ਜਗਦੀਪ ਸਿੱਧੂ
ਧੀ ਸ਼ਰਾਰਤਾਂ ਕਰਦੀ ਜਦ, ਡਰਾਉਣ ਲਈ ਕਹਿੰਦੇ ਉਹਨੂੰ: ਤੈਨੂੰ ਹੌਸਟਲ ਭੇਜ
ਦੇਣਾ, ਉਹ ਰੋਣ ਲੱਗ ਜਾਂਦੀ, ਟਿਕ ਕੇ
ਬਹਿ ਜਾਂਦੀ।
… ਅੱਜ ਉਸ ਨੇ ਅਜਿਹੀ ਗੱਲ ਕੀਤੀ ਕਿ ਮੇਰੇ ਸਰੀਰ ਅੰਦਰ ਕਰੰਟ ਦੌੜ ਗਿਆ।
000
ਸੀਟੀ ਵੱਜੀ, ਦੌੜਿਆ, “ਕਿੱਥੇ ਕਾਕਾ, ਇਹ ਤਾਂ ਕੋਟ ਫਤੂਹੀ ਹੈ ਅਜੇ।” ਝਿਜਕ ਜਿਹਾ ਗਿਆ, ਸ਼ੁਕਰ ਕਿ ਇਹਨੂੰ ਪਤਾ ਨਹੀਂ ਲੱਗਿਆ, ਮੈਂ ਕਿਉਂ ਦੌੜਿਆ।
000
ਗਰਾਊਂਡ ’ਚ ਕੋਚ ਸਾਹਿਬ ਦੀ ਲੰਮੀ ਸੀਟੀ ਵੱਜੀ। ਸਭ ਦੌੜੇ, ਮੈਥੋਂ ਫੀਤੇ ਵੀ ਨਹੀਂ ਬੰਨ੍ਹੇ ਗਏ ਸੀ ਅਜੇ। “ਤੁਹਾਥੋਂ ਛੇਤੀ ਨ੍ਹੀਂ ਉੱਠਿਆ ਜਾਂਦਾ, ਰਾਤੀ ਛੇਤੀ ਸੌਂਇਆ ਕਰੋ। ਰੈਸਟ ਨਹੀਂ ਹੁੰਦੀ। ਗਰਾਊਂਡ ’ਚ ਪੱਟ ਫੁੱਲਦੇ ਫੇਰ।”
ਸਾਡੇ ਗਰਾਊਂਡ ਦੇ ਵੀਹ ਵੀਹ ਚੱਕਰ ਲੱਗਦੇ। ਇਹ ਅਭਿਆਸ, ਚੱਕਰ ਮੈਚ ਖੇਡਣ ਵੇਲੇ ਸਾਡੇ ਕੰਮ ਆਉਂਦੇ।
ਮੈਂ ਅੱਧ-ਕੌਨਵੈਂਟ ਸਕੂਲ ਵਿਚ ਪੜ੍ਹਿਆ ਸੀ। ਕਸਬਾਨੁਮਾ ਸ਼ਹਿਰ ਸਾਡਾ। ਉਸ ਸਕੂਲ ਵਿਚ ਪੈਂਟ ਸ਼ਰਟ ਤਾਂ ਪਾਈ ਜਾਂਦੀ ਸੀ ਪਰ ਸ਼ਰਟ ਪੈਂਟ ਤੋਂ ਬਾਹਰ ਹੁੰਦੀ ਸੀ। ਜੀਣ ਦਾ ਸਲੀਕਾ ਥੋੜ੍ਹਾ ਬਿਹਤਰ ਹੁੰਦਾ ਸੀ।
ਗ਼ਰੀਬ ਘਰਾਂ ਦੇ ਬੱਚੇ ਪੜ੍ਹਦੇ ਸੀ ਖੇਡ-ਵਿੰਗ ਵਿਚ। ਜੱਟਾਂ ਦੇ ਮੁੰਡੇ ਵੀ ਜਨਿ੍ਹਾਂ ਕੋਲ ਪੈਲੀ ਫੁੱਟਬਾਲ ਦੇ ਗਰਾਊਂਡ ਤੋਂ ਵੀ ਥੋੜ੍ਹੀ ਸੀ ਹੁੰਦੀ। ਪ੍ਰੈਕਟਿਸ ਦੇ ਭੰਨੇ ਉਹ ਰੋਟੀਆਂ ਨੂੰ ਟੁੱਟ ਕੇ ਇਉਂ ਪੈਂਦੇ, ਜਿਵੇਂ ਕਿਸੇ ਨੇ ਖੋਹ ਲੈਣੀਆ ਹੋਣ। ਰੋਜ਼ ਰੋਜ਼ ਰਾਜਮਾਹ, ਮੇਰੇ ਰੋਟੀ ਔਖੀ ਲੰਘਿਆ ਕਰੇ।
ਥੱਕੇ-ਟੁੱਟੇ ਡੋਰਮੈਟਰੀਆਂ ਵਿਚ ਐਂ ਪਏ ਹੋਇਆ ਕਰੀਏ ਜਿਵੇਂ ਕਿਸੇ ਸਰਕਾਰੀ ਹਸਪਤਾਲ ਦਾ ਜਨਰਲ ਵਾਰਡ ਹੁੰਦਾ। ਸਭ ਕਲਾਸ ਦੇ ਪੀਰੀਅਡ ਘੱਟ ਹੀ ਲਾਉਂਦੇ, ਮੈਨੂੰ ਵੀ ਸਿਰਫ ਸੀਟੀ ਹੀ ਸੁਣਦੀ, ਉਸ ਦੇ ਅਨੁਸਾਰ ਹੀ ਆਪਣਾ ਸਾਮਾਨ ਤੋਲਦੇ।
ਖੇਡਣ ਵਾਲ਼ੇ ਮੁੰਡੇ ਸ਼ਾਇਦ ਸਾਰੇ ਹੀ ਇਉਂ ਸੋਚਦੇ ਹੋਣ ਕਿ ’ਕੱਲੇ ਸੜਕਾਂ, ਗਲੀਆਂ ’ਚ ਧੱਕੇ ਖਾਣ ਨਾਲੋਂ ਚੰਗਾ, ਇੱਥੇ ਗਰਾਊਂਡ ’ਚ ਫੁੱਟਬਾਲ ਨਾਲ ਧੱਕੇ ਖਾਧੇ ਜਾਣ। ਸ਼ਾਇਦ ਕੁਝ ਬਣ ਜਾਵੇ।
ਪਹਿਲੇ ਦਿਨ ਮੈਂ ਡਰ ਗਿਆ। ਕੋਈ ਪੁਰਾਣਾ ਮੁੰਡਾ ਸਵੇਰੇ ਸਵੇਰੇ ਡੋਰਮੈਟਰੀ ’ਚ ਇਕ ਹੱਥ ਵਿਚ ਬੂਟ ਚੁੱਕੀ ਫਿਰੇ, ਕੁਝ ਦੇਰ ਮੈਂ ਉਂਝ ਹੀ ਛਾਪਲਿਆ ਰਿਹਾ, ਪਤਾ ਨਹੀਂ ਕੀਹਦੇ ਸਿਰ ’ਚ ਮਾਰੂਗਾ। ਥੋੜ੍ਹੇ ਚਿਰ ਬਾਅਦ ਉਹ, ਉਸ ਨਾਲ ਦਾ ਦੂਸਰਾ ਬੂਟ ਵੀ ਹੱਥ ’ਚ ਲਈ ਆਵੇ। ਫੇਰ ਮੇਰਾ ਧਿਆਨ ਆਸੇ-ਪਾਸੇ ਖਿੰਡੇ ਜੁੱਤਿਆਂ ’ਤੇ ਪਿਆ। ਡੋਰਮੈਟਰੀ ਵਿਚ ਕੋਈ ਚੀਜ਼ ਥਾਂ ਸਿਰ ਨਹੀਂ ਸੀ।
ਮੈਨੂੰ ਘਰ ਯਾਦ ਆਉਂਦਾ ਰਹਿੰਦਾ। ਏਥੇ ਨੇੜੇ-ਤੇੜੇ ਕੋਈ ਮਕਾਨ ਨਹੀਂ ਸੀ। ਪਿੱਛੇ ਜੰਗਲ ਸੀ ਤੇ ਅੱਗੇ ਬਾਜ਼ਾਰ। ਆਸੇ-ਪਾਸੇ ਬਗਲ ਕੀਤੇ ਹੋਏ ਸਨ।
ਇੱਥੇ ਘਰ ਓਨਾ ਕੁ ਹੀ ਸੀ ਜਿੰਨਾ ‘ਹੌਸਟਲ’ ਵਿਚ ‘ਹ’।
ਖੇਡ ਵਿਚ ਸਭ ਪੁਜੀਸ਼ਨਾ ’ਤੇ ਖੇਡਣ ਵਾਲੇ, ਕਲਾਸ ਵਿਚ ਪਿਛਲੇ ਬੈਂਚਾ ’ਤੇ ਸੁੱਤੇ ਰਹਿੰਦੇ।
ਮੈਂ ਅੱਧ-ਕੌਨਵੈਂਟ ਸਕੂਲ ਦਾ ਪੜ੍ਹਿਆ, ਇੱਥੋਂ ਦੀਆਂ ਬੜੀਆਂ ਚੀਜ਼ਾਂ ਨਾਗਵਾਰ ਗੁਜ਼ਰਦੀਆਂ ਮੈਨੂੰ।
000
ਹੁਣ ਮੈਂ ਬੇਟੀ ਤੋਂ ਝਿਜਕਣ ਲੱਗਾ। ਉਹ ਸ਼ਰਾਰਤਾਂ ਕਰਦੀ, ਮੈਂ ਅਣਡਿੱਠ ਕਰ ਦਿੰਦਾ। ਪਤਨੀ ਨੂੰ ਕਹਿੰਦਾ- ਛੱਡ ਜੁਆਕੜੀ ਹੈ, ਸ਼ਰਾਰਤਾਂ ਤਾਂ ਬੱਚੇ ਕਰਦੇ ਹੀ ਹੁੰਦੇ। ਪਤਨੀ ਮੇਰੇ ਬਦਲੇ ਸੁਭਾਅ ਤੋਂ ਹੈਰਾਨ ਸੀ।
000
ਅਣਡਿੱਠ ਤਾਂ ਮੈਂ ਉਹਨਾਂ ਮੁੰਡਿਆਂ ਨੂੰ ਵੀ ਕਰਦਾ ਜਿਹੜੇ ਮੈਨੂੰ ਪੜ੍ਹਨ ਤੋਂ ਵਰਜਦੇ, ਵਿਘਨ ਪਾਉਂਦੇ। ਇਕ ਰਾਤ ਮੈਂ ਪੜ੍ਹ ਰਿਹਾ ਸੀ, ਦੂਜੇ ਦਿਨ ਅੰਗਰੇਜ਼ੀ ਦਾ ਪੇਪਰ ਸੀ। ਰਾਤ ਕਾਫੀ ਹੋ ਗਈ ਸੀ। ਲਾਈਟ ਜਗਦੀ ਹੋਣ ਕਾਰਨ ਦੂਜੇ ਮੁੰਡਿਆਂ ਤੋਂ ਸੌਂ ਨਹੀਂ ਸੀ ਹੋ ਰਿਹਾ। ਜੱਸੀ ਨੇ ਜੁੱਤਾ ਚੁੱਕ ਕੇ ਬਲਬ ’ਤੇ ਮਾਰਿਆ। ਜੁੱਤਿਆਂ ਦਾ ਇਸਤੇਮਾਲ ਜਿੰਨਾ ਮੈਂ ਇਸ ਖੇਡ-ਵਿੰਗ ਵਿਚ ਦੇਖਿਆ, ਓਨਾ ਕਿਤੇ ਨਹੀਂ ਦੇਖਿਆ।
000
ਪਹਿਲੇ ਦਿਨ ਹੈਰਾਨ ਰਹਿ ਗਿਆ। ਸਾਫ਼-ਸੁਥਰੀ ਡੋਰਮੈਟਰੀ। ਬੈਡਾਂ ’ਤੇ ਬਿਨਾ ਕਿਸੇ ਵਿੰਗ ਵਲ਼ ਤੋਂ ਵਿਛੀਆਂ ਚਾਦਰਾਂ। ਇਕ ਇਕ ਬੈੱਡ ਇਕ ਇਕ ਅਲਮਾਰੀ ਹਰ ਕਿਸੇ ਨੂੰ। ਕੀਤਾ ਏਨਾ ਹੀ ਪਹਿਲਾਂ ਦੇ ਲਈ ਸ਼ਰਟ ਪੈਂਟ ਅੰਦਰ ਮੈਂ।
ਬੱਦਲ ਵਾਂਗੂ ਗੱਜਦਾ ਜੈਨਰੇਟਰ। ਆ ਜਾਂਦੀ ਝੱਟ, ਗਈ ਲਾਈਟ।
ਮੇਨ ਗੇਟ ’ਤੇ ਸੁਰੱਖਿਆ ਕਰਮੀ।
ਖੇਡਾਂ ਐਸੀਆਂ ਜਿਉਂ ਕਿਸੇ ਵੱਡੀ ਜੰਗ ਦੀ ਤਿਆਰੀ ਹੋਵੇ; ਤੀਰਅੰਦਾਜ਼ੀ, ਤਲਵਾਰਵਾਜ਼ੀ, ਘੁੜਸਵਾਰੀ।
ਬੱਚਿਆਂ ਤੋਂ ਸਿੱਖੀ ਮੈਂ ਅੰਗਰੇਜ਼ੀ, ਰਹਿਣਾ-ਬਹਿਣਾ,
ਸਲੀਕਾ ਤਰਤੀਬ।
000
ਹੁਣ ਦੱਸਦਾਂ, ਮੇਰੇ ਸਰੀਰ ’ਚ ਕਿਉਂ ਕਰੰਟ ਦੌੜ ਗਿਆ ਸੀ:
ਧੀ ਕਹਿੰਦੀ- “ਪਾਪਾ ਤੁਹਾਨੂੰ ਵੀ ਹੌਸਟਲ ਭੇਜ ਦੇਣਾ।”
000
ਜਿ਼ੰਦਗੀ ਵਿਚ ਦੋ ਤਰ੍ਹਾਂ ਦੇ ਹੌਸਟਲ ਦੇਖੇ। ਬਦਤਰ ਤੇ ਬਿਹਤਰ। ਦੋਵੇਂ ਹੀ ਹਾਲਤਾਂ ਮੈਨੂੰ ਡਰਾਉਣ ਵਾਲੀਆਂ ਰਹੀਆਂ।… ਬਸ ਇਹ ਹੈ।…
ਇਕ ਵਿਚ ਵਿਦਿਆਰਥੀ ਸੀ ਤੇ ਦੂਜੇ ਵਿਚ ਵਾਰਡਨ।
ਸੰਪਰਕ: 82838-26876