ਪ੍ਰੋ. ਕੇਸੀ ਸ਼ਰਮਾ
ਪਹਿਲੀ ਅਕਤੂਬਰ, 1901 ਨੂੰ ਮਾਝੇ ਦੇ ਪਿੰਡ ਕੈਰੋਂ ਵਿਚ ਸਮਾਜ ਸੁਧਾਰਕ ਪਰਿਵਾਰ ਵਿਚ ਜਨਮੇ ਪ੍ਰਤਾਪ ਸਿੰਘ ਦਾ ਵਿਕਾਸ ਬੜਾ ਚਮਤਕਾਰੀ ਸੀ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਤੋਂ ਐੱਮਏ ਅਰਥ ਸ਼ਾਸਤਰ ਅਤੇ ਐੱਮਏ ਪੋਲੀਟੀਕਲ ਸਾਇੰਸ ਦੀਆਂ ਡਿਗਰੀਆਂ ਹਾਸਲ ਕੀਤੀਆਂ। ਇਹ ਆਪਣੇ ਆਪ ਵਿਚ ਵੱਡੀ ਕਾਮਯਾਬੀ ਸੀ ਪਰ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਉਨ੍ਹਾਂ ਦਾ ਵਤਨ ਵਾਪਸ ਆਉਣਾ ਸੀ। ਅੱਜ ਅਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਨੌਜਵਾਨ ਅਮਰੀਕਾ ਵਿਚ ਨੌਂ ਸਾਲ ਰਹਿ ਕੇ ਵਤਨਾਂ ਵੱਲ ਮੋੜਾ ਕਰੇਗਾ ਪਰ ਉਨ੍ਹਾਂ ਅੰਦਰ ਦੇਸ਼ ਭਗਤੀ, ਦੇਸ਼ ਸੇਵਾ ਦਾ ਜੋਸ਼ ਅਤੇ ਦੇਸ਼ ਲਈ ਆਜ਼ਾਦੀ ਦਾ ਜਨੂਨ ਠਾਠਾਂ ਮਾਰ ਰਿਹਾ ਸੀ। ਉਨ੍ਹਾਂ ਆਪਣੇ ਅਮਰੀਕਾ ਕਯਾਮ ਦੌਰਾਨ ਗ਼ਦਰ ਪਾਰਟੀ ਦੇ ਪਰਚੇ ‘ਗ਼ਦਰ’ ਵਿਚ ਵੀ ਕੰਮ ਕੀਤਾ। ਉਹ 1929 ਨੂੰ ਵਤਨ ਪਰਤ ਆਏ ਅਤੇ ਉਹ ਪੱਛਮ ਦੇ ਵਿਕਾਸ ਮਾਡਲ ਦਾ ਬੂਟਾ ਪੰਜਾਬ ਵਿਚ ਲਾਉਣ ਦਾ ਸੁਪਨਾ (vision) ਵੀ ਆਪਣੇ ਨਾਲ ਲੈ ਕੇ ਆਏ।
ਭਾਰਤ ਵਾਪਸੀ ਤੋਂ ਲੈ ਕੇ 1956 ਵਿਚ ਪੰਜਾਬ ਦੇ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ ਵੀ ਉਨ੍ਹਾਂ ਦੇ ਸੰਘਰਸ਼, ਸੂਝ-ਬੂਝ ਅਤੇ ਪੱਛਮੀ ਵਿੱਦਿਆ ਦੇ ਰੰਗ ਦੀ ਪੂਰਨ ਝਲਕ ਦਿੰਦਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਆਪਣੀ ਜ਼ਮੀਨ-ਜਾਇਦਾਦ, ਕਾਰਖਾਨੇ ਜਾਂ ਹੋਰ ਵਪਾਰਕ ਸਾਧਨਾਂ ਦੁਆਰਾ ਨਿਜੀ ਆਰਥਿਕ ਵਿਕਾਸ ਦਾ ਰਸਤਾ ਨਹੀਂ ਚੁਣਿਆ। ਇਹ ਉਨ੍ਹਾਂ ਦੀ ਮੁਢਲੀ ਸੋਚ ਸੀ ਕਿ ਦੇਸ਼ ਸੇਵਾ ਤੇ ਵਿਕਾਸ ਦਾ ਰਸਤਾ ਸਿਆਸਤ ਵਿਚੋਂ ਗੁਜ਼ਰਦਾ ਹੈ। ਉਹ ਸਿਆਸਤ ਦੇ ਅਖਾੜੇ ਵਿਚ ਕੁੱਦ ਪਏ। ਪਹਿਲਾਂ ਅਕਾਲੀ ਦਲ ਵੱਲੋਂ ਚੋਣ ਲੜ ਕੇ 1937 ਵਿਚ ਅਸੈਂਬਲੀ ਵਿਚ ਪਰਵੇਸ਼ ਕੀਤਾ, ਫਿਰ 1942 ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ। ਆਜ਼ਾਦੀ ਦੀ ਲੜਾਈ ਵਿਚ ਇਸ ਸਾਹਸੀ ਨੌਜਵਾਨ ਘੁਲਾਟੀਏ ਨੇ ਆਪਣੇ ਜੀਵਨ ਦੇ ਅਹਿਮ ਪੰਜ ਸਾਲ ਅੰਗਰੇਜ਼ਾਂ ਦੀ ਜੇਲ੍ਹ ਕੱਟੀ। ਕੁਰਬਾਨੀ ਦੇ ਇਸ ਜਜ਼ਬੇ ਨੇ ਉਨ੍ਹਾਂ ਦਾ ਸਿਆਸੀ ਕੱਦ ਬਹੁਤ ਵਧਾ ਦਿੱਤਾ। ਫਲਸਰੂਪ ਪਹਿਲਾਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਫਿਰ ਕਈ ਸਾਲ ਪਾਰਟੀ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਰਹੇ। 1946 ਵਿਚ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਵੀ ਚੁਣੇ ਗਏ। ਇਸ ਦੌਰਾਨ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਦੀ ਬੌਧਿਕਤਾ, ਲੀਡਰਸ਼ਿਪ ਦੇ ਗੁਣ ਅਤੇ ਦੇਸ਼ ਸੇਵਾ ਦੀ ਚਿਣਗ ਨੂੰ ਤਾੜ ਲਿਆ। ਸਿੱਟੇ ਵਜੋਂ ਦੋਹਾਂ ਆਗੂਆਂ ਵਿਚਕਾਰ ਬਹੁਤ ਨੇੜਤਾ ਹੋ ਗਈ ਜਿਸ ਦਾ ਫ਼ਾਇਦਾ ਉਨ੍ਹਾਂ ਆਜ਼ਾਦੀ ਮਗਰੋਂ ਪੰਜਾਬ ਦੇ ਵਿਕਾਸ ਲਈ ਉਠਾਇਆ।
ਸ੍ਰੀ ਕੈਰੋਂ ਦੀ ਸਿਆਸੀ ਮੰਜ਼ਿਲ ਪੰਜਾਬ ਸੀ। 1947-49 ਤੱਕ ਉਨ੍ਹਾਂ ਨੂੰ ਪੰਜਾਬ ਮੰਤਰੀ ਮੰਡਲ ਵਿਚ ਪੁਨਰ ਨਿਵਾਸ ਅਤੇ ਵਿਕਾਸ ਮੰਤਰੀ ਬਣਾਇਆ ਗਿਆ। ਵੰਡ ਤੋਂ ਪ੍ਰਭਾਵਿਤ ਲੱਖਾਂ ਰਿਫਿਊਜੀ ਭਾਰਤ ਆਏ, ਉਨ੍ਹਾਂ ਦਾ ਸਨਮਾਨਜਨਕ ਪੁਨਰ-ਨਿਵਾਸ ਵੱਡੀ ਚੁਣੌਤੀ ਸੀ ਪਰ ਉਨ੍ਹਾਂ ਆਪਣੇ ਵਿਹਾਰਕ ਦ੍ਰਿਸ਼ਟੀਕੋਣ, ਸਹੀ ਨਿਰਦੇਸ਼ਨ ਅਤੇ ਅਫ਼ਸਰਸ਼ਾਹੀ ਨਾਲ ਤਾਲਮੇਲ ਦੁਆਰਾ ਇਸ ਨੂੰ ਬਾਖੂਬੀ ਨੇਪਰੇ ਚਾੜ੍ਹਿਆ। 1956 ਵਿਚ ਬਤੌਰ ਮੁੱਖ ਮੰਤਰੀ ਸਰਕਾਰ ਦੀ ਕਮਾਨ ਸਾਂਭਣ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਹਰ ਤਰ੍ਹਾਂ ਨਾਲ ਪੰਜਾਬ ਦੇ ਸਮੁੱਚੇ ਵਿਕਾਸ ਵਿਚ ਜੁਟ ਗਏ। ਉਨ੍ਹਾਂ ਦਾ ਮੰਤਵ ਪੰਜਾਬ ਨੂੰ ਖੁਸ਼ਹਾਲੀ ਦੇ ਮਾਰਗ ਉੱਤੇ ਲਿਜਾਣਾ ਸੀ। ਉਹ ਸਮਝਦੇ ਸਨ ਕਿ ਇਸ ਉਦੇਸ਼ ਲਈ ਵਿੱਦਿਆ ਦਾ ਪਸਾਰ ਅਤੇ ਪੂਰਨ ਵਿਉਂਤਬੱਧ ਯੋਜਨਾਵਾਂ ਜ਼ਰੂਰੀ ਹਨ।
ਵਿੱਦਿਆ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਸਭ ਤੋਂ ਪਹਿਲਾਂ ਉਨ੍ਹਾਂ ਮੁਢਲੀ ਅਤੇ ਉਚੇਰੀ ਸਿੱਖਿਆ ਤੇ ਜ਼ੋਰ ਦਿੱਤਾ ਜਿਸ ਵਿਚ ਲੜਕੀਆਂ ਦੀ ਵਿੱਦਿਆ ਵੀ ਸ਼ਾਮਲ ਸੀ। ਪੰਜਾਬ ਪਹਿਲਾ ਸੂਬਾ ਬਣਿਆ ਜਿੱਥੇ ਮਿਡਲ ਤੱਕ ਸਿੱਖਿਆ ਲਾਜ਼ਮੀ ਤੇ ਮੁਫ਼ਤ ਕਰ ਦਿੱਤੀ ਗਈ। ਹਾਇਰ ਸੈਕੰਡਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਧੜਾ-ਧੜ ਖੁੱਲ੍ਹਣ ਲੱਗ ਪਏ। 1956 ਵਿਚ ਕੁਰੂਕਸ਼ੇਤਰ ਅਤੇ 1962 ਵਿਚ ਪੰਜਾਬੀ ਯੂਨੀਵਰਸਿਟੀ ਹੋਂਦ ਵਿਚ ਆਈਆਂ। ਨਾਲੋ-ਨਾਲ ਤਕਨੀਕੀ ਸਿੱਖਿਆ ਲਈ ਆਈਟੀਆਈਜ਼, ਪਾਲੀਟੈਕਨਿਕਸ ਅਤੇ ਇੰਜਨੀਅਰਿੰਗ ਕਾਲਜ ਬਣਾਏ। ਉਹ ਭਲੀਭਾਂਤ ਜਾਣਦੇ ਸਨ ਕਿ ਵਿੱਦਿਆ ਦਾ ਪਸਾਰ ਆਪਣੇ ਆਪ ਵਿਚ ਲਕਸ਼ ਨਹੀਂ, ਸਾਧਨ ਹੈ; ਅਸਲੀ ਖੁਸ਼ਹਾਲੀ ਲਈ ਖੇਤੀਬਾੜੀ, ਉਦਯੋਗ ਅਤੇ ਰੁਜ਼ਗਾਰ ਲੋੜੀਂਦੇ ਹਨ। ਸਭ ਤੋਂ ਪਹਿਲਾਂ ਖੇਤੀਬਾੜੀ ਵੱਲ ਧਿਆਨ ਲਵਾਂਗੇ ਕਿਉਂਕਿ ਪੰਜਾਬ ਹੀ ਨਹੀਂ, ਸਾਰਾ ਭਾਰਤ ਹੀ ਖੇਤੀ ਪ੍ਰਧਾਨ ਹੈ। ਕੈਲੀਫੋਰਨੀਆ ਦੇ ਹਰੇ-ਭਰੇ ਉਨਤ ਖੇਤ, ਹੈਕਟੇਅਰਾਂ ਵਿਚ ਫੈਲੇ ਫ਼ਲਾਂ ਦੇ ਬਾਗ਼ ਅਤੇ ਜ਼ਿਮੀਂਦਾਰਾਂ ਦਾ ਉੱਚ ਪੱਧਰ ਦਾ ਰਹਿਣ-ਸਹਿਣ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮਦੇ ਰਹਿੰਦੇ। ਪੰਜਾਬ ਵਿਚ ਇਸ ਮਾਡਲ ਲਈ ਸਿੰਜਾਈ, ਸੁਧਰੇ ਬੀਜ, ਖਾਦ, ਕੀਟਨਾਸ਼ਕ, ਮਸ਼ੀਨੀਕਰਨ ਦੇ ਔਜ਼ਾਰ, ਮੰਡੀਕਰਨ, ਸਸਤੇ ਕਰਜ਼ੇ ਆਦਿ ਦਾ ਹੱਲ ਲੱਭਣਾ ਸੀ। ਇਸ ਲਈ 1962 ਵਿਚ ਲੁਧਿਆਣਾ ਵਿਚ ਪੰਜਾਬ ਖੇਤੀਬਾੜੀ, ਯੂਨੀਵਰਸਿਟੀ ਦੀ ਸਥਾਪਨਾ ਇਨਕਲਾਬੀ ਕਦਮ ਸੀ। ਸਿੰਜਾਈ ਸਹੂਲਤਾਂ ਅਤੇ ਬਿਜਲੀ ਉਤਪਾਦਨ ਲਈ ਭਾਖੜਾ ਡੈਮ ਦਾ ਪ੍ਰਾਜੈਕਟ ਸੋਚਿਆ ਗਿਆ। ਪ੍ਰਧਾਨ ਮੰਤਰੀ ਨਹਿਰੂ, ਪੰਜਾਬ ਮੰਤਰੀ ਮੰਡਲ ਦੇ ਸਿੰਜਾਈ ਅਤੇ ਬਿਜਲੀ ਮੰਤਰੀ ਚੌਧਰੀ ਰਣਬੀਰ ਸਿੰਘ ਹੁੱਡਾ ਅਤੇ ਪ੍ਰਤਾਪ ਸਿੰਘ ਕੈਰੋਂ ਦੀਆਂ ਅਣਥੱਕ ਕੋਸ਼ਿਸ਼ਾਂ ਦੁਆਰਾ ਅਕਤੂਬਰ 1963 ਵਿਚ ਨਹਿਰੂ ਦੁਆਰਾ ਇਹ ਸੌਗਾਤ ਉੱਤਰੀ ਭਾਰਤ ਨੂੰ ਅਰਪਿਤ ਕਰ ਦਿੱਤੀ ਗਈ। ਬਿਜਲੀ ਦੀ ਪੈਦਾਵਾਰ ਵਧਾ ਕੇ ਪਿੰਡ ਪਿੰਡ ਬਿਜਲੀ ਪਹੁੰਚਾਈ ਅਤੇ ਪੰਜਾਬ ਨੂੰ ਪਹਿਲਾ ਐਸਾ ਸੂਬਾ ਬਣਾ ਦਿੱਤਾ। ਨਾਲੋ-ਨਾਲ ਨਹਿਰਾਂ, ਸੂਏ, ਰਜਬਾਹੇ, ਕੱਸੀਆਂ ਆਦਿ ਦਾ ਜਾਲ ਫੈਲਾ ਦਿੱਤਾ। ਜ਼ਮੀਨ ਦੀ ਵੰਡ-ਦਰ-ਵੰਡ ਰੋਕਣ ਲਈ ਸਾਰੇ ਦੇਸ਼ ਵਿਚੋਂ ਸਭ ਤੋਂ ਪਹਿਲਾਂ ਮੁਰੱਬਾਬੰਦੀ ਦਾ ਰਿਕਾਰਡ ਕਾਇਮ ਕੀਤਾ ਗਿਆ। ਜ਼ਮੀਨ ਪੱਧਰੀ ਕਰਨ, ਟਿਊਬਵੈੱਲ ਲਗਾਉਣ, ਟਰੈਕਟਰ ਆਦਿ ਲਈ ਸਸਤੀ ਦਰ ਤੇ ਕਰਜ਼ੇ ਲਈ ਬਲਾਕ ਪੱਧਰ ਤੇ ਲੈਂਡ ਮਾਰਗੇਜ ਬੈਂਕ ਖੋਲ੍ਹੇ। ਖਾਦ ਲਈ 1963 ਵਿਚ ਨੰਗਲ ਵਿਚ ਖਾਦ ਦਾ ਕਾਰਖਾਨਾ ਲਗਾਇਆ। ਇਹ ਸਭ ਕੁਝ ਅੱਗੇ ਚੱਲ ਕੇ ਹਰੀ ਕ੍ਰਾਂਤੀ ਦਾ ਆਧਾਰ ਬਣੇ। ਕਿਸਾਨਾਂ ਦੀ ਆਮਦਨੀ ਵਧਾਉਣ ਲਈ ਖੇਤੀਬਾੜੀ ਨਾਲ ਸੰਬੰਧਿਤ ਧੰਦੇ ਵਿਕਸਿਤ ਕੀਤੇ। ਉਨ੍ਹਾਂ ਦੀ ਕਮਾਨ ਥੱਲੇ ਪੰਜਾਬ ਵਿਚ ਬਾਗ਼ਬਾਨੀ, ਮੁਰਗੀ ਪਾਲਣ, ਮਧੂ ਮੱਖੀ ਪਾਲਣ, ਮੱਛੀ ਪਾਲਣ, ਪਸ਼ੂ ਧਨ ਅਤੇ ਡੇਅਰੀ ਫਾਰਮਿੰਗ ਦਾ ਚੌਂਕਾ ਦੇਣ ਵਾਲਾ ਵਾਧਾ ਹੋਇਆ। ਵੇਰਕਾ ਅਤੇ ਕਰਨਾਲ ਵਿਚ ਦੁੱਧ ਉਤਪਾਦਨ ਨਾਲ ਸਬੰਧਤ ਕਾਰਖਾਨੇ ਲਗਾਏ।
ਉਨ੍ਹਾਂ ਦੇ ਕੌਮਾਂਤਰੀ ਦ੍ਰਿਸ਼ਟੀਕੋਣ ਅਨੁਸਾਰ ਇਕੱਲੀ ਖੇਤੀਬਾੜੀ ਪੰਜਾਬ ਨੂੰ ਖੁਸ਼ਹਾਲ ਨਹੀਂ ਬਣਾ ਸਕਦੀ, ਉਦਯੋਗਿਕ ਵਿਕਾਸ ਵੀ ਜ਼ਰੂਰੀ ਸੀ। ਇਸ ਲਈ ਠੀਕ ਮਾਤਰਾ ਵਿਚ ਜ਼ਮੀਨ, ਬਿਜਲੀ, ਪਾਣੀ, ਸੜਕਾਂ, ਸੰਚਾਰ ਅਤੇ ਹੋਰ ਸਹੂਲਤਾਂ ਦਿੱਤੀਆਂ। ਫ਼ਰੀਦਾਬਾਦ ਨੂੰ ਉਦਯੋਗਿਕ ਹੱਬ ਐਲਾਿਨਆ। ਬਾਹਰਲੇ ਉਦਯੋਗਿਕ ਘਰਾਣਿਆਂ ਨੂੰ ਪੰਜਾਬ ਵਿਚ ਕਾਰਖਾਨੇ ਲਗਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸਦਕਾ ਪੰਜਾਬ ਨੂੰ ਭਾਰਤ ਦੇ ਉਦਯੋਗਿਕ ਨਕਸ਼ੇ ਤੇ ਜਗ੍ਹਾ ਮਿਲੀ। ਹੋਰ ਤਾਂ ਹੋਰ ਪੂਨੇ ਜਾ ਰਹੇ ਇੰਡੋ-ਸਵਿੱਸ ਸਿਖਲਾਈ ਕੇਂਦਰ ਨੂੰ ਵੀ ਉਨ੍ਹਾਂ ਦੇ ਯਤਨਾਂ ਸਦਕਾ ਪੰਜਾਬ ਲਿਆਂਦਾ ਗਿਆ।
ਉਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਦੇ ਲਾ-ਜਵਾਬ ਉਪਰਾਲੇ ਕੀਤੇ। ਅਮਰੀਕਾ ਵਿਚ ਪੜ੍ਹਾਈ ਕਰਕੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਉੱਤੇ ਪੂਰੀ ਕਮਾਂਡ ਸੀ ਪਰ ਹਰ ਪੱਖ ਤੋਂ ਸਾਦਗੀ, ਉੱਚੀ ਸੋਚ, ਦੇਸ਼ ਦੀ ਮਿੱਟੀ ਅਤੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਸਨ। ਉਨ੍ਹਾਂ ਪੰਜਾਬੀ ਨੂੰ ਸਰਕਾਰੀ ਦਫ਼ਤਰਾਂ, ਕੋਰਟ-ਕਚਹਿਰੀਆਂ ਆਦਿ ਦੀ ਭਾਸ਼ਾ ਬਣਾ ਦਿੱਤਾ। ਪੰਜਾਬੀ ਨੂੰ ਦਸਵੀਂ ਤੱਕ ਦਾ ਲਾਜ਼ਮੀ ਵਿਸ਼ਾ ਵੀ ਐਲਾਨਿਆ। ਉਸ ਸਮੇਂ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਲਹਿਰ ਜ਼ੋਰਾਂ ਤੇ ਸੀ। ਇਸ ਕਾਰਨ ਪੰਜਾਬ ਦਾ ਖੇਤਰਫਲ ਘਟਣ ਦਾ ਪੂਰਾ ਖਦਸ਼ਾ ਸੀ ਪਰ ਕੈਰੋਂ ਜੀ ਦੀ ਸੋਚ ਵੱਖਰੀ ਸੀ। ਉਨ੍ਹਾਂ ਦੀ ਮਾਨਤਾ ਸੀ ਕਿ ਪੰਜਾਬ ਦੀ ਸ਼ਕਤੀ ਉਸ ਦੇ ਭੂਗੋਲਿਕ ਫੈਲਾਓ ਅਤੇ ਸਭਿਆਚਾਰਕ ਵੰਨ-ਸਵੰਨਤਾ ਵਿਚ ਹੈ। ਉਨ੍ਹਾਂ ਦਾ ਸੁਪਨਾ ‘ਗਰੇਟਰ ਪੰਜਾਬ’ ਦਾ ਸੀ।
1964 ਵਿਚ ਨਹਿਰੂ ਦੇ ਦੇਹਾਂਤ ਮਗਰੋ ਸ੍ਰੀ ਕੈਰੋਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਕੁਝ ਸਮੇਂ ਬਾਅਦ ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ। ਉਸ ਵੇਲੇ ਮੈਂ ਐੱਮਏ ਅੰਗਰੇਜ਼ੀ ਕਰ ਰਿਹਾ ਸੀ। ਉਨ੍ਹਾਂ ਦੇ ਸਹੁਰੇ ਪਿੰਡ ਮੱਲਕੇ ਦਾ ਵਾਸੀ ਹੋਣ ਕਰਕੇ ਮੈਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ। ਉਹ ਬਿਮਾਰੀ ਵਿਚ ਵੀ ਸਵੈ-ਵਿਸ਼ਵਾਸ ਦੀ ਮੂਰਤ ਦਿਸਦੇ ਸਨ।
ਉਹ 6 ਫਰਵਰੀ, 1965 ਨੂੰ ਕੇਂਦਰੀ ਆਗੂਆਂ ਨੂੰ ਮਿਲ ਕੇ ਵਾਪਸ ਆ ਰਹੇ ਸਨ, ਜੀਟੀ ਰੋਡ ਉੱਤੇ ਰਸੋਈ (ਸੋਨੀਪਤ) ਨੇੜੇ ਕੁਝ ਸਿਰ-ਫਿਰਿਆਂ ਨੇ ਉਨ੍ਹਾਂ ਦੀ ਦਹਾੜ ਸਦਾ ਲਈ ਸ਼ਾਂਤ ਕਰ ਦਿੱਤੀ। ਸ੍ਰੀ ਕੈਰੋਂ ਦੀ ਪੰਜਾਬ ਦੇ ਜਨ-ਜੀਵਨ ’ਤੇ ਅਮਿੱਟ ਛਾਪ ਹੈ। ਪੰਜਾਬ ਦੀ ਤਰੱਕੀ ਲਈ ਉਨ੍ਹਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ।
ਸੰਪਰਕ: 95824-28184