ਹਰਜਿੰਦਰ ਸਿੰਘ ਗੁਲਪੁਰ
ਉਹ ਪੀੜ੍ਹੀ ਹੁਣ ਖ਼ਤਮ ਹੋਣ ਦੀ ਕਗਾਰ ’ਤੇ ਹੈ ਜੋ ਉਨ੍ਹਾਂ ਨੂੰ ਜਾਣਦੀ ਸੀ। ਉਹ ਸਕੂਲ ਸਮੇਂ ਤੋਂ ਹੀ ਮਰਹੂਮ ਹੈੱਡਮਾਸਟਰ ਮਹਿੰਗਾ ਸਿੰਘ ਸਿੰਬਲ ਮਜਾਰਾ ਦੇ ਸੰਪਰਕ ਵਿਚ ਆ ਕੇ ਸੀਪੀਆਈ ਦੇ ਕੁਲਵਕਤੀ ਮੈਂਬਰ ਬਣ ਗਏ ਸਨ। ਦੂਜੀ ਸੰਸਾਰ ਜੰਗ ਬਾਅਦ ਇਹ ਉਹ ਸਮਾਂ ਸੀ ਜਦੋਂ ਸਾਮਰਾਜੀ ਤਾਕਤਾਂ ਖਿਲਾਫ ਸੰਘਰਸ਼ ਜ਼ੋਰਾਂ ’ਤੇ ਸੀ। ਹਿਟਲਰਸ਼ਾਹੀ ‘ਮਿੱਤਰ ਦੇਸ਼ਾਂ` ਹੱਥੋਂ ਹਾਰ ਚੁੱਕੀ ਸੀ। ਬਹੁਤ ਸਾਰੇ ਦੇਸ਼ਾਂ ਵਿਚ ਰਾਜਨੀਤਕ ਉਥਲ-ਪੁਥਲ ਹੋ ਰਹੀ ਸੀ। ਇਸ ਦਾ ਅਸਰ ਕਬੂਲਣ ਤੋਂ ਭਾਰਤ ਕਿਵੇਂ ਬਚ ਸਕਦਾ ਸੀ।
ਸ਼ਰੀਕੇ ਵਿਚੋਂ ਚਾਚਾ ਲਗਦੇ ਗੁਰਦੇਵ ਸਿੰਘ ਦਾ ਜਨਮ 1930 ਵਿਚ ਹੋਇਆ ਸੀ। ਜਦੋਂ ਉਨ੍ਹਾਂ ਦਾ ਵਿਆਹ ਹੋਇਆ, ਉਦੋਂ ਮੈਂ ਸੁਰਤ ਸੰਭਾਲੀ ਹੀ ਸੀ। ਉਸ ਸਮੇਂ ਉਹ ਕਰਨਾਲ ਦੇ ਕਿਸੇ ਸਕੂਲ ਵਿਚ ਪੜ੍ਹਾਉਂਦੇ ਸਨ ਅਤੇ ਕਦੇ ਕਦੇ ਪਿੰਡ ਆਉਂਦੇ ਸਨ। ਮੈਂ ਪਹਿਲੀ ਵਾਰ ਦੇਖਿਆ, ਉਦੋਂ ਬਰਾਤ ਨੂੰ ਕੁਰਸੀਆਂ ਮੇਜ਼ਾਂ ਉੱਤੇ ਬਿਠਾਲ ਕੇ ਖਾਣਾ ਖਵਾਇਆ ਗਿਆ ਸੀ ਜਿਸ ਵਿਚ ਬੱਕਰੇ ਦਾ ਮੀਟ ਸ਼ਾਮਲ ਸੀ। ਚਾਚੇ ਦੀ ਸੋਚ ਸਾਡੇ ਨਾਲੋਂ ਬਹੁਤ ਅੱਗੇ ਸੀ। ਇਹੀ ਕਾਰਨ ਸੀ ਕਿ ਸਾਡੀਆਂ ਕੱਚੀਆਂ ਸਵਾਤਾਂ ਵਿਚ ਵੀ ਵਿਆਹ ਵਾਲੀ ਰਾਤ ਨੂੰ ਕੋਰਿਆਂ ਉੱਤੇ ਬਿਠਾ ਕੇ ਮਹਾਂ ਪ੍ਰਸ਼ਾਦ ਵਰਤਾਇਆ ਗਿਆ ਸੀ ਜਿਸ ਨੂੰ ਲੋਕ ਖਾਣਾ ਤਾਂ ਚਾਹੁੰਦੇ ਸਨ ਪਰ ਓਪਰੇ ਦਿਲੋਂ ਚੰਗਾ ਨਹੀਂ ਸਮਝਦੇ ਸਨ।
ਦਿਨ ਲੰਘਦੇ ਗਏ, ਉਨ੍ਹਾਂ ਦੀ ਭਰਤੀ ਵੱਖ ਹੋਏ ਪੰਜਾਬ ਦੇ ਸਰਕਾਰੀ ਸਕੂਲ ਵਿਚ ਹੋ ਗਈ ਤੇ ਉਨ੍ਹਾਂ ਦਾ ਪੱਕਾ ਡੇਰਾ ਪਿੰਡ ਗੁਲਪੁਰ ਵਿਚ ਲੱਗ ਗਿਆ। ਇਸ ਸਮੇਂ ਤੱਕ ਮੈਂ ਨੌਵੀਂ ਵਿਚ ਹੋ ਗਿਆ ਸੀ। ‘ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ’ ਦੇ ਨਾਅਰਿਆਂ ਵਾਲੇ ਵਾਹਨ ਸਾਡੇ ਬਲਾਚੌਰ ਸਕੂਲ ਅੱਗਿਓਂ ਲੰਘਦੇ ਅਸੀਂ ਅਕਸਰ ਦੇਖਦੇ ਹੁੰਦੇ ਸੀ। ਉਦੋਂ ਗੌਰਮਿੰਟ ਟੀਚਰ ਯੂਨੀਅਨ ਦਾ ਪੰਜਾਬ ਦੀ ਸਿਆਸਤ ਵਿਚ ਬੋਲਬਾਲਾ ਸੀ। ਸੀਪੀਆਈ ਅਤੇ ਸੀਪੀਐੱਮ ਨਾਲ ਸਬੰਧਿਤ ਦੋ ਅਧਿਆਪਕ ਜਥੇਬੰਦੀਆਂ ਯੂਨੀਅਨ ਵਿਚ ਸਰਗਰਮ ਸਨ। ਬਕਾਇਦਾ ਚੋਣ ਹੁੰਦੀ; ਕਦੇ ਇੱਕ ਜਿੱਤ ਜਾਂਦੀ, ਕਦੇ ਦੂਜੀ। ਉਹ ਜਲਦੀ ਹੀ ਆਪਣੀ ਪਾਰਟੀ ਦੀ ਅਧਿਆਪਕ ਯੂਨੀਅਨ ਦੇ ਸਰਕਲ ਪ੍ਰਧਾਨ ਚੁਣੇ ਗਏ। ਸੀਮਤ ਸਾਧਨਾਂ ਦੇ ਬਾਵਜੂਦ ਉਨ੍ਹਾਂ ਸਾਰੀ ਜਿ਼ੰਦਗੀ ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੇ ਯਤਨ ਕੀਤੇ। ਵਾਹ ਲਗਦੀ ਕਦੇ ਕਿਸੇ ਵਿਦਿਆਰਥੀ ਨੂੰ ਸਕੂਲ ਛੱਡ ਕੇ ਘਰੇ ਨਹੀਂ ਬਹਿਣ ਦਿੱਤਾ। ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਤੋਂ ਇਲਾਵਾ ਉਨ੍ਹਾਂ ਦਾ ਦੂਜਾ ਵੱਡਾ ਮਕਸਦ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਅੰਧ-ਵਿਸ਼ਵਾਸ ਤੋਂ ਮੁਕਤ ਕਰਨਾ ਸੀ। ਆਪਣੇ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਇਲਾਕੇ ਭਰ ਦੇ ਲੋਕ ਉਨ੍ਹਾਂ ਦੀ ਸਲਾਹ ਪੁੱਛਣ ਸਾਡੇ ਸਾਂਝੇ ਘਰ ਆਉਂਦੇ। ਸਾਡਾ ਪਰਿਵਾਰ ਉਦੋਂ ਵਿਦਿਅਕ ਹੱਬ ਵਜੋਂ ਜਾਣਿਆ ਜਾਂਦਾ ਸੀ। ਮੇਰੇ ਬਾਬਾ ਮਰਹੂਮ ਬੰਤਾ ਰਾਮ 1952 ਵਿਚ ਸੇਵਾਮੁਕਤ ਹੋਏ ਤੇ ਮੇਰਾ ਜਨਮ ਤਿੰਨ ਸਾਲ ਬਾਅਦ ਦਾ ਹੈ। ਨੇੜਲੇ ਪਿੰਡਾਂ ਦੇ ਵਿਦਿਆਰਥੀ ਸਰਕਾਰੀ ਸਕੂਲ ਸਾਹਿਬਾ ਵਿਖੇ ਜਾਣ ਲਈ ਸੁਬ੍ਹਾ-ਸਵੇਰੇ ਸਾਡੇ ਪਿੰਡ ਆ ਜਾਂਦੇ ਸਨ। ਇਥੋਂ ਦਰਜਨਾਂ ਵਿਦਿਆਰਥੀਆਂ ਦਾ ਟੋਲਾ ਸਕੂਲ ਵੱਲ ਪੈਦਲ ਕੂਚ ਕਰਦਾ। ਇਨ੍ਹਾਂ ਵਿਚ ਮੇਰਾ ਬਾਪ ਅਤੇ ਪਿੰਡ ਦੇ ਹੋਰ ਚਾਚੇ ਤਾਏ ਵੀ ਸ਼ਾਮਲ ਹੁੰਦੇ। ਮੇਰਾ ਬਾਬਾ ਅਧਿਆਪਕ ਨਾਲੋਂ ਵਧ ਅੱਖੜ ਅਤੇ ਗੰਭੀਰ ਕਿਸਮ ਦਾ ਧਾਰਮਿਕ ਬੰਦਾ ਸੀ। ਉਹ ਪਰਿਵਾਰ ਨਾਲ ਵਿਸ਼ੇਸ਼ ਦੂਰੀ ਬਣਾ ਕੇ ਰੱਖਦਾ। ਘੋੜੀ ਰੱਖਣ ਦਾ ਸ਼ੌਂਕੀ। ਉਹਨੇ ਬਹੁਤੇ ਦੋਸਤ ਨਹੀਂ ਬਣਾਏ। ਬਾਅਦ ਵਿਚ ਪਤਾ ਲੱਗਿਆ ਕਿ ਉਹ ਆਰੀਆ ਸਮਾਜੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਇਸ ਵਿਚਾਰਧਾਰਾ ਨੂੰ ਉਸ ਜ਼ਮਾਨੇ ਵਿਚ ਅਗਾਂਹਵਧੂ ਸਮਝਿਆ ਜਾਂਦਾ ਸੀ। ਇਹੀ ਕਾਰਨ ਹੈ ਕਿ ਅਸੀਂ ਜਾਤ-ਪਾਤੀ ਦਕੀਆਨੂਸੀ ਤੋਂ ਕੋਹਾਂ ਦੂਰ ਰਹੇ।
ਬਾਬਾ ਜੀ ਦੇ ਸੇਵਾਮੁਕਤ ਹੋਣ ਪਿੱਛੋਂ ਚਾਚਾ ਗੁਰਦੇਵ ਸਿੰਘ ਸਾਡੇ ਪਰਿਵਾਰ ਦਾ ਇੱਕ ਤਰ੍ਹਾਂ ਨਾਲ ਬੁਲਾਰਾ ਬਣ ਕੇ ਸਾਹਮਣੇ ਆਇਆ। ਰਵਾਇਤਾਂ ਤੋਂ ਬਾਗ਼ੀ ਹੋਣ ਦਾ ਬੀੜਾ ਉਨ੍ਹਾਂ ਉਠਾ ਲਿਆ ਸੀ। ਛੇਤੀ ਹੀ ਮਕਬੂਲੀਅਤ ਵਧਣ ਲੱਗੀ। ਉਨ੍ਹਾਂ ਦੇ ਜੀਵਨ ’ਤੇ ਕਿਤਾਬ ਲਿਖੀ ਜਾ ਸਕਦੀ ਹੈ, ਫਿ਼ਲਹਾਲ ਉਹੀ ਲਿਖਾਂਗਾ ਜੋ ਖ਼ੁਦ ਦੇਖਿਆ ਹੈ। ਉਨ੍ਹਾਂ ਦੀ ਬਦੌਲਤ ਮੈਨੂੰ ਅਨੇਕ ਵੱਡੇ ਜਥੇਬੰਦਕ ਅਤੇ ਰਾਜਸੀ ਆਗੂਆਂ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ। ਇਸ ਪਿੱਛੇ ਉਸ ਸਮੇਂ ਤਿੰਨ ਕਿੱਲਿਆਂ ਵਿਚ ਲੱਗੇ ਸਾਂਝੇ ਅੰਬਾਂ ਦੇ ਬਾਗ਼ ਦੀ ਬਹੁਤੀ ਭੂਮਿਕਾ ਹੈ। ਕਹਿੰਦੇ-ਕਹਾਉਂਦੇ ਰਾਜਸੀ ਨੇਤਾ ਅਤੇ ਅਫਸਰ ਬਰਸਾਤ ਦੇ ਮੌਸਮ ਵਿਚ ਅੰਬ ਚੂਪਣ ਸਾਡੇ ਇਸ ਸਾਂਝੇ ਬਾਗ਼ ਵਿਚ ਆਉਂਦੇ। ਰਾਹੋਂ ਤੋਂ ਲੈ ਕੇ ਲੁਧਿਆਣਾ ਦੀਆਂ ਮੰਡੀਆਂ ਤੱਕ ਬਾਗ਼ ਦੇ ਅੰਬਾਂ ਦੇ ਹੋਕੇ ਲੱਗਣ ਦੇ ਗਵਾਹ ਅਜੇ ਵੀ ਇਲਾਕੇ ਵਿਚ ਮਿਲ ਜਾਂਦੇ ਹਨ।
ਇੱਕ ਵਾਰ ਕਿਸੇ ਨੇ ਚਾਚਾ ਜੀ ਨੂੰ ਸਵਾਲ ਪੁੱਛਿਆ: ਜਿਸ ਤਰ੍ਹਾਂ ਤੁਹਾਡੇ ਘਰ ਵਿਚ ਵਿਦਿਆ ਆਈ ਨੂੰ ਸੌ ਸਾਲ ਤੋਂ ਵੱਧ ਸਮਾਂ ਹੋ ਗਿਆ, ਉਸ ਹਿਸਾਬ ਨਾਲ ਤਾਂ ਤੁਹਾਡੇ ਨਿਆਣੇ ਆਈਏਐੱਸ ਆਈਪੀਐੱਸ ਹੋਣੇ ਚਾਹੀਦੇ ਸਨ? ਚਾਚਾ ਜੀ ਨੇ ਨਿਰਛਲ ਹੱਸਦਿਆਂ ਜਵਾਬ ਦਿੱਤਾ ਸੀ, “ਕੁਦਰਤ ਨੇ ਸਾਡੇ ਪਰਿਵਾਰ ਦੀ ਡਿਊਟੀ ਪੈਸਾ ਕਮਾਉਣ ਦੀ ਨਹੀਂ, ਗਿਆਨ ਵੰਡਣ ਦੀ ਲਾਈ ਹੈ।” ਉਨ੍ਹਾਂ ਦੇ ਇਹ ਬੋਲ ਸਾਡੇ ਪਰਿਵਾਰ ’ਤੇ ਐਨ ਢੁੱਕਦੇ ਹਨ। ਅੱਜ ਪੰਜਵੀਂ ਛੇਵੀਂ ਪੀੜ੍ਹੀ ਦੌਰਾਨ ਵੀ ਸਾਡੇ ਘਰ ਦੇ ਬੱਚੇ ਬੱਚੀਆਂ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ।
1970 ਦੇ ਲਾਗੇ ਉੱਠੀ ਨਕਸਲਬਾੜੀ ਲਹਿਰ ਦੌਰਾਨ ਮੇਰਾ ਰੁਝਾਨ ਉਧਰ ਨੂੰ ਹੋ ਗਿਆ ਤੇ ਮੈਂ ਚਾਚੇ ਦੀਆਂ ਕਈ ਗੱਲਾਂ ਦੀ ਆਲੋਚਨਾ ਕਰਨ ਲੱਗ ਪਿਆ। ਸਾਡੇ ਰਿਸ਼ਤੇ ਵਿਚਾਰਧਾਰਕ ਪੱਖੋਂ ਖਟ-ਮਿਠੇ ਹੋ ਗਏ। ਮੇਰੀ ਮਾਂ, ਚਾਚਾ ਜੀ ਦੀ ਮਾਂ ਰਾਮ ਕੌਰ ਅਤੇ ਮੇਰੇ ਬਾਪੂ ਅਕਸਰ ਕਹਿੰਦੇ ਸਨ ਕਿ ਇਹਨੇ ਗੁਰਦੇਵ ਦਾ ਜੂਠਾ ਖਾਧਾ ਹੋਇਆ। ਬਾਅਦ ਵਿਚ ਪੰਜਾਬ ਦੇ ਹਾਲਾਤ ਤਿੱਖੇ ਮੋੜ ਵੱਲ ਖਿਸਕਣੇ ਸ਼ੁਰੂ ਹੋ ਗਏ। ਮੈਂ ਵੀ ਆਪਣੀ ਵਿਚਾਰਧਾਰਾ ਵੱਲੋਂ ਮੋੜਾ ਪਾਉਣ ਲੱਗ ਪਿਆ ਪਰ ਉਹ ਆਪਣੇ ਵਿਚਾਰਾਂ ’ਤੇ ਅਡੋਲ ਰਹਿੰਦੇ ਹੋਏ ਮੈਨੂੰ ਸਮਝਾਉਂਦੇ ਰਹੇ ਸਨ। ਉਨ੍ਹਾਂ ਦੀਆਂ ਗੱਲਾਂ ਦਰਕਿਨਾਰ ਕਰਨ ਦੀ ਇੱਕ ਸਮੇਂ ਮੈਨੂੰ ਵੱਡੀ ਕੀਮਤ ਤਾਰਨੀ ਪਈ। ਮੈਨੂੰ 1977 ਦੇ ਉਹ ਦਿਨ ਯਾਦ ਹਨ ਜਦੋਂ ਉਨ੍ਹਾਂ ਕੰਧਾਂ ’ਤੇ ਇਕ ਪਾਰਟੀ ਬਾਰੇ ‘ਲੋਟੂਆਂ ਦੀ ਪਾਰਟੀ’ ਲਿਖਵਾਇਆ ਸੀ। ਲਿਖਣ ਵਾਲਿਆਂ ਵਿਚ ਉਨ੍ਹਾਂ ਦੀ ਛੋਟੀ ਧੀ ਰੋਜ਼ੀ ਵੀ ਸ਼ਾਮਲ ਸੀ। ਉਨ੍ਹਾਂ ਦਾ ਇਸ਼ਾਰਾ ਉਸ ਸਮੇਂ ਕੱਟੜਪੰਥੀ ਤਾਕਤਾਂ ਵੱਲ ਸੀ। ਅੱਜ ਦੇਸ਼ ਦੇ ਹਾਲਾਤ ਦੇਖ ਕੇ ਉਨ੍ਹਾਂ ਦੀ ਦੂਰਅੰਦੇਸ਼ੀ ’ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ 50 ਸਾਲ ਪਹਿਲਾਂ ਹੀ ਕਿਆਸ ਲਿਆ ਸੀ।
… 1988 ਦੇ ਮਾਰਚ ਮਹੀਨੇ ਦੀ 14 ਤਾਰੀਖ਼ ਸੀ। ਸੂਰਜ ਢਲ ਰਿਹਾ ਸੀ। ਗੁਰਦੇਵ ਸਿੰਘ ਤੇ ਪਰਮਜੀਤ ਦੇਹਲ ਸਾਥੀਆਂ ਨਾਲ ਸਾਈਕਲਾਂ ’ਤੇ ਦੂਸਰੇ ਦਿਨ ਦਿੱਤੀ ‘ਭਾਰਤ ਬੰਦ’ ਦੇ ਸੱਦੇ ਸਬੰਧੀ ਪ੍ਰਚਾਰ ਕਰ ਕੇ ਜਦੋਂ ਮਜਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਸਾਹਿਬੇ ਵਾਲੇ ਮੋੜ ’ਤੇ ਸਾਡੇ ਪਿੰਡ ਦਾ ਉਨ੍ਹਾਂ ਦਾ ਪੱਕਾ ਮਿੱਤਰ ਪਰਸ ਰਾਮ ਮਿਲ ਗਿਆ। ਉਹ ਅਜੇ ਉਸ ਕੋਲ ਖੜ੍ਹੇ ਹੀ ਸਨ ਕਿ ਏਕੇ 47 ਦੇ ਬਰਸਟ ਚੱਲਣੇ ਸ਼ੁਰੂ ਹੋ ਗਏ ਅਤੇ ਉਹ ਇਨ੍ਹਾਂ ਦੀ ਲਪੇਟ ਵਿਚ ਆ ਗਏ ਤੇ ਮੌਕੇ ਉੱਤੇ ਹੀ ਦਮ ਤੋੜ ਗਏ। ਚਾਨਣ ਵੰਡਦਾ ਸੂਰਜ ਇਸ ਸਿੱਖਿਆਦਾਨੀ ਦੇ ਨਾਲ ਹੀ ਤੁਰ ਗਿਆ ਅਤੇ ਹਨੇਰਾ ਪਸਰ ਗਿਆ। ਇੱਕ ਬੱਚੇ ਕੀਰਤੀ ਸਮੇਤ ਤਕਰੀਬਨ ਦਰਜਨ ਭਰ ਹੋਰ ਨਿਹੱਥੇ ਅਤੇ ਮਾਸੂਮ ਇਸ ਗੋਲੀ ਕਾਂਡ ਦੌਰਾਨ ਮਾਰੇ ਗਏ/ਜ਼ਖ਼ਮੀ ਹੋ ਗਏ। ਬਜ਼ੁਰਗ ਪਰਸ ਰਾਮ ਦੇ ਇੱਕ ਹੱਥ ਵਿਚ ਗੋਲੀ ਲੱਗੀ ਜੋ ਉਸ ਨੇ ਆਪਣੇ ਸਿਰ ਉੱਤੇ ਰੱਖਿਆ ਹੋਇਆ ਸੀ। ਉਸ ਦੀਆਂ ਦੋ ਉਂਗਲਾਂ ਉਡ ਗਈਆਂ ਸਨ। ਉਹਦੀ ਢਿੱਲੀ ਜਿਹੀ ਪੱਗ ਦੇ ਇੱਕ ਪਾਸਿਓਂ ਗੋਲੀਆਂ ਆਰ-ਪਾਰ ਹੋ ਗਈਆਂ। ਗੋਲੀਆਂ ਨਾਲ ਛਲਣੀ ਹੋਈ ਪੱਗ ਅੱਜ ਵੀ ਚੇਤਿਆਂ ਵਿਚੋਂ ਮਨਫ਼ੀ ਨਹੀਂ ਹੁੰਦੀ।
ਸੰਪਰਕ: 79735-01892