾਂ ਕਰਨ ਮਗਰੋਂ ਉਸ ਨੇ ਫੋਨ ਬੰਦ ਕਰ ਦਿੱਤਾ। ਹੁਣ ਉੁਸ ਦਾ ਫੋਨ ਆਉਣਾ ਘਟ ਗਿਆ ਸੀ। ਵੀਰ ਦੱਸਦਾ ਸੀ ਕਿ ਉਹ ਬਿੱਲੀ ਦੇ ਅੱਗੇ ਪਿੱਛੇ ਪਈ ਰਹਿੰਦੀ ਹੈ। ਪੜ੍ਹਨ ਵੀ ਲੱਗ ਪਈ ਤੇ ਖ਼ੁਸ਼ ਰਹਿੰਦੀ ਹੈ। ਬਿੱਲੀ ਬਾਰੇ ਸੋਚ ਕੇ ਮੈਨੂੰ ਕੋਈ ਚਾਰ ਕੁ ਦਹਾਕੇ ਪਹਿਲਾਂ ਦੀ ਘਟਨਾ ਯਾਦ ਆ ਗਈ। ਪਿੰਡ ਵਿਚ ਸਾਡੀ ਚੱਕੀ ਹੁੰਦੀ ਸੀ। ਕੋਹਲੂ ਤੇ ਰੂੰਈ ਪਿੰਜਣੀ ਵੀ ਲੱਗੀ ਹੁੰਦੀ ਸੀ। ਪਹਿਲਾਂ ਇੰਜਣ ਨਾਲ ਸਾਰੀਆਂ ਮਸ਼ੀਨਾਂ ਚੱਲਦੀਆਂ ਸਨ ਤੇ ਗੁਆਂਢੀ ਤੰਗ ਹੁੰਦੇ ਰਹਿੰਦੇ ਸਨ। ਮਗਰੋਂ ਬਿਜਲੀ ਦਾ ਕੁਨੈਕਸ਼ਨ ਮਿਲ ਗਿਆ, ਹੁਣ ਸਿਰਫ਼ ਚਲਦੀ ਚੱਕੀ ਦੌਰਾਨ ਪਟਿਆਂ ਦੀ ਜੋੜ ਦੀ ਆਵਾਜ਼ ਆਉਂਦੀ ਸੀ। ਛੋਟਾ ਮਾਮਾ ਸਾਡੇ ਕੋਲ ਹੀ ਰਹਿੰਦਾ ਸੀ। ਉਹ ਚੱਕੀ ਦਾ ਕੰਮ ਸੰਭਾਲਦਾ ਸੀ। ਅਸੀਂ ਤਿੰਨੋਂ ਭੈਣ ਭਰਾ ਪੜ੍ਹਦੇ ਹੁੰਦੇ ਸਾਂ। ਮਾਮਾ ਕਈ ਵਾਰ ਬਰੋਜ਼ਾ ਗਰਮ ਕਰ ਕੇੇ ਚੱਕੀ ਦੇ ਪਟਿਆਂ ਨੂੰ ਲਾਇਆ ਕਰਦਾ ਸੀ। ਮਾਮਾ ਸਾਨੂੰ ਚਲਦੀ ਚੱਕੀ ਦੌਰਾਨ ਕਦੇ ਵੀ ਪਟੇ ਕੋਲ ਜਾਣ ਨਹੀਂ ਸੀ ਦਿੰਦਾ। ਕਈ ਵਾਰ ਪਟੇ ਵਿਚ ਵੱਡੇ ਵੱਡੇ ਚੂਹੇ ਜਾਂ ਬਿੱਲੀ ਆ ਕੇ ਮਰ ਜਾਂਦੀ ਸੀ। ਜਦੋਂ ਅਜਿਹਾ ਹੋ ਜਾਂਦਾ ਤਾਂ ਮਾਮਾ ਕਿਹਾ ਕਰਦਾ ਸੀ ਕਿ ਖੱਡੇ ਵਿਚੋਂ ਮਰੀ ਹੋਈ ਬਿੱਲੀ ਨੂੰ ਪੂਛ ਤੋਂ ਫੜ ਕੇ ਦੂਰ ਸੁੱਟ ਆਓ। ਅਸੀਂ ਮਾਮੇ ਦਾ ਕਹਿਣਾ ਨਹੀਂ ਮੋੜਦੇ ਸੀ। ਕਈ ਵਾਰ ਮੈਂ ਮਰੀ ਹੋਈ ਬਿੱਲੀ ਨੂੰ ਪੂਛ ਤੋਂ ਫੜ ਕੇ ਦੂਰ ਢੇਰ ’ਤੇ ਸੁੱਟ ਕੇ ਆਇਆ।
ਜਦੋਂ ਮੈਂ ਅਜਿਹਾ ਕਰਦਾ ਤਾਂ ਮਾਂ ਨੇ ਹਰ ਵਾਰ ਇਹੀ ਆਖਣਾ, ‘‘ਇਹਦਾ ਤੁਹਾਨੂੰ ਪਾਪ ਲੱਗਣਾ। ਬਿੱਲੀ ਮਾਰਨਾ ਪਾਪ ਹੁੰਦਾ ਹੈ। ਤੁਹਾਨੂੰ ਇਹਦੇ ਵੱਟੇ ਹੁਣ ਜਾਂ ਅਗਲੇ ਜਨਮ ਵਿਚ ਸੋਨੇ ਦੀ ਬਿੱਲੀ ਦਾਨ ਕਰਨੀ ਪੈਣੀ।’’ ਮਾਮੇ ਨੇ ਕਈ ਵਾਰ ਆਖਣਾ, ‘‘ਇਹ ਸਭ ਵਹਿਮ ਦੀਆਂ ਗੱਲਾਂ ਹਨ। ਬੀਬੀ ਕੁਝ ਨਹੀਂ ਹੁੰਦਾ। ਜੇ ਮਰਿਆ ਜਾਨਵਰ ਅੰਦਰ ਪਿਆ ਰਿਹਾ ਤਾਂ ਉਸ ਤੋਂ ਬਦਬੂ ਮਾਰਨ ਲੱਗ ਜਾਣੀ ਹੈ। ਫੇਰ ਉੱਥੇ ਖੜ੍ਹ ਕੇ ਕੰਮ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਐ।’’ ਉਸ ਨੇ ਕਹਿਣਾ, ‘‘ਅਸੀਂ ਕਿਹੜਾ ਜਾਣ ਕੇ ਮਾਰਦੇ ਆਂ ਕਿਸੇ ਨੂੰ। ਆਪੇ ਪਟੇ ਕੋਲ ਨੂੰ ਭੱਜ ਭੱਜ ਜਾਂਦੀਆਂ ਇਹ।’’ ਕਈ ਵਾਰ ਮਾਮੇ ਤੇ ਮਾਂ ਦੀ ਇਸ ਗੱਲੋਂ ਤਕਰਾਰ ਵੀ ਹੋ ਜਾਂਦੀ। ਮਾਂ ਤਾਂ ਕਈ ਵਾਰ ਕਹਿ ਦਿੰਦੀ ਸੀ, ‘‘ਜੇ ਮੈਨੂੰ ਪਤਾ ਹੁੰਦਾ ਕਿ ਚੱਕੀ ਨਾਲ ਬਿੱਲੀਆਂ ਇਸ ਤਰ੍ਹਾਂ ਮਰਦੀਆਂ ਹਨ ਤਾਂ ਆਪਾਂ ਕਦੇ ਚੱਕੀ ਲਾਉਂਦੇ ਹੀ ਨਾ।’’ ਅੱਜ ਸੋਨੇ ਦੀ ਕੀਮਤ ਜਿੰਨੇ ਪੈਸੇ ਭਤੀਜੀ ਨੇ ਬਿੱਲੀ ’ਤੇ ਲਵਾ ਦਿੱਤੇ। ਕਈ ਵਾਰ ਸੋਚਦਾ ਹਾਂ, ਮਾਂ ਦੀ ਗੱਲ ਪੂਰੀ ਹੋ ਗਈ ਹੈ।
ਸੰਪਰਕ: 98152-33232