ਪੰਜਾਬ ਦੇ ਹੋਰ ਬੇਰੁਜ਼ਗਾਰ ਨੌਜਵਾਨਾਂ ਵਾਂਗ ਚੰਗੇ ਭਵਿੱਖ ਦੀ ਕਾਮਨਾ ਕਰਦੇ ਉਹ ਅਤੇ ਉਹਦਾ ਦੋਸਤ ਦਿੱਲੀ ਹਵਾਈ ਅੱਡੇ ਨੂੰ ਚੱਲ ਪਏ। ਏਜੰਟ ਨੇ ਦੁਨੀਆ ਦੇ ਸਾਰੇ ਰਸਤੇ ਦਫ਼ਤਰ ਵਿਚ ਲੱਗੇ ਨਕਸ਼ੇ ਉੱਤੇ ਉਂਗਲਾਂ ਨਾਲ ਸਮਝਾ ਦਿਤੇ ਸਨ ਤੇ ਉਨ੍ਹਾਂ ਨੂੰ ਮਿੰਟਾਂ ਸੈਕਿੰਡਾਂ ਵਿਚ ਅਮਰੀਕਾ ਪਹੁੰਚਾ ਦਿਤਾ ਸੀ।
ਆਸਾਂ ਤੇ ਉਮੀਦਾਂ ਨਾਲ ਉਹ ਸਲਵਾਡੋਰ ਵਾਲੇ ਜਹਾਜ਼ੇ ਜਾ ਬੈਠੇ ਜਿਥੋਂ ਸਾਡੇ ਮੁਲਕ ਨੂੰ ਬਿਨਾਂ ਵੀਜ਼ਾ ਐਂਟਰੀ ਸੀ। ਉਥੋਂ ਏਜੰਟਾਂ ਰਾਹੀਂ ਬਲੀਜ਼ ਕਿਸੇ ਹੋਟਲ ਪਹੁੰਚ ਗਏ। ਬਲੀਜ਼ ਦੇ ਹੋਟਲ ਤੋਂ ਮੈਕਸਿਕਨ ਫ਼ਿਲਮਾਂ ਦੇ ਅਦਾਕਾਰ ਮਾਈਕ ਨਾਂ ਦੇ ਏਜੰਟ ਨਾਲ ਮੇਲ ਹੋਇਆ। ਉਹ ਆਪਣੀ ਦੋਸਤ ਕੁੜੀ ਨਾਲ ਕਾਰ ਵਿਚ ਆਇਆ ਅਤੇ ਉਨ੍ਹਾਂ ਨੂੰ ਮੈਕਸਿਕੋ ਲੈ ਤੁਰਿਆ। ਉਹ ਗੱਡੀ ਇਸ ਹਿਸਾਬ ਨਾਲ ਚਲਾ ਰਿਹਾ ਸੀ ਤਾਂ ਕਿ ਇਮੀਗਰੇਸ਼ਨ ਚੈੱਕ-ਪੋਸਟ ਕੋਲ ਪੁੱਜਦਿਆਂ ਹਨੇਰਾ ਹੋ ਜਾਵੇ। ਚੈੱਕ-ਪੋਸਟ ਤੋਂ ਪਹਿਲਾਂ ਜੰਗਲ ਪੈਂਦਾ ਸੀ। ਉਹਨੇ ਸਾਡੇ ਨਾਲ ਜੰਗਲ ਵਿਚੀਂ ਜਾਣਾ ਸੀ ਤੇ ਉਹਦੀ ਦੋਸਤ ਕੁੜੀ ਨੇ ਗੱਡੀ ਲੈ ਕੇ ਸੜਕੇ ਸੜਕ। ਅਗਾਂਹ ਜਾ ਕੇ ਸਭ ਨੇ ਇਕੱਠੇ ਹੋ ਜਾਣਾ ਸੀ।
ਅਜੇ ਜੰਗਲ ਦੇ ਅੱਧ ਵਿਚਕਾਰ ਜਿਹੇ ਗਏ ਹੋਣਗੇ ਕਿ ਇਮੀਗਰੇਸ਼ਨ ਦੇ ਟਰੇਂਡ ਕੁੱਤੇ ਭੌਂਕਣ ਲੱਗ ਪਏ। ਮਾਈਕ ਥੋੜ੍ਹੀ ਥੋੜ੍ਹੀ ਪੰਜਾਬੀ ਬੋਲ ਲੈਂਦਾ ਸੀ ਜੋ ਸ਼ਾਇਦ ਪੰਜਾਬੀਆਂ ਨੇ ਸਿਖਾਈ ਹੋਈ ਸੀ- ‘ਜਲਦੀ ਜਲਦੀ ਕਰੋ’ ਜਾਂ ‘ਇਧਰ ਆਉ’ ਜਾਂ ਹੌਲੀ ਹੌਲੀ ਆਉ’। ਘੁਸਰ-ਮੁਸਰ ਸੁਣ ਕੇ ਕੁੱਤੇ ਭੌਂਕਣ ਤੋਂ ਨਾ ਹਟਣ। ਹੌਲੀ ਹੌਲੀ ਰਾਤ ਦੇ ਹਨੇਰੇ ਵਿਚ ਜੰਗਲ ਤੋਂ ਬਾਹਰ ਆ ਗਏ। ਉਹਦੀ ਦੋਸਤ ਕੁੜੀ ਪਹਿਲਾਂ ਹੀ ਸੜਕ ਦੇ ਇਕ ਪਾਸੇ ਹਨੇਰੇ ਜਿਹੇ ਵਿਚ ਗੱਡੀ ਲੈ ਕੇ ਖੜ੍ਹੀ ਸੀ। ਬਹਿੰਦੇ ਸਾਰ ਹੀ ਗੱਡੀ ਹਵਾ ਹੋ ਗਈ। ਫਿਰ ਇਕ ਹੋਰ ਇਮੀਗਰੇਸ਼ਨ ਚੈੱਕ-ਪੋਸਟ ਆ ਗਈ। ਲੋੜ ਪੈਣ ਤੇ ਸਪੈਨਿਸ਼ ਵਿਚ ਵਿਚ ਕੀ ਕਹਿਣਾ ਹੈ, ਏਜੰਟ ਨੇ ਪਹਿਲੋਂ ਹੀ ਸਿਖਾ ਦਿੱਤਾ ਸੀ।
ਏਜੰਟ ਸਾਰੇ ਰਸਤਿਆਂ ਦੇ ਭੇਤੀ ਹੁੰਦੇ ਨੇ ਤੇ ਕਈ ਭਾਸ਼ਾਵਾਂ ਦੀ ਥੋੜ੍ਹੀ ਬਹੁਤ ਜਾਣਕਾਰੀ ਜ਼ਰੂਰ ਰੱਖਦੇ ਹਨ। ਪੁੱਛ-ਪੜਤਾਲ ਲਈ ਇਮੀਗਰੇਸ਼ਨ ਵਾਲੇ ਅੰਦਰ ਲੈ ਗਏ ਤੇ ਕਈ ਤਰ੍ਹਾਂ ਦੇ ਸਵਾਲ ਕੀਤੇ। ਸਪੈਨਿਸ਼ ਵਿਚ ਜੋ ਸਮਝਾਇਆ ਸੀ, ਉਨ੍ਹਾਂ ਨੂੰ ਬੋਲ ਦਿੱਤਾ। ਫ਼ਿਲਮਾਂ ਵਿਚ ਕੰਮ ਕਰਦਾ ਕਰ ਕੇ ਇਮੀਗਰੇਸ਼ਨ ਵਾਲੇ ਮਾਈਕ ਨਾਲ ਗੱਲੀਂ ਪੈ ਗਏ। ਗੱਲਾਂ-ਬਾਤਾਂ ਦੇ ਮਾਹਿਰ ਤੇ ਚੁਸਤ ਚਲਾਕ ਐਕਟਰ ਹੋਣ ਕਰ ਕੇ ਆਪਣੀਆਂ ਫ਼ਿਲਮਾਂ ਦੀਆਂ ਸ਼ੂਟਿੰਗਾਂ ਦੇ ਸੀਨ ਕੋਲ ਰੱਖੇ ਮੈਗ਼ਜ਼ੀਨਾਂ ਵਿਚੋਂ ਦਿਖਾਉਣ ਲੱਗਾ। ਉਹਨੇ ਗੱਲਾਂ ਗੱਲਾਂ ਵਿਚ ਉਨ੍ਹਾਂ ਤੋਂ ਪਿਛਾ ਛੁਡਾ ਲਿਆ।
ਦੁਪਿਹਰ ਨੂੰ ਮਾਈਕ ਦੇ ਘਰ ਪਹੁੰਚ ਕੇ ਕਈ ਦਿਨਾਂ ਬਾਅਦ ਰੱਜ ਕੇ ਰੋਟੀ ਖਾਧੀ। ਉਂਜ ਰੋਟੀ ਵੀ ਕਾਹਦੀ! ਬਰੈੱਡ ਜਾਂ ਆਮਲੇਟ ਬਗੈਰਾਂ ਸਨ। ਮਾਂ ਦੇ ਹੱਥਾਂ ਦੀਆਂ ਰੋਟੀਆਂ ਪਿੱਛੇ ਰਹਿ ਗਈਆਂ ਸਨ!! ਮਾਈਕ ਦੀ ਬੈਠਕ ’ਚ ਬੈਠੇ ਤਾਂ ਉਹਨੇ ਪੰਜਾਬੀਆਂ ਦੇ ਮਨੋਰੰਜਨ ਲਈ ਹਿੰਦੀ ਗਾਣਿਆਂ ਦੇ ਤਵੇ ਲਾ ਦਿੱਤੇ। ‘ਕ੍ਰਾਂਤੀ’ ਫ਼ਿਲਮ ਵਾਲਾ ਤਵਾ ਵਾਰ ਵਾਰ ਸੁਣਦੇ ਰਹੇ। ਦੋਹਾਂ ਦਾ ਧਿਆਨ ਵਾਰ ਵਾਰ ਅਮਰੀਕਾ ਵੱਲ ਜਾ ਰਿਹਾ ਸੀ। ਉਨ੍ਹਾਂ ਨੂੰ ਅਮਰੀਕਾ ਲਿਆਉਣ ਲਈ ਮਾਈਕ ਨੇ ਪਹਿਲਾਂ ਹੀ ਕਿਸੇ ਹੋਰ ਏਜੰਟ ਨਾਲ ਗੰਢ-ਤੁੱਪ ਕੀਤੀ ਹੋਈ ਸੀ। ਉਹ ਏਜੰਟ ਵੀ ਆ ਪਹੁੰਚਿਆ ਤੇ ਉਨ੍ਹਾਂ ਨੂੰ ਸ਼ਾਮ ਨੂੰ ਜੰਗਲ ਦੇ ਰਸਤੇ ਲੈ ਤੁਰਿਆ। ਮੈਕਸਿਕੋ ਦੇ ਜੰਗਲਾਂ ਵਿਚੀਂ ਤੁਰਦੇ ਗਏ। ਉਸ ਵਕਤ ਉਨ੍ਹਾਂ ਕੋਲ ਤਨ ਵਾਲੇ ਕੱਪੜੇ ਅਤੇ ਲੁਕੋ ਕੇ ਰੱਖੇ ਕੁਝ ਡਾਲਰ ਸਨ। ਹੋਰ ਪੈਸੇ ਉਨ੍ਹਾਂ ਪਹਿਲਾਂ ਹੀ ਫ਼ੜ ਲਏ ਸਨ। ਰਾਹ ਬੜੇ ਖਤਰਨਾਕ ਸਨ। ਜੰਗਲੀ ਜੀਵ ਜੰਤੂਆਂ ਦਾ ਡਰ ਵੀ ਸੀ। ਪੰਜਾਬ ਵਾਲੇ ਏਜੰਟ ਨੇ ਤਾਂ ਮੈਕਸੀਕੋ ਦਾ ਨਕਸ਼ਾ ਦਿਖਾ ਕੇ ਮਿੰਟੋ-ਮਿੰਟੀ ਬਾਰਡਰ ਪਾਰ ਕਰਾ ਕੇ ਅਮਰੀਕਾ ਵਾੜ ਦਿਤੇ ਸਨ।
ਜੰਗਲੀ ਰਾਤ ਦੇ ਹਨੇਰੇ ਵਿਚ ਪਤਾ ਨਹੀਂ ਕਿੰਨੇ ਸੱਪਾਂ ਦੀਆਂ ਸਿਰੀਆਂ ਮਿਧੀਆਂ ਹੋਣਗੀਆਂ! ਸਾਰੀ ਰਾਤ ਭੁੱਖੇ ਪਿਆਸੇ ਤੁਰੀ ਗਏ। ਹੁਣ ਭੁੱਖ ਨਾਲ ਬੁਰਾ ਹਾਲ ਸੀ ਪਰ ਅਮਰੀਕਾ ਜਾਣ ਦੇ ਚਾਅ ਵਿਚ ਜਾਨ ਦੀ ਪ੍ਰਵਾਹ ਨਹੀਂ ਸੀ। ਮਨ ਵਿਚ ਇਹੀ ਧਾਰਿਆ ਸੀ ਕਿ ਅਗਰ ਫੜੇ ਵੀ ਗਏ ਤਾਂ ਪਿਛੇ ਨਹੀਂ ਮੁੜਨਾ, ਗੋਲੀ ਖਾਣੀ ਮਨਜ਼ੂਰ ਹੈ। ਦਿਨੇ ਜੰਗਲੀ ਝਾੜ, ਝੀਡਿਆਂ ਵਿਚ ਲੁਕ ਕੇ ਨੀਂਦ ਪੂਰੀ ਕਰਨੀ ਅਤੇ ਰਾਤ ਨੂੰ ਸਫਰ ਸ਼ੁਰੂ ਹੋ ਜਾਂਦਾ। ਕਈ ਦਿਨ ਤੇ ਕਈ ਰਾਤਾਂ ਗੁਜ਼ਰ ਗਏ। ਭੁੱਖ ਨਾਲ ਮਰਦਿਆਂ ਦਰੱਖਤਾਂ ਦੇ ਪੱਤੇ ਤੱਕ ਖਾਣੇ ਪਏ। ਸੁੱਧ-ਬੁੱਧ ਭੁੱਲ ਗਈ ਸੀ।
“ਲਉ ਜੀ, ਮੈਕਸਿਕੋ ਦਾ ਬਾਰਡਰ ਖਤਮ ਹੋ ਗਿਆ, ਹੁਣ ਤੁਸੀਂ ਅਮਰੀਕਾ ਦੀ ਧਰਤੀ ਤੇ ਓ।” ਇਹ ਏਜੰਟ ਦੀ ਹੌਸਲਾ ਦੇਣ ਵਾਲੀ ਆਵਾਜ਼ ਸੀ ਪਰ ਜੰਗਲ ਤਾਂ ਅਜੇ ਵੀ ਸਨ। ਉਂਜ, ਸੁਣ ਕੇ ਸਾਹ ’ਚ ਸਾਹ ਆਇਆ। ਸਾਰੀਆਂ ਦੁੱਖ-ਤਕਲੀਫ਼ਾਂ ਭੁੱਲ ਗਈਆਂ। ਜਿਹੜੇ ਲੋਕ ਅਮਰੀਕਾ ਛੱਡਣ ਆਏ ਸਨ, ਉਹ ਪਿੱਛੇ ਮੁੜ ਗਏ। ਕੱਪੜੇ ਫ਼ਟੇ ਹੋਏ ਸਨ, ਬੂਟਾਂ ਦੇ ਥੱਲੇ ਘਸ ਘਸ ਕੇ ਪੈਰਾਂ ਦਾ ਬੁਰਾ ਹਾਲ ਹੋਇਆ ਪਿਆ ਸੀ। ਕੰਡੇ ਲੱਗ ਲੱਗ ਕੇ ਪੈਰਾਂ ਵਿਚੋਂ ਖੂਨ ਨਿਕਲ ਕੇ ਸੁੱਕ ਚੁੱਕਿਆ ਸੀ।
ਸਵੇਰ ਹੋਈ। ਬੰਦੇ ਨੂੰ ਬੰਦਾ ਦਿਸਣ ਲੱਗ ਪਿਆ। ਅਚਾਨਕ ਅੱਗਿਓਂ ਗੈਸ ਸਟੇਸ਼ਨ ਤੇ ਨਜ਼ਰ ਪਈ। ਥੱਕੇ ਟੁੱਟੇ, ਭੁੱਖੇ ਪਿਆਸੇ ਉਧਰ ਨੂੰ ਹੋ ਤੁਰੇ। ਸਟੋਰ ਕੋਲ ਜਾ ਕੇ ਸ਼ੀਸ਼ਿਆਂ ਵਿਚੀਂ ਅੰਦਰ ਝਾਕਿਆ ਤਾਂ ਕੋਈ ਬੰਦਾ ਅੰਦਰ ਘੁੰਮ ਰਿਹਾ ਸੀ। ਉਨ੍ਹਾਂ ਦੇ ਲੰਮੇ ਵਾਲ, ਪਾਟੇ ਕੱਪੜੇ ਤੇ ਬੁਰੀ ਹਾਲਤ ਦੇਖ ਕੇ ਸ਼ਾਇਦ ਉਹ ਕਿਸੇ ਭਿਖਾਰੀ ਦਾ ਭੁਲੇਖਾ ਖਾ ਕੇ ਬੇਧਿਆਨ ਹੋ ਗਿਆ ਸੀ। ਦੁਬਾਰਾ ਸ਼ੀਸ਼ੇ ਖੜਕਾਏ ਤਾਂ ਉਹ ਸ਼ਖ਼ਸ ਬਾਹਰ ਆ ਗਿਆ। ‘ਯੈੱਸ’, ਕਹਿਣ ਤੇ ਪੰਜਾਬੀਆਂ ਵਰਗੇ ਹਾਵ-ਭਾਵ ਸਮਝ ਕੇ ਬੜੀ ਮੁਸ਼ਕਿਲ ਨਾਲ ਸੁੱਕੇ ਬੁੱਲ੍ਹਾਂ ਵਿਚੋਂ ‘ਪਾਣੀ’ ਨਿਕਲਿਆ। ਉਹ ਇਕ ਦਮ ਅੰਦਰ ਗਿਆ ਤੇ ਪਾਣੀ ਦੀਆਂ ਦੋ ਬੋਤਲਾਂ ਲੈ ਆਇਆ। ‘ਲਉ ਪੀਉ’, ਕਹਿ ਕੇ ਕੋਲ ਹੀ ਬਹਿ ਗਿਆ। ਉਹਦੇ ਦੇਖਦੇ ਦੇਖਦੇ ਪਾਣੀ ਦੀ ਗਟ ਗਟ ਨਾਲ ਦੋਵੇਂ ਬੋਤਲਾਂ ਖਾਲੀ ਹੋ ਗਈਆਂ। ਪਾਣੀ ਨਾਲ ਕੁਝ ਕੁਝ ਹੋਸ਼ ਪਰਤ ਆਈ ਸੀ।
ਉਹਨੇ ਪਾਣੀ ਦੀਆਂ ਦੋ ਬੋਤਲਾਂ ਹੋਰ ਲਿਆ ਦਿੱਤੀਆਂ। ਉਹ ਵੀ ਮੁੱਕ ਗਈਆਂ। ਪਾਣੀ ਪੀ ਕੇ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ, ਸਰੀਰ ਨੇ ਜਾਨ ਫੜੀ। ਉਨ੍ਹਾਂ ਨੂੰ ਇਸ ਸ਼ਖ਼ਸ ਵਿਚੋਂ ਦੇਵਤਾ ਦਿਸਣ ਲੱਗਿਆ। ਉਹਨੇ ਵੀ ਉਨ੍ਹਾਂ ਦੀ ਦਰਦ ਭਰੀ ਦਾਸਤਾਂ ਸੁਣ ਅੱਖਾਂ ਭਰ ਲਈਆਂ ਸਨ। ਫਿਰ ਉਹ ਆਪਣੇ ਨਾਲ ਦੇ ਨੂੰ ‘ਹੁਣੇ ਆਇਆ’ ਕਹਿ ਕੇ ਉਨ੍ਹਾਂ ਦੋਹਾਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਘਰ ਲੈ ਤੁਰਿਆ। ਅੱਧੇ ਕੁ ਘੰਟੇ ਬਾਅਦ ਘਰ ਪਹੁੰਚ ਗਏ। ਉਹਦੇ ਬੱਚੇ ਅਤੇ ਪਤਨੀ ਘੂਰ ਘੂਰ ਦੇਖਣ ਕਿ ਇਹ ‘ਹੋਮਲੈੱਸ’ ਕਿਥੋਂ ਲੈ ਆਇਆ। ਫਿਰ ਉਹਨੇ ਉਨ੍ਹਾਂ ਨੂੰ ਘਰ ਦੀ ਬੇਸਮੈਂਟ ਵਿਚ ਲਿਜਾ ਬਿਠਾਇਆ: “ਲਉ ਬਈ ਜੁਆਨੋ, ਐਥੇ ਬੈਠੋ, ਨਾਵੋ-ਧੋਵੋ, ਮੈਂ ਤੁਹਾਡੇ ਲਈ ਕੱਪੜੇ ਲੈ ਆਵਾਂ।”
ਨਹਾ ਧੋ ਅਤੇ ਰੋਟੀ ਖਾ ਕੇ ਮਹਿਸੂਸ ਹੋਇਆ ਜਿਵੇਂ ਨਵਾਂ ਜਨਮ ਹੋਇਆ ਹੋਵੇ। ਉਨ੍ਹਾਂ ਨੂੰ ਬੇਸਮੈਂਟ ਵਿਚ ਛੱਡ ਕੇ ਉਹ ਫਿਰ ਸਟੋਰ ਨੂੰ ਚਲਾ ਗਿਆ। ਉਹ ਵੀ ਹੌਲੀ ਹੌਲੀ ਕੰਮਾਂ ਤੇ ਜਾਣ ਲੱਗੇ। ਫਿਰ ਬਾਹਰ ਕਿਰਾਏ ਦੇ ਕਮਰੇ ਲੈ ਲਿਆ। ਕਈ ਸਟੋਰ ਕਮਾਏ ਪਰ ਉਹ ਭਲਾ ਇਨਸਾਨ ਮੁੜ ਕਦੇ ਨਾ ਦਿਸਿਆ।
ਸੰਪਰਕ: +1-917-375-6395