ਪ੍ਰਿੰਸੀਪਲ ਵਿਜੈ ਕੁਮਾਰ
ਕੁਝ ਦਿਨ ਪਹਿਲਾਂ ਮੈਂ ਪਾਕਿਸਤਾਨ ਦੇ ਇੱਕ ਪ੍ਰਸਿੱਧ ਡਾਕਟਰ ਜਾਵੇਦ ਮੁਹੰਮਦ ਦਾ ਇੱਕ ਵੀਡੀਓ ਸੁਣ ਰਿਹਾ ਸਾਂ। ਉਸ ਵੀਡਿਓ ਵਿੱਚ ਉਹ ਕਹਿ ਰਿਹਾ ਸੀ ਕਿ ਇੱਕ ਅਧਿਆਪਕਾ ਨੇ ਆਪਣੀ ਜਮਾਤ ਦੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਕਾਪੀ ਦਾ ਸਫ਼ਾ ਲਿਖਣ ਜਿਸ ਵਿੱਚ ਉਹ ਦੱਸਣ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਬਣਨਾ ਚਾਹੁੰਦੇ ਨੇ। ਉਹ ਆਪਣੀ ਜਮਾਤ ਦੇ ਉਨ੍ਹਾਂ ਬੱਚਿਆਂ ਦੇ ਲਿਖੇ ਹੋਏ ਸਫਿਆਂ ਨੂੰ ਆਪਣੇ ਘਰੇ ਆਪਣੇ ਘਰ ਵਾਲੇ ਨਾਲ ਬੈਠੀ ਵੇਖ ਰਹੀ ਸੀ। ਹਰ ਸਫ਼ੇ ਨੂੰ ਪੜ੍ਹਕੇ ਉਸਦੇ ਚਿਹਰੇ ਦੇ ਭਾਵ ਬਦਲ ਰਹੇ ਸਨ। ਉਹ ਕਿਸੇ ਸਫ਼ੇ ਨੂੰ ਪੜ੍ਹਕੇ ਹੱਸ ਰਹੀ ਸੀ। ਕਿਸੇ ਨੂੰ ਪੜ੍ਹਕੇ ਹੈਰਾਨ ਹੋ ਰਹੀ ਸੀ ਪਰ ਇੱਕ ਸਫ਼ਾ ਪੜ੍ਹਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ। ਉਸਦੇ ਪਤੀ ਨੇ ਪੁੱਛਿਆ, ‘‘ਕੀ ਗੱਲ, ਤੁਸੀਂ ਰੋਣ ਕਿਉਂ ਲੱਗ ਪਏ ਹੋ?’’
ਉਸਨੇ ਜਵਾਬ ਦਿੱਤਾ, ਇੱਕ ਬੱਚੇ ਨੇ ਆਪਣੇ ਸਫ਼ੇ ਵਿੱਚ ਲਿਖਿਆ ਹੈ ਕਿ ਕਾਸ਼! ਮੈਂ ਇੱਕ ਮੋਬਾਈਲ ਹੁੰਦਾ? ਮੇਰੇ ਮੰਮੀ ਡੈਡੀ ਮੈਨੂੰ ਉਂਨਾ ਹੀ ਪਿਆਰ ਕਰਦੇ ਜਿੰਨਾ ਉਹ ਆਪਣੇ ਮੋਬਾਈਲ ਫੋਨ ਨੂੰ ਕਰਦੇ ਹਨ। ਪਤੀ ਨੇ ਅੱਗੋਂ ਕਿਹਾ ਕਿ ‘ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ? ਤੂੰ ਤਾਂ ਇੰਜ ਰੋ ਰਹੀ ਏਂ ਜਿਵੇਂ ਉਹ ਤੇਰਾ ਆਪਣਾ ਹੀ ਬੱਚਾ ਹੋਵੇ।’ ਪਤਨੀ ਦਾ ਰੋਣਾ ਹੋਰ ਤੇਜ਼ ਹੋ ਗਿਆ ਤੇ ਉਸਨੇ ਜਵਾਬ ਦਿੱਤਾ, ‘‘ਹਾਂ! ਹਾਂ! ਦਸ ਵਰ੍ਹਿਆਂ ਦਾ ਉਹ ਬੱਚਾ ਸਾਡਾ ਹੀ ਹੈ।’’ ਆਪਣੀ ਪਤਨੀ ਦਾ ਜਵਾਬ ਸੁਣਕੇ ਪਤੀ ਦਾ ਵੀ ਰੋਣਾ ਨਿਕਲ ਗਿਆ। ਜੇ ਡਾ. ਜਾਵੇਦ ਦੇ ਉਸ ਵੀਡਿਓ ਨੂੰ ਕਾਲਪਨਿਕ ਕਹਾਣੀ ਵੀ ਮੰਨ ਲਿਆ ਜਾਵੇ ਤਾਂ ਵੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਇਹ ਸਾਡੀ ਜ਼ਿੰਦਗੀ ਦੀ ਕੌੜੀ ਸਚਾਈ ਬਣ ਚੁੱਕੀ ਹੈ। ਉਹ ਬੱਚਾ ਭਾਵੇਂ ਵੀਡਿਓ ਦਾ ਕਾਲਪਨਿਕ ਪਾਤਰ ਹੋਵੇ ਪਰ ਉਹ ਬੱਚਾ ਸਾਡੇ ਹਰ ਘਰ ਵਿੱਚ ਤਿਲ ਤਿਲ ਕਰਕੇ ਵੰਡਿਆ ਗਿਆ ਹੈ। ਮਾਵਾਂ ਆਪਣੇ ਰੋਂਦੇ ਹੋਏ ਬੱਚੇ ਦੀ ਸੰਵੇਦਨਾ ਜਾਂ ਦੁੱਖ ਨੂੰ ਮਹਿਸੂਸ ਕਰਕੇ ਉਸ ਨੂੰ ਆਪਣੀ ਛਾਤੀ ਨਾਲ ਲਾਉਣ ਦੀ ਬਜਾਏ ਉਸਨੂੰ ਜਾਂ ਤਾਂ ਝਿੜਕ ਦੇਣਗੀਆਂ ਜਾਂ ਫੇਰ ਉਸਦੇ ਹੱਥ ਵਿੱਚ ਮੋਬਾਈਲ ਫੜਾ ਦੇਣਗੀਆਂ ਕਿਉਂਕਿ ਉਨ੍ਹਾਂ ਕੋਲ ਆਪਣੇ ਬੱਚੇ ਨੂੰ ਪਿਆਰ ਦੇਣ ਲਈ ਸਮਾਂ ਨਹੀਂ ਹੁੰਦਾ।
ਵਿਗਿਆਨ ਦੇ ਇਸ ਛੋਟੇ ਜਿਹੇ ਪੁਰਜ਼ੇ ਨੇ ਸਾਨੂੰ ਅਜਿਹੇ ਢੰਗ ਨਾਲ ਆਪਣੇ ਕਾਬੂ ਵਿੱਚ ਲੈ ਲਿਆ ਹੈ ਕਿ ਅਜੋਕੇ ਸਮੇਂ ਵਿੱਚ ਇਹ ਸਾਨੂੰ ਅਫ਼ੀਮ ਦੇ ਨਸ਼ੇ ਵਾਂਗ ਲੱਗ ਚੁੱਕਾ ਹੈ। ਅਸੀਂ ਸਾਰੇ ਘਰ ਵਿੱਚ ਹੁੰਦੇ ਹੋਏ ਵੀ ਘਰੇ ਨਹੀਂ ਹੁੰਦੇ ਕਿਉਂਕਿ ਸਾਰੇ ਆਪਣੇ ਆਪਣੇ ਮੋਬਾਈਲ ਵਿੱਚ ਰੁੱਝੇ ਹੋਏ ਹੁੰਦੇ ਹਨ। ਕੋਈ ਕਿਸੇ ਨੂੰ ਦੁੱਖ ਸੁੱਖ ਨਹੀਂ ਪੁੱਛਦਾ। ਅਸੀਂ ਇਕੱਠੇ ਰਹਿੰਦੇ ਹੋਏ ਵੀ ਇੱਕ ਦੂਜੇ ਤੋਂ ਦੂਰ ਹੁੰਦੇ ਹਾਂ ਕਿਉਂਕਿ ਇਸ ਮੋਬਾਈਲ ਨੇ ਸਾਡੇ ਆਪਸੀ ਸਵਾਦਾਂ ਨੂੰ ਘਟਾ ਦਿੱਤਾ ਹੈ। ਹੁਣ ਅਸੀਂ ਇੱਕ ਦੂਜੇ ਨਾਲ ਆਪਣੇ ਮਤਲਬ ਲਈ ਹੀ ਗੱਲਬਾਤ ਕਰਦੇ ਹਾਂ। ਡਾ. ਜਾਵੇਦ ਮੁਹੰਮਦ ਦਾ ਇਹ ਵੀਡਿਓ ਸਾਡੇ ਮੋਬਾਈਲ ਦੀ ਵਰਤੋਂ ਕਰਨ ਦੇ ਢੰਗ ਉੱਤੇ ਵਿਅੰਗ ਹੈ।
ਹੁਣ ਮੈਂ ਤੁਹਾਨੂੰ ਮੋਬਾਈਲ ਨਾਲ ਜੁੜੀ ਸੱਚੀ ਘਟਨਾ ਦੱਸਦਾ ਹਾਂ। ਇੱਕ ਨੌਕਰੀ ਪੇਸ਼ਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਛੁੱਟੀ ਸੀ। ਸਾਰੇ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਕਮਰਿਆਂ ਵਿੱਚ ਵੜੇ ਹੋਏ ਸਨ। ਸਾਰੇ ਆਪਣੇ ਕੰਨਾਂ ਨੂੰ ਈਅਰ ਫੋਨ ਲਗਾ ਕੇ ਆਪਣੇ ਮੋਬਾਈਲਾਂ ਨਾਲ ਚਿੰਬੜੇ ਹੋਏ ਸਨ। ਉਨ੍ਹਾਂ ਦੇ ਬਜ਼ੁਰਗ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ। ਉਹ ਆਪਣੇ ਕਮਰੇ ਵਿੱਚ ਇੱਕਲਾ ਹੀ ਸੀ ਕਿਉਂਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਹ ਦਿਲ ਦੇ ਪਏ ਦੌਰੇ ਦੌਰਾਨ ਪਾਣੀ ਦੇ ਘੁੱਟ ਨੂੰ ਤਰਸਦਾ ਰਿਹਾ। ਉਹ ਆਪਣੇ ਨੂੰਹਾਂ ਪੁੱਤਰਾਂ ਨੂੰ ਆਵਾਜ਼ਾਂ ਮਾਰਦਾ ਰਿਹਾ ਪਰ ਕਿਸੇ ਦੇ ਕੰਨੀਂ ਉਸਦੀ ਦਰਦ ਭਰੀ ਆਵਾਜ਼ ਨਹੀਂ ਪਹੁੰਚੀ। ਜਦੋਂ ਉਹ ਆਪਣੇ ਬਜ਼ੁਰਗ ਨੂੰ ਹਸਪਤਾਲ ਲੈ ਕੇ ਪਹੁੰਚੇ ਉਦੋਂ ਦੇਰ ਹੋ ਚੁੱਕੀ ਸੀ। ਡਾਕਟਰ ਨੇ ਉਸਨੂੰ ਚੈਕ ਕਰਨ ਤੋਂ ਬਾਅਦ ਕਿਹਾ ਕਿ ਇਸਦੀ ਮੌਤ ਦੋ ਘੰਟੇ ਪਹਿਲਾਂ ਹੋ ਚੁੱਕੀ ਹੈ। ਅਜੋਕੇ ਮਾਹੌਲ ਵਿੱਚ ਮਾਂ ਬਾਪ ਆਪਣੀ ਧੀ ਨੂੰ ਰਸੋਈ ਵਿੱਚ ਵਰਤਣ ਵਾਲਾ ਪੂਰਾ ਸਮਾਨ ਦੇਣ ਜਾਂ ਨਾ ਦੇਣ ਪਰ ਐਪਲ ਦਾ ਮੋਬਾਈਲ ਜ਼ਰੂਰ ਦਿੰਦੇ ਹਨ।
ਹਸਪਤਾਲ ਵਿੱਚ ਡਾਕਟਰ ਨੂੰ ਵਿਖਾਉਣ ਨੂੰ ਗਿਆਂ ਵੀ ਅਸੀਂ ਆਪਣੀ ਵਾਰੀ ਦੀ ਉਡੀਕ ਕਰਦਿਆਂ ਆਪਣੇ ਮੋਬਾਈਲ ਵਿੱਚ ਰੁੱਝੇ ਹੋਏ ਹੁੰਦੇ ਹਾਂ। ਹੁਣ ਅਸੀਂ ਰੱਬ ਦਾ ਨਾਂ ਵੀ ਆਪਣੇ ਮੂੰਹ ਤੋਂ ਜਪਣ ਦੀ ਬਜਾਏ ਮੋਬਾਈਲ ’ਤੇ ਹੀ ਸੁਣ ਲੈਂਦੇ ਹਾਂ। ਡਾਕਟਰ ਦੀ ਸਲਾਹ ਤੋਂ ਬਗੈਰ ਹੀ ਮੋਬਾਈਲ ’ਤੇ ਵੇਖ ਕੇ ਹੀ ਦਵਾਈ ਲੈ ਲੈਂਦੇ ਹਾਂ। ਇੱਕ ਅਮੀਰ ਪਰਿਵਾਰ ਦੇ ਪਤੀ ਪਤਨੀ ਆਪਣੇ ਛੋਟੇ ਬੱਚੇ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਚੈਕ ਕਰਵਾਉਣ ਲਈ ਗਈ ਕਿਉਂਕਿ ਉਹ ਜ਼ਿਆਦਾ ਸਮਾਂ ਰੋਂਦਾ ਹੀ ਰਹਿੰਦਾ ਸੀ। ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਬਿਮਾਰੀ ਨਾ ਹੋਵੇ। ਡਾਕਟਰ ਨੇ ਬੱਚੇ ਦੇ ਸਾਰੇ ਟੈਸਟ ਕਰਵਾਏ। ਉਸਨੂੰ ਕੋਈ ਬਿਮਾਰੀ ਨਹੀਂ ਨਿਕਲੀ। ਉਸਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਬੱਚਾ ਬਿਲਕੁਲ ਤੰਦਰੁਸਤ ਹੈ ਪਰ ਫੇਰ ਵੀ ਤੁਸੀਂ ਇਸ ਸਬੰਧੀ ਮਨੋਵਿਗਿਨਕ ਡਾਕਟਰ ਦੀ ਸਲਾਹ ਲੈ ਲਓ। ਮਨੋਵਿਗਿਆਨਕ ਡਾਕਟਰ ਨੇ ਉਸ ਪਤੀ ਪਤਨੀ ਦੇ ਘਰ ਦੀ ਹਿਸਟਰੀ ਸੁਣਕੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਆਪਣੇ ਬੱਚੇ ਨੂੰ ਪਿਆਰ ਦਿਓ, ਇਹ ਰੋਣ ਤੋਂ ਆਪਣੇ ਆਪ ਚੁੱਪ ਹੋ ਜਾਵੇਗਾ।
ਇਸ ਮੋਬਾਈਲ ਨੇ ਸਾਡੇ ਸਬੰਧਾਂ ਵਿੱਚ ਸ਼ੱਕ ਦੀਆਂ ਕੰਧਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ। ਅਸੀਂ। ਘਰ ਤੋਂ ਬਾਹਰ ਜਾਣ ਲੱਗਿਆਂ ਆਪਣਾ ਰੋਟੀ ਵਾਲਾ ਡੱਬਾ ਤਾਂ ਭੁੱਲ ਜਾਂਦੇ ਹਾਂ ਪਰ ਮੋਬਾਈਲ ਨਹੀਂ। ਕਈ ਜਵਾਨ ਬੱਚੇ ਤਾਂ ਪਖਾਨੇ ਵਿੱਚ ਵੀ ਇਸ ਨੂੰ ਨਾਲ ਲੈ ਕੇ ਜਾਂਦੇ ਹਨ। ਸਿੱਖਿਆ ਸੰਸਥਾਵਾਂ, ਦਫਤਰਾਂ ਅਤੇ ਹੋਰ ਅਦਾਰਿਆਂ ਵਿੱਚ ਇਸਦੀ ਵਰਤੋਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆ ਹਨ। ਪੜ੍ਹਨ ਵਾਲੇ ਬੱਚਿਆਂ ਪ੍ਰਤੀ ਉਨ੍ਹਾਂ ਦੇ ਮਾਪਿਆਂ ਨੂੰ ਹਰ ਵੇਲੇ ਸ਼ਿਕਾਇਤ ਰਹਿੰਦੀ ਹੈ ਕਿ ਉਹ ਪੜ੍ਹਨ ਦੀ ਬਜਾਏ ਮੋਬਾਈਲ ਦੀ ਦੁਰਵਰਤੋਂ ਕਰਦੇ ਹਨ। ਕਿਸੇ ਹੱਦ ਤੱਕ ਉਨ੍ਹਾਂ ਦੀ ਇਹ ਸ਼ਿਕਾਇਤ ਠੀਕ ਵੀ ਹੁੰਦੀ ਹੈ। ਸਰਕਾਰ ਤੋਂ ਨੀਲੇ ਪੀਲੇ ਕਾਰਡਾਂ ਤੇ ਮੁਫ਼ਤ ਸਹੂਲਤਾਂ ਲੈਣ ਵਾਲੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਕੋਲ ਮਹਿੰਗੇ ਮੋਬਾਈਲ ਜ਼ਰੂਰ ਹੁੰਦੇ ਹਨ। ਬੱਚੇ ਪੜ੍ਹਾਈ ਵਿੱਚ ਭਾਵੇਂ ਕਮਜ਼ੋਰ ਹੋਣ ਪਰ ਉਨ੍ਹਾਂ ਨੂੰ ਮੋਬਾਈਲ ਬਾਰੇ ਸਭ ਕੁਝ ਪਤਾ ਹੁੰਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਮੋਬਾਈਲ ਦੀ ਵਰਤੋਂ ਸਾਡੀ ਜ਼ਿੰਦਗੀ ਲਈ ਸਰਾਪ ਨਾ ਬਣ ਜਾਏ ਤਾਂ ਸਾਨੂੰ ਡਾ. ਜਾਵੇਦ ਮੁਹੰਮਦ ਦੇ ਵੀਡਿਓ ਦੇ ਅਰਥਾਂ ਨੂੰ ਸਮਝਣਾ ਪਵੇਗਾ।
ਸੰਪਰਕ: 98726-27136