ਮੈਨੂੰ ਲੋਕ ਕਵੀ ਦੀ ਸਦੀਵੀ ਭਾਲ ਰਹੀ ਹੈ ਜੋ ਲੁੱਟੀ ਜਾ ਰਹੀ ਜਨਤਾ ਦਾ ਅੰਗ ਹੋਵੇ, ਜੋ ਆਮ ਲੋਕਾਂ ਵਿਚ ਰਹਿੰਦਾ ਹੋਇਆ ਉਨ੍ਹਾਂ ਦੀ ਜ਼ਿੰਦਗੀ ਦੇ ਵੀਰਾਨਿਆਂ, ਹੰਝੂਆਂ ਅਤੇ ਅਭਾਵਾਂ ਨੂੰ ਉਨ੍ਹਾਂ ਦੇ ਨਾਲ ਹੀ ਭੋਗਦਾ ਹੋਇਆ ਸਫ਼ਲ ਚਿਤੇਰਾ ਵੀ ਹੋਵੇ। ਗੁਰਦਾਸ ਰਾਮ ‘ਆਲਮ’ ਬਾਰੇ ਕੁਝ ਇਹੋ ਜਿਹੀ ਚਰਚਾ ਈ ਸੁਣੀਂਦੀ ਸੀ, ਸੁਣਿਆ ਸੀ ਇਕ ਅਨਪੜ੍ਹ ਚ…ਰ ਜੱਟਾਂ-ਜ਼ਿਮੀਂਦਾਰਾਂ ਦੇ ਆਡਾਂ-ਬੰਨਿਆਂ ਤੇ ਘਾਹ ਖੋਤਦਾ ਹੋਇਆ ਕਵਿਤਾ ਜੋੜਦਾ ਰਹਿੰਦਾ ਹੈ। ਸੁਣਿਆ ਸੀ ਉਹਦੀ ਕਵਿਤਾ ਵਿਚ ਦਰਦ, ਜਮਾਤੀ ਨਫ਼ਰਤ ਅਤੇ ਰੋਹ ਦਾ ਹੜ੍ਹ ਜਿਹਾ ਹੈ। ਸੁਣਿਆ ਸੀ ਉਹ ਸਟੇਜ ਉੱਤੇ ਜਾ ਕੇ ਸਟੇਜ ਨੂੰ ਬੱਸ ਆਪਣੇ ਜੋਗੀ ਹੀ ਕਰ ਲੈਂਦਾ ਹੈ। ਕੁਝ ਇਹੋ ਜਿਹੀ ਚਰਚਾ ਸੁਣੀ ਸੀ ਗੁਰਦਾਸ ਰਾਮ ਆਲਮ ਬਾਰੇ। ਮੈਂ ਆਏ ਗਏ ਉਹਦੇ ਪਿੰਡਾਂ ਵੱਲ ਦੇ ਬੰਦਿਆਂ ਤੋਂ ਉਹਦੇ ਬਾਰੇ ਗੱਲਾਂ ਪੁੱਛਦਾ ਰਹਿੰਦਾ ਸਾਂ।
ਆਖਰ ਉਹਨੂੰ ਤੱਕਣ, ਉਸ ਦੀ ਕਵਿਤਾ ਉਸ ਦੇ ਮੂੰਹੋਂ ਸੁਣਨ ਦੀ ਖਾਹਿਸ਼ ਮੈਨੂੰ ਉਹਦੇ ਪਿੰਡ ਲੈ ਗਈ। ਉਸ ਦਾ ਪਿੰਡ ਖਾਸਾ ਤਕੜਾ ਕਸਬਾ ਹੈ। ਅਜੇ ਤੱਕ ਬਹੁਤੇ ਪੇਂਡੂ ਅਤੇ ਸ਼ਹਿਰੀ ਪੰਜਾਬੀ ਕਵੀਆਂ ਦਾ ਇਹੋ ਹਾਲ ਹੈ ਕਿ ਉਨ੍ਹਾਂ ਦੇ ਗੁਆਂਢੀ ਵੀ ਉਨ੍ਹਾਂ ਨੂੰ ਸ਼ਾਇਦ ਹੀ ਜਾਣਦੇ ਹੁੰਦੇ ਹਨ। ਜੇ ਜਾਣਦੇ ਵੀ ਹੋਣ ਤਾਂ ਉਸ ਦੇ ਲੇਖਕ ਹੋਣ ਦਾ ਉਨ੍ਹਾਂ ਨੂੰ ਭੇਤ ਨਹੀਂ ਪਰ ਆਲਮ ਬਾਰੇ ਇਹ ਨਵਾਂ ਤਜਰਬਾ ਸੀ। ਏਡੇ ਕਸਬੇ ਵਿਚ ਅਸੀਂ ਜਿਸ ਜਿਸ ਕੋਲ ਵੀ ਉਹਦਾ ਨਾਂ ਲਿਆ, ਉਹ ਹਥਲਾ ਕੰਮ ਛੱਡ ਕੇ ਸਾਨੂੰ ਰਾਹ ਦੱਸਣ ਲਈ ਨਾਲ ਹੋ ਤੁਰਿਆ। ਕਈ ਗਲੀਆਂ-ਬਾਜ਼ਾਰਾਂ ਵਿਚੋਂ ਦੀ ਲੰਘਦੇ ਹੋਏ ਅਸੀਂ ਉਹਦੇ ਘਰ ਜਾ ਰਹੇ ਸਾਂ। ਥਾਂ ਥਾਂ ‘ਤੇ ਬੰਨ੍ਹੇ ਹੋਏ ਡੰਗਰਾਂ ਤੇ ਨੰਗ-ਧੜੰਗੇ ਖੇਡਦੇ ਬੱਚਿਆਂ ਦੇ ਝੁਰਮਟ ਸਨ। ਹਾੜ੍ਹ ਦੀ ਲੱਗੀ ਹੋਈ ਦੁਪਹਿਰੇ ਵੀ ਮੁਹੱਲੇ ਵਿਚ ਆਰਾਮ ਨਾਂ ਦੀ ਕੋਈ ਸ਼ੈਅ ਨਹੀਂ ਸੀ। ਚੌਹੀਂ ਪਾਸੀਂ ਕੁਹਰਾਮ ਜਿਹਾ ਮਚਿਆ ਹੋਇਆ ਸੀ। ਔਰਤਾਂ ਮਜੂਰੀ ਵਿਚ ਲਿਆਂਦੀਆਂ ਹੋਈਆਂ ਕਣਕ ਦੀਆਂ ਭਰੀਆਂ ਨੂੰ ਕੁੱਟ ਕੁੱਟ ਕੇ ਦਾਣੇ ਕੱਢ ਰਹੀਆਂ ਸਨ। ਛੱਜਾਂ ਦਾ ਧੀਮਾ ਖੜਕਾ। ਉਡ ਰਹੀ ਖੁਸ਼ਕ ਧੂੜ ਵਿਚ ਜ਼ਨਾਨੀਆਂ ਦੇ ਮੂੰਹਾਂ ਉੱਤੋਂ ਦੀ ਪੱਲੇ ਬੰਨ੍ਹੇ ਹੋਏ। ਪਸ਼ੂਆਂ ਦੇ ਮਲ-ਮੂਤਰ ਦੀ ਤੇਜ਼ ਹਵਾੜ। ਸ਼ਾਇਦ ਕਵੀ ਦੇ ਰਹਿਣ ਲਈ ਇਹ ਦੁਨੀਆਂ ਦੀ ਸਭ ਤੋਂ ਯੋਗ ਥਾਂ ਸੀ। ਇਹ ਕਵਿਤਾ ਲਈ ਜ਼ਰਖੇਜ਼ ਭੂਮੀ ਸੀ।
ਆਲਮ ਮਿਲਿਆ। ਸੱਠਾਂ-ਬਾਹਠਾਂ ਨੂੰ ਪਹੁੰਚਿਆ ਹੋਇਆ ਪਤਲਾ ਜਿਹਾ ਸਾਧਾਰਨ ਮਨੁੱਖ। ਸਿਰਫ਼ ਉਹਦੀਆਂ ਲੋਹੜੇ ਦੀਆਂ ਗੰਭੀਰ ਅੱਖਾਂ ਹੀ ਸਨ ਜੋ ਉਹਦੀ ਸ਼ਕਲ ਨੂੰ ਸਾਧਾਰਨ ਮਨੁੱਖ ਤੋਂ ਵੱਖਰਾਉਂਦੀਆਂ ਸਨ। ਛੋਟਾ ਜਿਹਾ ਕੱਚੀਆਂ ਇੱਟਾਂ ਦਾ ਘਰ ਸੀ ਉਹਦਾ। ਸਾਨੂੰ ਮੰਜੀ ਤੇ ਬਿਠਾ ਕੇ ਉਹਨੇ ਚਾਹ ਧਰਾ ਦਿੱਤੀ ਅਤੇ ਪੀੜ੍ਹੀ ਤੇ ਬਹਿ ਕੇ ਹੁੱਕਾ ਤਾਜ਼ਾ ਕਰਨ ਲੱਗਾ।
-ਅੱਛਾ, ਪਹਿਲਾਂ ਤਾਂ ਆਪਾਂ ਇਕ ਦੂਏ ਤੋਂ ਵਾਕਫ ਨਹੀਂ ਆਂ…? ਆਲਮ ਨੇ ਮੂੰਹ ਵਿਚੋਂ ਹੁੱਕੇ ਦੀ ਨੜੀ ਕੱਢਦੇ ਹੋਏ ਆਪਸੀ ਜਾਣੂ ਹੋਣਾ ਚਾਹਿਆ।
-ਮੇਰਾ ਨਾਂ ਅਵਤਾਰ ਸਿਹੁੰ ਏ, ਉੱਦਾਂ ਪੁਲੀਸ ਆਲਿਆਂ ਨੇ ਮੇਰਾ ਨਾਮ ਪਾਸ਼ ਪਾਇਆ ਹੋਇਆ। ਤੇ ਇਹ ਮੇਰਾ ਦੋਸਤ ਹੈ ਪਰਮਜੀਤ। ਅਸੀਂ ਦੋਏ ਕਵਿਤਾ ਦੇ ਸ਼ੌਂਕੀ ਹਾਂ।
-ਪਾ…ਸ਼? ਉਹ ਹੈਰਾਨੀ ਜਿਹੀ ਵਿਚ ਮੁਸਕਰਾਇਆ- ਮੈਂ ਜਾਣਦਾਂ ਤੈਨੂੰ। ਤੇਰੀਆਂ ਕਵਿਤਾਵਾਂ ਵੀ ਪੜ੍ਹੀਆਂ ਹੋਈਆਂ। ਧੰਨ ਭਾਗ। ਦੱਸੋ ਪਹਿਲਾਂ ਰੋਟੀ ਬਣਵਾਵਾਂ।
-ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਅਸੀਂ ਤਾਂ ਬੱਸ ਤੁਹਾਡੇ ਦਰਸ਼ਨ ਕਰਨ ਤੇ ਤੁਹਾਡੇ ਨਾਲ ਦੋ-ਚਾਰ ਗੱਲਾਂ ਕਰਨ ਆਏ ਹਾਂ।
ਉਹਦੇ ਨਾਲ ਗੱਲਾਂ ਕਰਨ ਤੇ ਪਤਾ ਲੱਗਾ ਕਿ ਉਹ ਕੇਵਲ ਗੁਰਮੁਖੀ ਹੀ ਰਿੜ੍ਹ-ਖੁੜ੍ਹ ਕੇ ਪੜ੍ਹ ਸਕਿਆ ਹੈ। ਕਵਿਤਾ ਉਹਨੇ ਬਚਪਨ ਵਿਚ ਹੀ ਲਿਖਣੀ ਸ਼ੁਰੂ ਕੀਤੀ ਸੀ। ਉਹਦੀ ਪ੍ਰੇਰਨਾ ਦਾ ਪਹਿਲਾ ਸੋਮਾ ਵੱਡੀਆਂ ਜਾਤਾਂ (?) ਵੱਲੋਂ ਉਸ ਦੀ (ਉਨ੍ਹਾਂ ਦੀ) ਨਿਰਾਦਰੀ ਅਤੇ ਛੂਤ-ਛਾਤ ਦਾ ਪ੍ਰਤੀਕਰਮ ਸੀ। ਨਿੱਕੇ ਹੁੰਦਿਆਂ ਤੋਂ ਟੋਕਰੀ, ਗਾਰਾ, ਇੱਟਾਂ ਆਦਿ ਢੋਣ ਦੀ ਮਜ਼ਦੂਰੀ ਕਰਦਾ ਆਇਆ ਹੈ। ਪੈਸੇ ਵਾਲਿਆਂ ਦੇ ਜ਼ੁਲਮਾਂ ਅਤੇ ਨਫ਼ਰਤ ਦਾ ਉਹ ਅੱਧੀ ਸਦੀ ਤੋਂ ਵੱਧ ਚਿਰਾਂ ਤੋਂ ਸ਼ਿਕਾਰ ਹੈ। ਉਸ ਦੇ ਤਲਖ ਤਜਰਬਿਆਂ, ਜ਼ਿੰਦਗੀ ਦੀਆਂ ਕੁੜੱਤਣਾਂ ਨੇ ਉਹਦੇ ਅੰਦਰਲੀ ਅਣਖ ਨੂੰ ਮਾਰਨ ਦੀ ਬਜਾਏ ਹੋਰ ਪ੍ਰਚੰਡ ਕੀਤਾ ਹੈ। ਮਾਰਕਸੀ ਪਾਰਟੀ ਦੇ ਲੀਡਰ ਹਰਕਿਸ਼ਨ ਸਿੰਘ ਸੁਰਜੀਤ ਦੇ ਪਿੰਡ ਦਾ ਅਤੇ ਉਹਦਾ ਬਚਪਨ ਤੋਂ ਦੋਸਤ ਹੋਣ ਕਰ ਕੇ ਮਾਰਕਸਵਾਦ ਤੋਂ ਪ੍ਰਭਾਵਤ ਹੈ! ਕਈ ਵਾਰ ਜੇਲ੍ਹ ਵੀ ਕੱਟ ਆਇਆ ਹੈ। ਬੱਝਾ ਹੋਇਆ ਕਿਸੇ ਪਾਰਟੀ ਨਾਲ ਨਹੀਂ।
ਉਸ ਨੇ ਹਰੇਕ ਵਿਸ਼ੇ ਤੇ ਕਵਿਤਾ ਲਿਖੀ ਹੈ। ਲੁੱਟੀਆਂ ਜਮਾਤਾਂ ਦਾ ਪੱਖ ਅਤੇ ਕ੍ਰਾਂਤੀ ਦੀ ਪ੍ਰਰੇਨਾ ਦਾ ਅੰਸ਼ ਉਹਦੀ ਕਵਿਤਾ ਤੇ ਭਾਰੂ ਹੈ। ਪੁਰਾਣੇ ਕਵੀਆਂ ਨੰਦ ਲਾਲ ਨੂਰਪੁਰੀ, ਫ਼ਿਰੋਜ਼ਦੀਨ ਸ਼ਰਫ, ਵਿਧਾਤਾ ਸਿੰਘ ਤੀਰ ਆਦਿ ਦੇ ਨੇੜੇ ਰਿਹਾ ਹੈ ਅਤੇ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਨਵੀਂ ਕਵਿਤਾ (ਕ੍ਰਾਂਤੀਕਾਰੀ ਕਵਿਤਾ) ਨੂੰ ਉਹ ਬੜੇ ਉਤਸ਼ਾਹ ਨਾਲ ਸੁਣਦਾ ਹੈ। ਪੜ੍ਹਨ ਦਾ ਅਭਿਆਸ ਕੋਈ ਬਹੁਤਾ ਨਹੀਂ। ਕੁਝ ਚਿਰ ਪਹਿਲਾਂ ਇੰਗਲੈਂਡ ਵਿਚ ਰਹਿੰਦੇ ਉਹਦੇ ਸ਼ਰਧਾਲੂਆਂ ਨੇ ਉਹਨੂੰ ਵਲਾਇਤ ਸੱਦਿਆ ਸੀ, ਉਹਦੇ ਮਿਲਣ ਤੋਂ ਕੁਝ ਦਿਨ ਪਹਿਲਾਂ ਮੈਨੂੰ ਵਲਾਇਤੋਂ ਆਏ ਪੰਜਾਬੀ ਕਹਾਣੀਕਾਰ ਰਘਬੀਰ ਢੰਡ ਤੋਂ ਪਤਾ ਲੱਗਾ ਸੀ ਕਿ ਉਨ੍ਹੀਂ ਦਿਨੀਂ ਸ਼ਿਵ ਕੁਮਾਰ ਵੀ ਉੱਥੇ ਗਿਆ ਹੋਇਆ ਸੀ। ਜਿਸ ਸਟੇਜ ਤੇ ਇਹ ਦੋਵੇਂ ਕੱਠੇ ਹੋ ਜਾਂਦੇ ਸਨ, ਲੋਕ ਸ਼ਿਵ ਕੁਮਾਰ ਨੂੰ ਨਹੀਂ ਸੁਣਦੇ ਸਨ।
ਸ਼ਿਵ ਕੁਮਾਰ ਦੀ ਮੌਤ ਦੀ ਗੱਲ ਚੱਲੀ ਤਾਂ ਉਹ ਬੋਲਿਆ- ਬੜਾ ਮਾੜਾ ਹੋਇਆ। ਕਵੀ ਚੰਗਾ ਸੀ ਪਰ ਉਹਨੂੰ ਜਮਾਤੀ ਸੂਝ ਨਹੀਂ ਸੀ! ਮੈਨੂੰ ਮਿਲਿਆ ਤਾਂ ਕਹਿਣ ਲੱਗਾ- ‘ਬੁੜ੍ਹਿਆ, ਤੁਸੀਂ ਸਾਨੂੰ ਜਮਾਤੀ ਸੂਝ ਦਿੱਤੀ ਈ ਨਹੀਂ। ਅਸੀਂ ਤਾਂ ਨਿਰਪੱਖ ਕਵੀ ਆਂ’। ਮੈਂ ਕਿਹਾ- ਨਿਰਪੱਖ ਕਿੱਦਾਂ? ਭਾਵੇਂ ਤੂੰ ਜਾਣ ਕੇ ਲਿਖ ਜਾਂ ਅਣਜਾਣ ਪੁਣੇ ਚ, ਜੇ ਤੇਰੀ ਕਵਿਤਾ ਜਨਤਾ ਦਾ ਪੱਖ ਨਹੀਂ ਪੂਰਦੀ ਤਾਂ ਉਹ ਜ਼ਰੂਰ ਉਪਰਲੇ ਲੋਕਾਂ ਦੀ ਏ। ਇਹੋ ਗੱਲ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਕਹੀ ਸੀ ਕਿ ਜੇ ਤੁਸੀਂ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਤਾਂ ਲੋਕ ਕਦੇ ਵੀ ਤੁਹਾਡੀ ਪ੍ਰਵਾਹ ਨਹੀਂ ਕਰਨਗੇ। ਇਹ ਤਾਂ ਹੱਥ ਨੂੰ ਹੱਥ ਏ।
ਉਹ ਜਮਾਤੀ ਨਫ਼ਰਤ ਵਿਚ ਗੜੁੱਚ ਹੋਈ ਖੜਕਦੀ ਸ਼ਖ਼ਸੀਅਤ ਹੈ। ਉਹ ਆਪਣੇ ਲੋਕਾਂ ਨੂੰ ਪਹਾੜਾਂ ਵਾਂਗ ਅੜ ਕੇ ਖਲੋਤੇ ਦੇਖਣਾ ਚਾਹੁੰਦਾ ਹੈ- ਮੈਂ ਤਾਂ ਇਨ੍ਹਾਂ ਨੂੰ ਕਹਿੰਦਾ ਹੁੰਨਾਂ, ਤੁਸੀਂ ਸਰਦਾਰਾਂ ਦੇ ਘੜੇ ਹੋਏ ਰਸਮਾਂ, ਰਵਾਇਤਾਂ ਤੇ ਸੰਸਕਾਰਾਂ ਦਾ ਬਾਈਕਾਟ ਕਰੋ। ਤੁਸੀਂ ਵੀ ਆਪਣੀਆਂ ਬਾਤਾਂ ਵੱਖਰੀਆਂ ਬਣਾਓ। ਇਕ ਗੱਭਰੂ ਕਮੀਣ ਨੂੰ ਪੱਟੀ ਖੜਮੱਟੀ ਲੈ ਕੇ ਪੈ ਗਈ ਉਹਦੀ ਘਰ ਵਾਲੀ ਨੇ ਕਿਹਾ ਕਿ ਮੈਂ ਤਾਂ ਤਦ ਜੀਂਦੀ ਆਂ ਜੇ ਹਵੇਲੀ ਵਾਲੇ ਸਰਦਾਰ ਦੀਆਂ ਅੱਖਾਂ ਕੱਢ ਕੇ ਲਿਆਵੇਂ…।
-ਮੈਂ ਸਮਝਦਾ ਹਾਂ ਸਾਨੂੰ ਦੱਬੇ-ਕੁਚਲੇ ਲੋਕਾਂ ਨੂੰ ਸੱਭਿਆਚਾਰ ਦਾ ਆਪਣਾ ਵੱਖਰਾ ਵਿਧਾਨ ਬਣਾਉਣਾ ਚਾਹੀਦਾ ਹੈ। ਆਖਰ ਕਦੋਂ ਕੁ ਤੱਕ ਇਹ ਲੰਬੜ, ਚੌਧਰੀ, ਪਟਵਾਰੀ ਤੇ ਜ਼ੈਲਦਾਰ ਗੀਤਾਂ, ਬੋਲੀਆਂ ਵਿਚ ਵੀ ਸਾਡੇ ਤੇ ਚੜ੍ਹੇ ਰਹਿਣਗੇ? ਜੇ ਕਿਸੇ ਗੀਤ ਵਿਚ ਹੁਸਨ ਦਾ ਜ਼ਿਕਰ ਹੋਊ ਤਾਂ ਹੋਏਗਾ ਕਿ ਤੇਰੀਆਂ ਗੋਰੀਆਂ ਗੱਲ੍ਹਾਂ, ਤੇਰਾ ਨਿਛੋਹ ਪਿੰਡਾ, ਤੇਰਾ ਰੇਸ਼ਮੀ ਸੂਟ, ਤੇਰਾ ਫਲਾਣਾ, ਤੇਰੀ ਢੀਂਗ। ਮਿੱਟੀ ਨਾਲ ਭਰੇ ਵਾਲ, ਮੁੜ੍ਹਕੋ-ਮੁੜ੍ਹਕੀ ਹੋਏ ਮਜ਼ਬੂਤ ਸੀਨੇ ਤੇ ਕਾਲੇ ਰੰਗ ਦੇ ਲਿਸ਼ਕਦੇ ਜਵਾਨ ਮੋਢਿਆਂ ਦਾ ਕਦੇ ਜ਼ਿਕਰ ਨਹੀਂ ਆਇਆ। … ਕਿਸੇ ਗੀਤ ਜਾਂ ਅਖਾਣ ਦੀ ਨਾਇਕਾ ਸਾਡੀ ਕੰਮੀਆਂ ਕਮੀਣਾਂ ਦੀ ਧੀ-ਭੈਣ ਤਾਂ ਹੋ ਸਕਦੀ ਹੈ ਪਰ ਸਾਡੇ ਲੱਠ ਵਰਗੇ ਮੁੰਡੇ ਨਹੀਂ। ਜਿੱਦਾਂ ਕਿਤੇ ਸਾਨੂੰ ਪਿਆਰ ਕਰਨ ਦਾ ਢੰਗ ਨਹੀਂ ਆਉਂਦਾ। ਤਾਹੀਉਂ ਮੈਂ ਲਿਖਿਆ ਏ-
ਮਾਹੀ ਮੇਰਾ ਕਾਲੇ ਰੰਗ ਦਾ, ਵਿਹੜੇ ਵੜਦਾ ਤੇ ਚੰਨ ਚੜ੍ਹ ਜਾਂਦਾ
ਜੱਗ ਦੀ ਭਲਾਈ ਵਾਸਤੇ, ਬੇਹੀਆਂ ਰੋਟੀਆਂ ਮਿਰਚ ਨਾਲ ਖਾਂਦਾ।
-ਤੂੰ ਦੇਖ, ਆਮ ਗੀਤ ਹੁੰਦੇ ਨੇ- ‘ਜ਼ੈਲਦਾਰਾ ਪੁੱਤ ਨੂੰ ਸਮਝਾ ਲਾ ਕਿ ਵੱਟੇ ਮਾਰੇ ਘੜਿਆਂ ਨੂੰ…’ ਜਾਂ ‘ਤੇਰੀ ਤੋਰ ਪੱਟਿਆ ਪਟਵਾਰੀ, ਤੂੰ ਪੱਟੀ ਲੱਡੂਆਂ ਨੇ…’ ਜਾਂ ਜਿੱਦਾਂ ਸ਼ਿਵ ਕੁਮਾਰ ਨੇ ਲਿਖਿਆ- ‘ਮੈਨੂੰ ਹੀਰੇ ਹੀਰੇ ਆਖੇ, ਹਾਏ ਨੀਂ ਮੁੰਡਾ ਲੰਬੜਾਂ ਦਾ’ ਜਾਂ ‘ਨੀ ਓਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ’ … ਖੇਹ ਤੇ ਸਵਾਹ ਬੋਲੀ ਬੋਲਣੀ ਆ ਇਨ੍ਹਾਂ ਨੇ। ਸੁਣ, ਮੈਂ ਲਿਖਿਆ-
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ ਚੋਂ ਬੇਰ ਲਿਆਇਆ।
ਤਲੀ ਉੱਤੇ ਜਾਨ ਰੱਖ ਕੇ, ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ।
ਜਿਸ ਵੇਲੇ ਰੋਕ ਨਾ ਸਕੀ, ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ,
ਨੱਸ ਕੇ ਅੰਦਰ ਲੁਕ ਗਈ, ਕੁੰਡਾ ਮਾਰ ਕੇ ਵੱਡੀ ਚੌਧਰਾਣੀ,
ਮੁੱਛਾਂ ਉੱਤੇ ਹੱਥ ਫੇਰ ਕੇ, ਨਾਲੇ ਖੰਘਿਆ ਤੇ ਨਾਲੇ ਮੁਸਕਾਇਆ!
ਬਾਹਾਂ ਵਿਚ ਸਿਰ ਘੁੱਟ ਕੇ, ਬੇਰੀ ਹੌਂਸਲੇ ਦੇ ਨਾਲ ਹਲੂਣੀ,
ਲਾਂਗਰਾਂ ਮਧੋਲ ਸੁੱਟੀਆਂ, ਕੀਤੀ ਭੁੱਖ ਜ਼ਿੰਦਗੀ ਦੀ ਊਣੀ,
ਲਾਲ ਗੜੁੱਭ ਵਰਗਾ, ਸੋਹਣਾ ਬੇਰ ਬੁੱਲੀਆਂ ਨਾਲ ਲਾਇਆ!
ਲੰਮੇ ਪੈ ਗਏ ਪੈਰ ਸੁੰਘ ਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸ਼ਿਕਾਰੀ
ਬਿਟ ਬਿਟ ਰਹੇ ਝਾਕਦੇ, ਚੌਂਕੀਦਾਰ ਤੇ ਲੰਬੜ, ਪਟਵਾਰੀ
ਦੂਰੋਂ ਵਿੱਸ ਰਹੇ ਘੋਲਦੇ, ਉਹਦੇ ਕੋਲ ਨਾ ਕੋਈ ਵੀ ਆਇਆ।
ਸਿਖਰ ਦੁਪਹਿਰੇ ਦਿਨ ਦੇ, ਜਦੋਂ ਆਪ ਨਾ ਫੁੱਟੇ ਕੁਝ ਰਾਖੇ,
ਕਿਸੇ ਦਾ ਕਿਹੜਾ ਢਿੱਡ ਦੁੱਖਦਾ, ਕਿਉਂ ਹੋਰ ਕੋਈ ਕਿਸੇ ਨੂੰ ਕੁਝ ਆਖੇ,
ਆਲਮ ਹੈਰਾਨ ਹੋ ਗਿਆ ਨਾ ਉਹ ਡਰਿਆ ਤੇ ਨਾ ਘਬਰਾਇਆ!
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ ’ਚੋਂ ਬੇਰ ਲਿਆਇਆ!
-ਇਸ ਗੀਤ ਦੇ ਅਰਥ ਰਾਜਨੀਤਕ ਵੀ ਹਨ, ਗੀਤ ਸੁਣਾਉਣ ਪਿੱਛੋਂ ਉਹਨੇ ਮੁਸਕਰਾਂਦਿਆਂ ਆਖਿਆ। ਇਸ ਤੋਂ ਬਾਅਦ ਉਹਨੇ ਹੋਰ ਵੀ ਕਈ ਕਵਿਤਾਵਾਂ ਸੁਣਾਈਆਂ।