ਪੰਜਾਬ ਦੀ ਧਰਤੀ ਤੋਂ ਉੱਠ ਕੇ ਦੇਸ਼ ਦੀ ਸੱਤਾ ਦੇ ਸਭ ਤੋਂ ਵੱਡੇ ਅਹੁਦੇ ਉੱਤੇ ਪਹੁੰਚ ਕੇ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਸੀ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਵਿਲੱਖਣ ਭੂਮਿਕਾ ਨਿਭਾਈ ਸੀ। ਇਤਿਹਾਸ ਦੇ ਪੰਨਿਆਂ ਉਪਰ ਉਨ੍ਹਾਂ ਦਾ ਨਾਂ ਹਮੇਸ਼ਾਂ ਸੁਨਹਿਰੇ ਅੱਖਰਾਂ ਵਿਚ ਸੁਰੱਖਿਅਤ ਰਹੇਗਾ।
ਜਦੋਂ ਉਨ੍ਹਾਂ ਨੇ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ, ਸਾਰੇ ਦੇਸ਼ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ। ਵੱਡੀ ਖ਼ੁਸ਼ੀ ਇਸ ਗੱਲ ਦੀ ਸੀ ਕਿ ਉੱਚ ਕੋਟੀ ਦੇ ਬੁੱਧੀਜੀਵੀ ਅਤੇ ਨੀਤੀਵਾਨ ਦੇ ਹੱਥ ਦੇਸ਼ ਦੀ ਵਾਗਡੋਰ ਆ ਗਈ ਸੀ। ਪੰਜਾਬੀਆਂ ਦੀ ਖ਼ੁਸ਼ੀ ਹੋਰਨਾਂ ਨਾਲੋਂ ਕਿਤੇ ਵੱਧ ਸੀ; ਇਸ ਲਈ ਕਿ ਉਹ ਪੰਜਾਬੀ ਸਨ, ਪੰਜਾਬ ਤੇ ਪੰਜਾਬੀਆਂ ਨਾਲ ਉਨ੍ਹਾਂ ਦੀ ਡੂੰਘੀ ਭਾਵਨਾਤਮਕ ਸਾਂਝ ਸੀ। ਗੁਆਂਢੀ ਮੁਲਕਾਂ ਵਿਚ ਖ਼ਾਸ ਕਿਸਮ ਦਾ ਖ਼ੁਸ਼ੀ ਭਰਿਆ ਅਹਿਸਾਸ ਪੈਦਾ ਹੋ ਗਿਆ ਸੀ। ਦੁਨੀਆ ਦੇ ਇਸ ਖਿੱਤੇ ਵਿਚ ਸਾਂਝ ਤੇ ਸੁਹਿਰਦਤਾ ਅਤੇ ਚੰਗੇ ਭਵਿੱਖ ਦੀ ਆਸ ਬੱਝ ਗਈ ਸੀ। ਬਿਨਾਂ ਸ਼ੱਕ, ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ ਅਤੇ ਲੋਕੀਂ ਉਨ੍ਹਾਂ ਦੀ ਵਿਲੱਖਣ ਭੂਮਿਕਾ ਦੀ ਤਾਰੀਫ਼ ਕਰਦੇ ਰਹਿਣਗੇ।
ਕੌਮਾਂਤਰੀ ਸਬੰਧਾਂ ਅਤੇ ਵਿਦੇਸ਼ ਨੀਤੀ ਦੇ ਖੇਤਰ ਵਿਚ ਗੁਜਾਰਾਲ ਜੀ ਦੀ ਮਹਾਰਤ ਦੇ ਸਾਰੇ ਕਾਇਲ ਸਨ। ਡਿਪਲੋਮੇਸੀ ਦੀ ਦੁਨੀਆ ਵਿਚ ਉਨ੍ਹਾਂ ਦਾ ਆਪਣਾ ਖ਼ਾਸ ਮੁਕਾਮ ਸੀ। ਉਹ ਭਾਵੇਂ ਇਸ ਸੰਸਾਰ ਤੋਂ ਚਲੇ ਗਏ ਹਨ ਪਰ ਗੁਆਂਢੀ ਮੁਲਕਾਂ ਨਾਲ ਰਿਸ਼ਤਿਆਂ ਦੇ ਪ੍ਰਸੰਗ ਵਿਚ ਹੋਂਦ ਵਿਚ ਆਇਆ ‘ਗੁਜਰਾਲ ਡੌਕਟਰੀਨ’ ਹਮੇਸ਼ਾਂ ਜ਼ਿੰਦਾ ਰਹੇਗਾ, ਹਮੇਸ਼ਾਂ ਪ੍ਰਸੰਗਿਕ ਰਹੇਗਾ। ਦਰਅਸਲ, ਉਨ੍ਹਾਂ ਦੇ ਇਸ ‘ਡੌਕਟਰੀਨ’ ਰਾਹੀਂ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਸੀ। ਕਿਹਾ ਜਾ ਸਕਦਾ ਹੈ ਕਿ ਗੁਜਰਾਲ ਜੀ ਪਾਸੋਂ ਵਿਰਾਸਤ ਵਿਚ ਮਿਲੀ ਇਹ ਨੀਤੀ ਆਉਣ ਵਾਲੇ ਸਮੇਂ ਵਿਚ ਸਾਡਾ ਨਰੋਆ ਮਾਰਗ-ਦਰਸ਼ਨ ਕਰੇਗੀ।
ਆਜ਼ਾਦੀ ਦੀ 50ਵੀਂ ਵਰ੍ਹੇਗੰਢ ਤੇ ਗੁਜਰਾਲ ਜੀ ਦੇ ਦੇਸ਼ ਦੇ ਨਾਂ ਦਿੱਤੇ ਸੰਦੇਸ਼ ਨੂੰ ਵੀ ਮੈਂ ਯਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਲਾਲ ਕਿਲ੍ਹੇ ਤੋਂ ਭਾਸ਼ਣ ਦੌਰਾਨ ਦੇਸ਼ ਦੇ ਰਾਜਸੀ ਜੀਵਨ ਦੀ ਦੁਖਦੀ ਰਗ ਤੇ ਹੱਥ ਰੱਖ ਕੇ ਵੱਡੇ ਹੌਸਲੇ ਵਾਲਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਸੀ- “ਭ੍ਰਿਸ਼ਟਾਚਾਰ ਅਤੇ ਆਰਥਿਕ ਵਿਕਾਸ ਇਕੱਠੇ ਨਹੀਂ ਚਲ ਸਕਦੇ ਅਤੇ ਆਰਥਿਕ ਵਿਕਾਸ ਬਗੈਰ ਲੋਕਤੰਤਰ ਪ੍ਰਫੁੱਲਤ ਨਹੀਂ ਹੋ ਸਕਦਾ।” ਉਨ੍ਹਾਂ ਨੇ ਬੇਬਾਕੀ ਨਾਲ ਦੇਸ਼ ਦੀ ਰਾਜਸੀ ਤੇ ਸਮਾਜੀ ਜੀਵਨ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਸੀ। ਅਸਲ ਵਿਚ, ਉਨ੍ਹਾਂ ਨੇ ਸਿਰਫ਼ ਰਸਮੀ ਜ਼ਿਕਰ ਨਹੀਂ ਸੀ ਕੀਤਾ ਸਗੋਂ ਦੇਸ਼ ਦੇ ਤਾਣੇ-ਬਾਣੇ ਵਿਚ, ਧੁਰ ਅੰਦਰ ਤੱਕ ਪਸਰੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਬਾ-ਤਫਸੀਲ ਪ੍ਰੋਗਰਾਮ ਜਨਤਾ ਦੇ ਸਾਹਮਣੇ ਪੇਸ਼ ਕੀਤਾ ਸੀ। ਪ੍ਰਧਾਨ ਮੰਤਰੀ ਗੁਜਰਾਲ ਦੀ ਇਹ ਵੱਡੀ ਇਤਿਹਾਸਕ ਅਤੇ ਸਾਹਸੀ ਪਹਿਲਕਦਮੀ ਸੀ।
ਪੰਜਾਬ ਦੇ ਹਵਾਲੇ ਨਾਲ ਉਨ੍ਹਾਂ ਦੀ ਭੂਮਿਕਾ ਬਾਰੇ ਉਚੇਚੇ ਤੌਰ ਤੇ ਕੁਝ ਕਹਿਣਾ ਚਾਹੁੰਦਾ ਹਾਂ। ਪੰਜਾਬ ਨਾਲ ਉਨ੍ਹਾਂ ਦਾ ਜਜ਼ਬਾਤੀ ਰਿਸ਼ਤਾ ਸੀ ਪਰ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਹਮੇਸ਼ਾਂ ਅਮਲੀ ਤੇ ਰਚਨਾਤਮਕ ਰੂਪ ਵਿਚ ਆਪਣੀ ਕਾਰਜਸ਼ੈਲੀ ਵਿਚ ਉਤਾਰਨ ਦਾ ਭਰਪੂਰ ਯਤਨ ਕੀਤਾ ਸੀ। ਕਿਸੇ ਤੋਂ ਭੁੱਲਿਆ ਨਹੀਂ ਉਹ ਸਮਾਂ, ਜਦੋਂ ਪੰਜਾਬ ਅਤੇ ਖ਼ਾਸ ਤੌਰ ਤੇ ਪੰਜਾਬ ਵਿਚ ਵੱਸਦਾ ਸਿੱਖ ਭਾਈਚਾਰਾ ਸੰਕਟ ਵਿਚ ਘਿਰ ਗਿਆ ਸੀ। ਜਦੋਂ ਕੇਂਦਰ ਵਿਚ ‘ਕਾਨੂੰਨ ਤੇ ਵਿਵਸਥਾ’ ਤੋਂ ਵੱਧ ਪੰਜਾਬ ਦਾ ਕੋਈ ਸਰੋਕਾਰ ਨਹੀਂ ਸੀ। ਜਦੋਂ ਸਾਰਾ ਪੰਜਾਬ, ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ-ਥਲੱਗ ਕਰ ਦਿੱਤਾ ਗਿਆ ਸੀ। ਉਦੋਂ ਉਹ ਪੰਜਾਬ ਦੀ ਪੈਰਵੀ ਲਈ ਨਿੱਤਰ ਕੇ ਸਾਹਮਣੇ ਆਏ ਸਨ ਅਤੇ ਪੰਜਾਬ ਨੂੰ ਮੁੜ ਪ੍ਰਗਤੀਸ਼ਾਲੀ ਰਾਜ ਦੇ ਰੂਪ ਵਿਚ ਕੇਂਦਰ ਦੇ ਏਜੰਡੇ ਤੇ ਲਿਆਉਣ ਦਾ ਕੰਮ ਕੀਤਾ ਸੀ। ਪੰਜਾਬੀਅਤ ਨੂੰ ਦੇਸ਼ ਦੇ ਵੱਡੇ ਕੈਨਵਸ ਉਪਰ ਉਜਾਗਰ ਕਰਨ ਵਿਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਇਤਿਹਾਸਕ ਫੈਸਲਾ ਕਰਦਿਆਂ ਪੰਜਾਬ ਸਿਰ ਚੜ੍ਹਿਆ ਵੱਡਾ ਕਰਜ਼ਾ ਮੁਆਫ਼ ਕਰ ਦਿੱਤਾ ਸੀ। ਦਰਅਸਲ, ਉਨ੍ਹਾਂ ਦੇ ਸੀਨੇ ਵਿਚ ਪੰਜਾਬੀਅਤ ਸੀ, ਪੰਜਾਬ ਦਾ ਦੁੱਖ-ਦਰਦ ਉਹ ਸਮਝਦੇ ਸਨ।
ਇਥੇ ਇਕ ਹੋਰ ਅਹਿਮ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਪਿਛੇ ਜਿਹੇ ਇਕ ਸਮਾਗਮ ਦੌਰਾਨ ਵੱਡਾ ਖੁਲਾਸਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਵੰਬਰ 1984 ਦੀ ਸਿੱਖ-ਵਿਰੋਧੀ ਹਿੰਸਾ ਰੋਕੀ ਜਾ ਸਕਦੀ ਸੀ, ਜੇ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਉ ਉਨ੍ਹਾਂ (ਗੁਜਰਾਲ) ਵਲੋਂ ਦਿੱਤੀ ਸਲਾਹ ਮੁਤਾਬਕ ਮੁਨਾਸਬ ਕਾਰਵਾਈ ਕਰ ਦਿੰਦੇ। ਗੁਜਰਾਲ ਜੀ ਨੇ ਉਚੇਚੇ ਤੌਰ ਤੇ ਆਪ ਜਾ ਕੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਉ ਨੂੰ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਹਾਲਾਤ ਬਹੁਤ ਨਾਜ਼ੁਕ ਹਨ, ਇਸ ਲਈ ਬਿਨਾਂ ਕਿਸੇ ਦੇਰੀ ਦੇ ਫੌਜ ਨੂੰ ਬੁਲਾ ਲੈਣਾ ਚਾਹੀਦਾ ਹੈ ਪਰ ਵੇਲੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਜੋ ਕੁਝ ਵਾਪਰਿਆ, ਉਸ ਦਾ ਜ਼ਿਕਰ ਕਰਦਿਆਂ ਹੱਥ ਵੀ ਕੰਬਦੇ ਹਨ।
ਆਖ਼ਿਰ ਵਿਚ ਬੜੀ ਸ਼ਿੱਦਤ ਤੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਗੁਜਰਾਲ ਜੀ ਨੇ ਆਪਣੇ ਸਮਾਜੀ ਤੇ ਸਿਆਸੀ ਜੀਵਨ ਵਿਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਪੰਜਾਬੀਆਂ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ। ਉਨ੍ਹਾਂ ਦੇ ਨਿਵੇਕਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਰਖਿਆ ਜਾਵੇਗਾ ਅਤੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਰਹਿਣਗੇ। ਇਕ ਸ਼ਿਅਰ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਪ੍ਰਤੀ ਆਪਣੀ ਸ਼ਰਧਾਂਜਲੀ ਦਰਜ ਕਰਦਾ ਹਾਂ:
ਕੁਛ ਲੋਗ ਥੇ ਜੋ ਵਕਤ ਕੇ ਸਾਂਚੇ ਮੇਂ ਢਲ ਗਏ।
ਕੁਛ ਲੋਗ ਥੇ ਜੋ ਵਕਤ ਕੇ ਸਾਂਚੇ ਬਦਲ ਗਏ।